ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਮਹੱਲੇ ਨਾਲ ਪ੍ਰਕਾਸ਼ ਪੁਰਬ ਸਮਾਗਮ ਸਮਾਪਤ

ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਦੇ ਮਹੱਲੇ ਨਾਲ ਪ੍ਰਕਾਸ਼ ਪੁਰਬ ਸਮਾਗਮ ਸਮਾਪਤ

ਪਟਨਾ ਸਾਹਿਬ/ਬਿਊਰੋ ਨਿਊਜ਼ :
ਗੁਰੂ ਦੀਆਂ ਲਾਡਲੀਆਂ ਫ਼ੌਜਾਂ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਵੱਲੋਂ ਕੱਢੇ ਮਹੱਲੇ ਨਾਲ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਅੱਜ ਸਮਾਪਤ ਹੋ ਗਏ ਹਨ। ਨਿਹੰਗ ਸਿੰਘਾਂ ਦੇ ਜਥੇ ਘੋੜਿਆਂ ‘ਤੇ ਸਵਾਰ ਹੋ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਪੁੱਜੇ ਤੇ ਮਹੱਲਾ ਕੱਢਿਆ। ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ। ਇਹ ਮਹੱਲਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਗਊ ਘਾਟ ਪੁੱਜਿਆ ਤੇ ਗੁਰਦੁਆਰਾ ਗੁਰੂ ਕੇ ਬਾਗ਼ ਆ ਕੇ ਸਮਾਪਤ ਹੋਇਆ।
ਇਸ ਮੌਕੇ ਬਾਬਾ ਬੁੱਢਾ ਦਲ 96 ਕਰੋੜੀ ਦੇ ਮੁਖੀ ਬਾਬਾ ਬਲਬੀਰ ਸਿੰਘ, ਦਲ ਪੰਥ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਾ, ਤਰਨਾ ਦਲ ਹਰੀਆਂ ਵੇਲਾਂ ਵਾਲੇ ਸੰਤ ਨਿਹਾਲ ਸਿੰਘ ਸਮੇਤ ਹੋਰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਇਸ ਮੌਕੇ ਨਿਹੰਗ ਸਿੰਘ ਬਾਬਾ ਅਵਤਾਰ ਸਿੰਘ ਦੇ ਸਿਰ ‘ਤੇ ਸਜੇ 645 ਮੀਟਰ ਦੇ ਦੁਮਾਲੇ ਨੇ ਸਾਰਿਆਂ ਦਾ ਧਿਆਨ ਖਿੱਚਿਆ। ਬਾਬਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਦੁਮਾਲਾ ਸਜਾਉਣ ਲਈ ਰੋਜ਼ਾਨਾ 6 ਘੰਟੇ ਲੱਗਦੇ ਹਨ ਅਤੇ ਲਾਹੁਣ ਲਈ 2 ਘੰਟੇ ਲੱਗਦੇ ਹਨ। ਉਧਰ ਗੁਰਦੁਆਰਾ ਬਾਲ ਲੀਲਾ ਵਿੱਚ ਨਿਰਮਲਾ ਪੰਚਾਇਤੀ ਅਖਾੜਾ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਾਇਆ ਗਿਆ। ਇਹ ਇਤਿਹਾਸਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਦੇ ਬਚਪਨ ਨਾਲ ਸਬੰਧਤ ਹੈ। ਇਸ ਗੁਰਦੁਆਰੇ ਦੀ ਕਾਰ ਸੇਵਾ ਸੰਤ ਕਸ਼ਮੀਰ ਸਿੰਘ ਭੂਰੀ ਵਾਲੇ ਕਰਵਾ ਰਹੇ ਹਨ। ਨਿਰਮਲ ਪੰਚਾਇਤੀ ਅਖਾੜੇ ਦੇ ਮਹੰਤ ਗਿਆਨ ਦੇਵ ਸਿੰਘ, ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ ਅਤੇ ਸੰਤ ਤੇਜਾ ਸਿੰਘ ਖੁੱਡਾ ਹਾਜ਼ਰ ਸਨ।

ਟੈਰੇਜ਼ਾ ਮੇਅ ਨੇ ਕੀਤੀ ਸਿੱਖਾਂ ਦੀ ਸ਼ਲਾਘਾ :
ਲੰਡਨ :  ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਬ੍ਰਿਟਿਸ਼ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਦੇਸ਼ ਦੀ ਅਰਥਵਿਵਸਥਾ, ਪਰਉਪਕਾਰੀ ਕਾਰਜਾਂ ਅਤੇ ਹਥਿਆਰਬੰਦ ਬਲਾਂ ਵਿੱਚ ਪਾਏ ‘ਅਸਾਧਾਰਨ’ ਯੋਗਦਾਨ ਲਈ ਬਰਤਾਨਵੀ ਸਿੱਖਾਂ ਦੀ ਸ਼ਲਾਘਾ ਕੀਤੀ। ਇਸ ਸੁਭਾਗੇ ਮੌਕੇ ਨੂੰ ਵਿਸ਼ੇਸ਼ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਮੌਕਾ ਬਰਾਬਰੀ, ਸਨਮਾਨ, ਇਨਸਾਫ਼ ਅਤੇ ਦੱਬੇ ਕੁਚਲਿਆਂ ਦੀ ਮਦਦ ਕਰਨ ਦੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਆਪਣੇ  ਸੰਦੇਸ਼ ਵਿੱਚ ਕਿਹਾ, ‘ਪ੍ਰਕਾਸ਼ ਪੁਰਬ ਬਰਤਾਨਵੀ ਸਿੱਖਾਂ ਵੱਲੋਂ ਦੇਸ਼ ਦੇ ਵਪਾਰ, ਆਰਥਿਕਤਾ, ਪਰਉਪਕਾਰੀ ਕਾਰਜਾਂ ਅਤੇ ਸਾਡੇ ਹਥਿਆਰਬੰਦ ਬਲਾਂ ਵਿੱਚ ਪਾਏ ਵੱਡੇ ਯੋਗਦਾਨ ਨੂੰ ਯਾਦ ਕਰਨ ਦਾ ਵੇਲਾ ਹੈ।’