ਮਹਾਰਾਜਾ ਦਲੀਪ ਸਿੰਘ ਦੀ ਆਖ਼ਰੀ ਨਿਸ਼ਾਨੀ–ਬੱਸੀਆਂ ਦੀ ਨਹਿਰੀ ਕੋਠੀ

ਮਹਾਰਾਜਾ ਦਲੀਪ ਸਿੰਘ ਦੀ ਆਖ਼ਰੀ ਨਿਸ਼ਾਨੀ–ਬੱਸੀਆਂ ਦੀ ਨਹਿਰੀ ਕੋਠੀ

ਵਰ੍ਹਿਆਂ ਤੱਕ ਅਣਗੌਲੀ ਪਈ ਰਹਿਣ ਕਾਰਨ ਉਜੜੀ ਨਜ਼ਰ ਆ ਰਹੀ ਬੱਸੀਆਂ ਕੋਠੀ ਦੀ ਪੁਰਾਣੀ ਤਸਵੀਰ

ਪਿਆਰੇ ਸੱਜਣੋ! ਅੱਜ ਰਵਾਇਤੀ ਹੀ ਨਵੇਂ ਸਾਲ ਦੀਆਂ ਵਧਾਈਆਂ ਦੇਣ ਦਾ ਹੜ੍ਹ ਆਇਆ ਹੋਇਆ ਹੈ। ਚਲੋ ਜਿਥੇ ਨਵੇਂ ਵਰੇ ਨੂੰ ਖੁਸ਼ ਆਮਦੀਦ ਕਹਿਣਾ ਚਾਹੀਦਾ ਹੈ, ਉਥੇ ਇਸ ਮੌਕੇ ਤੇ ਬੀਤੇ ਸਮਿਆਂ ਦੀਆਂ ਘਾਟਾਂ, ਕਮਜੋਰੀਆਂ ਤੇ ਦੁਖਾਂਤਕ ਘੜੀਆਂ ਨੂੰ ਯਾਦ ਕਰਕੇ ਕੁਝ ਪਲਾਂ ਲਈ ਡੂੰਘੀਆਂ ਉਦਾਸੀਆਂ ਦੀਆਂ ਵਾਦੀਆਂ ਵਿਚ ਵੀ ਉਤਰ ਜਾਣਾ ਚਾਹੀਦਾ ਹੈ। ਬੀਤ ਚੁੱਕੇ ਵਰ੍ਹੇ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਸਿਖਾਂ ਦੇ ਹਿਰਦਿਆਂ ਨੂੰ ਲਹੂ ਲੁਹਾਣ ਕਰੀ ਰੱਖਿਆ ਹੈ। ਕਨੇਡਾ ਅਮਰੀਕਾ ਵਿਚ ਸਿੱਖਾਂ ਦੀ ਚੜ੍ਹਤ ਨੇ, ਦੁਨੀਆਂ ਨੂੰ ਦੱਸ ਦਿਤਾ ਹੈ ਕਿ ਸਿੱਖ ਕੌਣ ਹਨ? ਪਿਆਰੇ ਸੱਜਣੋ! 31 ਦਸੰਬਰ ਦਾ ਦਿਨ ਸਿਖਾਂ ਲਈ ਇਕ ਹੋਰ ਪੱਖ ਤੋਂ ਡੂੰਘੀ ਉਦਾਸੀ.ਵਿਚ ਉਤਰਨ ਦਾ ਦਿਨ ਹੈ। ਜਦ ਅੰਗਰੇਜਾਂ ਨੇ ਸੰਨ 1849 ਵਿਚ ਖਾਲਸਾ ਰਾਜ ਤੇ ਕਬਜਾ ਕਰਨ ਤੋਂ ਬਾਅਦ ਮਹਾਰਾਣੀ ਜਿੰਦਾਂ ਨੂੰ ਸੇਖੂਪੁਰੇ ਦੇ ਕਿਲੇ.ਵਿਚ ਕੈਦ ਕਰ ਦਿਤਾ ਸੀ, ਤੇ ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰਨ ਲਈ ਫਤਿਹਗੜ( ਯੂ.ਪੀ.) ਦੇ ਕਿਲੇ ਲਈ ਲਿਜਾਇਆ ਜਾ ਰਿਹਾ ਸੀ ਤਾਂ ਮਹਾਰਾਜੇ ਨੇ ਮੌਜੂਦਾ ਪੰਜਾਬ ਵਿਚ ਆਖਰੀ ਰਾਤ 31ਦਸੰਬਰ1849 ਨੂੰ ਰਾਏਕੋਟ ਨੇੜ੍ਹੇ ਉਪਰ ਤਸਵੀਰ ਵਿਚ ਦਿਸ ਰਹੀ ਬੱਸੀਆਂ ਕੋਠੀ (ਜੋ ਉਸ ਵਕਤ ਲਾਰਡ ਡਲਹੌਜੀ ਦਾ ਹੈਡ ਕੁਆਟਰ ਸੀ) ਵਿਚ ਕੱਟੀ ਸੀ। ਉਸ ਤੋਂ ਬਾਅਦ ਮਹਾਰਾਜੇ ਨੂੰ ਪੰਜਾਬ ਦੀ ਧਰਤੀ ਦੇ ਦਰਸ਼ਨ ਕਰਨ ਦਾ ਕਦੇ ਮੌਕਾ ਨਹੀਂ ਮਿਲਿਆ।

pic-rahi-ranjit-singh-di-haveli-2

ਪੁਰਾਤਤਵ ਵਿਭਾਗ ਵਲੋਂ ਮੁਰੰਮਤ ਤੋਂ ਬਾਅਦ ਨਵੀਂ ਨਕੋਰ ਲੱਗ ਰਹੀ ਬੱਸੀਆਂ ਦੀ ਕੋਠੀ

ਪਿਆਰੇ ਸੱਜਣੋ! ਸੰਨ 1900 ਤੋਂ ਬਾਅਦ ਇਹ ਕੋਠੀ ਨਹਿਰੀ ਮਹਿਕਮੇ ਦੀ ਮਲਕੀਅਤ ਬਣੀ.ਰਹੀ ਹੈ। ਬੇਗੌਰੀ ਕਾਰਨ ਇਹ ਬਿਲਕੁਲ ਉਜੜ ਪੁਜੜ ਗਈ ਸੀ (ਜੋ ਪੁਰਾਣੀ ਤਸਵੀਰ ਵਿਚ ਦਿਸ ਰਹੀ ਹੈ) ਪਰ ਭਲਾ ਹੋਵੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਦਾ ਜਿਸਨੇ ਕਈ ਸਾਲ ਪਹਿਲਾਂ ਇਸ ਇਤਹਾਸਕ ਇਮਾਰਤ ਦੀ ਮਹੱਤਤਾ ਤੋਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣੂੰ ਕਰਵਾਇਆ।  ਇਸ ਕੰਮ ਵਿੱਚ ਉਸਦਾ ਸਾਥ ਦਿਤਾ ਮਰਹੂਮ ਅਕਾਲੀ ਆਗੂ ਜਥੇਦਾਰ ਜਗਦੇਵ ਸਿੰਘ ਤਲਵੰਡੀ.ਦੇ ਸਪੁਤਰਾਂ ਨੇ। ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ ਇਹ ਇਮਾਰਤ ਪੁਰਾਤੱਤਵ ਵਿਭਾਗ ਦੇ ਹਵਾਲੇ ਹੋਈ।
ਗੁਰਭਜਨ ਗਿੱਲ ਦੇ ਮੋਢੇ ਨਾਲ ਮੋਢਾ ਲਾਇਆ ਮਿਉਂਸਿਪਲ ਕਮੇਟੀ ਰਾਏਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਤੇ
ਪੱਤਰਕਾਰ ਪਰਮਿੰਦਰ ਜੱਟਪੁਰੀ ਨੇ ਤਾਂ ਹੀ ਅੱਜ ਇਹ ਸ਼ਾਨਦਾਰ ਯਾਦਗਾਰ ਦੁਨੀਆਂ ਦੇ ਨਕਸ਼ੇ ਤੇ ਆ ਗਈ ਹੈ। ਹੋਰਨੀਂ ਥਾਈਂ ਜਿੱਥੇ ਅੱਜ ਕਲ੍ਹ ਨਵੇਂ ਸਾਲ ਦੇ ਜ਼ਸਨਾਂ ਉਤੇ ਮੁਰਗੇ ਬੋਤਲਾਂ Àਡਦੀਆਂ ਹਨ, ਉਥੇ ਇਹਨਾਂ ਸੱਜਣਾਂ ਵਲੋਂ ਸਥਾਪਤ ਕੀਤੇ ”ਮਹਾਰਾਜਾ ਦਲੀਪ ਸਿੰਘ ਯਾਦਗਾਰੀ ਟਰੱਸਟ” ਵਲੋਂ ਹਰ ਸਾਲ 31 ਦਸੰਬਰ ਨੂੰ ਇਸ ਕੋਠੀ ਵਿਚ ਬੜਾ ਸੰਜੀਦਾ ਸਮਾਗਮ ਕੀਤਾ ਜਾਂਦਾ ਹੈ ਜੋ ਸਿਖ ਕੌਮ ਦੇ ਮਨਾਂ ਤੇ ਗਹਿਰੀ ਉਦਾਸੀ ਦਾ ਆਲਮ ਤਾਰੀ ਕਰ ਦਿੰਦਾ ਹੈ ਕਿ ਅਤੀਤ ਵਿਚ ਸਾਡੇ ਨਾਲ ਕਿਹੋ ਜਿਹੀਆਂ ਧੱਕੇਸ਼ਾਹੀਆਂ ਤੇ ਧੋਖਾਦੇਹੀ ਹੋਈ ਹੈ।
ਸੰਵੇਦਨਸ਼ੀਲ ਤੇ ਸੂਝਵਾਨ ਸਿੱਖਾਂ ਦੀਆਂ ਅੱਖਾਂ ਇਹ ਸੋਚ ਕੇ ਸਿੱਲੀਆਂ ਹੋ ਜਾਂਦੀਆਂ ਹਨ ਕਿ ਕਦੇ ਅਸੀਂ ਵੀ ਰਾਜ ਭਾਗ ਦੇ ਮਾਲਕ ਹੁੰਦੇ ਸੀ। ਇਸ ਪਰੋਗਰਾਮ ਦੀ ਵੱਡੀ ਖੂਬੀ ਇਹ ਹੈ ਕਿ ਇਸ ਵਿਚ ਸਕੂਲਾਂ ਦੇ ਬੱਚੇ ਵੱਡੀ ਗਿਣਤੀ ਵਿਚ ਭਾਗ ਲੈਂਦੇ ਹਨ ਖਾਸ ਕਰ ਗੁਰੂ ਨਾਨਕ ਸਕੂਲ ਬੱਸੀਆਂ ਦੇ। ਇਸ ਵਾਰ ਨੈੰ ਪਹੁੰਚਣ ਅਤੇ ਇਸ ਮੌਕੇ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ. ਬੱਚਿਆਂ ਦੇ ਗੀਤ ਸੰਗੀਤ ਉਪਰੰਤ ਪਰਮਿੰਦਰ ਜੱਟਪੁਰੀ ਦਾ ਲਿਖਿਆ ਨਾਟਕ ”ਲਾਸਟ ਮਹਾਰਾਜਾ” ਕਰਖਲ ਆਰਟ ਮੁੰਬਈ ਵਲੋਂ ਗੁਰੂ ਨਾਨਕ ਸਕੂਲ ਬੱਸੀਆਂ ਦੇ ਬੱਚਿਆਂ ਨੂੰ ਲੈ ਕੇ ਖੇਡਿਆ ਗਿਆ। ਜੇਕਰ ਹੰਢੇ ਹੋਏ ਪੇਸ਼ਾਵਰ ਕਲਾਕਾਰਾਂ ਵਲੋਂ ਇਹ ਨਾਟਕ ਖੇਡਿਆ ਜਾਂਦਾ ਤਾਂ ਇਸਨੇ ਗਹਿਰਾ ਪਰਭਾਵ ਛੱਡਣਾ ਸੀ।
ਹਾਂ! ਟਰੱਸਟ ਦੇ ਪ੍ਰਬੰਧਕਾਂ ਦੇ ਇਸ ਯਤਨ ਪੂਰੀ ਸਲਾਘਾ ਕਰਨੀ ਬਣਦੀ ਹੈ, ਜਦ ਦੁਨੀਆਂ ਵਿਚ ਸਿੱਖ ਪੱਬਾਂ ਕਲੱਬਾਂ ਵਿਚ ਮੌਕਾ ਮੇਲੇ ਕਰਦੇ ਤੇ ਰੰਗਰਲੀਆਂ ਮਨਾਉਂਦੇ ਹਨ, ਇਹ ਲੋਕ ਕੋਈ ਦੁਖਦੀ ਰਗ ਤਾਂ ਛੇੜਦੇ ਹਨ। ਪ੍ਰਬੰਧਕਾਂ ਦਾ ਸਾਥ ਦੇਣਾ ਬਣਦਾ ਹੈ। ਨਵੇਂ ਵਰੇ ਤੇ ਉਮੀਦ ਕਰਦੇ ਹਾਂ ਕਿ ਇਤਿਹਾਸ ਦੇ ਦੁਖਾਂਤਕ ਪਲਾਂ ਨੂੰ ਚਿਤਾਰਨ ਵਾਲਾ ਇਹ ਸਮਾਗਮ ਸਿਰਫ਼ ਇਸ ਇਲਾਕੇ ‘ਚ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਖਿੱਚ ਦਾ ਕੇਂਦਰ ਬਣੇ।

pic-rahi-ranjit-singh-di-haveli-3

ਕੋਠੀ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਿਤ ਪ੍ਰਦਰਸ਼ਤ ਤਸਵੀਰਾਂ

ਹਰ ਸਿੱਖ ਤੇ ਹਰ ਪੰਜਾਬੀ ਇਥੋਂ ਦੀ ਜ਼ਿਆਰਤ ਨਾਲ ਜਨਮ ਸਫਲਾ ਸਮਝੇ ਤੇ ਇਥੇ ਆ ਕੇ ਕੁਸ਼ ਅੰਦਰੋਂ ਖੁਸਦਾ ਮਹਿਸੂਸ ਕਰੇ। ਮੇਰੀ ਦਿਲੀ ਰੀਝ ਹੈ ਕਿ ਅਮਰੀਕਾ ਤੋਂ ਛਪਦੇ ”ਕੌਮਾਂਤਰੀ ਅੰਮ੍ਰਿਤਸਰ ਟਾਈਮਜ” ਦੇ ਮਾਲਕ ਸ. ਜਸਜੀਤ ਸਿੰਘ ਵਲੋਂ ਸਤਿੰਦਰ ਸਿਰਤਾਜ ਲੈ ਕੇ, ਮਹਾਰਜਾ ਦਲੀਪ ਸਿੰਘ ਦੇ ਜੀਵਨ ਸਬੰਧੀ ਜਿਹੜੀ ਫਿਲਮ ‘ਬਲੈਕ ਪ੍ਰਿਸ’ (The Black Prince) ਬਣਾਈ ਗਈ ਹੈ, ਪੰਜਾਬ ਵਿਚ ਉਸਦਾ ਪਹਿਲਾ ਸ਼ੋਅ ਇਸੇ ਕੋਠੀ ਵਿੱਚ ਹੀ ਹੋਵੇ।
ਆਉ ਗੁਰਬਾਣੀ ਅਨੁਸਾਰ ਕੁਲ ਦੁਨੀਆ ਦੇ ਭਲੇ ਦੀ ਅਕਾਲ ਪੁਰਖ ਕੋਲੋਂ ਖੈਰ ਮੰਗੀਏ!
ਰਾਜਵਿੰਦਰ ਸਿੰਘ ਰਾਹੀ (ਸੰਪਰਕ 91 98157 51332)