ਟਕਸਾਲੀ ਆਗੂਆਂ ਦੀ ਨਾਰਾਜ਼ਗੀ ਦੂਰ ਨਹੀਂ ਕਰ ਸਕੇ ਸੁਖਬੀਰ ਬਾਦਲ

ਟਕਸਾਲੀ ਆਗੂਆਂ ਦੀ ਨਾਰਾਜ਼ਗੀ ਦੂਰ ਨਹੀਂ ਕਰ ਸਕੇ ਸੁਖਬੀਰ ਬਾਦਲ

ਕੈਪਸ਼ਨ-ਬਾਘਾਪੁਰਾਣਾ ਵਿੱਚ ਨਾਰਾਜ਼ ਟਕਸਾਲੀ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਨਾਲ ਮੀਟਿੰਗ ਕਰਦੇ ਹੋਏ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਅਕਾਲੀ ਉਮੀਦਵਾਰ ਤੀਰਥ ਸਿੰਘ ਮਾਹਲਾ।
ਮੋਗਾ/ਬਿਊਰੋ ਨਿਊਜ਼ :
ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਮੀਦਵਾਰਾਂ ਨੂੰ ਪ੍ਰਚਾਰ ਮੁਹਿੰਮ ਨਾਲੋਂ ਜ਼ਿਆਦਾ ਸਮਾਂ ਨਾਰਾਜ਼ ਟਕਸਾਲੀ ਅਕਾਲੀ ਆਗੂਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਦੇਣਾ ਪੈ ਰਿਹਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਾਰਟੀ ਅੰਦਰਲੀ ਬਗਾਵਤ ਨੂੰ ਠੱਲ੍ਹਣ ਦਾ ਯਤਨ ਕਰ ਰਹੇ ਹਨ ਪਰ ਉਹ ਨਾਰਾਜ਼ ਟਕਸਾਲੀ ਅਕਾਲੀ ਆਗੂਆਂ ਦਾ ਰੋਸ ਸ਼ਾਂਤ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਉਮੀਦਵਾਰਾਂ ਨਾਲ ਪ੍ਰਚਾਰ ਲਈ ਤੋਰਨ ਵਿੱਚ ਅਸਫ਼ਲ ਹਨ।
ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਟਿਕਟ ਦੇ ਦਾਅਵੇਦਾਰ ਪੰਜਾਬ ਜੈਨਕੋ  ਚੇਅਰਮੈਨ ਜਗਤਾਰ ਸਿੰਘ ਰਾਜੇਆਣਾ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਇੱਥੋਂ ਐਲਾਨੇ ਅਕਾਲੀ ਉਮੀਦਵਾਰ ਤੀਰਥ ਸਿੰਘ ਮਾਹਲਾ ਨਾਲ ਤੁਰਨ ਤੋਂ ਪਾਸਾ ਵੱਟਿਆ ਹੋਇਆ ਹੈ। ਉਨ੍ਹਾਂ ਦੇ ਮਰਹੂਮ ਪਿਤਾ ਸਾਧੂ ਸਿੰਘ ਇਸ ਹਲਕੇ ਤੋਂ 1997 ਤੇ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ 2007 ਦੀ ਚੋਣ ਵਿੱਚ ਉਹ ਕਾਂਗਰਸ ਉਮੀਦਵਾਰ ਦਰਸ਼ਨ ਬਰਾੜ ਤੋਂ ਹਾਰ ਗਏ ਸਨ। 2012 ਦੀ ਚੋਣ ਵਿੱਚ ਜਗਤਾਰ ਸਿੰਘ ਰਾਜੇਆਣਾ ਨੇ ਕਾਂਗਰਸ ਵਿਚੋਂ ਆਏ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੂੰ ਅਕਾਲੀ ਉਮੀਦਵਾਰ ਬਣਾਉਣ ਦਾ ਵਿਰੋਧ ਕੀਤਾ ਤਾਂ ਸੁਖਬੀਰ ਸਿੰਘ ਬਾਦਲ ਨੇ ਘਰ ਪਹੁੰਚ ਕੇ ਉਨ੍ਹਾਂ ਨੂੰ ਅਗਲੀ ਵਾਰ ਮੌਕਾ ਦੇਣ ਦਾ ਵਾਅਦਾ ਕਰਦਿਆਂ ਪੰਜਾਬ ਜੈਨਕੋ  ਚੇਅਰਮੈਨ ਬਣਾ ਦਿੱਤਾ ਗਿਆ। ਇਸ ਵਾਰ ਵੀ ਟਿਕਟ ਨਾ ਮਿਲਣ ਕਾਰਨ ਉਹ ਇੱਥੋਂ ਅਕਾਲੀ ਉਮੀਦਵਾਰ ਨਾਲ ਨਹੀਂ ਤੁਰੇ। ਉਨ੍ਹਾਂ ਸੰਪਰਕ ਕਰਨ ‘ਤੇ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਪੰਜ ਦਿਨ ਪਹਿਲਾਂ ਟੈਲੀਫੋਨ ਉੱਤੇ ਘਰ ਆ ਕੇ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਉਨ੍ਹਾਂ ਨੇ ਸਾਰੀ ਗੱਲ ਟੈਲੀਫੋਨ ਉੱਤੇ ਹੀ ਕਰ ਕੇ ਕਹਿ ਦਿੱਤਾ ਕਿ ਉਹ ਆਪਣੇ ਸਮਰਥਕਾਂ ਨਾਲ ਵਿਚਾਰ ਕਰਕੇ ਅਗਲੀ ਰਣਨੀਤੀ ਦੱਸਣਗੇ।  ਇਸ ਹਲਕੇ ਤੋਂ ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਜਨਰਲ ਸਕੱਤਰ ਪਰਮਿੰਦਰ ਸਿੰਘ ਮੌੜ ਨੇ ਚੋਣ ਮੈਦਾਨ ਵਿੱਚ ਝੰਡਾ ਗੱਡ ਦਿੱਤਾ ਹੈ। ਉਨ੍ਹਾਂ ਆਜ਼ਾਦ ਉਮੀਦਵਾਰ ਵਜੋਂ ਪ੍ਰਚਾਰ ਮੁਹਿੰਮ ਦੌਰਾਨ ਸਮਾਜ ਸੇਵਾ ਦੇ ਕੰਮ ਵੀ ਵਿੱਢੇ ਹੋਏ ਹਨ।
ਮੋਗਾ ਵਿਧਾਨ ਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਤਰਸੇਮ ਸਿੰਘ ਰੱਤੀਆਂ ਨੇ ਕਿਹਾ ਕਿ ਉਹ 50 ਵਰ੍ਹਿਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਪਹਿਲਾਂ ਪੰਜਾਬ ਪੱਧਰ ਦਾ ਚੇਅਰਮੈਨ, ਫਿਰ ਜ਼ਿਲ੍ਹਾ ਪੱਧਰ ਦੀ ਯੋਜਨਾ ਕਮੇਟੀ ਦਾ ਚੇਅਰਮੈਨ ਤੇ ਹੁਣ ਆਮ ਵਰਕਰਾਂ ਨੂੰ ਦਿੱਤੀ ਜਾਣ ਵਾਲੀ ਮਾਰਕੀਟ ਕਮੇਟੀ, ਚੇਅਰਮੈਨ ਦੀ ਕੁਰਸੀ ਨਾਲ ਚੁੱਪ ਕਰਾ ਦਿੱਤਾ ਗਿਆ। ਉਨ੍ਹਾਂ ਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੋਗਾ ਵਿਧਾਨ ਸਭਾ ਹਲਕੇ ਤੋਂ ਐਲਾਨੇ ਉਮੀਦਵਾਰ ਬਰਜਿੰਦਰ ਸਿੰਘ ਬਰਾੜ ਨੂੰ ਟਿਕਟ ਦੇਣ ਦਾ ਕੋਈ ਗੁੱਸਾ ਨਹੀਂ ਪਰ ਪਾਰਟੀ ਦਾ ਉਨ੍ਹਾਂ ਨੂੰ ਭਰੋਸੇ ਵਿੱਚ ਲੈਣ ਦਾ ਫ਼ਰਜ਼ ਬਣਦਾ ਸੀ। ਅਕਾਲੀ ਆਗੂ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਘਰ ਆਉਣ ਲਈ ਸੰਪਰਕ ਕੀਤਾ ਸੀ ਤਾਂ ਉਨ੍ਹਾਂ ਫੋਨ ‘ਤੇ ਹੀ ਕਹਿ ਦਿੱਤਾ ਸੀ ਕਿ ਉਹ ਤਾਂ ਦਿੱਲੀ ਵਿੱਚ ਸੜਕ ਹਾਦਸੇ ਵਿਚ ਜ਼ਖ਼ਮੀ ਆਪਣੇ ਪੋਤਰੇ ਕੋਲ ਹਨ। ਇਸ ਹਲਕੇ ਤੋਂ ਮੌਜੂਦਾ ਅਕਾਲੀ ਵਿਧਾਇਕ ਜੋਗਿੰਦਰ ਪਾਲ ਜੈਨ ਕਰੀਬ 15 ਦਿਨ ਪਹਿਲਾਂ ਕੈਨੇਡਾ ਚਲੇ ਗਏ ਹਨ ਅਤੇ ਉਨ੍ਹਾਂ ਦਾ ਜਨਵਰੀ ਦੇ ਅਖ਼ੀਰ ਵਿੱਚ ਆਉਣ ਦਾ ਪ੍ਰੋਗਰਾਮ ਹੈ।
ਇਸ ਹਲਕੇ ਤੋਂ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਮੌਜੂਦਾ ਅਕਾਲੀ ਵਿਧਾਇਕ ਜੋਗਿੰਦਰ ਪਾਲ ਜੈਨ ਦੇ ਸਮਰਥਕਾਂ ਨੂੰ ਨਾਲ ਤੋਰਨ ਅਤੇ ਵਿਰੋਧੀ ਸੁਰਾਂ ਨੂੰ ਸ਼ਾਂਤ ਕਰਨ ਲਈ ਪੂਰੀ ਵਾਹ ਲਾ ਰਹੇ ਹਨ।
ਇਸੇ ਦੌਰਾਨ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਬਾਘਾਪੁਰਾਣਾ ਤੋਂ ਅਕਾਲੀ ਉਮੀਦਵਾਰ ਤੀਰਥ ਸਿੰਘ ਮਾਹਲਾ ਨਾਰਾਜ਼ ਟਕਸਾਲੀ ਅਕਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਦੇ ਘਰ ਪਹੁੰਚੇ। ਇਸ ਮੌਕੇ ਨਾਰਾਜ਼ ਆਗੂ ਨੇ ਆਪਣੇ ਮਨ ਦੀ ਭੜ੍ਹਾਸ ਕੱਢੀ ਪਰ ਅਕਾਲੀ ਆਗੂ ਬਗਾਵਤੀ ਸੁਰ ਸ਼ਾਂਤ ਕਰਨ ਲਈ ਸਭ ਕੁਝ ਸੁਣਦੇ ਰਹੇ। ਇਸ ਤੋਂ ਬਾਅਦ ਜਥੇਦਾਰ ਤੋਤਾ ਸਿੰਘ ਨਾਰਾਜ਼ ਆਗੂ ਨੂੰ ਪਾਰਟੀ ਵੱਲੋਂ ਭਰੋਸਾ ਦਿੰਦਿਆਂ ਉਸ ਨੂੰ ਨਾਲ ਤੋਰਨ ਵਿੱਚ ਸਫ਼ਲ ਹੋ ਗਏ। ਬਾਘਾਪੁਰਾਣਾ ਤੋਂ ਅਕਾਲੀ ਉਮੀਦਵਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਉਹ ਆਪਣੀ ਚੋਣ ਮੁਹਿੰਮ ਨੂੰ ਟਕਸਾਲੀ ਆਗੂ ਜਗਤਾਰ ਸਿੰਘ ਰਾਜੇਆਣਾ ਦੀ ਰਾਇ ਨਾਲ ਹੀ ਚਲਾਉਣਗੇ ਅਤੇ ਉਨ੍ਹਾਂ ਦਾ ਪੂਰਾ ਸਤਿਕਾਰ ਹੋਵੇਗਾ। ਇਸ ਦੇ ਬਾਵਜੂਦ ਟਕਸਾਲੀ ਅਕਾਲੀ ਆਗੂ ਦਾ ਅੰਦਰੂਨੀ ਗੁੱਸਾ ਸ਼ਾਂਤ ਦਿਖਾਈ ਨਹੀਂ ਸੀ ਦਿੰਦਾ।