ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ‘ਤੇ ਸੰਗਤ ਦਾ ਸੈਲਾਬ

ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ‘ਤੇ ਸੰਗਤ ਦਾ ਸੈਲਾਬ

ਸ਼ਰਧਾ ਦੇ ਸਮੁੰਦਰ ਵਿਚ ਲੀਡਰਾਂ ਨੇ ਰੱਜ ਰੱਜ ਲਾਏ ਦੂਸ਼ਣਬਾਜ਼ੀਆਂ ਦੇ ਗੋਤੇ
ਹੁਣ ਸ਼ੁਰੂ ਹੋਵੇਗਾ ‘ਜੇਲ੍ਹ ਵਿਦ ਕੈਪਟਨ’ : ਸੁਖਬੀਰ ਬਾਦਲ
ਪੰਜਾਬ ਨੂੰ ਲੁੱਟਣ ਵਾਲੇ ਬਾਦਲਾਂ ਨੂੰ ਕਰਾਂਗੇ ਅੰਦਰ : ਕੈਪਟਨ
ਮੈਂ ਪੋਸਟਰ ਛਪਾਉਣੈ, ਸੁਖਬੀਰ ਦੱਸੇ-ਉਹਨੇ ਕਿਥੋਂ ਲੜਨੈ : ਭਗਵੰਤ
ਸਰਬੱਤ ਖ਼ਾਲਸਾ ਦੇ ਪ੍ਰਸਤਾਵ ਲਾਗੂ ਕਰਾਵਾਂਗੇ : ਸਿਮਰਜੀਤ ਸਿੰਘ ਮਾਨ

ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :
ਇਸ ਵਾਰ ਫਤਹਿਗੜ੍ਹ ਸਾਹਿਬ ਦੀ ਧਰਤੀ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਹੋਈ ਲਾਸਾਨੀ ਕੁਰਬਾਨੀ ਨੂੰ ਨਮਨ ਕਰਨ ਵਾਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਰਹੀ। ਠੰਢ ਦੇ ਬਾਵਜੂਦ ਹਰ ਸੜਕ ‘ਤੇ ਜਿਵੇਂ ਆਸਥਾ ਦਾ ਸਮੁੰਦਰ ਠਾਠਾਂ ਮਾਰ ਰਿਹਾ ਸੀ। ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਗੁਰਦੁਆਰਾ ਸ਼੍ਰੀ ਜਿਓਤੀ ਸਰੂਪ ਸਾਹਿਬ ਪਹੁੰਚੇ। ਪੂਰੇ ਇਲਾਕੇ ਵਿਚ 400 ਤੋਂ ਜ਼ਿਆਦਾ ਲੰਗਰ ਲੱਗੇ ਹੋਏ ਸਨ।
ਸਿਆਸੀ ਪਾਰਟੀਆਂ ਨੇ ਵੀ ਸ਼ਰਧਾ ਦੇ ਇਸ ਸਮੁੰਦਰ ਦਾ ਲਾਹਾ ਲੈਣ ਵਿਚ ਕੋਈ ਕਸਰ ਨਹੀਂ ਛੱਡੀ। ਲੀਡਰਾਂ ਨੇ ਸ਼ਰਧਾ ਦੇ ਇਸ ਸਮੁੰਦਰ ਦਾ ਲਾਹਾ ਲੈਂਦਿਆਂ ਰੱਜ ਰੱਜ ਕੇ ਦੂਸ਼ਣਬਾਜ਼ੀਆਂ ਦੇ ਗੋਤੇ ਲਾਏ। ਜੋ ਜੋ ਦਾਅਵੇ ਉਨ੍ਹਾਂ ਪਿਛਲੀ ਕਾਨਫਰੰਸ ਵਿਚ ਕੀਤੇ ਸਨ, ਉਹੀ ਇਸ ਵਾਰ ਵੀ ਦੁਹਰਾਏ। ਅਕਾਲੀ ਦਲ ਦੀ ਕਾਨਫਰੰਸ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ‘ਕਾਂਗਰਸ ਅਤੇ ‘ਆਪ’ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਰਹੀਆਂ ਹਨ। ਬਾਦਲ ਨੇ ਕਿਹਾ, ‘ਪੰਜਾਬ ਕੋਲ ਇਕ ਵੀ ਬੂੰਦ ਫਾਲਤੂ ਪਾਣੀ ਨਹੀਂ ਹੈ। ਐਸ.ਵਾਈ.ਐਲ. ਨਹਿਰ ਕਿਸੇ ਕੀਮਤ ‘ਤੇ ਨਹੀਂ ਬਣਨ ਦਿਆਂਗੇ।’ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ‘ਤੇ ਹਮਲਾ ਬੋਲਦਿਆਂ ਕਿਹਾ, ‘ਕਾਂਗਰਸ ਨੂੰ ਹੁਣ ‘ਕਾਫ਼ੀ ਵਿਦ ਕੈਪਟਨ’ ਦੀ ਅਸਫਲਤਾ ਮਗਰੋਂ ‘ਜੇਲ੍ਹ ਵਿਦ ਕੈਪਟਨ’ ਸ਼ੁਰੂ ਕਰਨਾ ਚਾਹੀਦਾ ਹੈ। ਉਧਰ ਕਾਂਗਰਸ ਦੀ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਜਦੋਂ ਅਕਾਲੀ ਸਰਕਾਰ ਧਾਰਮਿਕ ਗਰੰਥਾਂ ਦੀ ਰੱਖਿਆ ਨਹੀਂ ਕਰ ਸਕੀ, ਤਾਂ ਲੋਕਾਂ ਦੀ ਸੁਰੱਖਿਆ ਦੀ ਗੱਲ ਤਾਂ ਦੂਰ ਹੈ। ਅਕਾਲੀਆਂ ਨੇ ਪੂਰੇ ਸ਼ਾਸ਼ਨ ਵਿਚ ਪੰਜਾਬ ਨੂੰ ਲੁੱਟਿਆ। ਹੁਣ ਆਪਣੇ 300 ਚਹੇਤਿਆਂ ਨੂੰ ਵੀ ਅਹੁਦੇ ਦੇ ਦਿੱਤੇ। ਕਾਂਗਰਸ ਦੇ ਸੱਤਾ ਵਿਚ ਆਉਂਦਿਆਂ ਹੀ ਸਾਰਿਆਂ ਨੂੰ ਹਟਾਇਆ ਜਾਵੇਗਾ ਤੇ  ਬਾਦਲ, ਸੁਖਬੀਰ ਤੇ ਮਜੀਠੀਆ ਦੀਆਂ ਧੱਕੇਸ਼ਾਹੀਆਂ ਦੀ ਜਾਂਚ ਕਰਵਾ ਕੇ ਇਨ੍ਹਾਂ ਨੂੰ ਅੰਦਰ ਕੀਤਾ ਜਾਵੇਗਾ।’
ਆਮ ਆਦਮੀ ਪਾਰਟੀ ਦੀ ਰੈਲੀ ਵਿਚ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ‘ਮੈਂ ਪੋਸਟਰ ਛਾਪਣ ਤੋਂ ਬੈਠਾ ਹਾਂ, ਸੁਖਬੀਰ ਦੱਸੇ ਓਹਨੇ ਕਿੱਥੋਂ ਚੋਣ ਲੜਨੀ ਐ।’ ਕੈਪਟਨ ਨੂੰ ਵੀ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ, ‘ਉਹ ਮੇਰੇ ਤੇ ਸੁਖਬੀਰ ਖ਼ਿਲਾਫ਼ ਚੋਣ ਲੜੇ।’ ਕੈਪਟਨ ਨੂੰ ਬੋਲੇ, ‘ਅਮਰਿੰਦਰ ਜੀ, ਤੁਸੀਂ ਤਾਂ ਪਾਕਿਸਤਾਨ ਤੋਂ ਚੋਣ ਲੜ ਲਓ, ਕੁਝ ਵੋਟਾਂ ਤਾਂ ਪੈਣਗੀਆਂ।’ ਮਾਨ ਨੇ ਕਿਹਾ ਕਿ ਜਿਸ ਸੂਬੇ ਦੇ ਕਿਸਾਨ ਜਾਨ ਦੇ ਰਹੇ ਹਨ, ਉਸ ਦਾ ਮੁੱਖ ਮੰਤਰੀ ‘ਕਿਸਾਨਾਂ ਦੇ ਮਸੀਹਾ’ ਦਾ ਐਵਾਰਡ ਲੈ ਰਿਹਾ ਹੈ।
ਇਸੇ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਦੀ ਰੈਲੀ ਵਿਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ, ‘ਉਨ੍ਹਾਂ ਦੀ ਲੜਾਈ ਖ਼ਾਲਸ ਸਰਕਾਰ ਬਣਾਉਣ ਲਈ ਚੱਲ ਰਹੀ ਹੈ। ਪਰ ਕਾਂਗਰਸ ਤੇ ਅਕਾਲੀ ਦਲ ਬਾਦਲ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਇਹ ਦੋਵੇਂ ਪੰਜਾਬ ਦੇ ਲੋਕਾਂ ਦੀਆਂ ਦੁਸ਼ਮਣ ਪਾਰੀਆਂ ਹਨ। ਸਰਬੱਤ ਖ਼ਾਲਸਾ ਵਿਚ ਪਾਸ ਸਾਰੇ ਪ੍ਰਸਤਾਵਾਂ ਨੂੰ ਲਾਗੂ ਕੀਤਾ ਜਾਵੇਗਾ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਆਦੇਸ਼ਾਂ ਨੂੰ ਮਾਨਤਾ ਦਿੱਤੀ ਜਾਵੇਗੀ।

ਸ਼ਰਧਾ ਦੇ ਸਮੁੰਦਰ ਵਿਚ ਲੀਡਰਾਂ ਨੇ ਰੱਜ ਰੱਜ ਲਾਏ
ਦੂਸ਼ਣਬਾਜ਼ੀਆਂ ਦੇ ਗੋਤੇ 
ਬਾਦਲਾਂ ਵਲੋਂ ਪੰਜਾਬੀਆਂ ਨੂੰ ‘ਆਪ’ ਤੇ ਕਾਂਗਰਸ ਤੋਂ ਸੁਚੇਤ ਰਹਿਣ ਦਾ ਸੱਦਾ
ਫਤਹਿਗੜ੍ਹ ਸਾਹਿਬ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਸ਼ਹੀਦੀ ਜੋੜ ਮੇਲ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ‘ਝੂਠੇ ਅਤੇ ਬਨਾਵਟੀ’ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਸੱਤਾ ਦੀ ਲਾਲਸਾ ਵਿੱਚ ਲੋਕਾਂ ਨੂੰ ਸਬਜ਼ਬਾਗ ਵਿਖਾ ਰਹੀਆਂ ਹਨ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀ ਬਾਦਲ ਨੇ ਕਾਂਗਰਸ ਅਤੇ ‘ਆਪ’ ਸਬੰਧੀ ਕਿਹਾ, ‘ਇਨ੍ਹਾਂ ਵਿਚੋਂ ਕੋਈ ਪਾਰਟੀ ਜੇ ਪੰਜਾਬ ਦੀ ਸੱਤਾ ਉੱਪਰ ਕਾਬਜ਼ ਹੋ ਗਈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਅਮੀਰ ਸਭਿਆਚਾਰ ਨੂੰ ਖਤਮ ਕਰੇਗੀ।’ ਫਿਰ  ਗ਼ਰੀਬਾਂ ਅਤੇ ਕਿਸਾਨਾਂ ਲਈ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਅਤੇ ਸਬਸਿਡੀਆਂ ਬੰਦ ਕਰਨਗੀਆਂ।
ਉਨ੍ਹਾਂ ਚੇਤੇ ਕਰਵਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੀ ਵਾਰ ਪੰਜਾਬ ਦੀ ਸੱਤਾ ਵਿਚ ਆਉਂਦਿਆਂ ਹੀ ਕਿਸਾਨਾਂ ਦੀ ਮੁਫਤ ਬਿਜਲੀ ਅਤੇ ਕਈ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਸਨ। ਉਨ੍ਹਾਂ ਮੌਜੂਦਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਖੁੱਲ੍ਹ ਸ਼ਲਾਘਾ ਕੀਤੀ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਹੈ। ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਨੂੰ ਤੀਜੀ ਵਾਰ ਸੱਤਾ ਵਿਚ ਲਿਆਉਣ ਦੀ ਅਪੀਲ ਕੀਤੀ ਤੇ ਵਿਅੰਗਮਈ ਅੰਦਾਜ਼ ਵਿਚ ਕਿਹਾ ਕਿ ‘ਕੌਫ਼ੀ ਵਿਦ ਕੈਪਟਨ’ ਦੀ ਅਸਫਲਤਾ ਤੋਂ ਬਾਅਦ ਕਾਂਗਰਸ ਨੂੰ ‘ਜੇਲ੍ਹ ਵਿਦ ਕੈਪਟਨ’ ਸ਼ੁਰੂ ਕਰਨਾ ਚਾਹੀਦਾ ਹੈ। ਇਸ ਮੌਕੇ ਐਸਜੀਪੀਸੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਮੈਂਬਰ ਲੋਕ ਸਭਾ ਅਨੰਦਪੁਰ ਸਾਹਿਬ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਐਸਜੀਪੀਸੀ ਮੈਂਬਰ ਸੁਰਜੀਤ ਸਿੰਘ ਗੜੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਫ਼ਤਹਿਗੜ੍ਹ ਸਾਹਿਬ ਦੇ ਹਲਕਾ ਇੰਚਾਰਜ ਦੀਦਾਰ ਸਿੰਘ ਭੱਟੀ,  ਬਸੀ ਪਠਾਣਾਂ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ  ਆਦਿ ਨੇ ਵੀ ਸੰਬੋਧਨ ਕੀਤਾ।  ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਬਸੀ ਪਠਾਣਾਂ ਜਸਟਿਸ ਨਿਰਮਲ ਸਿੰਘ, ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ ਵੀ ਹਾਜ਼ਰ ਸਨ।

ਬਾਦਲਾਂ ਨੇ ਪੰਜਾਬ ਦੀ ਪੂਰੀ ਇਕ ਪੀੜ੍ਹੀ ਤਬਾਹ ਕੀਤੀ : ਅਮਰਿੰਦਰ
ਫਤਿਹਗੜ੍ਹ ਸਾਹਿਬ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੋਵੇਂ ਬਾਦਲਾਂ ਅਤੇ ਬਿਕਰਮ ਸਿੰਘ ਮਜੀਠੀਆ ਦੇ ‘ਜਬਰ’ ਤੋਂ ਬਚਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਲੋੜ ਹੈ। ਉਨ੍ਹਾਂ ਸ੍ਰੀ ਮਜੀਠੀਆ ਉਪਰ ਨਸ਼ੇ ਵੇਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਤੇ ਬਾਦਲਾਂ ਨੇ ਪੰਜਾਬ ਦੀ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ। ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ, ਗੀਤਾ ਅਤੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਾਬੂ ਨਾ ਕੀਤੇ ਜਾਣ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਇਨ੍ਹਾਂ ਦੋਸ਼ੀਆਂ ਅਤੇ ਹੋਰ ਅਪਰਾਧ ਕਰਨ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿਛੇ ਸੁੱਟ ਕੇ ਸਖਤ ਸਜ਼ਾਵਾਂ ਦਿਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ ਵਿਚ ਆਉਣ ‘ਤੇ ਇਕ ਵੀ ਸਬਸਿਡੀ ਵਾਪਸ ਨਹੀਂ ਲਈ ਜਾਵੇਗੀ ਜਦੋਂਕਿ ਵਿਰੋਧੀਆਂ ਵਲੋਂ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਲ ਮੁੜ ਲਗਾਉਣ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ।
ਸਰਕਾਰ ‘ਤੇ ਆਪਣੇ ਲੋਕਾਂ ਨੂੰ ਉੱਚੇ ਅਹੁਦਿਆਂ ‘ਤੇ ਬਿਠਾਉਣ ਵਾਸਤੇ ਸਾਰੇ ਕਾਇਦੇ-ਕਾਨੂੰਨ ਛਿੱਕੇ ਟੰਗਣ ਦਾ ਦੋਸ਼ ਲਾਉਂਦਿਆ ਕਿਹਾ ਕਿ ਕੁਝ ਦਿਨਾਂ ‘ਚ ਧੜਾਧੜ 300 ਸਿਆਸੀ ਆਗੂਆਂ ਨੂੰ ਨਿਯੁਕਤੀਆਂ ਦਿਤੀਆਂ ਗਈਆਂ ਹਨ, ਜਿਨ੍ਹਾਂ ਨੂੰ ਕਾਂਗਰਸ ਦੇ ਸੱਤਾ ਵਿਚ ਆਉਣ ‘ਤੇ ਅਹੁਦਿਆਂ ਤੋਂ ਉਤਾਰਿਆ ਜਾਵੇਗਾ। ਪਾਣੀਆਂ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਪੰਜਾਬ ਤੋਂ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਐਸਵਾਈਐਲ ‘ਤੇ ਸੂਬੇ ਦੇ ਹਿੱਤਾਂ ਦੀ ਰਾਖੀ ਕਰਨ ਵਿਚ ਨਾਕਾਮ ਰਹੀ ਹੈ।
ਉਨ੍ਹਾਂ ਫਤਿਹਗੜ੍ਹ ਸਾਹਿਬ ਦੇ ਲੋਕਾਂ ਨਾਲ ਵੀ ਵਾਅਦਾ ਕੀਤਾ ਕਿ ਉਨ੍ਹਾਂ ਦੇ ਇਲਾਕੇ ਵਿਚ ਬੱਸ ਸਟੈਂਡ ਦੇ ਨਿਰਮਾਣ ਦੀ ਲਟਕ ਰਹੀ ਮੰਗ ਨੂੰ ਚੋਣਾਂ ਤੋਂ ਬਾਅਦ ਪੂਰਾ ਕੀਤਾ ਜਾਵੇਗਾ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ, ਨਾਭਾ ਦੇ ਸਾਧੂ ਸਿੰਘ ਧਰਮਸੋਤ ਤੇ ਗੁਰਕੀਰਤ ਸਿੰਘ ਕੋਟਲੀ ਨੇ ਦੋਸ਼ ਲਾਇਆ ਕਿ ਗੱਠਜੋੜ ਸਰਕਾਰ ਤੋਂ ਹਰ ਵਰਗ ਦੁਖੀ ਹੈ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਤੇਜ ਪ੍ਰਕਾਸ਼ ਸਿੰਘ ਕੋਟਲੀ, ਜਗਮੋਹਨ ਸਿੰਘ ਕੰਗ, ਬਸੀ ਪਠਾਣਾਂ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਵੀ ਵਿਚਾਰ ਪੇਸ਼ ਕੀਤੇ।

ਸ਼ਹੀਦੀ ਜੋੜ ਮੇਲ ਮੌਕੇ ਅਸੀਂ ਕਰਦੇ ਹਾਂ ਜੰਗ ਦਾ ਐਲਾਨ: ਭਗਵੰਤ ਮਾਨ
ਫਤਿਹਗੜ੍ਹ ਸਾਹਿਬ : ”ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਜ਼ੁਲਮ ਦੇ ਖਾਤਮੇ ਦੀ ਸ਼ੁਰੂਆਤ ਹੋਈ ਸੀ ਪਰ ਪਿਛਲੇ 70 ਸਾਲਾਂ ਤੋਂ ਆਜ਼ਾਦ ਹੋਣ ਦੇ ਬਾਵਜੂਦ ਅਸੀਂ ਗੁਲਾਮੀ ਵਿਚ ਹੀ ਜੀਅ ਰਹੇ ਹਾਂ। ਇਸ ਗੁਲਾਮੀ ਦੇ ਖਾਤਮੇ ਲਈ ਆਮ ਆਦਮੀ ਪਾਰਟੀ ਵਲੋਂ ਸ਼ਹੀਦੀ ਜੋੜ ਮੇਲ ਮੌਕੇ ਜੰਗ ਦਾ ਐਲਾਨ ਕੀਤਾ ਜਾਦਾ ਹੈ।” ਇਹ ਪ੍ਰਗਟਾਵਾ ‘ਆਪ’ ਦੇ ਐਮਪੀ ਭਗਵੰਤ ਮਾਨ ਨੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਾਨਫਰੰਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ-ਭਾਜਪਾ ਸਰਕਾਰ ਸਿਰਫ਼ ਆਪਣਾ ਨਿੱਜੀ ਕਾਰੋਬਾਰ ਵਧਾਉਣ ਲਈ ਪੁਰਾਣੀਆਂ ਸਨਅਤਾਂ ਨੂੰ ਤਬਾਹ ਕਰ ਰਹੀ ਹੈ, ਜਿਸ ਦੀ ਮਿਸਾਲ ਮੰਡੀ ਗੋਬਿੰਦਗੜ੍ਹ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਬਾਹ ਕਰਨ ਲਈ ਕਾਂਗਰਸ ਵੀ ਅਕਾਲੀਆਂ ਦੇ ਬਰਾਬਰ ਦੀ ਜ਼ਿੰਮੇਵਾਰ ਹੈ। ਆਮ ਆਦਮੀ ਪਾਰਟੀ ਦੇ ਵਧ ਰਹੇ ਪ੍ਰਭਾਵ ਨੂੰ ਦੇਖ ਕੇ ਦੋਵੇਂ ਬੁਖਲਾ ਗਏ ਹਨ ਤੇ ਆਪਸ ਵਿੱਚ ਮਿਲ ਚੁੱਕੇ ਹਨ। ਪੰਜਾਬ ਦੇ ਕੋ-ਇੰਚਾਰਜ ਜਰਨੈਲ ਸਿੰਘ ਨੇ ਲੋਕਾਂ ਨੂੰ ਗੁਰਬਾਣੀ ਦੀਆਂ ਤੁਕਾਂ ਸੁਣਾ ਕੇ ਜੀਵਨ ਵਿਚ ਸੇਧ ਲੈਣ ਅਤੇ ਜ਼ੁਲਮ ਖਿਲਾਫ ਡੱਟ ਕੇ ਖੜ੍ਹਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਪ ਮੁਖ ਮੰਤਰੀ ਅਤੇ ਕੇਦਰੀ ਮੰਤਰੀ ਬਨਾਉਣ ਲਈ ਆਪਣਾ ਪੁੱਤਰ ਅਤੇ ਨੂੰਹ ਹੀ ਮਿਲੇ ਹਨ। ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਕਿਹਾ, ”ਪਿਛਲੇ 32 ਸਾਲਾਂ ਤੋਂ ਅਸੀਂ ’84 ਦਾ ਸੰਤਾਪ ਭੋਗ ਰਹੇ ਹਾਂ, ਜਿਸ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਹੈ।” ਪੰਜਾਬ ਦਾ ਰਖਵਾਲਾ ਬਣਨ ਵਾਲਾ ਕੈਪਟਨ ਅਮਰਿੰਦਰ ਸਿੰਘ ’84 ਦੇ ਕਥਿਤ ਦੋਸ਼ੀ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਅਤੇ ਕਮਲ ਨਾਥ ਨੂੰ ਨਿਰਦੋਸ਼ ਦੱਸ ਰਿਹਾ ਹੈ। ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੂਬੇ ਦੀ ਅਕਾਲੀ ਸਰਕਾਰ ਨੇ ਪੰਜਾਬ ਦੇ 55 ਮਹਿਕਮਿਆਂ ਵਿਚੋਂ 28 ਆਪਣੇ ਪਰਿਵਾਰ ਨੂੰ ਦੇ ਰੱਖੇ ਹਨ। ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਅਤੇ ਕਾਨਫੰਰਸ ਦੇ ਮੁੱਖ ਪ੍ਰਬੰਧਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਇਹ ਕਿਹੋ ਜਿਹੀ ਸਰਕਾਰ ਹੈ, ਜਿਸ ਦੇ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਵੀ ਸੁਰੱਖਿਅਤ ਨਹੀਂ। ਇਸ ਮੌਕੇ ਬਸੀ ਪਠਾਣਾਂ ਤੋਂ ਉਮੀਦਵਾਰ ਸੰਤੋਖ ਸਿੰਘ ਸਲਾਣਾ,  ਸਮਰਾਲਾ ਤੋਂ ਉਮੀਦਵਾਰ ਸਰਬੰਸ ਸਿੰਘ ਮਾਣਕੀ, ਉਮੀਦਵਾਰ ਪਾਇਲ ਤੋਂ ਗੁਰਪ੍ਰੀਤ ਸਿੰਘ ਲਾਪਰਾਂ, ਯੂਥ ਦੇ ਸੂਬਾ ਪ੍ਰਧਾਨ ਹਰਜੋਤ ਸਿੰਘ ਬੈਂਸ, ਐਡਵੋਟ ਨਰਿੰਦਰ ਸਿੰਘ ਟਿਵਾਣਾ ਮੀਤ ਪ੍ਰਧਾਨ ਲੀਗਲ ਸੈਲ ਨੇ ਵੀ ਸੰਬੋਧਨ ਕੀਤਾ।

ਜ਼ਬਰ-ਜ਼ੁਲਮ ਦਾ ਟਾਕਰਾ ਸਮੂਹਕ ਤਾਕਤ ਨਾਲ ਕਰੋ : ਭਾਈ ਦਾਦੂਵਾਲ
ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅ) ਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਸ਼ਹੀਦਾਂ ਦੀ ਇਤਿਹਾਸਕ ਧਰਤੀ ‘ਤੇ ਕੀਤੀ ਸ਼ਹੀਦੀ ਕਾਨਫ਼ਰੰਸ ਵਿਚ ਪੰਜਾਬ ਤੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਸਰਬੱਤ ਖ਼ਾਲਸਾ ਦੌਰਾਨ ਐਲਾਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਦੀਵਾਨਾ ਰਾਹੀਂ ਜ਼ਬਰ-ਜ਼ੁਲਮ ਦਾ ਸਮੂਹਕ ਤਾਕਤ ਨਾਲ ਟਾਕਰਾ ਕਰਨ ਦਾ ਸੰਦੇਸ਼ ਦਿੱਤਾ। ਇਸ ਤੋਂ ਇਲਾਵਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਨੇ ਵੀ ਹੁਕਮਰਾਨਾਂ ਦੇ ਜ਼ਬਰ-ਜੁਲਮਾਂ ਦਾ ਟਾਕਰਾ ਕਰਨ ਲਈ ਆਪਣੀ ਵੋਟ ਸ਼ਕਤੀ ਦੀ ਵਰਤੋਂ ਦੀ ਅਪੀਲ ਕੀਤੀ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ। ਸ. ਮਾਨ ਨੇ ਕਿਹਾ ਕਿ ਆਗਾਮੀ ਸਮੇਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਾਸੀ ਖ਼ਾਲਸਾ ਪੰਥ ਦੀ ਸਰਕਾਰ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅ) ਤੇ ਸਰਬੱਤ ਖ਼ਾਲਸਾ ਜਥੇਬੰਦੀਆਂ ਅਤੇ ਸਾਡੇ ਨਾਲ ਚੋਣ ਸਮਝੌਤਾ ਕਰਕੇ ਚੋਣ ਲੜਨ ਵਾਲੀਆ ਕੌਮੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰ ਪੱਖੋਂ ਸਹਿਯੋਗ ਕਰਕੇ ਸਿਆਸੀ ਤਾਕਤ ਵਿਚ ਲਿਆਵਾਂਗੇ ਤੇ ਇਥੇ ਸਰਕਾਰ-ਏ-ਖ਼ਾਲਸਾ ਕਾਇਮ ਕਰਨਗੇ। ਇਸ ਮੌਕੇ ਸਟੇਜ ‘ਤੇ ਪ੍ਰੋ. ਮੋਹਿੰਦਰਪਾਲ ਸਿੰਘ ਤੇ ਹੋਰਨਾਂ ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸੰਸਥਾ ਵਿਚ ਹੋ ਰਹੀਆਂ ਵੱਡੇ ਪੱਧਰ ਦੀਆਂ ਬੇਨਿਯਮੀਆਂ ਤੁਰੰਤ ਬੰਦ ਕਰਵਾਉਣ ਦੀ ਜ਼ੋਰਦਾਰ ਪੈਰਵੀ ਕੀਤੀ। ਕਾਨਫ਼ਰੰਸ ਦੇ ਅੰਤ ਵਿਚ ਸ. ਮਾਨ ਨੇ ਕਿਹਾ ਕਿ ਇਨ੍ਹਾਂ ਮਤਿਆਂ ਵਿਚ ਉਨ੍ਹਾਂ ਰੰਘਰੇਟਿਆਂ ਤੇ ਪਛੜੇ ਵਰਗਾਂ ਦੇ ਕਰਜ਼ਿਆਂ ‘ਤੇ ਉਸੇ ਤਰ੍ਹਾਂ ਲੀਕ ਮਾਰਨ ਦਾ ਵਚਨ ਕੀਤਾ ਹੈ। ਕਾਨਫ਼ਰੰਸ ਵਿਚ ਸ. ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸ਼ਲਪਾਲ ਸਿੰਘ ਮਾਨ, ਸੁਰਜੀਤ ਸਿੰਘ ਕਾਲਾਬੂਲਾ (ਪੰਜੇ ਜਰਨਲ ਸਕੱਤਰ), ਯੂਨੀਵਰਸਿਟੀਜ਼ ਦੇ ਕੌਮੀ ਪ੍ਰਧਾਨ ਤੇ ਐਗਜ਼ੈਕਟਿਵ ਮੈਂਬਰ ਰਣਦੇਵ ਸਿੰਘ ਦੇਬੀ, ਗੁਰਦੀਪ ਸਿੰਘ ਬਠਿੰਡਾ, ਭਾਈ ਮੋਹਕਮ ਸਿੰਘ, ਬੀਬੀ ਪ੍ਰੀਤਮ ਕੌਰ, ਬਾਬਾ ਪ੍ਰਦੀਪ ਸਿੰਘ ਚਾਦਪੁਰਾ, ਪਰਮਜੀਤ ਸਿੰਘ ਸਹੋਲੀ, ਬੂਟਾ ਸਿੰਘ ਰਣਸ਼ੀਂਹ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਰੇਸ਼ਮ ਸਿੰਘ ਅਮਰੀਕਾ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਰਣਜੀਤ ਸਿੰਘ ਚੀਮਾ ਮੁੱਖ ਦਫ਼ਤਰ ਸਕੱਤਰ, ਜਸਪਾਲ ਸਿੰਘ ਮੰਗਲ ਜੰਮੂ, ਗੁਰਦੇਵ ਸਿੰਘ ਜੰਮੂ, ਸੰਸਾਰ ਸਿੰਘ ਦਿੱਲੀ, ਹਰਭਜਨ ਸਿੰਘ ਕਸ਼ਮੀਰੀ, ਮਨਜੀਤ ਸਿੰਘ ਰੇਰੂ ਹਾਜ਼ਰ ਸਨ।