ਪੰਜਾਬ ‘ਚ ਹੈਟਰਿਕ ਮਾਰੇਗੀ ਬਾਦਲ ਸਰਕਾਰ : ਸੁਖਬੀਰ ਬਾਦਲ

ਪੰਜਾਬ ‘ਚ ਹੈਟਰਿਕ ਮਾਰੇਗੀ ਬਾਦਲ ਸਰਕਾਰ : ਸੁਖਬੀਰ ਬਾਦਲ

ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਸਰਕਾਰ ਕੰਮ ਕਰ ਰਹੀ ਹੈ ਤੇ ਸੂਬੇ ਵਿਚ ਵੀ ਗਠਜੋੜ ਦੀ ਸਰਕਾਰ ਨੇ ਸ਼ਾਨਦਾਰ ਪ੍ਰਾਪਤੀਆਂ ਨਾਲ ਆਪਣਾ ਦੂਸਰਾ ਕਾਰਜਕਾਲ ਪੂਰਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਸੂਬੇ ਵਿਚ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਭਾਵੁਕ ਸਾਂਝ, ਦੂਰ-ਅੰਦੇਸ਼ ਸੋਚ ਤੇ ਮਿਹਨਤ ਨਾਲ ਹੀ ਸੰਭਵ ਹੋ ਸਕਿਆ ਹੈ। ਅੱਜ ਪੰਜਾਬ ਨੇ ਵਿਕਾਸ ਦੇ ਖੇਤਰ ਵਿਚ ਜੋ ਰਫ਼ਤਾਰ ਫੜੀ ਹੈ, ਉਸ ਨੂੰ ਕਾਇਮ ਰੱਖਣ ਲਈ ਸੂਬੇ ਵਿਚ ਮੁੜ ਅਕਾਲੀ-ਭਾਜਪਾ ਗਠਜੋੜ ਦਾ ਸੱਤਾ ਵਿਚ ਆਉਣਾ ਬੇਹੱਦ ਜ਼ਰੂਰੀ ਹੈ। ਸੀਨੀਅਰ ਪੱਤਰਕਾਰਾਂ ਸਤਨਾਮ ਸਿੰਘ ਮਾਣਕ, ਜਸਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਦੌਰ ਵਿਚ ਪੰਜਾਬੀਆਂ ਦੀ ਇਕ ਗਲਤੀ ਸੂਬੇ ਨੂੰ ਵਿਕਾਸ ਪੱਖੋਂ ਕਈ ਸਾਲ ਪਿੱਛੇ ਲਿਜਾ ਸਕਦੀ ਹੈ। ਉਨ੍ਹਾਂ ਰਾਜ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਬੜੀ ਮੁਸ਼ਕਲ ਨਾਲ ਲੀਹ ‘ਤੇ ਲਿਆਂਦਾ ਗਿਆ ਹੈ ਤੇ ਜੇਕਰ ਕਾਂਗਰਸ ਜਾਂ ਆਮ ਆਦਮੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਨ੍ਹਾਂ ਦੀ ਕੇਂਦਰ ਨਾਲ ਦਾਲ ਹੀ ਨਹੀਂ ਗਲਣੀ ਤੇ ਟਕਰਾਅ ਦੀ ਨੀਤੀ ਦੇ ਚੱਲਦਿਆਂ ਪੰਜਾਬ ਹਰ ਪੱਖ ਤੋਂ ਪੱਛੜ ਜਾਵੇਗਾ।

ਕਿਸਾਨਾਂ ਦੀਆਂ ਜਿਣਸਾਂ ਮੰਡੀਆਂ ਵਿਚ ਰੁਲਣਗੀਆਂ ਤੇ ਹੋਰਨਾਂ ਵਿਕਾਸ ਪ੍ਰਾਜੈਕਟਾਂ ਲਈ ਵੀ ਧੇਲਾ ਨਹੀਂ ਮਿਲੇਗਾ। ਉਨਾਂ ਕਿਹਾ ਕਿ ਕੇਂਦਰ ਵਿਚ ਪਿਛਲੀ ਕਾਂਗਰਸ ਸਰਕਾਰ ਨੇ ਹਮੇਸ਼ਾ ਪੰਜਾਬ ਨਾਲ ਹਰ ਖੇਤਰ ਵਿਚ ਵਿਤਕਰਾ ਕੀਤਾ ਹੈ ਪਰ ਜਦ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ. ਡੀ. ਏ. ਦੀ ਸਰਕਾਰ ਬਣੀ ਹੈ, ਪੰਜਾਬ ਨੂੰ ਅਨੇਕਾਂ ਪ੍ਰਾਜੈਕਟ ਦਿੱਤੇ ਗਏ ਹਨ।

ਜੋ ਕਿਹਾ ਕਰਕੇ ਦਿਖਾਇਆ :
ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੋ ਉਨ੍ਹਾਂ ਨੇ ਕਿਹਾ ਉਹ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਪਾਣੀ ਵਿਚ ਬੱਸ ਚਲਾਉਣ ਦੀ ਗੱਲ ਕੀਤੀ ਸੀ ਤਾਂ ਵਿਰੋਧੀਆਂ ਨੇ ਉਸ ਨੂੰ ਮਜ਼ਾਕ ਵਿਚ ਲਿਆ ਸੀ ਪਰ ਅੱਜ ਉਨ੍ਹਾਂ ਨੇ ਆਪਣੇ ਇਸ ਵਾਅਦੇ ਸਮੇਤ ਰਾਜ ਦੇ ਲੋਕਾਂ ਨਾਲ ਕੀਤਾ ਆਪਣਾ ਹਰ ਇਕ ਵਾਅਦਾ ਪੂਰਾ ਕੀਤਾ ਹੈ।
ਲਗਾਤਾਰ ਤੀਸਰੀ ਵਾਰ ਬਣੇਗੀ ਗਠਜੋੜ ਦੀ ਸਰਕਾਰ :
ਸੁਖਬੀਰ ਸਿੰਘ ਬਾਦਲ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਦਾਅਵਾ ਕੀਤਾ ਕਿ ਸੂਬੇ ਵਿਚ ਲਗਾਤਾਰ ਤੀਸਰੀ ਵਾਰ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣੇਗੀ। ਇੱਥੇ ਹੀ ਬਸ ਨਹੀਂ ਪਾਰਟੀ ਦੀ ਕਾਰਗੁਜ਼ਾਰੀ 2012 ਦੀਆਂ ਚੋਣਾਂ ਤੋਂ ਵੀ ਬਿਹਤਰ ਹੋਵੇਗੀ ਤੇ ਪਾਰਟੀ ਪਿਛਲੀ ਵਾਰ ਨਾਲੋਂ ਵੀ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰੇਗੀ।

ਵਿਕਾਸ ਦੇ ਮੁੱਦੇ ‘ਤੇ ਹੀ ਲੜਾਂਗੇ ਚੋਣ :
ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਆਉਂਦੀਆਂ ਚੋਣਾਂ ਵੀ ਗਠਜੋੜ ਸਰਕਾਰ ਵਲੋਂ ਵਿਕਾਸ ਦੇ ਮੁੱਦੇ ‘ਤੇ ਹੀ ਲੜੀਆਂ ਜਾਣਗੀਆਂ। ਵਾਧੂ ਬਿਜਲੀ ਉਤਪਾਦਨ, 4-6 ਮਾਰਗੀ ਸੜਕਾਂ ਤੇ ਹਵਾਈ ਅੱਡਿਆਂ ਦੇ ਨਿਰਮਾਣ ਤੋਂ ਇਲਾਵਾ ਅਨੇਕਾਂ ਹੋਰ ਵਿਕਾਸ ਪ੍ਰਾਜੈਕਟਾਂ ਨੂੰ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਜਿੰਨੇ ਵਿਕਾਸ ਕੰਮ ਅਕਾਲੀ-ਭਾਜਪਾ ਗਠਜੋੜ ਵਲੋਂ ਪਿਛਲੇ 10 ਸਾਲ ਵਿਚ ਕਰਵਾਏ ਗਏ ਹਨ, ਉਹ ਅੱਜ ਤੱਕ ਕਦੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕਰਵਾਏ ਗਏ ਕੰਮ ਲੋਕਾਂ ਦੇ ਸਾਹਮਣੇ ਹਨ ਤੇ ਜੇਕਰ ਉਹ ਸਮਝਦੇ ਹਨ ਕਿ ਕਾਂਗਰਸ ਨੇ ਇੰਨੇ ਕੰਮ ਕਰਵਾਏ ਹਨ ਤਾਂ ਫਿਰ ਉਹ ਕਿਸੇ ਨੂੰ ਵੀ ਵੋਟ ਪਾ ਸਕਦੇ ਹਨ।

‘ਆਪ’ ਹੋਈ ਖ਼ਤਮ ਤੇ ਕਾਂਗਰਸ ਨੂੰ ਆਪਣੇ ਹੀ ਲੈ ਬੈਠਣਗੇ :
‘ਆਪ’ ਅਤੇ ਕਾਂਗਰਸ ਵਿਚੋਂ ਕਿਸ ਪਾਰਟੀ ਨੂੰ ਚੁਣੌਤੀ ਸਮਝਦੇ ਹੋ, ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਜੂਦ ਪੰਜਾਬ ਵਿਚੋਂ ਖਤਮ ਹੋ ਚੁੱਕਾ ਹੈ ਤੇ ਸ਼ਾਇਦ ਪਾਰਟੀ ਨੂੰ ਇਕ ਵੀ ਸੀਟ ਨਾ ਮਿਲੇ। ਇਸੇ ਤਰ੍ਹਾਂ ਕਾਂਗਰਸ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਭ ਤੋਂ ਵੱਡੀ ਦੁਸ਼ਮਣ ਖੁਦ ਕਾਂਗਰਸ ਹੀ ਹੈ। ਇਸ ਨੂੰ ਆਪਣੇ ਆਗੂ ਹੀ ਲੈ ਬੈਠਣਗੇ ਤੇ ਮੁਸ਼ਕਲ ਨਾਲ 20 ਤੋਂ 25 ਸੀਟਾਂ ਹਾਸਲ ਕਰ ਸਕੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਹਾਲ ਤਾਂ ਇੰਨਾ ਮਾੜਾ ਹੋ ਗਿਆ ਹੈ, ਕਿ ਅਕਾਲੀ ਦਲ ਵਲੋਂ ਨਕਾਰੇ ਗਏ ਆਗੂਆਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।

ਮੈਰਿਟ ਦੇ ਆਧਾਰ ‘ਤੇ ਦਿੱਤੀਆਂ ਟਿਕਟਾਂ :
ਟਿਕਟਾਂ ਦੇ ਐਲਾਨ ਮਗਰੋਂ ਪਾਰਟੀ ਅੰਦਰ ਉੱਠੀਆਂ ਬਗਾਵਤੀ ਸੁਰਾਂ ਬਾਰੇ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਵਲੋਂ ਮੈਰਿਟ ਦੇ ਆਧਾਰ ‘ਤੇ ਟਿਕਟਾਂ ਦੀ ਵੰਡ ਕੀਤੀ ਗਈ ਹੈ ਤੇ ਜਿਨ੍ਹਾਂ ਆਗੂਆਂ ਦੀ ਕਾਰਗੁਜ਼ਾਰੀ ਪਿਛਲੇ ਸਮੇਂ ਦੌਰਾਨ ਵਧੀਆ ਨਹੀਂ ਰਹੀ, ਉਨ੍ਹਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕੁੱਝ ਨਾਰਾਜ਼ ਚੱਲ ਰਹੇ ਪਾਰਟੀ ਆਗੂਆਂ ਨੂੰ ਜਲਦ ਹੀ ਮਨਾ ਲਿਆ ਜਾਵੇਗਾ।

ਸਥਾਪਤੀ ਵਿਰੋਧੀ ਰੁਝਾਨ ਦਾ ਨਹੀਂ ਹੋਵੇਗਾ ਅਸਰ :
ਸਥਾਪਤੀ ਵਿਰੋਧੀ ਰੁਝਾਨ ਬਾਰੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਸਰਕਾਰ ਨਾਲ ਕੁੱਝ ਲੋਕਾਂ ਦੀ ਨਾਰਾਜ਼ਗੀ ਹੋ ਸਕਦੀ ਹੈ ਪਰ ਬਹੁਗਿਣਤੀ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਨਾਲ ਖੁਸ਼ ਤੇ ਸੰਤੁਸ਼ਟ ਹਨ ਤੇ ਇਹ ਲੋਕ ਹੀ ਸੂਬੇ ਵਿਚ ਗਠਜੋੜ ਦੀ ਤੀਸਰੀ ਵਾਰ ਸਰਕਾਰ ਬਣਾ ਕੇ ਇਤਿਹਾਸ ਰਚਣਗੇ।

ਨਸ਼ਿਆਂ ਬਾਰੇ ਪ੍ਰਚਾਰ ਵੀ ਝੂਠ ਸਾਬਤ ਹੋਇਆ :
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੇਤਾ-ਬੱਜਰੀ ਤੇ ਨਸ਼ਿਆਂ ਦੇ ਮੁੱਦਿਆਂ ‘ਤੇ ਵਿਰੋਧੀ ਪਾਰਟੀਆਂ ਦਾ ਪ੍ਰਚਾਰ ਬਿਲਕੁੱਲ ਝੂਠਾ ਨਿਕਲਿਆ ਹੈ। ਪੁਲੀਸ ਭਰਤੀ ਦੌਰਾਨ ਨੌਜਵਾਨਾਂ ਦੇ ਡੋਪ ਟੈਸਟ ਨੇ ਉਨ੍ਹਾਂ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ, ਜਿਹੜੇ ਸੂਬੇ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਦੱਸ ਕੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਸਨ।

ਕਾਂਗਰਸ ਨਾਲ ਰਲੇ ਹੋਣ ਦੇ ਦੋਸ਼ ਕੇਜਰੀਵਾਲ ਦੀ ਬੌਖਲਾਹਟ ਦਾ ਸਬੂਤ :
‘ਆਪ’ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਦਲ ਤੇ ਕਾਂਗਰਸ ਦੇ ਆਪਸ ਵਿਚ ਰਲੇ ਹੋਣ ਦੇ ਲਗਾਏ ਜਾਂਦੇ ਦੋਸ਼ਾਂ ਬਾਰੇ ਟਿੱਪਣੀ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਵਲ ਕੇਜਰੀਵਾਲ ਦੀ ਬੌਖਲਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਹੀਂ ਬਲਕਿ ਆਮ ਆਦਮੀ ਪਾਰਟੀ ਖੁਦ ਕਾਂਗਰਸ ਨਾਲ ਰਲੀ ਹੋਈ ਹੈ ਤੇ ਦੋਵਾਂ ਪਾਰਟੀਆਂ ਦੀ ਇਹ ਸਾਂਝ ਕਾਫੀ ਪੁਰਾਣੀ ਹੈ। ਜਿਸ ਦਾ ਸਬੂਤ ਪਿਛਲੀ ਵਾਰ ਕੇਜਰੀਵਾਲ ਵਲੋਂ ਦਿੱਲੀ ਵਿਚ ਕਾਂਗਰਸ ਨਾਲ ਰਲ ਕੇ ਸਰਕਾਰ ਬਣਾਉਣ ਤੋਂ ਮਿਲਦਾ ਹੈ।

ਪੰਜਾਬ ਦੇ ਪਾਣੀਆਂ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿਆਂਗੇ :
ਐਸ.ਵਾਈ.ਐਲ. ਦੇ ਮੁੱਦੇ ‘ਤੇ ਗੱਲ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦੁਹਰਾਇਆ ਹੈ ਕਿ ਉਹ ਪਾਣੀ ਦੀ ਇਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ। ਉਨ੍ਹਾਂ ਇਸ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਵਲੋਂ ਲਏ ਗਏ ਯੂ-ਟਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਕ ਵਾਰ ਫਿਰ ਪੰਜਾਬ ਦੇ ਪਾਣੀਆਂ ‘ਤੇ ਦਿੱਲੀ ਦਾ ਹੱਕ ਜਤਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।

ਨੋਟਬੰਦੀ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ :
ਨੋਟਬੰਦੀ ਕਾਰਨ ਰਾਜ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਇਸ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਤੇ ਇਸ ਸਬੰਧੀ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਗੱਲ ਕੀਤੀ ਗਈ ਹੈ, ਜਿਨ੍ਹਾਂ ਨੇ ਜਲਦ ਹੀ ਇਸ ਸਬੰਧੀ ਹੱਲ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਵਲੋਂ ਕਰੰਸੀ ਦੀ ਘਾਟ ਨੂੰ ਜਲਦ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ, ਕਿਉਂਕਿ ਰਾਜ ਦੇ ਬਹੁਤੇ ਲੋਕ ਇਕਦਮ ‘ਕੈਸ਼ਲੈੱਸ’ ਅਦਾਇਗੀ ਪ੍ਰਣਾਲੀ ਅਪਣਾਉਣ ਦੇ ਸਮਰੱਥ ਨਹੀਂ ਹਨ।