ਗੁਜਰਾਤ ਫਾਈਲਜ਼

ਗੁਜਰਾਤ ਫਾਈਲਜ਼

ਚੇਤਿਆਂ ਵਿਚ ਮੰਡਰਾਉਂਦੀ ਇਕ ਯਾਦ ਜੋ ਮੇਰੀ ਜ਼ਿੰਦਗੀ ਦਾ ਅਟੁੱਟ ਅੰਗ ਬਣੀ ਹੋਈ ਹੈ, ਉਸ ਦਾ ਸਬੰਧ ਕੁਝ ਸਮਾਂ ਪਹਿਲਾਂ 2007 ਦੇ ਕਿਸੇ ਵਕਤ ਇਕ ਨਿਊਜ਼ ਚੈਨਲ ਲਈ ਤਿੰਨ ਸਾਲਾ ਬੱਚੀ ਦੇ ਜਬਰ-ਜਨਾਹ ਨੂੰ ਲੈ ਕੇ ਕੀਤੀ ਰਿਪੋਰਟਿੰਗ ਨਾਲ ਹੈ ਜੋ ਮਿਉਂਸਪਲ ਹਸਪਤਾਲ ਵਿਚ ਦਾਖ਼ਲ ਸੀ। ਲੱਗਦਾ ਸੀ ਕਿ ਟਰੈਫਿਕ ਲਾਈਟਾਂ ਉਪਰ ਜਾਅਲੀ ਕਿਤਾਬਾਂ ਵੇਚਦੇ ਉਸ ਦੇ ਮਾਪਿਆਂ ਉਪਰ ਦਵਾਈਆਂ ਦਾ ਅਸਰ ਸੀ, ਅਤੇ ਇੰਞ ਉਹ ਆਪਣੀ ਪੰਜ ਧੀਆਂ ਵਿਚੋਂ ਇਕ ਇਸ ਧੀ ਦੀ ਪੀੜਾ ਅਤੇ ਸੰਤਾਪ ਤੋਂ ਅਣਜਾਣ ਸਨ। ਉਸ ਦਾ ਚਿਹਰਾ ਅਤੇ ਦੇਹ ਬੁਰੀ ਤਰ੍ਹਾਂ ਵਲੂੰਧਰੇ ਹੋਏ ਸਨ, ਉਸ ਦੇ ਨਿੱਕੇ ਜਿਹੇ ਮਾਸੂਮ ਵਜੂਦ ਉਪਰ ਥਾਂ-ਥਾਂ ਦਰਿੰਦਗੀ ਝਲਕ ਰਹੀ ਸੀ। ਮੈਂ ਇਸ ਸਟੋਰੀ ਦੀ ਟੇਪ ਦਿੱਲੀ ਸਟੂਡੀਓ ਨੂੰ ਭੇਜ ਕੇ ਰਾਤ ਦੇ ਦੋ ਵਜੇ ਘਰ ਪਹੁੰਚੀ। ਮੈਨੂੰ ਚੇਤੇ ਹੈ ਕਿ ਇਹ ਪਤਾ ਲਾਉਣ ਲਈ ਮੈਂ ਅੱਧੀ ਰਾਤ ਨੂੰ ਤਫ਼ਤੀਸ਼ੀ ਅਫ਼ਸਰ ਨੂੰ ਮੈਸੇਜਾਂ ਦੀ ਹਨੇਰੀ ਲਿਆ ਦਿੱਤੀ ਸੀ ਕਿ ਇਸ ਕਾਂਡ ਨੂੰ ਅੰਜਾਮ ਦੇਣ ਵਾਲੇ ਫੜੇ ਗਏ ਸਨ ਜਾਂ ਨਹੀਂ?
ਅਗਲੇ ਦਿਨ ਮੈਂ ਬੱਚੀ ਦੀ ਸਿਹਤ ਦਾ ਪਤਾ ਲੈਣ ਲਈ ਹਸਪਤਾਲ ਗਈ। ਉਸ ਨੂੰ ਕਈ ਤਰ੍ਹਾਂ ਦੀ ਇਨਫੈਕਸ਼ਨ ਹੋ ਚੁੱਕੀ ਸੀ, ਜ਼ਖ਼ਮਾਂ ਉਪਰ ਮੱਖੀਆਂ ਭਿਣਭਿਣਾ ਰਹੀਆਂ ਸਨ, ਜਦਕਿ ਉਸ ਦੀਆਂ ਨਿੱਕੀਆਂ ਨਿੱਕੀਆਂ ਕਲਾਈਆਂ ਸੂਈਆਂ ਨਾਲ ਪਰੁੰਨੀਆਂ ਹੋਈਆਂ ਸਨ। ਉਸ ਦੇ ਮਾਪੇ ਉਥੇ ਕਿਤੇ ਨਜ਼ਰ ਨਹੀਂ ਆ ਰਹੇ ਸਨ। ਜਦੋਂ ਮੈਂ ਦਫ਼ਤਰ ਪਹੁੰਚੀ ਤਾਂ ਆਪਣੇ ਬੌਸ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ ਖ਼ਬਰ ਨੂੰ ਇੰਨਾ ਜ਼ਿਆਦਾ ਦਿਖਾਇਆ ਜਾਵੇ ਕਿ ਮੁਜਰਿਮ ਫੜਿਆ ਜਾਵੇ ਅਤੇ ਨਿਆਂ ਹੋ ਸਕੇ। ਉਹ ਬੱਸ ਮੁਸਕਰਾਇਆ ਅਤੇ ਆਪਣੇ ਲੈਪਟਾਪ ਉਪਰ ਨਜ਼ਰਾਂ ਗੱਡੀ ਬੈਠਾ ਰਿਹਾ। ਭਾਰੀ ਬਾਰਿਸ਼ ਹੋ ਰਹੀ ਸੀ ਅਤੇ ਮੇਰੇ ਬੌਸ ਨੇ ਮੈਨੂੰ ਇਸ ਦੀ ਬਜਾਏ ਮਿਲਾਨ ਸਬ-ਵੇਅ ਅਤੇ ਬਾਰਿਸ਼ ਉਪਰ ਬਿਰਤੀ ਇਕਾਗਰ ਕਰਨ ਅਤੇ ਹੜ੍ਹਾਂ ਦੇ ਕੁਝ ਵਧੀਆ ਜਿਹੇ ਸ਼ਾਟਸ ਲੈਣ ਲਈ ਕਿਹਾ।
‘ਮੈਂ ਇਹ ਨਹੀਂ ਕਰ ਸਕਦੀ, ਮੈਂ ਚਿਲਾਈ ਜਦੋਂ ਮੈਂ ਮਿਲਾਨ ਸਬ-ਵੇਅ ਨੂੰ ਜਾਂਦਿਆਂ ਆਪਣੀ ਅੰਮਾ ਨੂੰ ਫ਼ੋਨ ਕੀਤਾ ਜੋ ਇਥੋਂ ਦੀ ਮਸ਼ਹੂਰ ਮਾਨਸੂਨ ਦੌਰਾਨ ਮੁੰਬਈ ਦੇ ਕੈਮਰਾਮੈਨਾਂ ਦਾ ਮਨਭਾਉਂਦਾ ਨਜ਼ਾਰਾ ਹੈ। ਮੇਰੇ ਦਿਲ ਵਿਚ ਹੌਲ ਪੈ ਰਿਹਾ ਸੀ। ਸਾਰਾ ਦਿਨ ਮੈਂ ਕੁਝ ਨਾ ਖਾ ਸਕੀ। ਘਟਨਾ ਤੋਂ ਤੀਜੇ ਦਿਨ ਬਾਅਦ ਮੇਰੇ ਫੈਮਿਲੀ ਡਾਕਟਰ ਨੂੰ ਮੈਨੂੰ ਨੀਂਦ ਦੀਆਂ ਗੋਲੀਆਂ ਦੇਣੀਆਂ ਪਈਆਂ। ਮੈਂ ਆਪਣੇ ਸੰਪਾਦਕ ਨੂੰ ਫ਼ੋਨ ਕਰ ਕੇ ਕਿਹਾ ਕਿ ਮੈਨੂੰ ਹਫ਼ਤੇ ਦੀ ਛੁੱਟੀ ਚਾਹੀਦੀ ਹੈ। ਨਿੱਕੀ ਬੱਚੀ ਦੀ ਸਟੋਰੀ ਤੋਂ ਪਹਿਲਾਂ ਮੈਂ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੀ ਛਾਣਬੀਣ ਉਪਰ ਕੰਮ ਕਰ ਰਹੀ ਸੀ ਅਤੇ ਪੱਤਰਕਾਰੀ ਦੇ ਇਖ਼ਲਾਕੀ ਨੇਮਾਂ ਤੇ ਨੈਤਿਕਤਾ ਨੂੰ ਲੈ ਕੇ ਉਸ ਨਾਲ ਮੇਰੀ ਵਾਹਵਾ ਦਲੀਲਬਾਜ਼ੀ ਹੋਈ ਸੀ। ਉਸ ਨੇ ਮੈਨੂੰ ਤਹੱਮਲ ਨਾਲ ਸੁਣਿਆ ਅਤੇ ਫਿਰ ਜੋ ਕਿਹਾ, ਉਹ ਹਮੇਸ਼ਾ ਮੇਰੇ ਅੰਗਸੰਗ ਰਿਹਾ।
‘ਇਕ ਚੰਗੇ ਪੱਤਰਕਾਰ ਨੂੰ ਸਟੋਰੀ ਤੋਂ ਬੇਲਾਗ ਰਹਿਣ ਅਤੇ ਵਿਹਾਰਕ ਬਣਨ ਦਾ ਹੁਨਰ ਸਿੱਖਣਾ ਚਾਹੀਦਾ ਹੈ।’ ਮੈਨੂੰ ਅਫ਼ਸੋਸ ਹੈ, ਅੱਜ ਤਕ ਮੈਂ ਇਸ ਕਲਾ ਦੀ ਮੁਹਾਰਤ ਹਾਸਲ ਨਹੀਂ ਕਰ ਸਕੀ। ਖ਼ਾਸ ਕਰ ਕੇ ਇਸ ਕਾਰਨ ਕਿਉਂਕਿ ਅਕਸਰ ਹੀ ਇਸ ਨੂੰ ਕਾਰਪੋਰੇਟ ਅਤੇ ਸਿਆਸੀ ਤਾਕਤਾਂ ਦੇ ਆਦੇਸ਼ ‘ਤੇ ਸਟੋਰੀ ਦੀ ਹੱਤਿਆ ਕਰਨ ਲਈ ਬਹਾਨੇ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ।
ਰਾਣਾ ਅਯੂਬ

ਗੁਜਰਾਤ ਫਾਈਲਜ਼
ਪਰਦਾਪੋਸ਼ੀ ਦੀ ਚੀਰਫਾੜ
2010 ਦੇ ਹੁਨਾਲ ਨੇ ਮੇਰੇ ਲਈ ਪੱਤਰਕਾਰੀ ਨੂੰ ਮੁੜ-ਪ੍ਰਭਾਸ਼ਿਤ ਕਰਨਾ ਸੀ। ਮੈਂ ਖ਼ੁਦ ਨੂੰ ਮਿਹਨਤੀ, ਦਰਮਿਆਨੀ ਜਿਹੀ ਪੱਤਰਕਾਰ
ਮੰਨਦੀ ਸੀ ਜਿਸ ਕੋਲ ਆਪਣੇ ਪੁਰਾਣੇ ਜ਼ਮਾਨੇ ਦੇ ਪੱਤਰਕਾਰ ਬਾਪ ਵਲੋਂ ਸੌਂਪੀ ਆਦਰਸ਼ਾਂ ਦੀ ਵਿਰਾਸਤ ਸੀ; ਪਰ ਇਸ ਵਕਤ ਮੈਂ ਐਸੇ ਚੌਰਾਹੇ ‘ਤੇ ਖੜ੍ਹੀ ਸੀ ਜਿਸ ਨੂੰ ਲੈ ਕੇ ਮੇਰੀ ਖਾਹਸ਼ ਵੀ ਹੈ ਅਤੇ ਜੋਦੜੀ ਵੀ ਕਿ ਕਿਸੇ ਪੱਤਰਕਾਰ ਨੂੰ ਇਸ ਹਾਲਤ ਵਿਚ ਨਾ ਪਹੁੰਚਣਾ ਪਵੇ। ਲੰਮੀ ਛੁੱਟੀ ਤੋਂ ਬਾਅਦ 2010 ਦੇ ਕਿਸੇ ਵਕਤ ਮੈਂ ‘ਤਹਿਲਕਾ’ ਵਿਚ ਦੁਬਾਰਾ ਕੰਮ ‘ਤੇ ਆ ਗਈ ਸੀ। ਪੂਰੇ ਸ਼ਹਿਰ ਦੇ ਡਾਕਟਰ ਮੇਰੀ ਮਰਜ਼ ਨਾ ਬੁੱਝ ਸਕੇ। ਮੈਂ ਥੋੜ੍ਹਾ ਚਿਰ ਪਹਿਲਾਂ ਹੀ ਨਕਸਲੀਆਂ ਦੇ ਗੜ੍ਹ ਗੜ੍ਹਚਿਰੌਲੀ ਬਾਬਤ ਆਪਣਾ ਕੰਮ ਨਿਬੇੜ ਕੇ ਮੁੜੀ ਸੀ। ਇਸ ਤੋਂ ਪਹਿਲਾਂ ਜੋ ਵਾਪਰਿਆ, ਉਸ ਨੂੰ ਮੈਂ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਦਿਲ ਤੋੜਨ ਵਾਲੀਆਂ ਘਟਨਾਵਾਂ ਵਿਚੋਂ ਇਕ ਸਮਝਦੀ ਹਾਂ। ਇਹ ਸੀ ਬਹੁਤ ਹੀ ਪਿਆਰੇ ਮਿੱਤਰ ਸ਼ਾਹਿਦ ਆਜ਼ਮੀ ਦਾ ਕਤਲ। ਕ੍ਰਿਮੀਨਲ ਲਾਅ ਦੇ ਖੇਤਰ ਦਾ ਬੇਹੱਦ ਜ਼ਹੀਨ ਦਿਮਾਗ,
ਆਜ਼ਮੀ ਮੇਰੀ ਜ਼ਿੰਦਗੀ ਵਿਚ ਅਹਿਮ ਭੂਮਿਕਾ ਲੈ ਕੇ ਆਇਆ ਸੀ। ਉਸ ਦੀ ਮੌਤ ਵਾਲੀ ਸ਼ਾਮ ਨੂੰ ਮੈਂ ਉਸ ਨੂੰ ਕਬਾਇਲੀਆਂ ਅਤੇ ਬੁੱਧੀਜੀਵੀਆਂ ਦੇ ਮਾਮਲੇ ਨੂੰ ਲੈ ਕੇ ਚਰਚਾ ਕਰਨ ਲਈ ਮਿਲਣਾ ਸੀ ਜਿਨ੍ਹਾਂ ਉਪਰ ਸਥਾਪਤੀ ਨੇ ਨਕਸਲੀ ਠੱਪਾ ਲਾਇਆ ਹੋਇਆ ਸੀ ਅਤੇ ਉਹ ਝੂਠੇ ਇਲਜ਼ਾਮਾਂ ਤਹਿਤ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਸੜ ਰਹੇ ਸਨ। ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੈਂ ਆਪਣੀ ਭਤੀਜੀ ਦੇ ਜ਼ਿੱਦ ਕਰਨ ‘ਤੇ ਘਰ ਹੀ ਰੁਕ ਗਈ। ਇਹ ਉਸ ਦਾ ਸੱਤਵਾਂ ਜਨਮ ਦਿਨ ਸੀ।
ਇਸ ਦੌਰਾਨ ਮੇਰੇ ਫ਼ੋਨ ਉਪਰ ਦਰਜਨਾਂ ਮਿਸ ਕਾਲਾਂ, ਮੈਸੇਜ ਆਏ ਹੋਏ ਸਨ ਜਿਨ੍ਹਾਂ ਵਿਚ ਮੈਨੂੰ ਪੁੱਛਿਆ ਗਿਆ ਸੀ ਕਿ ਮੇਰੇ ਕੋਲ ‘ਸ਼ਾਹਿਦ ਬਾਰੇ ਤਾਜ਼ਾ ਜਾਣਕਾਰੀ ਕੀ ਸੀ ‘ਜੋ ਮੈਂ ਬਾਅਦ ਵਿਚ ਹੀ ਦੇਖ ਸਕੀ ਸੀ। ਬਾਕੀ ਗੱਲ ਤਾਂ ਮੈਨੂੰ ਮਿੱਤਰਾਂ ਦੇ ਵਾਰ-ਵਾਰ ਆ ਰਹੇ ਫ਼ੋਨਾਂ ਅਤੇ ਨਿਊਜ਼ ਚੈਨਲਾਂ ਉਪਰ ਤਾਜ਼ਾ ਖ਼ਬਰ ਫਲੈਸ਼ ਹੋਣ ਨਾਲ ਹੀ ਪਤਾ ਲੱਗੀ। ਸ਼ਾਹਿਦ ਨੂੰ ਅਣਪਛਾਤੇ ਹਮਲਾਵਰਾਂ ਨੇ ‘ਰਾਸ਼ਟਰ
ਵਿਰੋਧੀਆਂ‘ ਦੇ ਮਾਮਲੇ ਹੱਥ ਲੈਣ ਬਦਲੇ ਉਸ ਦੇ ਦਫ਼ਤਰ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸ਼ਾਹਿਦ ਦੀ ਜਿਰ੍ਹਾ ਨਾਲ 7/11 ਦੇ ਮੁੰਬਈ ਟਰੇਨ ਬੰਬ ਧਮਾਕਿਆਂ ਦੇ ਮਾਮਲੇ ਵਿਚ ਫਸਾਏ ਬੇਕਸੂਰਾਂ ਦੀ ਰਿਹਾਈ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਮੁੰਬਈ ਦੀਆਂ ਅਦਾਲਤਾਂ ਨੇ 26/11 ਦੇ ਮੁੰਬਈ ਹਮਲਿਆਂ ਦੇ ਦੋ ਸਹਿ-ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਸ਼ਾਹਿਦ ਦੇ ਕਤਲ ਦਾ ਯੋਜਨਾਘਾੜਾ ਅੱਜ
ਤਕ ਵੀ ਭੇਤ ਬਣਿਆ ਹੋਇਆ ਹੈ, ਘੱਟੋ-ਘੱਟ ਅਵਾਮ ਦੀਆਂ ਨਜ਼ਰਾਂ ਵਿਚ।
ਆਪਣੇ ਸਦਮੇ ਉਪਰ ਕਾਬੂ ਪਾਉਣ ਦੇ ਵੱਖੋ-ਵੱਖਰੇ ਤਰੀਕੇ ਹੁੰਦੇ ਹਨ। ਜਾਂ ਤਾਂ ਤੁਸੀਂ ਮਾਤਮ ‘ਚ ਡੁੱਬੇ ਤੁਰਦੇ ਜਾਂਦੇ ਹੋ, ਜਾਂ ਫਿਰ ਤੁਸੀਂ
ਇਸ ਤੋਂ ਖਹਿੜਾ ਛੁਡਾ ਲੈਂਦੇ ਹੋ, ਅਤੇ ਆਪਣੇ ਕੰਮ ਵਿਚ ਦਿਲਾਸਾ ਭਾਲਣ ਦਾ ਯਤਨ ਕਰਦੇ ਹੋ। ਮੈਂ ਮਗਰਲਾ ਤਰੀਕਾ ਚੁਣਿਆ। ਉਸ ਦੀ ਮੌਤ ਤੋਂ ਤੀਜੇ ਦਿਨ ਬਾਅਦ ਮੈਂ ਨਾਗਪੁਰ ਜਾ ਰਹੀ ਸੀ ਜੋ ਮੇਰੇ ਪੱਤਰਕਾਰੀ ਦੇ ਜੀਵਨ ਪੰਧ ਅੰਦਰ ਸਭ ਤੋਂ ਅਹਿਮ ਸਟੋਰੀਆਂ ਵਿਚੋਂ ਇਕ ਸਾਬਤ ਹੋਵੇਗੀ।
ਇਹ ਨਕਸਲੀ ਹੋਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤੇ ਵਿਦਿਆਰਥੀਆਂ ਨੂੰ ਲੈ ਕੇ ਸੀ ਜੋ ਜ਼ਿਆਦਾਤਰ ਪੱਛੜੀਆਂ ਸ਼੍ਰੇਣੀਆਂ ਦੇ ਸਨ। ਉਨ੍ਹਾਂ ਖ਼ਿਲਾਫ਼ ਗਵਾਹੀ ਹਾਸੋਹੀਣੀ ਸੀ। ਉਨ੍ਹਾਂ ਕੋਲੋਂ ਭਗਤ ਸਿੰਘ ਅਤੇ ਚੰਦਰ ਸ਼ੇਖਰ ਆਜ਼ਾਦ ਬਾਰੇ ਸਾਹਿਤ ਬਰਾਮਦ ਹੋਇਆ ਸੀ। ਇਹ ਮੈਨੂੰ ਕਰਜ਼ ਲਾਹੁਣਾ ਮਹਿਸੂਸ ਹੁੰਦਾ ਸੀ, ਕਿਉਂਕਿ ਮੇਰਾ ਦੋਸਤ ਸ਼ਾਹਿਦ ਇਸੇ ਤਰ੍ਹਾਂ ਦੇ ਮਾਮਲਿਆਂ ਦੀ ਪੈਰਵੀ ਕਰਦਿਆਂ ਮਾਰਿਆ ਗਿਆ ਸੀ। ਮੇਰੇ ਮਨ-ਮਸਤਕ ਅੰਦਰ ਇਹ ਉਸ ਦੀ ਯਾਦ ਨੂੰ ਮੇਰੀ ਸ਼ਰਧਾਂਜਲੀ ਸੀ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਛੇਤੀ ਹੀ ਮੈਨੂੰ ਕਿਸੇ ਅਗਿਆਤ ਮਰਜ਼ ਕਾਰਨ ਵਾਪਸ ਮੁੜਨਾ ਪੈ ਗਿਆ ਜਿਸ ਦੀ ਸ਼ਨਾਖ਼ਤ ਬਾਅਦ ਵਿਚ ਉਦਾਸੀ-ਰੋਗ (4epression) ਵਜੋਂ ਹੋਈ। ਮੇਰੇ ਡਰੇ ਹੋਏ ਮਾਂ-ਬਾਪ ਵਲੋਂ ਹਰ ਤਰ੍ਹਾਂ ਦੇ ਟੈਸਟ ਕਰਾਉਣ ਤੋਂ ਬਾਅਦ ਹੀ ਮਰਜ਼ ਬੁੱਝੀ ਜਾ ਸਕੀ। ਬਰੌਂਕੋਸਕੋਪੀ ਤੋਂ ਲੈ ਕੇ ਐਮ.ਆਰ.ਆਈ. ਤਕ। ਇਕ ਹੋਰ ਡਾਕਟਰ ਨੇ ਮਸ਼ਵਰਾ ਦਿੱਤਾ ਕਿ ਮੇਰੇ ਮਾਪੇ ਮੇਰਾ ਤਪਦਿਕ ਦਾ ਇਲਾਜ ਸ਼ੁਰੂ ਕਰਵਾ ਦੇਣ, ਪਰ ਜਿਵੇਂ ਕਿਸਮਤ ਨੇ ਮੇਰਾ ਸਾਥ ਦੇਣਾ ਸੀ, ਮੈਂ ਅਚਾਨਕ ਦੱਖਣੀ ਬੰਬਈ ਦੇ ਇਕ ਹਸਪਤਾਲ ਦੇ ਫਿਜੀਸ਼ੀਅਨ ਕੋਲ ਚਲੀ ਗਈ ਜੋ ਮੁੰਬਈ ਦਾ ਸਭ ਤੋਂ ਮਸ਼ਹੂਰ ਮਾਹਿਰ ਸੀ। ਡਾ. ਚਿਟਨਿਸ ਨੇ ਮੇਰੀਆਂ ਰਿਪੋਰਟਾਂ ਦੇਖੀਆਂ ਅਤੇ ਮੈਨੂੰ ਕੁਝ ਸਵਾਲ ਪੁੱਛੇ। ਫਿਰ ਉਸ ਨੇ
ਡੂੰਘਾ ਸਾਹ ਲਿਆ ਅਤੇ ਕਹਿਣ ਲੱਗਾ, ‘ਤੈਨੂੰ ਕੀ ਪ੍ਰੇਸ਼ਾਨੀ ਏ?’ ਇਹ ਤਾਂ ਇੰਞ ਸੀ ਜਿਵੇਂ ਉਸ ਦੇ ਬੋਲਾਂ ਨੇ ਮੈਨੂੰ ਮੂਰਛਾ ਵਿਚੋਂ ਜਗਾ ਦਿੱਤਾ ਹੋਵੇ।
‘ਕੁਝ ਨਹੀਂ ਡਾਕਟਰ ਸਾਹਬ, ਮੈਂ ਤਾਂ ਬਹੁਤ ਸਾਹਸੱਤਹੀਣ ਅਤੇ ਨਿਸੱਤੀ ਮਹਿਸੂਸ ਕਰਦੀ ਹਾਂ, ਪਤਾ ਨਹੀਂ ਲੱਗਦਾ ਕੀ ਹੋ ਰਿਹਾ?’
ਆਪਣੇ ਚਿਹਰੇ ਉਪਰ ਹਲਕੀ ਮੁਸਕਾਨ ਲਿਆ ਕੇ ਉਸ ਨੇ ਕਿਹਾ, ‘ਇਸ ਸਵੈ-ਤਰਸ ਤੋਂ ਖਹਿੜਾ ਛੁਡਾ; ਇਨ੍ਹਾਂ ਬਲੱਡ ਟੈਸਟਾਂ ਨਾਲ ਆਪਣੇ ਸੰਤਾਪ ਨੂੰ ਵਡਿਆਉਣਾ ਬੰਦ ਕਰ, ਤੂੰ ਬਿਲਕੁਲ ਤੰਦਰੁਸਤ ਏਂ। ਕੰਮ ‘ਤੇ ਵਾਪਸ ਚਲੀ ਜਾਹ, ਉਹੀ ਤੇਰੇ ਸਾਰੇ ਦੁੱਖਾਂ ਦਾ ਇਲਾਜ ਏ। ਇਹ ਸਭ ਤੇਰੇ ਦਿਮਾਗ ਵਿਚ ਵੜਿਆ ਹੋਇਐ।’
‘ਕੀ ਇਹ ਹਾਈਪੋਕੌਂਡਰੀਆ ਹੈ?’ ਮੈਂ ਪੁੱਛਿਆ। ਆਪਣੀ ਮਰਜ਼ ਦੀ ਸਵੈ ਰੋਗ-ਪਛਾਣ ਕਰਨ ਦੀ ਟਿੱਲ ਲਾਉਂਦਿਆਂ ਇਹ ਲਫਜ਼ ਮੇਰੇ
ਧਿਆਨ ਵਿਚ ਆਇਆ ਸੀ। ‘ਨਹੀਂ, ਤੂੰ ਬੱਸ ਆਲਸੀ ਹੁੰਦੀ ਗਈ ਏਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਏਂ, ਡਾ. ਚਿਟਨਿਸ
ਨੇ ਭਾਵਹੀਣ ਹੋ ਕੇ ਕਿਹਾ।
ਅਗਲੇ ਦੋ ਦਿਨ ਮੈਂ ਡਾ. ਚਿਟਨਿਸ ਦੇ ਮਸ਼ਵਰੇ ਦਾ ਭਾਵ ਸਮਝਣ ਦਾ ਯਤਨ ਕਰਦੀ ਰਹੀ। ਆਲਸ ਦੇ ਉਨ੍ਹਾਂ ਦਿਨਾਂ ਵਿਚੋਂ ਇਕ ਦਿਨ ਮੇਰੀ ਮਾਂ ਨੇ ਜਾਗ-ਲਾਊ ਭੂਮਿਕਾ ਅਖ਼ਤਿਆਰ ਕਰਨ ਦਾ ਮਨ ਬਣਾਇਆ। ਅੰਮਾ, ਜਿਵੇਂ ਮੈਂ ਉਸ ਨੂੰ ਬੁਲਾਉਂਦੀ ਸਾਂ, ਮੇਰੀਆਂ ਸਭ ਤੋਂ ਵਫ਼ਾਦਾਰ ਸਹੇਲੀਆਂ ਵਿਚੋਂ ਇਕ ਰਹੀ ਹੈ। ਉਸ ਨੂੰ ਸੱਚੀਓਂ ਹੀ ਕਦੇ ਆਧੁਨਿਕ ਤਾਲੀਮ ਦਾ ਮੂੰਹ ਤੱਕਣਾ ਨਸੀਬ ਨਹੀਂ ਹੋਇਆ। ਉਸ ਦਾ ਉਸਤਾਦ ਮੇਰਾ ਅੱਬਾ ਸੀ। ਉਹ ਦੱਸਦੀ ਹੈ ਕਿ ਉਹ ਮੇਰੇ ਜ਼ਰੀਏ ਆਪਣੇ ਖ਼ਵਾਬ ਜਿਉਣਾ ਚਾਹੁੰਦੀ ਸੀ। ਮੈਂ ਆਕੀ ਹੋ ਜਾਂਦੀ, ਉਹ ਜੱਦੋਜਹਿਦ ਕਰਦੀ, ਮੇਰੀ ਖ਼ਾਤਰ ਬਾਕੀਆਂ ਨਾਲ ਮਿਲ-ਮਿਲਾ ਕੇ ਚਲਦੀ ਅਤੇ ਆਖ਼ਿਰਕਾਰ ਘਰ ਦੇ ਹਰ ਜੀਅ ਨੂੰ ਆਪਣੇ ਨਾਲ
ਜੋੜ ਲੈਂਦੀ। ਉਸ ਦਿਨ ਜਦੋਂ ਉਸ ਨੇ ਮੈਨੂੰ ਕੌਫ਼ੀ ਬਣਾ ਕੇ ਦਿੱਤੀ ਤਾਂ ਕਹਿਣ ਲੱਗੀ, ‘ਯਾਨੀ ਕਿ ਤੂੰ ਨੌਕਰੀ ਛੱਡ ਰਹੀ ਏਂ?’
ਮੈਂ ਬੇਪ੍ਰਵਾਹੀ ਦਿਖਾਈ, ਤੇ ਕੌਫ਼ੀ ਦੇ ਕੱਪ ਵਿਚ ਹੀ ਮਗਨ ਰਹੀ ਜੋ ਉਹ ਮੇਰੇ ਲਈ ਬਣਾ ਕੇ ਲਿਆਈ ਸੀ। ਫਿਰ ਆਪਣੇ ਅਸਲ ਕਿਰਦਾਰ ਅਨੁਸਾਰ, ਉਹ ਬੈੱਡ ਉਪਰ ਮੇਰੇ ਲਾਗੇ ਹੋ ਕੇ ਬੈਠ ਗਈ ਅਤੇ ‘ਇਨਕਲਾਬ’ (ਮਸ਼ਹੂਰ ਰੋਜ਼ਾਨਾ ਉਰਦੂ ਅਖ਼ਬਾਰ) ਪੜ੍ਹਨਾ ਸ਼ੁਰੂ ਕਰ ਦਿੱਤਾ। ਦਸ ਮਿੰਟ ਅਖ਼ਬਾਰ ਪੜ੍ਹ ਕੇ ਉਸ ਨੇ ਮੈਨੂੰ ਅਜੇ ਕੁਝ ਪੁੱਛਣਾ ਸ਼ੁਰੂ ਹੀ ਕੀਤਾ ਸੀ ਕਿ ਮੈਂ ਉਸ ਨੂੰ ਵਿਚਾਲਿਓਂ ਟੋਕ ਦਿੱਤਾ, ‘ਅੰਮਾ, ਜੇ ਇਹ ਕੋਈ ਉਪਦੇਸ਼ ਹੈ ਜੋ ਅੱਜ ਤੇਰੇ ਅਖ਼ਬਾਰ ਵਿਚ ਦਿੱਤਾ ਹੋਇਆ, ਕ੍ਰਿਪਾ ਕਰ ਕੇ ਚਿੰਤਾ ਨਾ ਕਰ, ਮੈਂ
ਇਸ ਤੋਂ ਬਗ਼ੈਰ ਹੀ ਬਿਹਤਰ ਹਾਂ।’
‘ਅਰੇ ਨਹੀਂ, ਤੂੰ ਇਸ ਸੋਹਰਾਬੂਦੀਨ ਬਾਰੇ ਪੜ੍ਹਿਐ?’ ਉਹ ਪੁੱਛ ਰਹੀ ਸੀ। ਕਿਸੇ ਕਾਰਨ ਇਸ ਨਾਂ ਨੇ ਮੇਰੀ ਉਤਸੁਕਤਾ ਜਗਾ ਦਿੱਤੀ।
ਨਿਸ਼ਚੇ ਹੀ ਮੈਂ ਸੋਹਰਾਬੂਦੀਨ ਬਾਰੇ ਜਾਣਦੀ ਸੀ, ਮੈਨੂੰ ਖ਼ਿਆਲ ਆਇਆ। ਸਾਡੇ ਸਮਿਆਂ ਦੀ ਸਭ ਤੋਂ ਵਿਵਾਦਪੂਰਨ ਹਸਤੀ ਨਰੇਂਦਰ ਮੋਦੀ ਨਾਲ ਮੇਰੇ ਪਹਿਲੇ ਆਦਾਨ-ਪ੍ਰਦਾਨ ਪਿੱਛੇ ਉਹੀ ਤਾਂ ਵਜ੍ਹਾ ਸੀ।
2007 ਵਿਚ ਗੁਜਰਾਤ ਦੇ ਤਿੰਨ ਆਹਲਾ ਪੁਲਿਸ ਅਧਿਕਾਰੀਆਂ ਦੇ ਨਾਂ ਸੁਰਖ਼ੀਆਂ ਬਣੇ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਹੀ ਇਕ ਸਾਥੀ ਅਧਿਕਾਰੀ ਰਜਨੀਸ਼ ਰਾਏ ਵਲੋਂ ਸੋਹਰਾਬੂਦੀਨ ਨੂੰ ਫਰਜ਼ੀ ਮੁਕਾਬਲੇ ਵਿਚ ਮਾਰਨ ਬਦਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਮਾਮੂਲੀ ਜਿਹਾ ਬਦਮਾਸ਼ ਸੀ। ਡੀ.ਜੀ. ਵਨਜਾਰਾ ਅਤੇ ਰਾਜਕੁਮਾਰ ਪਾਂਡਿਅਨ ਸੀਖਾਂ ਪਿੱਛੇ ਬੰਦ ਸਨ। ਉਹ ਮੋਦੀ ਸਰਕਾਰ ਦੇ ਸਭ ਤੋਂ ਵਿਸ਼ਵਾਸਪਾਤਰ ਅਫ਼ਸਰ ਸਨ, ਤੇ ਹੁਣ ਤਕ ਉਨ੍ਹਾਂ ਨੇ ਆਲੀਸ਼ਾਨ ਜ਼ਿੰਦਗੀ ਜੀਵੀ ਸੀ, ਪ੍ਰੈੱਸ ਮਿਲਣੀਆਂ ਵਿਚ ਉਨ੍ਹਾਂ ਦੀਆਂ ਤਸਵੀਰਾਂ ਨਿੱਤ ਅਖ਼ਬਾਰਾਂ ਵਿਚ ਛਾਈਆਂ ਰਹਿੰਦੀਆਂ ਸਨ। ਇਹੀ ਅਫ਼ਸਰ ਸਨ ਜਿਨ੍ਹਾਂ ਨੇ 2004 ਦੇ ਸ਼ੁਰੂ ਵਿਚ ‘ਹਿੰਦੂ ਹਿਰਦੇ ਸਮਰਾਟ’ ਨਰੇਂਦਰ ਮੋਦੀ ਨੂੰ ਕਤਲ ਕਰਨ ਜਾ ਰਹੇ ਜਹਾਦੀਆਂ ਦਾ ਕਾਮਯਾਬੀ ਨਾਲ ਪਿੱਛਾ ਕਰ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਸੀ। ਸੁਭਾਵਿਕ ਤੌਰ ‘ਤੇ ਉਨ੍ਹਾਂ
ਦੀ ਗ੍ਰਿਫ਼ਤਾਰੀ ਨੇ ਕੌਮੀ ਧਿਆਨ ਖਿੱਚਿਆ।
2007 ਵਿਚ ਨਿਊਜ਼ ਟੀ.ਵੀ. ਚੈਨਲ ਵਿਚ ਸਿਆਸੀ ਪੱਤਰਕਾਰ ਵਜੋਂ ਨੌਕਰੀ ਹਾਸਲ ਕਰਦੇ ਸਾਰ ਮੇਰਾ ਪਹਿਲਾ ਕੰਮ ਸੀ 2007 ਦੀਆਂ ਗੁਜਰਾਤ ਚੋਣਾਂ ਦੀ ਕਵਰੇਜ਼ ਕਰਨਾ। ਗੁਜਰਾਤ ਦਾ ਮੁੱਖ ਮੰਤਰੀ ਨਰੇਂਦਰ ਮੋਦੀ ਉਸ ਪਾਸੇ ਵਧਦਾ ਜਾਂਦਾ ਸੀ ਜਿਸ ਦੀ ਜ਼ਿਆਦਾਤਰ ਵਿਸ਼ਲੇਸ਼ਣਕਾਰਾਂ ਨੇ ਇਕ ਹੋਰ ਹੂੰਝਾ ਫੇਰੂ ਜਿੱਤ ਵਜੋਂ ਪੇਸ਼ੀਨਗੋਈ ਕੀਤੀ। ਗੁਜਰਾਤ ਦੀ 2002 ਦੀ ਹਿੰਸਾ, ਜਿਸ ਨੇ
ਸਮਾਜ ਦੀ ਪਾਲਾਬੰਦੀ ਕਰ ਦਿੱਤੀ ਸੀ, ਨੇ ਬਹੁਗਿਣਤੀ ਹਿੰਦੂ ਵਸੋਂ ਅੰਦਰ ਉਸ ਨੂੰ ਨਾਇਕ ਬਣਾ ਦਿੱਤਾ ਸੀ। 2007 ਵਿਚ ਹੂੰਝਾ ਫੇਰੂ ਜਿੱਤ ਉਸ ਲਈ ਮੁਸ਼ਕਿਲ ਨਹੀਂ ਜਾਪਦੀ ਸੀ। ਕੈਮਰਾਮੈਨ ਨੂੰ ਨਾਲ ਲੈ ਕੇ ਮੈਂ ਉਸ ਦੀ ਪਹਿਲੀ ਚੋਣ ਰੈਲੀ ਵਿਚ ਜਾ ਪਹੁੰਚੀ। ਮੈਨੂੰ ਸਾਫ਼-ਸਾਫ਼ ਤਾਂ ਚੇਤੇ ਨਹੀਂ, ਪਰ ਮੇਰਾ ਵਿਸ਼ਵਾਸ ਹੈ ਕਿ ਇਹ ਗੁਜਰਾਤ ਚੈਂਬਰ ਆਫ ਕਾਮਰਸ ਨੇ ਜਥੇਬੰਦ ਕੀਤੀ ਸੀ। ਹੋਰ ਮੰਤਰੀਆਂ ਤੋਂ ਇਲਾਵਾ ਨਰੇਂਦਰ ਮੋਦੀ, ਆਪਣੀ ਸੱਜੀ ਬਾਂਹ ਅਮਿਤ ਸ਼ਾਹ ਨਾਲ ਮੰਚ ‘ਤੇ ਬਿਰਾਜਮਾਨ ਸੀ। ਉਥੇ ਮੈਂ ਹੋਰ ਸਿਆਸੀ ਰੈਲੀਆਂ ਦੀ
ਕਵਰੇਜ ਵੀ ਕੀਤੀ ਸੀ ਅਤੇ ਪਹਿਲੀ ਨਜ਼ਰੇ ਇਹ ਵੱਖਰੀ ਨਹੀਂ ਸੀ ਜਾਪਦੀ, ਪਰ ਜਿਵੇਂ ਪਿੱਛੇ ਦਿੱਲੀ ਵਿਚ ਬੈਠੇ ਮੇਰੇ ਪ੍ਰੋਡਿਊਸਰਾਂ ਨੇ ਮੈਨੂੰ ਕਿਹਾ ਸੀ, ਮੋਦੀ ਨੂੰ ਭੜਕਾਊ ਤਕਰੀਰਾਂ ਕਰਨ ਦੀ ਵਾਣ ਸੀ। ਤੇ ਉਸ ਦਿਨ ਉਸ ਨੇ ਮੈਨੂੰ ਨਿਰਾਸ਼ ਨਹੀਂ ਕੀਤਾ। ‘ਸੋਹਰਾਬੂਦੀਨ, ਉਹ ਮੈਨੂੰ ਪੁੱਛਦੇ ਨੇ ਕਿ ਸੋਹਰਾਬੂਦੀਨ ਵਰਗੇ ਦਹਿਸ਼ਤਗਰਦ ਦਾ ਕੀ ਕੀਤਾ ਜਾਵੇ।’ ਹਜੂਮ ਖੁਸ਼ੀ ਵਿਚ ਚੀਕ ਉਠਿਆ। ਸਾਹਮਣੀ ਕਤਾਰ ਵਿਚ ਬੈਠੀਆਂ ਤੀਵੀਂਆਂ ਨੇ ਤਾੜੀਆਂ ਮਾਰੀਆਂ, ਇਹ ਕਤਾਰ ਹਮੇਸ਼ਾ ਉਨ੍ਹਾਂ ਲਈ ਰਾਖਵੀਂ ਹੁੰਦੀ ਸੀ, ਕਿਉਂਕਿ ਇਹ ਵਿਸ਼ਵਾਸ
ਕੀਤਾ ਜਾਂਦਾ ਸੀ ਕਿ ਗੁਜਰਾਤ ਵਿਚ ਮੋਦੀ ਔਰਤਾਂ ਵਿਚ ਬਹੁਤ ਹਰਮਨਪਿਆਰਾ ਸੀ। ਕਾਲਮਨਵੀਸ ਅਕਾਰ ਪਟੇਲ ਨੇ ਤਾਂ ਇਥੋਂ ਤਕ ਲਿਖ ਦਿੱਤਾ ਕਿ ਗੁਜਰਾਤੀ ਔਰਤਾਂ ਲਈ ਮੋਦੀ ਮਰਦਾਨਗੀ ਦਾ ਚਿੰਨ੍ਹ ਸੀ।
ਹਜੂਮ ਦਾ ਹੁੰਗਾਰਾ ਉਮੀਦ ਅਨੁਸਾਰ ਸੀ: ‘ਮਾਰ ਦਿਓ, ਮਾਰ ਦਿਓ’। ਮੈਨੂੰ ਇਸ ਤਰ੍ਹਾਂ ਲਗ ਰਿਹਾ ਸੀ ਜਿਵੇਂ ਇਹ ਕੋਈ ਰੋਮਨ ਗੋਲ ਅਖਾੜਾ ਹੋਵੇ। ‘ਮੀਆਂ ਮੁਸ਼ੱਰਫ਼’ ਅਤੇ ‘ਦਿੱਲੀ ਕੀ ਸਲਤਨਤ’ ਵਰਗੇ ਘਿਨਾਉਣੇ ਹਵਾਲਿਆਂ ਵਾਲੀ ਤਕਰੀਰ ਜਾਰੀ ਰਹੀ। ਆਪਣੀ ਤਕਰੀਰ ਮੁਕਾ ਕੇ ਮੋਦੀ ਡਾਇਸ ਤੋਂ ਲਾਂਭੇ ਹੋ ਗਿਆ ਅਤੇ ਫਿਰ ਗੁਜਰਾਤ ਚੈਂਬਰ ਆਫ ਕਾਮਰਸ ਦੇ ਮੈਂਬਰਾਂ ਵਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ। ਹਜੂਮ ਉਸ ਦੁਆਲੇ ਜੁੜ ਗਿਆ। ਉਸ ਦਾ ਸੁਰੱਖਿਆ ਘੇਰਾ ਲੰਘ ਕੇ ਮੈਂ ਫ਼ਿਕਰਮੰਦੀ ਨਾਲ ਆਪਣੇ ਕੈਮਰਾਮੈਨ ਨੂੰ ਉਚੀ-ਉਚੀ ਆਵਾਜ਼ਾਂ ਮਾਰਦੀ ਅੰਦਰ ਘੁਸ ਗਈ, ਉਹ ਮੇਰੇ ਨਾਲ ਹੀ ਅੰਦਰ ਜਾਣ ਲਈ ਧੱਕਾਮੁੱਕੀ ਹੋ ਰਿਹਾ ਸੀ।
‘ਮੋਦੀ ਜੀ, ਮੋਦੀ ਜੀ, ਏਕ ਸਵਾਲ’। ਜਿਵੇਂ ਤਕਦੀਰ ਨੂੰ ਮਨਜ਼ੂਰ ਸੀ, ਆਪਣੇ ਪ੍ਰਸ਼ੰਸਕਾਂ ਅਤੇ ਅਮਲੇ-ਫੈਲੇ ਵਿਚ ਘਿਰੇ ਉਸ ਬੰਦੇ ਨੇ ਸਿਆਸੀ ਸਵਾਲ ਪੁੱਛੇ ਜਾਣ ਦੀ ਉਮੀਦ ਨਾਲ ਰਜ਼ਾਮੰਦੀ ਦਿਖਾਉਂਦਿਆਂ ਮੂੰਹ ਘੁੰਮਾ ਕੇ ਮੇਰੇ ਵੱਲ ਤੱਕਿਆ। ‘ਮੋਦੀ ਜੀ, ਗੁਜਰਾਤ ਵਿਚ ਤਿੰਨ ਅਫ਼ਸਰ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਸੋਹਰਾਬੂਦੀਨ ਦਾ ਫਰਜ਼ੀ ਮੁਕਾਬਲਾ ਬਣਾਏ ਜਾਣ ਦਾ ਇਲਜ਼ਾਮ ਲੱਗਿਆ ਹੈ, ਕੀ ਤੁਸੀਂ ਅਜੇ ਵੀ ਉਸ ਨੂੰ ਜਾਇਜ਼ ਠਹਿਰਾਉਂਦੇ ਹੋ ਜਿਵੇਂ ਤੁਸੀਂ ਆਪਣੀ ਤਕਰੀਰ ਵਿਚ ਕਹਿ ਰਹੇ ਸੀ?’ ਹੁੰਗਾਰੇ ਦੀ ਉਮੀਦ ਨਾਲ,
ਮੈਂ ਮਾਈਕ ਉਸ ਵੱਲ ਮੋੜ ਦਿੱਤਾ, ਪਰ ਇਹ ਪਲ ਕੈਮਰਾਮੈਨ ਦੇ ਹਿੱਸੇ ਆਏ। ਨਰੇਂਦਰ ਮੋਦੀ ਪੂਰੇ ਦਸ ਸਕਿੰਟ ਮੈਨੂੰ ਘੂਰਦਾ ਰਿਹਾ ਅਤੇ ਫਿਰ ਉਥੋਂ ਤੁਰ ਗਿਆ। ਉਸ ਦੇ ਮੰਤਰੀ ਨੇ ਮੇਰੇ ਵੱਲ ਘ੍ਰਿਣਾ ਨਾਲ ਦੇਖਿਆ। ਇਹ ਮੇਰਾ ਉਸ ਬੰਦੇ ਨਾਲ ਪਹਿਲਾ ਵਾਹ ਸੀ ਜੋ ਹੁਣ ਮੁਲਕ ਦੇ ਸਭ ਤੋਂ ਮਨਚਾਹੇ ਅਹੁਦੇ, ਭਾਵ ਪ੍ਰਧਾਨ ਮੰਤਰੀ ਦੀ ਕੁਰਸੀ ਉਪਰ ਬਿਰਾਜਮਾਨ ਹੈ। ਸੋਹਰਾਬੂਦੀਨ ਦੀ ਕਹਾਣੀ ਸਾਫ਼ ਦੱਸਣੀ ਜ਼ਰੂਰੀ ਸੀ। ਮੇਰੀ ਮਾਂ ਵਲੋਂ ਆਪਣੇ ਅਖ਼ਬਾਰ ‘ਇਨਕਲਾਬ’ ਦੀ ਕਾਪੀ ਪੜ੍ਹਨ ਨੇ ਮੇਰੇ ਲਈ ਮੌਕਾ ਮੇਲ ਬਣਾ ਦਿੱਤਾ। ਇਸੇ ਸਹਿਜ-ਪ੍ਰੇਰਨਾ ਤਹਿਤ ਮੈਂ ਸਥਾਨਕ ਸਾਈਬਰ ਕੈਫੇ ਵਿਚ ਚਲੀ ਗਈ।
ਸੋਹਰਾਬੂਦੀਨ ਨਾਲ ਸਬੰਧਤ ਸਾਰੇ ਲਿੰਕ, ਕੇਸ ਦੀ ਸੀ.ਬੀ.ਆਈ. ਵਲੋਂ ਜਾਂਚ ਅਤੇ ਗੁਜਰਾਤ ਦੇ ਆਹਲਾ ਆਈ.ਪੀ.ਐਸ. ਅਧਿਕਾਰੀ ਅਭੈ ਚੁੜਾਸਮਾ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇ ਰਹੇ ਸਨ। ਮੈਂ ਚੁੜਾਸਮਾ ਤੋਂ ਵਾਕਫ਼ ਸੀ, ਸਾਲ ਕੁ ਪਹਿਲਾਂ ਹੀ ਉਸ ਨੇ ਗੁਜਰਾਤ ਬੰਬ ਧਮਾਕਿਆਂ ਦੇ ਆਪਣੇ ਸਟਾਰ ਗਵਾਹਾਂ ਵਿਚੋਂ ਇਕ ਦਾ ਮੇਰੇ ਵਲੋਂ ਇਕਬਾਲੀਆ ਬਿਆਨ ਛਾਪੇ ਜਾਣ ‘ਤੇ ਮੈਨੂੰ ਫ਼ੋਨ ਕਰ ਕੇ ਧਮਕੀ ਦਿੱਤੀ ਸੀ। ਚੁੜਾਸਮਾ ਗੁਜਰਾਤ ਬੰਬ ਧਮਾਕਿਆਂ, ਜਿਨ੍ਹਾਂ ਦਾ ਸਬੰਧ ਆਖ਼ਿਰਕਾਰ ਇੰਡੀਅਨ ਮੁਜਾਹੀਦੀਨ ਨਾਂ ਦੇ ਧੜੇ ਨਾਲ ਦੱਸਿਆ ਗਿਆ ਸੀ, ਦੀ ਜਾਂਚ ਦਾ ਮੁਖੀ ਅਧਿਕਾਰੀ ਸੀ। ਸੂਬੇ ਦੇ ਸਭ ਤੋਂ ਤੇਜ਼-ਤਰਾਰ ਅਤੇ ਮੀਡੀਆ ਮਾਹਿਰ ਅਧਿਕਾਰੀਆਂ ਵਿਚੋਂ ਇਕ, ਚੁੜਾਸਮਾ ਬਾਰੇ ਅਫ਼ਵਾਹ ਇਹ ਸੀ ਕਿ ਉਹ ਗੁਜਰਾਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨੇੜੇ ਸੀ, ਪਰ ਚੁੜਾਸਮਾ ਸ਼ੋਹਰਤ ਦੇ ਭੁੱਖੇ ਹੋਰਾਂ ਨਾਲੋਂ ਵੱਖਰੀ ਤਰ੍ਹਾਂ ਦਾ ਸੀ। ਜਿਵੇਂ ਬਾਅਦ ਵਿਚ ਸਾਹਮਣੇ ਆਵੇਗਾ, ਉਹ ਐਸਾ ਬੰਦਾ ਸੀ ਜੋ ਠੱਗੀ ਦੇ ਮਾਮਲਿਆਂ ਅਤੇ ਹਵਾਲਾ ਖ਼ਾਤਿਆਂ ਨਾਲ ਬਹੁਤ ਸਹਿਜ ਨਾਲ ਨਜਿੱਠਦਾ ਸੀ। ਤੇ ਸੋਹਰਾਬੂਦੀਨ ਉਸ ਦਾ ਆਪਣਾ ਹੀ ਗੁੰਡਾ ਸਾਬਤ ਹੋਇਆ। ਪ੍ਰਿੰਟ ਆਊਟ ਲੈ ਕੇ ਅਤੇ ਸਾਰੇ ਨੋਟ ਬਣਾ ਕੇ ਮੈਂ ਦਿੱਲੀ ਵਿਚ ਆਪਣੇ ਸੰਪਾਦਕਾਂ ਸ਼ੋਮਾ ਚੌਧਰੀ ਅਤੇ ਤਰੁਣ ਤੇਜਪਾਲ ਨੂੰ ਇਸ ਮਾਮਲੇ ਅਤੇ ਇਸ ਦੀ ਰਿਪੋਰਟ ਕੀਤੇ ਜਾਣ ਬਾਰੇ ਨੋਟ ਲਿਖ ਭੇਜਿਆ। ਉਧਰ ਮੇਰੇ ਮਨ ਵਿਚ ਇਹ ਸੀ ਕਿ ਇਹ ਮੈਨੂੰ ਖ਼ੁਦ ਹੀ ਆਪਣੇ ਉਪਰ ਥੋਪੀ ਉਸ ਇਕੱਲਤਾ ਅਤੇ ਉਦਾਸੀ-ਰੋਗ ਵਿਚੋਂ ਬਾਹਰ ਕੱਢ ਸਕਦਾ ਸੀ ਜਿਨ੍ਹਾਂ ਨੇ ਮੈਨੂੰ ਜਕੜਿਆ ਹੋਇਆ ਸੀ। ਮੇਰੇ ਦੋਹਾਂ ਸੰਪਾਦਕਾਂ ਦਾ ਹੁੰਗਾਰਾ ਸਗੋਂ ਕੁਝ ਵਧੇਰੇ ਹੀ ਉਤਸ਼ਾਹਤ ਕਰਨ ਵਾਲਾ ਸੀ ਅਤੇ ਮੈਂ ਮੁੜ ਅਹਿਮਦਾਬਾਦ ਨੂੰ ਰਵਾਨਾ ਹੋ ਗਈ। ਇਹ ਫੇਰੀ ਮੇਰੇ ਲਈ ਜ਼ਿੰਦਗੀ ਦੀ ਕਾਇਆ ਪਲਟ ਦੇਣ ਵਾਲੀ ਸਾਬਤ ਹੋਵੇਗੀ।
ਇਕ ਮਹੀਨੇ ਦੀ ਫੇਰੀ ਦੌਰਾਨ ਮੈਂ ਉਨ੍ਹਾਂ ਅਫ਼ਸਰਾਂ ਦੀ ਮਦਦ ਨਾਲ ਫ਼ੋਨ ਕਾਲਾਂ ਦੇ ਰਿਕਾਰਡ ਅਤੇ ਅੰਦਰੂਨੀ ਕਾਗਜ਼ਾਤ ਦੀ ਡੂੰਘੀ ਫਰੋਲਾ-ਫਰਾਲੀ ਕਰ ਕੇ ਦੋ ਅਹਿਮ ਖ਼ੁਲਾਸੇ ਤਿਆਰ ਕਰ ਲਏ, ਉਨ੍ਹਾਂ ਦੀ ਸ਼ਨਾਖ਼ਤ ਅਣਪਛਾਤੀ ਬਣੀ ਰਹੇਗੀ। ਮੈਂ ਇਹ ਭਲੀਭਾਂਤ ਜਾਣਦੇ ਹੋਏ ਬਹੁਤ ਹੀ ਚੁਕੰਨੀ ਰਹਿ ਕੇ ਉਨ੍ਹਾਂ ਤਕ ਪਹੁੰਚ ਕੀਤੀ ਸੀ, ਕਿਉਂਕਿ ਉਹੀ ਮੇਰੀ ਇਕੋ ਇਕ ਉਮੀਦ ਸਨ; ਪਰ ਗੁਜਰਾਤ ਵਰਗੇ ਸੂਬਿਆਂ ਵਿਚ ਐਨੀ ਅਸਾਨੀ ਨਾਲ ਯਕੀਨ ਨਹੀਂ ਕੀਤਾ ਜਾਂਦਾ। ਫਰਜ਼ ਦੀ ਪਾਲਣਾ ਕਰਨ ਦਾ ਫ਼ੈਸਲਾ ਲੈਣ ਵਾਲੇ ਅਫ਼ਸਰਾਂ ਨੂੰ ਹਕੂਮਤ ਦੀ ਨਾਰਾਜ਼ਗੀ ਸਹੇੜਨੀ ਪਈ ਸੀ। ਉਨ੍ਹਾਂ ਵਿਚੋਂ ਜ਼ਿਆਦਾਤਰ ਮੈਨੂੰ ਪਹਿਲੀ ਦਫ਼ਾ ਮਿਲ ਰਹੇ ਸਨ। ਮੈਂ ‘ਤਹਿਲਕਾ’ ਦੀ
ਪੱਤਰਕਾਰ ਹੋਣ ਕਰ ਕੇ ਮਾਮਲਾ ਹੋਰ ਵੀ ਗੁੰਝਲਦਾਰ ਬਣ ਜਾਂਦਾ ਸੀ ਜਿਸ ਦਾ ਮੋਟਾ ਭਾਵ ਇੰਞ ਲਿਆ ਜਾਂਦਾ ਸੀ ਕਿ ਕਿਸੇ ਵੀ ਵਕਤ ਮੇਰੇ ਕੋਲ ਸਟਿੰਗ ਕੈਮਰਾ ਹੋ ਸਕਦਾ ਸੀ। ਜਿਸ ਨਾਲ ਮੇਰਾ ਗੁਜਰਾਤ ਵਿਚ ਵਾਹ ਪਿਆ, ਉਹ ਗੁਜਰਾਤ ਕੇਂਦਰਤ ਮੁੱਦਾ ਨਹੀਂ ਸੀ।
ਜਿਨ੍ਹਾਂ ਦੋ ਹੋਰ ਸੂਬਿਆਂ, ਉਤਰ ਪ੍ਰਦੇਸ਼ ਤੇ ਮਨੀਪੁਰ, ਤੋਂ ਮੈਂ ਵਿਆਪਕ ਰਿਪੋਰਟਿੰਗ ਕੀਤੀ ਸੀ, ਉਥੇ ਵੀ ਇਮਾਨਦਾਰ ਪੁਲਿਸ ਅਫ਼ਸਰਾਂ ਉਪਰ ਮੁਕੱਦਮੇ ਆਮ ਗੱਲ ਸੀ। ਮੈਂ ਇਹ ਵੀ ਮਹਿਸੂਸ ਕੀਤਾ ਕਿ ਇਹੀ ਮੁਕੱਦਮੇ ਵਾਲਾ ਫੈਕਟਰ ਮੇਰਾ ਬਚਾਓ ਸਾਬਤ ਹੋਵੇਗਾ। ਜਿਵੇਂ ਫਿਰ ਪਤਾ ਲੱਗਿਆ, ਜਿਸ ਅਫ਼ਸਰ ਨੇ ਕੁਝ ਸਭ ਤੋਂ ਅਹਿਮ ਖ਼ੁਲਾਸੇ ਕਰਨ ਵਾਲੇ ਨੋਟ ਮੇਰੇ ਸਪੁਰਦ ਕੀਤੇ, ਉਹ ਉਸ ਅਧਿਕਾਰੀ ਦੇ ਬੈਚ ਦਾ ਸੀ ਜਿਸ ਬਾਰੇ ਮੈਂ ਰਿਪੋਰਟ ਕੀਤੀ ਸੀ। ਇਸ ਨੇ ਮੁਸ਼ਕਿਲ ਹੱਲ ਕਰ ਦਿੱਤੀ। ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਅਫ਼ਸਰਾਂ ਨੇ
ਮੈਨੂੰ ਸਬੂਤ ਜੁਟਾ ਕੇ ਦਿੱਤੇ, ਉਨ੍ਹਾਂ ਦੀ ਮਦਦ ਨਾਲ ਮੈਂ ਉਸ ਸਾਲ ਦਾ ਸਭ ਤੋਂ ਸਨਸਨੀਖੇਜ਼ ਖ਼ੁਲਾਸਾ ਕਰਨ ਵਿਚ ਕਾਮਯਾਬ ਹੋ ਗਈ। ਇਹ ਗੁਜਰਾਤ ਦੇ ਤਤਕਾਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਆਹਲਾ ਪੁਲਿਸ ਅਧਿਕਾਰੀਆਂ ਦਾ ਮੁਕਾਬਲਿਆਂ ਦੌਰਾਨ ਦਾ ਫ਼ੋਨ ਕਾਲਾਂ ਦਾ ਰਿਕਾਰਡ ਸੀ। ਆਫ਼ੀਸ਼ੀਅਲ ਸੀਕਰਿਟਸ ਐਕਟ ਬਾਰੇ ਅੰਦਰੂਨੀ ਨੋਟ ਵੀ ਕਾਲਾਂ ਦੇ ਰਿਕਾਰਡ ਦੇ ਨਾਲ ਨੱਥੀ ਕੀਤੀ ਗਈ ਸੀ। ਸੂਬੇ ਦੀ ਸੀ.ਆਈ.ਡੀ.ਵਲੋਂ ਮੰਤਰੀ ਦੀਆਂ ਸਰਗਰਮੀਆਂ ਉਪਰ ਨਜ਼ਰ ਰੱਖੀ ਜਾ ਰਹੀ ਸੀ ਅਤੇ ਟਿੱਪਣੀ ਵਿਚ ਇਲਜ਼ਾਮ ਇਹ ਲਾਇਆ ਹੋਇਆ ਸੀ ਕਿ ਮੁਕਾਬਲਾ ਬੇਕਸੂਰਾਂ ਨੂੰ ਮਾਰਨ ਅਤੇ ਫਿਰ ਉਨ੍ਹਾਂ ਉਪਰ ਦਹਿਸ਼ਤਗਰਦਾਂ ਦਾ ਠੱਪਾ ਲਾਉਣ ਦੀ ਦੁਸ਼ਟ ਸਾਜ਼ਿਸ਼ ਸੀ।
ਇਸ ਖ਼ੁਲਾਸੇ ਨੇ ਸਿਆਸੀ ਹਲਕਿਆਂ ਅੰਦਰ ਹਲਚਲ ਮਚਾ ਦਿੱਤੀ। ਇਹ ਰਿਕਾਰਡ ਏਜੰਸੀ ਦੇ ਸਪੁਰਦ ਕਰ ਦੇਣ ਲਈ ‘ਤਹਿਲਕਾ’
ਨੂੰ ਸੀ.ਬੀ.ਆਈ. ਦੇ ਧੜਾਧੜ ਫ਼ੋਨ ਆਉਣੇ ਸ਼ੁਰੂ ਹੋ ਗਏ ਜੋ ਬਾਅਦ ਵਿਚ ਸੁਪਰੀਮ ਕੋਰਟ ਵਿਚ ਪੇਸ਼ ਕੀਤਾ ਗਿਆ। ਮੈਂ ਅਹਿਮਦਾਬਾਦ ਦੇ ਹੋਟਲ ਅੰਬੈਸਡਰ ਨੂੰ ਆਪਣਾ ਟਿਕਾਣਾ ਬਣਾਈ ਰੱਖਿਆ ਜੋ ਹੁਣ ਮੇਰਾ ਦੂਜਾ ਘਰ ਬਣ ਗਿਆ ਸੀ।
ਮੁਸਲਿਮ ਆਬਾਦੀ ਦੀ ਬਹੁਤਾਤ ਵਾਲੇ ਖ਼ਾਨਪੁਰ ਇਲਾਕੇ ਵਿਚ ਸਥਿਤ ਇਹ ਹੋਟਲ ਮੇਰੇ ਲਈ ਨਿਮਾਣਾ ਰੈਣ-ਬਸੇਰਾ ਸੀ। ਇਹ ਤਾਂ ਮੈਨੂੰ ਬਾਅਦ ਵਿਚ ਪਤਾ ਲੱਗੇਗਾ ਕਿ ਭਾਜਪਾ ਦਾ ਸੂਬਾ ਦਫ਼ਤਰ ਉਥੋਂ ਕੁਝ ਬਲਾਕ ਛੱਡ ਕੇ ਹੀ ਸੀ। ਅਚਾਨਕ ਮੈਂ ਅਵਾਮ ਦੇ ਨਜ਼ਰੀਂ ਚੜ੍ਹ ਗਈ ਸੀ। ਅਯੂਬ ਨਾਂ ਦੇ ਕਿਸੇ ਨੌਜਵਾਨ ਦੀ ਚਰਚਾ ਭਾਜਪਾ ਆਗੂਆਂ ਦੀ ਜ਼ੁਬਾਨ ‘ਤੇ ਸੀ ਜਿਸ ਨੇ ਇਹ ਖ਼ੁਲਾਸਾ ਕੀਤਾ ਸੀ।
ਕਿਸੇ ਕਾਰਨ ਖੋਜੀ ਪੱਤਰਕਾਰ ਦੇ ਔਰਤ ਹੋਣ ਦਾ ਖ਼ਿਆਲ ਉਨ੍ਹਾਂ ਨੂੰ ਅਹੁੜਿਆ ਹੀ ਨਹੀਂ ਸੀ। ਮੈਂ ਕੋਈ ਉਜਰ ਨਹੀਂ ਕਰ ਰਹੀ ਸੀ, ਇਸ ਨੇ ਸਗੋਂ ਮੈਨੂੰ ਆਪਣੇ ਕੰਮ ਵਿਚ ਸੰਜੀਦਗੀ ਨਾਲ ਲੱਗੇ ਰਹਿਣ ਦੀ ਖੁੱਲ੍ਹ ਦਿੱਤੀ, ਪਰ ਇਹ ਖੁੱਲ੍ਹ ਬਹੁਤਾ ਚਿਰ ਨਾ ਰਹੀ। ਖ਼ੁਲਾਸਾ ਹੋਣ ਤੋਂ ਕੁਝ ਦਿਨਾਂ ਦੇ ਅੰਦਰ ਹੀ ਮੈਨੂੰ ਮੇਰੇ ਫ਼ੋਨ ਉਪਰ ਕਿਸੇ ਬੇਪਛਾਣ ਨੰਬਰ ਤੋਂ ਮੈਸੇਜ ਆ ਗਿਆ ਜੋ ਇਸ ਤਰ੍ਹਾਂ ਸੀ- ‘ਸਾਨੂੰ ਪਤਾ ਤੂੰ ਕਿਥੇ ਰਹਿੰਦੀ ਏਂ।’
ਜ਼ਿੰਦਗੀ ਸੱਚਮੁੱਚ ਬਦਲ ਗਈ ਸੀ, ਉਸੇ ਦਿਨ ਤੋਂ ਮੈਂ ਹਰ ਤੀਜੇ ਦਿਨ ਅਹਿਮਦਾਬਾਦ ਦੇ ਆਈ.ਆਈ.ਐਮ. ਕੈਂਪਸ ਤੋਂ ਗੈਸਟ ਹਾਊਸਾਂ, ਹੋਸਟਲਾਂ ਅਤੇ ਜਿੰਮਖ਼ਾਨਿਆਂ ਤਕ ਨੂੰ ਬਦਲ-ਬਦਲ ਕੇ ਆਪਣਾ ਟਿਕਾਣਾ ਬਣਾਉਣ ਲੱਗੀ। ਮੈਂ ਮਫਰੂਰ ਵਾਂਗ ਵਿਚਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵਕਤ ਲੈਂਡਲਾਈਨ ਫ਼ੋਨਾਂ ਦੀ ਥਾਂ ਮੋਬਾਈਲ ਫ਼ੋਨ ਸੰਚਾਰ ਨੇ ਲੈ ਲਈ ਸੀ। ਆਖ਼ਿਰਕਾਰ ਜੋ ਸਬੂਤ ਮੈਂ ਜੁਟਾਏ ਸਨ, ਉਹ ਸੀ.ਬੀ.ਆਈ. ਦੇ ਸਪੁਰਦ ਕਰ ਕੇ ਅਤੇ ਆਪਣੀਆਂ ਅਗਲੀਆਂ ਰਿਪੋਰਟਾਂ ਤਿਆਰ ਕਰ ਕੇ ਮੈਂ ਮੁੰਬਈ ਪਹੁੰਚੀ ਅਤੇ ਇਕ ਤਰ੍ਹਾਂ ਦੀ ਰੋਜ਼ਮੱਰਾ ਜ਼ਿੰਦਗੀ ਵਿਚ ਵਾਪਸ ਆਉਣ ਦਾ ਫ਼ੈਸਲਾ ਕਰ ਲਿਆ। ਪਰ ਮੇਰੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਖ਼ੁਲਾਸਾ ਹੋਣ ਤੋਂ ਕੁਝ ਹਫ਼ਤਿਆਂ ਦੇ ਅੰਦਰ ਹੀ ਸੀ.ਬੀ.ਆਈ. ਨੇ ਅਮਿਤ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਆਜ਼ਾਦ ਹਿੰਦੁਸਤਾਨ ਦੇ ਇਤਿਹਾਸ ਵਿਚ ਪਹਿਲਾ ਅਹੁਦੇ ‘ਤੇ ਬਿਰਾਜਮਾਨ ਗ੍ਰਹਿ ਮੰਤਰੀ ਸੀ ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਤੋ-ਰਾਤ ਇਹ ਬਹੁਤ ਹੀ
ਸਨਸਨੀਖੇਜ਼ ਖ਼ਬਰ ਬਣ ਗਈ। ਜ਼ਿਆਦਾਤਰ ਕੌਮੀ ਮੀਡੀਆ ਨੇ ਗਾਂਧੀਨਗਰ ਵਿਚ ਸੀ.ਬੀ.ਆਈ. ਦੇ ਸਦਰ-ਮੁਕਾਮ ਅੱਗੇ ਡੇਰੇ ਲਾ ਗਏ। ਜਿਵੇਂ ਉਮੀਦ ਹੀ ਸੀ, ਇਸ ਸਨਸਨੀਖੇਜ਼ ਗ੍ਰਿਫ਼ਤਾਰੀ ਤੋਂ ਬਾਅਦ ਦੇ ਘਟਨਾ-ਕ੍ਰਮ ਦੀ ਰਿਪੋਰਟਿੰਗ ਕਰਨ ਲਈ ਮੈਨੂੰ ਗੁਜਰਾਤ ਵਾਪਸ ਜਾਣਾ ਪਿਆ।
ਸ਼ਾਹ ਦੀ ਗ੍ਰਿਫ਼ਤਾਰੀ ਨੇ ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਜ਼ਿੰਦਗੀ ਦੀ ਨਵੀਂ ਮੋਹਲਤ ਦੇ ਦਿੱਤੀ ਜਿਨ੍ਹਾਂ ਨਾਲ ਉਸ ਦੇ ਮਾਤਹਿਤ ਵਿਤਕਰਾ ਹੁੰਦਾ ਰਿਹਾ ਸੀ। ਹੁਣ ਅਫ਼ਸਰਾਂ ਨੇ ਮੈਨੂੰ ਇਹ ਸੰਕੇਤ ਦਿੰਦੇ ਹੋਏ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਕਿ ਉਹ ਗੱਲ ਕਰਨਾ ਚਾਹੁੰਦੇ ਹਨ। ਪਹਿਲਾਂ ਜਿਹੜੇ ਬਹੁਤੇ ਅਫ਼ਸਰ ਪੱਤਰਕਾਰਾਂ ਤੋਂ ਕੰਨੀ ਕਤਰਾਉਂਦੇ ਸਨ, ਉਹ ਹੁਣ ਜ਼ੁਬਾਨ ਖੋਲ੍ਹਣ ਲਈ ਹੌਸਲਾ ਜੁਟਾਉਣ ਲੱਗੇ। ਜ਼ਿਆਦਾਤਰ ਗੱਲਬਾਤ ਤਾਂ ਭਾਵੇਂ ਸਬੂਤ ਵਜੋਂ ਇਸਤੇਮਾਲ ਕਰਨ ਲਈ ਨਹੀਂ ਸੀ ਹੁੰਦੀ, ਫਿਰ ਵੀ ਇਹ ਸਪਸ਼ਟ ਸੀ ਕਿ ਇਹ ਅਖੌਤੀ ਪੁਲੀਸ ਮੁਕਾਬਲੇ ਤਾਂ ਪੂਰੇ ਮੁੱਦੇ ਦੀ ਮਾਮੂਲੀ ਜਿਹੀ ਝਲਕ ਪੇਸ਼ ਕਰਦੇ ਸਨ। ਗੁਜਰਾਤ ਅੰਦਰ ਵੱਖੋ-ਵੱਖਰੇ ਮਾਮਲਿਆਂ ਦੀਆਂ ਸਰਕਾਰੀ ਮਿਸਲਾਂ ਅੰਦਰ ਬਹੁਤ ਹੀ ਦੁਸ਼ਟ ਕਾਰਿਆਂ ਦੀ ਜਾਣਕਾਰੀ ਦੱਬੀ ਪਈ ਸੀ। ਸਾਡੇ ਵਿਚੋਂ ਕੋਈ ਵੀ ਉਸ ਸਚਾਈ ਦੇ ਨੇੜੇ-ਤੇੜੇ ਵੀ ਨਹੀਂ ਸੀ ਪਹੁੰਚਿਆ। ਇਸ਼ਾਰਾ ਇਹ ਮਿਲ ਰਿਹਾ ਸੀ ਕਿ ਬੀਤੇ ਦਹਾਕੇ ਵਿਚ ਉਥੇ ਅਦਾਲਤੀ ਅਮਲ ਦੀ ਘੋਰ ਉਲੰਘਣਾ ਕੀਤੀ ਜਾਂਦੀ ਰਹੀ ਸੀ। ਜਿਨ੍ਹਾਂ ਨੂੰ ਅਵਾਮ ਦੀਆਂ ਜ਼ਿੰਦਗੀਆਂ ਦੇ ਰਖਵਾਲੇ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਖ਼ਰੀਦ ਲਿਆ ਗਿਆ ਸੀ। ਫ਼ਸਾਦਾਂ, ਮੁਕਾਬਲਿਆਂ ਤੋਂ ਲੈ ਕੇ ਸਿਆਸੀ ਕਤਲਾਂ ਤਕ ਬਹੁਤ ਸਾਰਾ ਪ੍ਰੇਸ਼ਾਨ ਕਰਨ ਵਾਲਾ ਸੱਚ ਸਾਹਮਣੇ ਆਉਣ ਦੀ ਇੰਤਜ਼ਾਰ ਵਿਚ ਸੀ, ਪਰ ਸਵਾਲ ਇਹ ਸੀ ਕਿ ਇਸ ਨੂੰ ਸਾਬਤ ਕਿਵੇਂ ਕੀਤਾ ਜਾ ਸਕਦਾ ਸੀ?
ਪੱਤਰਕਾਰੀ ਦਾ ਬੁਨਿਆਦੀ ਨੇਮ ਸਬੂਤ ਹੈ ਅਤੇ ਮੇਰੇ ਕੋਲ ਕੁਝ ਵੀ ਨਹੀਂ ਸੀ। ਮਹਿਜ਼ ਗੱਲਬਾਤ ਦੇ ਵੇਰਵੇ ਅਤੇ ਸੁਣੀਆਂ-ਸੁਣਾਈਆਂ
ਕਹਾਣੀਆਂ ਸਨ, ਜਾਂ ਫਿਰ ਐਸੇ ਇਕਬਾਲੀਆ ਬਿਆਨ ਜਿਨ੍ਹਾਂ ਨੂੰ ਸਬੂਤ ਦੇ ਤੌਰ ‘ਤੇ ਨਹੀਂ ਲਿਆ ਜਾ ਸਕਦਾ ਸੀ। ਫਿਰ ਮੈਂ ਸਭ ਕਾਸੇ ਨੂੰ ਸਾਬਤ ਕਿਵੇਂ ਕਰਾਂ? ਇਥੇ ਪਹੁੰਚ ਕੇ ਮੈਂ ਉਹ ਫ਼ੈਸਲਾ ਕੀਤਾ ਜੋ ਮੇਰੀ ਜ਼ਿੰਦਗੀ ਹੀ ਬਦਲ ਦੇਵੇਗਾ, ਪੇਸ਼ੇਵਰ ਤੌਰ ‘ਤੇ ਵੀ ਅਤੇ ਜ਼ਾਤੀ ਤੌਰ ‘ਤੇ ਵੀ। ਰਾਣਾ ਅਯੂਬ ਨੂੰ ਮੈਥਿਲੀ ਤਿਆਗੀ ਬਣਨਾ ਪਿਆ, ਕਾਨਪੁਰ ਤੋਂ ਇਕ ਕਾਇਸਥ ਬ੍ਰਾਹਮਣ ਕੁੜੀ, ਅਮਰੀਕੀ ਫਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਦੀ ਵਿਦਿਆਰਥਣ ਜੋ ਗੁਜਰਾਤ ਦੇ ਵਿਕਾਸ ਮਾਡਲ ਅਤੇ ਕੁਲ ਆਲਮ ਦੇ ਪਰਵਾਸੀ
ਹਿੰਦੁਸਤਾਨੀਆਂ ਅੰਦਰ ਨਰੇਂਦਰ ਮੋਦੀ ਦੀ ਮਕਬੂਲੀਅਤ ਬਾਰੇ ਫਿਲਮ ਬਣਾਉਣ ਲਈ ਆਪਣੇ ਵਤਨ ਵਾਪਸ ਆਈ ਸੀ।

pic-gujrat-1-jpg

ਕਾਂਡ ਦੂਜਾ
ਆਪਣੇ ਸੀਨੀਅਰਾਂ ਨੂੰ ਵਿਸਤਾਰਤ ਮੇਲ ਭੇਜਣ ‘ਤੇ ਉਨ੍ਹਾਂ ਵੱਲੋਂ ਹੋਰ ਡੂੰਘੀ ਛਾਣਬੀਣ ਲਈ ਦਿਤੀ ਹੱਲਾਸ਼ੇਰੀ ਮੇਰੇ ਸੋਚਣਾ ਸ਼ੁਰੂ ਕਰਨ ਲਈ ਕਾਫ਼ੀ ਸੀ। ਗੁਜਰਾਤ ਵਿਚ ਤਿੰਨ ਮਹੀਨੇ ਗੁਜ਼ਾਰਨ ਅਤੇ ਜੋ ਜਾਣਕਾਰੀ ਦੇ ਕੇ ਮੇਰੀ ਮਦਦ ਕਰਨ ਦੇ ਖ਼ਹਸ਼ਮੰਦ ਸਨ ਉਨ੍ਹਾਂ ਨੂੰ ਮਿਲਣ ਤੋਂ ਮੈਨੂੰ ਇਲਮ ਹੋ ਗਿਆ ਸੀ ਕਿ ਅਗਲਾ ਰਾਹ ਕਿੰਨਾ ਬਿਖੜਾ ਸੀ। ਸੱਤਾ ਦੇ ਅਹੁਦਿਆਂ ‘ਚ ਬੈਠੇ ਬੰਦਿਆਂ, ਜਿਨ੍ਹਾਂ ਨੇ ਸੱਚ ਨੂੰ ਆਪਣੇ ਤੱਕ ਹੀ ਰੱਖਣ ਦਾ ਰਾਹ ਚੁਣਿਆ ਹੋਇਆ ਸੀ, ਤੋਂ ਸੱਚ ਕੁਰੇਦਣਾ ਐਨਾ ਸੌਖਾ ਨਹੀਂ ਸੀ। ਮੇਰੇ ਕਿੱਤੇ ਦੇ ਸਾਥੀ ਅਸ਼ੀਸ਼ ਖੇਤਾਨ ਨੇ ਜੋ ਕੱਚਾ ਚਿੱਠਾ ਨੰਗਾ ਕੀਤਾ ਸੀ ਉਸ ਵਿਚ ਕੰਬਣੀ ਛੇੜਨ ਵਾਲੇ ਖ਼ੁਲਾਸੇ ਕੀਤੇ ਗਏ ਸਨ ਜਿਸ ਵਿਚ ਉਸਨੂੰ ਬਾਬੂ ਬਜਰੰਗੀ ਵਰਗਿਆਂ ਤੇ ਹੋਰ ਸਥਾਨਕ ਭਾਜਪਾ ਆਗੂਆਂ ਅਤੇ ਵੀ ਐੱਚ ਪੀ ਦੇ ਆਗੂਆਂ ਨੇ ਜਦੋਂ 2002 ਕਤਲੋਗ਼ਾਰਤ ਦੇ ਬੇਰਹਿਮ ਵੇਰਵੇ ਹੁੱਬ ਹੁੱਬ ਕੇ ਦੱਸੇ ਤੇ ਉਸਨੇ ਸਟਿੰਗ ਕਰ ਲਏ ਸਨ। ਮੇਰਾ ਵਾਹ ਐਸੇ ਫ਼ਸਾਦੀਆਂ ਨਾਲ ਨਹੀਂ ਸੀ ਜਿਨ੍ਹਾਂ ਦੀ ਹਊਮੈਂ ਨੂੰ ਥੋੜ੍ਹੇ ਜਿਹੇ ਪੱਠੇ ਪਾਉਣ ‘ਤੇ ਹੀ ਉਹ ਆਪਣੀਆਂ ਬਹਾਦਰੀ ਦੇ ਕਿੱਸੇ ਸੁਣਾ ਦਿੰਦੇ ਹਨ। ਮੇਰਾ ਵਾਹ ਹੰਢੇ ਵਰਤੇ, ਸੀਨੀਅਰ ਆਈ ਪੀ ਐਸ ਅਫ਼ਸਰਾਂ ਨਾਲ ਪੈ ਰਿਹਾ ਸੀ ਜਿਨ੍ਹਾਂ ਵਿਚੋਂ ਬਹੁਤ ਸਾਰਿਆਂ ਨੇ ਰਾਅ ਅਤੇ ਆਈ ਬੀ ਵਿਚ ਕਾਮਯਾਬੀ ਨਾਲ ਕੰਮ ਕੀਤਾ ਹੋਇਆ ਸੀ।
ਇਹ ਮੋਟੀ ਖੱਲ ਵਾਲੇ ਕੂਟਨੀਤਕ ਸਨ, ਇਨ੍ਹਾਂ ਦੀ ਜੁਖੁੱਲ੍ਹਵਾਉਣ ਲਈ ਐਸੇ ਕਾਬਲ ਅਤੇ ਘਾਗ ਖੋਜੀ ਪੱਤਰਕਾਰ ਦੀ ਮਹਾਰਤ ਦਰਕਾਰ ਸੀ ਜਿਸ ਕੋਲ ਤਾਕਤ ਵੀ ਹੋਵੇ ਅਤੇ ਅਥਾਰਟੀ ਵੀ। ਮੇਰੇ ਕੋਲ ਇਨ੍ਹਾਂ ਵਿਚੋਂ ਕੁਝ ਵੀ ਨਹੀਂ ਸੀ। ਵਿਉਂਤਬੰਦੀ ਦੇ ਨਾਲ-ਨਾਲ ਇਸ ਨੂੰ ਅਮਲ ਵਿਚ ਲਿਆਉਣਾ ਵੀ ਪੂਰੀ ਤਰ੍ਹਾਂ ਮੇਰੇ ‘ਤੇ ਛੱਡ ਦਿੱਤਾ ਗਿਆ ਸੀ। ਮੈਂ ਇਸ ਨੂੰ ਲੈ ਕੇ ਵੀ ਚੁਕੰਨੀਂ ਸੀ ਕਿ ਮੈਂ ਆਪਣੇ ਦਫ਼ਤਰੋਂ ਕਿਸੇ ਜੂਨੀਅਰ ਨੂੰ ਵੀ ਆਪਣੇ ਨਾਲ ਨਹੀਂ ਲੈ ਸਕਦੀ ਸੀ ਕਿਉਂਕਿ ਇਸ ਦਾ ਭਾਵ ਹੋਣਾ ਸੀ ਹੋਰ ਵੀ ਜ਼ਿਆਦਾ ਜ਼ੋਖ਼ਮ। ਮੈਨੂੰ ਇਹ ਸਾਫ਼ ਦੱਸ ਦਿੱਤਾ ਗਿਆ ਸੀ ਕਿ ਮੇਰੇ ਸੰਪਾਦਕ ਮੇਰੇ ਕੰਮ ਦੀ ਨਿਗਰਾਨੀ ਕਰਦੇ ਰਹਿਣਗੇ ਪਰ ਹਰ ਚੀਜ਼ ਨੂੰ ਕਰਨਾ ਮੇਰੀ ਜ਼ਿੰਮੇਵਾਰੀ ਹੋਵੇਗੀ। ਜਦੋਂ ਵੀ ਮੈਂ ਕੋਈ ਖਰੜਾ ਭੇਜਦੀ ਤਾਂ ਸ਼ੋਮਾ ਅਤੇ ਤਰੁਣ ਦੋਹਾਂ ਵੱਲੋਂ ਮੈਨੂੰ ਐਸੇ ਹੱਲਾਸ਼ੇਰੀ ਵਾਲੇ ਲਫ਼ਜ ਸੁਨਣ ਨੂੰ ਮਿਲਦੇ ਮਸਲਨ, ‘ਸ਼ਾਨਦਾਰ, ਲੱਗੀ ਰਹਿ’ ਜਾਂ ‘ਹੈਰਾਨੀਜਨਕ ਖੁਲਾਸਾ’। ਇਸ ਤਰ੍ਹਾਂ ਦੀ ਹੱਲਾਸ਼ੇਰੀ ਮੈਨੂੰ ਹੋਰ ਡੂੰਘੀ ਛਾਣਬੀਣ ਕਰਨ ਲਈ ਉਤਸ਼ਾਹਿਤ ਜ਼ਰੂਰ ਕਰਦੀ ਰਹੀ, ਪਰ ਮੈਦਾਨ ਵਿਚ ਲੜਨ ਵਾਲੀ ਮੈਂ ਇਕੱਲੀ ਹੀ ਸੀ। ਮੈਂ ਆਪਣਾ ਖ਼ਿਆਲ ਵੀ ਰੱਖਣਾ ਸੀ ਅਤੇ ਇਹ ਵੀ ਯਕੀਨੀਂ ਬਣਾਉਣਾ ਸੀ ਕਿ ਛਾਣਬੀਣ ਦੇ ਨਤੀਜੇ ਈਮਾਨਦਾਰ ਅਤੇ ਤੱਥਾਂ ‘ਤੇ ਅਧਾਰਤ ਹੋਣ।
ਐਸੇ ਲੋਕ ਸਨ ਜਿਨ੍ਹਾਂ ਨੂੰ ਸੱਚ ਪਤਾ ਸੀ ਅਤੇ ਜਿਨ੍ਹਾਂ ਨੇ ਇਸ ਭੇਤ ਨੂੰ ਛੁਪਾ ਕੇ ਜਿਉਣ ਦੀ ਚੋਣ ਕੀਤੀ ਹੋਈ ਸੀ ਜਿਵੇਂ ਕਿ ਇਹ ਕਾਂਡ, ਭਾਵ 2002 ਵਿਚ ਜੋ ਬੇਰਹਿਮ ਸਿਆਸੀ ਕਤਲੋਗਾਰਤ ਕੀਤੀ ਗਈ ਸੀ, ਉਨ੍ਹਾਂ ਦੇ ਜੀਵਨ ਪੰਧ ਦਾ ਹਿੱਸਾ ਹੀ ਨਾ ਹੋਵੇ। ਤਹਿਲਕਾ ਵਰਗੇ ਅਦਾਰੇ ਨਾਲ ਜੁੜੀ ਖੋਜੀ ਪਤਰਕਾਰ ਦੇ ਤੌਰ ‘ਤੇ ਮੈਂ ਜਾਣਦੀ ਸੀ ਕਿ ਐਸਾ ਹਰ ਦਰਵਾਜ਼ਾ ਮੇਰੇ ਲਈ ਬੰਦ ਸੀ ਜੋ ਇਸ ਮਾਮਲੇ ਵਿਚ ਕੁਝ ਮਦਦ ਕਰ ਸਕਦਾ ਸੀ। ਮੇਰੇ ਸਾਹਮਣੇ ਇਕੋ ਇਕ ਰਸਤਾ ਉਹੀ ਸੀ ਜੋ ਸੱਚ ਦੀ ਭਾਲ ਵਿਚ ਜੁੱਟਿਆ ਹਰ ਪੱਤਰਕਾਰ ਆਖ਼ਰੀ ਚਾਰਾਜੋਈ ਵਜੋਂ ਇਸਤੇਮਾਲ ਕਰਦਾ ਹੈ, ਆਪਣੀ ਸ਼ਨਾਖ਼ਤ ਛੁਪਾ ਲੈਣਾ। ਓਦੋਂ ਮੈਂ ਸਿਰਫ਼ 26 ਸਾਲ ਦੀ ਮੁਸਲਮਾਨ ਕੁੜੀ ਸੀ। ਮੈਂ ਕਦੇ ਵੀ ਆਪਣੀ ਸ਼ਨਾਖ਼ਤ ਬਾਰੇ ਸੁਚੇਤ ਨਹੀਂ ਰਹੀਂ, ਪਰ ਜਦੋਂ ਇਸ ਅੱਗੇ ਮਜ੍ਹਬੀ ਲੀਹਾਂ ‘ਤੇ ਵੰਡੇ ਸੂਬੇ ਵਿਚ ਜਾਣ ਦਾ ਸਵਾਲ ਆਇਆ ਤਾਂ ਇਨ੍ਹਾਂ ਪੱਖਾਂ ਬਾਰੇ ਮੈਨੂੰ ਸੋਚ ਵਿਚਾਰ ਕਰਨੀ ਪੈ ਗਈ। ਆਪਣੇ ਪਰਿਵਾਰ ਨੂੰ ਇਹ ਦੱਸਣਾ ਹੀ ਪੈਣਾ ਸੀ ਕਿ ਮੈਂ ਕੀ ਬਣਾਂਗੀ? ਕੀ ਮੈਂ ਉਨ੍ਹਾਂ ਦੀ ਮਦਦ ਤੋਂ ਬਿਨਾਂ ਇਹ ਕਰਨ ਦੇ ਯੋਗ ਹੁੰਦੀ?
ਇਹ ਤੱਥ ਕਿ ਮੈਂ ਇਕ ਮਸ਼ਹੂਰ ਮਾਸ ਕਮਿਊਨੀਕੇਸ਼ਨ ਕੋਰਸ ਕੀਤਾ ਹੋਇਆ ਸੀ ਇਸ ਵਕਤ ਮੇਰੇ ਕੰਮ ਆਇਆ। ਮੇਰੇ ਜਮਾਤੀਆਂ ਵਿਚ ਐਕਟਰ ਬਣਨ ਦੇ ਅਭਿਲਾਸ਼ੀ ਹੁੰਦੇ ਸਨ ਜਿਨ੍ਹਾਂ ਨੇ ਫਿਲਮ ਸਨਅਤ ਵਿਚ ਆਪਣੀ ਥਾਂ ਬਣਾ ਲਈ ਸੀ। ਅਭਿਨੇਤਰੀ ਰਿਚਾ ਚੱਢਾ, ਜੋ ਮੇਰੀ ਜਮਾਤਣ ਸੀ ਅਤੇ ਇਸ ਵਕਤ ਸਭ ਤੋਂ ਜ਼ਹੀਨ ਫਿਲਮੀ ਨਾਇਕਾਵਾਂ ਵਿਚੋਂ ਇਕ ਹੈ, ਨੇ ਪਿੱਛੇ ਜਹੇ ਆਪਣੀ ਇਕ ਗੱਲਬਾਤ ਵਿਚ ਜ਼ਿਕਰ ਕੀਤਾ ਕਿ ਉਸ ਨੇ ਬਤੌਰ ਪੱਤਰਕਾਰ ਮੇਰੇ ਕਰੀਅਰ ਗ੍ਰਾਫ ਅਤੇ ਤਜ਼ਰਬਿਆਂ ਨੂੰ ਇਕ ਫਿਲਮ ਤਿਆਰ ਕਰਨ ਲਈ ਚੁਣਿਆ ਜਿਸ ਵਿਚ ਉਸਨੇ ਇਕ ਰਿਪੋਰਟਰ ਦੀ ਭੂਮਿਕਾ ਨਿਭਾਉਣੀ ਹੈ। ਇਸੇ ਤਰ੍ਹਾਂ ਹੀ ‘ਲੰਮੇ ਸਮੇਂ ਤੋਂ ਮਿਲੇ ਨਹੀਂ’ ਦੀ ਕਾਲ ਮੈਂ ਇਕ ਹੋਰ ਐਸੀ ਅਭਿਨੇਤਰੀ ਸਹੇਲੀ ਨੂੰ ਕੀਤੀ ਜਿਸ ਨੂੰ ਮੈਂ ਆਪਣੇ ਸਭ ਤੋਂ ਨੇੜੇ ਸਮਝਦੀ ਸੀ। ਆਪਣੀ ਦੋਸਤ ਦੀ ਸਹਾਇਤਾ ਨਾਲ ਮੈਂ ਉਸਦੇ ਮੇਕ ਅੱਪ ਕਰਤਾ ਤੋਂ ਸਮਾਂ ਲੈ ਲਿਆ। ਅਗਲੇ ਦਿਨ ਮੈਂ ਸਰਅਰਬਨ ਮੁੰਬਈ ਦੇ ਇਕ ਸਟੂਡੀਓ ਵਿਚ ਨਕਲੀ ਵਾਲ ਲਗਾਉਣ ਦੀ ਤਕਨੀਕੀ ਮੁਹਾਰਤ ਸਿਖਦੀ ਹੋਈ ਚਾਹ ਦੀਆਂ ਚੁਸਕੀਆਂ ਲੈ ਰਹੀ ਸੀ। ਮੇਕ ਅੱਪ ਮਾਹਰ, ਜੋ ਤਜ਼ਰਬੇਕਾਰ ਬੰਦਾ ਸੀ, ਕੋਲ ਜੋ ਸਟਾਕ ਸੀ ਉਸ ਵਿਚੋਂ ਕੁਝ ਸਮਾਨ ਦੇ ਕੇ ਉਸਨੇ ਮੇਰੀ ਮਦਦ ਕੀਤੀ। ਨਕਲੀ ਵਾਲਾਂ ਨਾਲ ਮੈਂ ਵੱਖਰੀ ਤਾਂ ਨਜ਼ਰ ਆਈ, ਪਰ ਕੁਝ ਬਨਾਉਟੀ ਅਤੇ ਬੇਢੱਬਾ ਵੀ ਮਹਿਸੂਸ ਹੁੰਦਾ ਸੀ। ਇਹ ਹਾਰ ਸ਼ਿੰਗਾਰ ਕਾਮਯਾਬ ਨਾ ਹੋਇਆ।
ਫਿਰ ਮੈਨੂੰ ਫੁਰਨਾ ਫੁਰਿਆ ਕਿ ਬਿਹਤਰ ਹੋਵੇਗਾ ਕਿ ਆਪਣੀ ਪੂਰੀ ਸ਼ਨਾਖ਼ਤ ਹੀ ਬਦਲ ਲਈ ਜਾਵੇ। ਜਿਵੇਂ ਮੇਰੀ ਕਿਸਮਤ ਨੂੰ ਮਨਜ਼ੂਰ ਸੀ, ਇਕ ਗੁਰੱਪ ਆਈ ਡੀ ਵਿਚ ਮੈਨੂੰ ਇਕ ਮੇਲ ਮਿਲ ਗਈ ਜਿਸ ਵਿਚ ਮੈਂ ਆਪਣੇ ਇਕ ਕੁਲੀਗ ਦੇ ਸਾਬਕਾ ਜਮਾਤੀਆਂ ਨਾਲ ਸ਼ਾਮਲ ਸੀ ਜੋ ਲਾਸ ਏਂਜਲਸ ਦੀ ਮਸ਼ਹੂਰ ਅਮਰੀਕੀ ਫਿਲਮ ਇੰਸਟੀਚਿਊਟ ਕਾਨਜ਼ਰਵੇਟਰੀ ਵਿਚ ਸੰਸਥਾ ਚਲਾ ਗਿਆ ਸੀ। ਇਹ ਮੇਰੇ ਲਈ ‘ਲਾਧੋ ਰੇ, ਲਾਧੋ ਰੇ’ ਵਾਲਾ ਪਲ ਸੀ। ਇਹ ਹੁਣ ਮੇਰੀ ਸ਼ਨਾਖ਼ਤ ਹੋਣੀ ਸੀ। ਗੁਜਰਾਤ ਵਿਚ ਅਮਰੀਕਾ ਤੋਂ ਕੋਈ ਫਿਲਮ ਬਣਾਉਣ ਆਈ ਇਕ ਫਿਲਮਸਾਜ਼। ਫੁਰਨਾ ਬਹੁਤ ਅਭਿਲਾਸ਼ੀ ਸੀ, ਪਰ ਇਸਦੇ ਵਿਵਹਾਰਕ ਹੋਣ ਦੀ ਸੰਭਾਵਨਾ ਅਜੇ ਸੰਭਾਵਨਾ ਦੇ ਦਾਇਰੇ ਵਿਚ ਹੀ ਸੀ।
ਅਗਲੇ ਕੁਝ ਦਿਨ ਮੈਂ ਕਾਨਜ਼ਰਵੇਟਰੀ ਦੇ ਕੰਮ, ਇਸਦੇ ਵਿਦਿਆਰਥੀਆਂ, ਇਸ ਵੱਲੋਂ ਜੋ ਫਿਲਮਾਂ ਬਣਾਈਆਂ ਗਈਆਂ ਸਨ ਉਨ੍ਹਾਂ ਦਾ ਮੁਤਾਲਿਆ ਕਰਦਿਆਂ ਅਤੇ ਗੁਜਰਾਤ ਬਾਰੇ ਜੋ ਫਿਲਮਾਂ ਬਣੀਆਂ ਸਨ ਤੇ ਉਨ੍ਹਾਂ ਵਿਚ ਜਿਨ੍ਹਾਂ ਵਿਸ਼ਾ ਵਸਤੂ ਉਪਰ ਕੇਂਦਰਤ ਕੀਤਾ ਗਿਆ ਸੀ ਉਨ੍ਹਾਂ ਬਾਰੇ ਖੋਜ ਕਰਦਿਆਂ ਗੁਜ਼ਾਰੇ। ਆਖਿਰਕਾਰ, ਮੈਂ ਫਿਲਮ ਦਾ ਵਿਸ਼ਾ ਵਸਤੂ ਖੁੱਲ੍ਹਾ ਛੱਡ ਲਿਆ, ਇਹ ਸੋਚ ਕੇ ਕਿ ਜਿਨ੍ਹਾਂ ਕਿਰਦਾਰਾਂ ਨੂੰ ਮੈਂ ਫਿਲਮ ਦੀ ਕਹਾਣੀ ਵਿਚ ਮਿਲਾਂਗੀ ਇਹ ਉਨ੍ਹਾਂ ਦੇ ਹੁੰਗਾਰੇ ‘ਤੇ ਮੁਨੱਸਰ ਹੋਵੇਗਾ ਜਿਸਦੀ ਅਜੇ ਪਟ ਕਥਾ ਕੋਈ ਨਹੀਂ। ਮੈਨੰ ਕੋਈ ਨਾਂ ਤਾਂ ਰੱਖਣਾ ਹੀ ਪੈਣਾ ਸੀ। ਕੋਈ ਐਸ ਜੋ ਨਿੱਘ ਵਾਲਾ ਤੇ ਰੂੜ੍ਹੀਵਾਦੀ ਵੀ ਹੋਵੇ ਅਤੇ ਇਹ ਐਸਾ ਤਕੜਾ ਪੈਗ਼ਾਮ ਵੀ ਦਿੰਦਾ ਹੋਵੇ ਜੋ ਇਸ ਲਈ ਜ਼ਰੂਰੀ ਸੀ।

pic-gujrat
ਮੈਂ ਇਹ ਇਕਬਾਲ ਕਰ ਦੇਵਾਂ ਕਿ ਫਿਲਮਾਂ ਦੇਖਣ ਦੀ ਰੁਚੀ ਇਥੇ ਮੇਰੇ ਬਹੁਤ ਕੰਮ ਆਈ। ਮੈਂ ਹਿੰਦੀ ਫਿਲਮਾਂ ਦੇਖਣ ਦੀ ਸ਼ੌਕੀਨ ਹਾਂ ਅਤੇ ਮੈਨੂੰ ਚੇਤੇ ਹੈ ਓਦੋਂ ਮੈਂ ਜੋ ਫਿਲਮਾਂ ਦੇਖੀਆਂ ਉਨ੍ਹਾਂ ਵਿਚੋਂ ਇਕ ਸੀ ਰਾਜਕੁਮਾਰ ਸੰਤੋਸ਼ੀ ਦੀ ‘ਲੱਜਾ’। ਇਹ ਮੈਂ ਦਿੱਲੀ ਤੋਂ ਮੁੰਬਈ ਦੇ ਇਕ ਹਵਾਈ ਸਫ਼ਰ ਦੌਰਾਨ ਦੇਖੀ ਸੀ। ਫਿਲਮ ਦੇ ਜ਼ਬਰਦਸਤ ਔਰਤ ਕਿਰਦਾਰ ਇਸਦੇ ਮੰਡੀਕਰਨ ਦੀ ਰਣਨੀਤੀ ‘ਚੋਂ ਲਏ ਗਏ ਸਨ, ਮਾਧੁਰੀ ਦੀਕਸ਼ਤ ਅਤੇ ਮਨੀਸ਼ਾ ਕੋਇਰਾਲਾ ਸਮੇਤ ਇਸ ਦੀਆਂ ਮੁੱਖ ਅਭਿਨੇਤਰੀਆਂ ਦੇ ਕਲਾ ਦੇ ਜੌਹਰ ਇਸ ਪੱਖ ਨੂੰ ਹੋਰ ਮਜ਼ਬੂਤ ਕਰਦੇ ਸਨ। ਫਿਲਮ ਵਿਚ, ਕੋਇਰਾਲਾ ਨੇ ‘ਮੈਥਿਲੀ’ ਨਾਂ ਦਾ ਕਿਰਦਾਰ ਨਿਭਾਇਆ ਜੋ ਹਿੰਦੁਸਤਾਨੀ ਔਰਤਾਂ ਦੀਆਂ ਜ਼ਿੰਦਗੀਆਂ ਅਤੇ ਜਾਤ ਜਿਨਸੀ ਜਬਰ ਨੂੰ ਸਾਹਮਣੇ ਲਿਆਉਂਦਾ ਸੀ। ਮੈਥਿਲੀ ਭਗਵਾਨ ਰਾਮ ਦੀ ਪਤਨੀ ਸੀਤਾ ਦਾ ਨਾਂ ਵੀ ਸੀ। ਨਾਂ ਐਸਾ ਟੁਣਕਵਾਂ ਸੀ ਕਿ ਇਹੀ ਪੱਕਾ ਹੋ ਗਿਆ। ਫਿਰ ਮੈਂ ਐਸੇ ਉਪ ਨਾਂ ਦੀ ਤਲਾਸ਼ ਕਰਨ ਲੱਗੀ ਜੋ ਆਮ ਵੀ ਹੋਵੇ ਅਤੇ ਜੋ ਬ੍ਰਾਹਮਣ ਜਾਂ ਦਲਿਤ ਦਰਜੇ ਨੂੰ ਦਰਸਾਉਂਦੀ ਕਿਸੇ ਤਰ੍ਹਾਂ ਦੀ ਹੈਂਕੜਬਾਜ਼ੀ ਦਾ ਸੰਕੇਤ ਵੀ ਨਾ ਹੋਵੇ, ਉਸ ਵਿਚੋਂ ‘ਮੈਥਿਲਾ ਤਿਆਗੀ’ ਦਾ ਜਨਮ ਹੋਇਆ। ਮੇਰਾ ਵਿਜ਼ਟਿੰਗ ਕਾਰਡ ਇੰਝ ਹੈ: ਮੈਥਿਲੀ ਤਿਆਗੀ, ਇੰਡੀਪੈਂਡੈਂਟ ਫਿਲਮਮੇਕਰ, ਅਮੈਰੀਕਨ ਫਿਲਮ ਇੰਸਟੀਚਿਊਟ ਕਾਨਜ਼ਰਵੇਟਰੀ।
ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਗੁਜਰਾਤ ਲਈ ਮੁੜ ਰਵਾਨਾ ਹੁੰਦੀ, ਮੈਨੂੰ ਇਕ ਕਾਬਿਲ ਸਹਿਯੋਗੀ ਦੀ ਲੋੜ ਸੀ ਜੋ ਛੇਤੀ ਹੀ ਮੇਰੇ ਨਾਲ ਆ ਜੁੜਿਆ ਅਤੇ  ਜਿਸਦੀ ਮੌਜੂਦਗੀ ਦਾ ਮੇਰੀ ਜ਼ਿੰਦਗੀ ਉਪਰ ਡੂੰਘਾ ਅਸਰ ਹੋਵੇਗਾ। ਮਾਈਕ (ਨਾਂ ਬਦਲਿਆ ਹੋਇਆ) ਫਰਾਂਸ ਵਿਚ ਸਾਇੰਸ ਦਾ ਵਿਦਿਆਰਥੀ ਸੀ ਜੋ ਵਿਦਿਆਰਥੀਆਂ ਦੇ ਆਦਾਨ ਪ੍ਰਦਾਨ ਪ੍ਰੋਗਰਾਮ ਤਹਿਤ ਹਿੰਦੁਸਤਾਨ ਆਇਆ ਹੋਇਆ ਸੀ। ਮਾਈਕ ਹਿੰਦੁਸਤਾਨ ਵਿਚ ਰਹਿ ਕੇ ਹਿੰਦੁਸਤਾਨੀ ਪੱਤਰਕਾਰਾਂ ਨਾਲ ਕੰਮ ਕਰਨਾ ਚਾਹੁੰਦਾ ਸੀ। ਮੈਂ ਆਪਣੇ ਵੱਲੋਂ ਕੀਤੀ ਜਾਣ ਵਾਲੀ ਛਾਣਬੀਣ ਦੀ ਕੋਈ ਤਫ਼ਸੀਲ ਦਿੱਤੇ ਬਗ਼ੈਰ, ਪਰ ਸੰਭਵ ਹੱਦ ਤਕ ਈਮਾਨਦਾਰ ਰਹਿਣ ਦੀ ਵਾਹ ਲਾਉਂਦੇ ਹੋਏ ਉਸ ਨੂੰ ਮੇਲ ਕੀਤੀ।
ਮੈਂ ਉਸਨੂੰ ਦਸਿਆ ਕਿ ਮੈਨੂੰ ਇਕ ਗ਼ੈਰ ਹਿੰਦੁਸਤਾਨੀ ਸਾਥੀ ਦੀ ਜ਼ਰੂਰਤ ਸੀ ਜੋ ਮੇਰੇ ਨਾਲ ਫਿਲਮ ਉਪਰ ਕੰਮ ਕਰਨ ਦਾ ਢੌਂਗ ਰਚ ਸਕੇ। ਇਹ, ਮੈਂ ਉਸਨੂੰ ਦਸਿਆ, ਇਕ ਲੰਮੀ ਚੌੜੀ, ਬਹੁਤ ਹੀ ਸੰਵੇਦਨਸ਼ੀਲ ਛਾਣਬੀਣ ਦਾ ਹਿੱਸਾ ਹੋਵੇਗਾ। ਮੈਂ ਉਸਨੂੰ ਚੇਤਾਵਨੀ ਵੀ ਦੇ ਦਿੱਤੀ ਕਿ ਮਾਈਕ ਜਾਣਕਾਰੀ ਦੀ ਤਫ਼ਸੀਲ ਦਾ ਹਮਰਾਜ਼ ਨਹੀਂ ਹੋਵੇਗਾ। ਉਹ ਤਾਂ ਬਸ ਮੇਰੀ ਸ਼ਨਾਖ਼ਤ ਨੂੰ ਪ੍ਰਮਾਣਿਕ ਬਣਾਉਣ ਲਈ ਇਕ ‘ਫਿਰੰਗੀ, ਗੋਰਾ’ ਚਿਹਰਾ ਹੋਵੇਗਾ।
ਆਪਣੇ ਨਵੇਂ ਵਿਜ਼ਿਟਿੰਗ ਕਾਰਡਾਂ, ਗੂੜ੍ਹੇ ਸਲੇਟੀ ਲੈਂਜਾਂ ਦੇ ਜੋੜੇ, ਵਾਲ ਸਿੱਧੇ ਕਰਨ ਵਾਲਾ ਚਿਪਟਾ, ਸਿਰ ‘ਤੇ ਬੰਨ੍ਹਣ ਲਈ ਰੰਗ ਬਰੰਗੇ ਰੁਮਾਲਾਂ ਨਾਲ ਲੈਸ ਹੋ ਕੇ ਮੈਂ ਹਵਾਈ ਉਡਾਣ ਰਾਹੀਂ ਅਹਿਮਦਾਬਾਦ ਆ ਗਈ। ਮਾਈਕ ਨੇ ਦੋ ਦਿਨ ਬਾਅਦ ਆਉਣਾ ਸੀ। ਮੈਂ ਤੁਰੰਤ ਮੈਥਲੀ ਤਿਆਗੀ ਦੇ ਨਾਂ ‘ਤੇ ਨਵਾਂ ਸਿਮ ਕਾਰਡ ਖਰੀਦ ਲਿਆ। ਮੈਂ ਹੈਰਾਨ ਸੀ ਕਿ ਅਹਿਮਦਾਬਾਦ ਵਿਚਲੇ ਆਪਣੇ ਕਥਿਤ ‘ਸਰਪ੍ਰਸਤ ਪਰਿਵਾਰ’ ਵੱਲੋਂ ਜੁਟਾਏ ਦਸਤਾਵੇਜ਼ਾਂ ਦੀ ਮਦਦ ਨਾਲ ਮੈਂ ਕਿੰਨੀ ਅਸਾਨੀ ਨਾਲ ਇਹ ਹਾਸਲ ਕਰ ਲਿਆ ਸੀ। ਛਾਣਬੀਣ ਦਾ ਕੰਮ ਲੰਮਾ ਸਮਾਂ ਚਲਣਾ ਸੀ। ਇਕ ਆਲੀਸ਼ਾਨ ਹੋਟਲ ਵਿਚ ਰਹਿਣ ਦਾ ਸ਼ਾਹੀ ਖਰਚਾ ਨਾ ਮੈਂ ਦੇ ਸਕਦੀ ਸੀ ਅਤੇ ਨਾ ਮੇਰੀ ਸੰਸਥਾ। ਮੈਂ ਇਕ ਸੰਘਰਸ਼ਸ਼ੀਲ ਫਿਲਮਸਾਜ਼ ਦਾ ਕਿਰਦਾਰ ਵੀ ਤਾਂ ਨਿਭਾ ਰਹੀ ਸੀ। ਜਿਸਦੇ ਵਿਤੀ ਵਸੀਲੇ ਵੀ ਸੀਮਤ ਹੀ ਸਨ। ਇਸ ਤਰ੍ਹਾਂ ਦੇ ਰੈਣ ਬਸੇਰੇ ਦਾ ਇੰਤਜ਼ਾਮ ਕੋਈ ਸਥਾਨਕ ਬੰਦਾ ਹੀ ਕਰ ਸਕਦਾ ਸੀ। ਇਸ ਵਕਤ ਮੇਰਾ ਇਕ ਕਲਾਕਾਰ ਮਿੱਤਰ ਮੇਰੇ ਕੰਮ ਆਇਆ ਜਿਸ ਦੇ ਅਹਿਮਦਾਬਾਦ ਦੇ ਸਾਹਿਤਕ ਅਤੇ ਸਭਿਆਚਾਰਕ ਹਲਕਿਆਂ ਨਾਲ ਚੰਗੇ ਸਬੰਧ ਸਨ। ਉਹ ਐਨਾ ਦਿਆਲੂ ਸੁਭਾਅ ਦਾ ਸੀ ਕਿ ਬਹੁਤੇ ਸਵਾਲ ਵੀ ਨਹੀਂ ਪੁੱਛਦਾ ਸੀ। ਇਹ ਤੱਥ ਕਿ ਮੈਂ ਹੀ ਉਹ ਪੱਤਰਕਾਰ ਸੀ ਜਿਸਦੀ ਛਾਣਬੀਣ ਨੇ ਗੁਜਰਾਤ ਦੇ ਗ੍ਰਹਿ ਮੰਤਰੀ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰਾਇਆ ਸੀ ਉਸ ਲਈ ਆਪਣਾ ਰਸੂਖ਼ ਇਸਤੇਮਾਲ ਕਰਕੇ ਇਕ ਵਿਦਿਅਕ ਸੰਸਥਾ, ਨਹਿਰੂ ਫਾਊਂਡੇਸ਼ਨ ਵਿਖੇ ਰੈਣ-ਬਸੇਰਾ ਹਾਸਲ ਕਰਨ ‘ਚ ਮੇਰੀ ਮਦਦ ਕਰਨ ਲਈ ਕਾਫ਼ੀ ਸੀ।
ਫਾਊਂਡੇਸ਼ਨ ਵਿਚ ਹੋਸਟਲ ਦੀ ਵਾਰਡਨ ਨਾਲ ਮੇਰਾ ਤੁਆਰਫ਼ ਇਕ ਫਿਲਮਸਾਜ਼ ਵਜੋਂ ਕਰਾਇਆ ਗਿਆ ਜਿਸ ਨੇ ਇਕੇਰਾਂ ਮੇਰੇ ‘ਤੇ ਨਜ਼ਰ ਮਾਰੀ ਅਤੇ ਫਿਰ ਮੇਰੀ ਮਦਦ ਕਰਨ ਲਈ ਆਏ ਦੋਸਤ ਨਾਲ ਗੱਲੀਂ ਜੁੱਟ ਗਈ। ਮੈਂ 250 ਰੁਪਏ ਰੋਜ਼ਾਨਾ ਕਿਰਾਏ ਉਪਰ ਆਪਣੇ ਲਈ ਇਕ 250 ਵਰਗ ਫੁੱਟ ਦਾ ਕਮਰਾ ਲੈਣ ਵਿਚ ਕਾਮਯਾਬ ਹੋ ਗਈ ਸੀ ਜਿਸਦੇ ਅੰਦਰ ਹੀ ਗੁਸਲਖ਼ਾਨਾ ਬਣਿਆ ਹੋਇਆ ਸੀ। ਜਿਵੇਂ ਕਿ ਵਾਪਰਦਾ ਹੈ, ਹੋਸਟਲ ਵਿਖੇ ਰਹਿਣ ਵਾਲੇ ਮੇਰੇ ਨਾਲ ਦੇ ਕਿਰਾਦੇਦਾਰਾਂ ਨੇ ਮੇਰੀ ਛਾਣਬੀਣ ਵਿਚ ਅਹਿਮ ਕਿਰਦਾਰ ਨਿਭਾਏ। ਉਹ ਯੂਰਪ ਦੇ ਵੱਖੋ ਵੱਖਰੇ ਹਿੱਸਿਆ-ਜਰਮਨੀ, ਗ੍ਰੀਨਲੈਂਡ ਅਤੇ ਲੰਦਨ- ਤੋਂ ਵਿਦਿਆਰਥੀ ਸਨ।
ਮਾਣਿਕ ਭਾਈ (ਜਾਅਲੀ ਨਾਂ), ਹੋਸਟਲ ਦਾ ਡੀਨ ਜਾਂ ਮੈਨੇਜਰ, ਮੇਰਾ ਪਹਿਲਾ ਵਾਕਫ਼ਕਾਰ ਸੀ। ‘ਮੈਡਮ ਇਥੇ ਗੁਰਜਾਤ ਬਾਰੇ ਇਕ ਫਿਲਮ ਬਣਾਉਣ ਲਈ ਆਈ ਹੋਈ ਏ’ ਮੇਰਾ ਉਸ ਨਾਲ ਤੁਆਰਫ਼ ਇੰਝ ਕਰਾਇਆ ਗਿਆ। ‘ਬਹੁਤ ਖੂ ਮਾਣਿਕ ਭਾਈ ਬੋਲੇ। ‘ਕ੍ਰਿਪਾ ਕਰਕੇ ਮੇਰੇ ਸ਼ਹਿਰ ਅਤੇ ਸਾਡੇ ਸੀ ਐੱਮ ਬਾਰੇ ਚੰਗੀਆਂ ਗੱਲਾਂ ਦੱਸਣਾ। ਇਹ ਅਹਿਮਦਾਬਾਦ ਇਕ ਖੂਬਸੂਰਤ ਸ਼ਹਿਰ ਹੈ,’ ਉਸਨੇ ਇਕੋ ਸਾਹ ਮੈਨੂੰ ਪੂਰੇ ਸ਼ਹਿਰ ਦੀ ਝਲਕ ਪੇਸ਼ ਕਰਿਦਆਂ ਦਸਿਆ। ਮੇਰੇ ਕਮਰੇ ਵਿਚ ਇਕਹਿਰੇ ਬੈੱਡ, ਲਿਖਣ ਲਈ ਮੇਜ਼ ਅਤੇ ਕਿਤਾਬਾਂ ਰੱਖਣ ਵਾਲੇ ਸਟੈਂਡ ਲਈ ਚੋਖੀ ਜਗ੍ਹਾ ਸੀ। ਪਰ ਹੋਸਟਲ ਦੀ ਲੋਕੇਸ਼ਨ ਥਾਂ ਦੀ ਘਾਟ ਪੂਰੀ ਕਰਦੀ ਸੀ। ਗੁਜਰਾਤ ਦੇ ਇਕ ਸ਼ਾਹੀ ਅਤੇ ਕੇਂਦਰੀ ਇਲਾਕਿਆਂ ਵਿਚ ਸਥਿਤ ਇਹ ਥਾਂ ਅਗਲੇ ਛੇ ਮਹੀਨਿਆਂ ਲਈ ਆਪਣੇ ਘਰ ਤੋਂ ਦੂਰ ਮੇਰਾ ਘਰ ਹੋਵੇਗੀ।
ਅਗਲੀ ਸਵੇਰ ਮਾਈਕ ਆ ਗਿਆ, 19 ਸਾਲ ਦਾ ਚਮਕਦੇ ਰੰਗ ਦਾ ਉੱਚਾ ਲੰਮਾ ਉਗੜ-ਦੁਗੜੇ ਵਾਲਾਂ ਵਾਲਾ ਹਸਮੁੱਖ ਫਰਾਂਸੀਸੀ ਮੂੰਡਾ। ਮੈਂ ਉਸਨੂੰ ਆਪਣੇ ਦੋਸਤ ਦੇ ਘਰ ਮਿਲੀ ਜਿਥੇ ਮੈਂ ਉਸਨੂੰ ਆਪਣੇ ਨਾਲ ਹੋਸਟਲ ਲਿਆਉਣ ਤੋਂ ਪਹਿਲਾਂ ਉਸ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ਸਮਝਾ ਦਿੱਤੀ।
ਮਾਣਿਕ ਭਾਈ ਨੇ ਅਗਲੇ ਇਕ ਮਹੀਨੇ ਲਈ ਮੇਰੇ ਨਾਲ ਵਾਲਾ ਕਮਰਾ ਮਾਈਕ ਨੂੰ ਦੇਣ ਲਈ ਖੂਬ ਦਿਆਲਤਾ ਦਿਖਾਈ। ਇਹ ਪ੍ਰਤੱਖ ਸੀ ਕਿ ਮਾਈਕ ਦੇ ‘ਕੈੱਮਛੂ’ ਦੇ ਉਸ ਉਪਰ ਪਾਏ ਪ੍ਰਭਾਵ ਨੇ ਵੀ ਇਸ ਵਿਚ ਆਪਣੀ ਭੂਮਿਕਾ ਨਿਭਾਈ ਸੀ। ਮਾਈਕ ਸਿਖਾਂਦਰੂ ਸੀ, ਹੋਰ ਸੰਸਕ੍ਰਿਤੀਆਂ ਨੂੰ ਘੋਖਣ ਅਤੇ ਸਮਝਣ ਨਾਲ ਉਸ ਨੂੰ ਬਹੁਤ ਮੋਹ ਸੀ ਪਰ ਖਾਣਾ ਉਸਦੀ ਖ਼ਾਸ ਪਸੰਦ ਸੀ। ਉਸ ਸ਼ਾਮ ਨੂੰ ਸਾਡਾ ਪਹਿਲਾ ਖਾਣਾ ਅਹਿਮਦਾਬਾਦ ਦੇ ਪਕਵਾਨਾਂ ਦੇ ਮਸ਼ਹੁਰ ਥਾਲੀ ਜਾਇੰਟ ਵਿਖੇ ਸੀ। ਜਿਵੇਂ ਮੈਂ ਤੇ ਮਾਈਕ ਹੁਣ ਵੀ ਚੇਤੇ ਕਰਕੇ ਖੁਸ਼ ਹੋ ਲੈਂਦੇ ਹਾਂ ਕਿ ਉਸ ਰਾਤ ਮਾਈਕ ਘੱਟੋ ਘੱਟ ਦੋ ਦਰਜਨ ਪੂਰੀਆਂ ਅਤੇ ਛੇ ਕਟੋਰੇ ਹਲਵੇ ਦੇ ਚੱਟਮ ਕਰ ਗਿਆ ਸੀ ਜੋ ਮੇਰੇ ਲਈ ਬੁਝਾਰਤ ਤੋਂ ਘੱਟ ਨਹੀਂ ਸੀ।
ਜਦੋਂ ਖਾਣਾ ਖਾਣ ਪਿੱਛੋਂ ਅਸੀਂ ਹੋਸਟਲ ਦੀਆਂ ਪੌੜੀਆਂ ਚੜ੍ਹਕੇ ਉਪਰ ਪਹੁੰਚੇ, ਉਸ ਨੇ ਮੈਨੂੰ ਪੁੱਛਿਆ, ‘ਜਦੋਂ ਅਸੀਂ ਇਕੱਲੇ ਹੀ ਹੋਈਏ, ਕੀ ਓਦੋਂ ਮੈਂ ਤੁਹਾਨੂੰ ਰਾਣਾ ਕਹਿਕੇ ਬੁਲਾ ਸਕਦਾ ਹਾਂ?’
‘ਨਹੀਂ ਬਿਲਕੁਲ ਨਹੀਂ, ਜਦੋਂ ਤਕ ਤੂੰ ਇਸ ਮੁਲਕ ਤੋਂ ਰੁਖ਼ਸਤ ਨਹੀਂ ਹੁੰਦਾ ਮੈਂ ਤੇਰੇ ਲਈ ਮੈਥਿਲੀ ਹੀ ਹੋਵਾਂਗੀ।’ ਮਾਈਕ ਨੇ ਆਪਣਾ ਇਕਰਾਰ ਨਿਭਾਇਆ। ਪੈਰਿਸ ਲਈ ਰਵਾਨਾ ਹੋਣ ਤੋਂ ਪਹਿਲਾਂ ਉਸ ਨੇ ਮੇਰੇ ਲਈ ਜੋ ਅਲਵਿਦਾਈ ਕਾਰਡ ਛੱਡਿਆ ਉਸ ਉਪਰ ਹਿੰਦੀ ਵਿਚ ਇਹ ਇਬਾਰਤ ਲਿਖੀ ਹੋਈ ਸੀ, ‘ਪਿਆਰੀ ਮੈਥਿਲੀ, ਅਪਨਾ ਖ਼ਿਆਲ ਰਖਨਾ-ਮਾਈਕ’।
ਅਸੀਂ ਨਹਿਰੂ ਫਾਊਂਡੇਸ਼ਨ ਵਿਖੇ ਆਪਣੇ ਪਹਿਲੇ ਕੁਝ ਦਿਨ ਆਪਣੀ ਨਵੀਂ ਜਿੰਦੀ ਆਦਤ ਪਾਉਂਦਿਆਂ ਗੁਜ਼ਾਰੇ। ਮਾਈਕ ਆਪਣੇ ਕਮਰੇ ਵਿਚ ਫਰੈਂਚ ਹਿੰਦੀ ਅਨੁਵਾਦ ਦੀ ਕਿਤਾਬ ਲੈ ਕੇ ਬੈਠ ਜਾਂਦਾ, ਨਾਲੇ ਮੈਨੂੰ ਸਵਾਲ ਪੁੱਛਦਾ ਰਹਿੰਦਾ ਅਤੇ ਨਾਲੇ ਮਾਰਕ ਤੁਲੀ ਦੀ ਕਿਤਾਬ ਪੜ੍ਹਦਾ ਰਹਿੰਦਾ। ਉਸ ਦੀ ਉਮਰ ਲਈ, ਮਾਰਕ ਬਹੁਤ ਹੀ ਪੜ੍ਹਿਆ ਲਿਖਿਆ, ਹੂੜ੍ਹਮੱਤੀਆ ਸੀ ਜਿਸ ਕੋਲ ਤਿੱਖਾ, ਵਿਸ਼ਲੇਸ਼ਣੀ ਦਿਮਾਗ ਸੀ। ਉਸ ਤੇਜ਼ੀ ਨਾਲ ਹਰ ਤਫ਼ਸੀਲ ਆਤਮਸਾਤ ਕਰ ਲੈਂਦਾ ਸੀ। ਫਾਊਂਡੇਸ਼ਨ ਵਿਖੇ ਇਕ ਕੈਂਟੀਨ ਸੀ ਜਿਥੇ 25 ਰੁਪਏ ਵਿਚ ਦੁਪਹਿਰ ਦਾ ਖਾਣਾ ਮਿਲ ਜਾਂਦਾ ਸੀ। ਇਥੇ ਬੈਠਿਆਂ ਨੂੰ ਇਮਾਰਤ ਦੇ ਅੰਦਰ ਤਰਾਸ਼ਕੇ ਬਣਾਈਆਂ ਪੌੜੀਆਂ ਅਤੇ ਸੰਸਥਾ ਦਾ ਚਬੂਤਰਾ ਨਜ਼ਰ ਆਉਂਦੇ ਸਨ ਜਿਸ ਤੋਂ ਪਾਰ ਦਿਲਕਸ਼ ਜੰਗਲ ਸੀ। ਹਰੇਕ ਦੁਪਹਿਰ ਨੂੰ ਮੈਂ ਤੇ ਮਾਈਕ ਆਪੋ ਆਪਣੇ ਲੈਪਟਾਪ ਲੈ ਕੇ ਚਬੂਤਰੇ ‘ਤੇ ਜਾ ਬੈਠਦੇ ਅਤੇ ਉਥੇ ਨਾਲੇ ਖਾਣਾ ਖਾਂਦੇ ਤੇ ਨਾਲੇ ਆਪੋ ਆਪਣਾ ਕੰਮ ਕਰੀ ਜਾਂਦੇ। ਉਹ ਮੈਨੂੰ ਪੁੱਛ ਲੈਂਦਾ, ‘ਅੱਛਾ ਮੈਥਿਲੀ, ਕੀ ਵਿਉਂਤ ਬਣਾਈ, ਅਸੀਂ ਕਿਸ ਨੂੰ ਮਿਲਣ ਜਾ ਰਹੇ ਹਾਂ?’ ਅਤੇ ਮੈਂ ਆਪਣੀ ਗੱਲ ਦੁਹਰਾ ਦਿੰਦੀ, ‘ਮੈਂ ਤੈਨੂੰ ਦੱਸ ਦਿਆਂਗੀ, ਜਦੋਂ ਸਹੀ ਵਕਤ ਆਇਆ।’
ਸ਼ਾਮ ਨੂੰ ਮਾਈਕ ਤੇ ਮੈਂ ਆਪੋ ਆਪਣੇ ਕੈਮਰੇ ਚੁੱਕ ਲੈਂਦੇ ਅਤੇ ਸ਼ੂਟ ਕਰਨ ਲਈ ਪੁਰਾਣੇ ਸ਼ਹਿਰ ਵਿਚ ਚਲੇ ਜਾਂਦੇ। ਸਾਡੇ ਦੋਹਾਂ ਨੂੰ ਫੋਟੋਗ੍ਰਾਫ਼ੀ ਦਾ ਸਾਂਝਾ ਸ਼ੌਕ ਸੀ ਅਤੇ ਦੋਹਾਂ ਕੋਲ ਇਕੋ ਜਹੇ ਐੱਸ ਐੱਲ ਆਰ ਕੈਮਰੇ ਸਨ। ਹਾਲਾਂਕਿ ਇਸ ਕਵਾਇਦ ਦਾ ਸਾਡੇ ਫੋਟੋਗ੍ਰਾਫ਼ੀ ਦੇ ਲਗਾਓ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਹ ਸਾਡੇ ਆਪਣੇ ਲਈ ਅਤੇ ਜਿਹੜਾ ਵੀ ਕੋਈ ਸਾਨੂੰ ਦੇਖ ਰਿਹਾ ਹੁੰਦਾ  ਉਸ ਲਈ ਸਾਡੇ ਕਿਰਦਾਰਾਂ ਦੀ ਪ੍ਰਮਾਣਿਕਤਾ ਬਣਾਉਣ ਦੀ ਕਵਾਇਦ ਸੀ। ਜੇ ਅਸੀਂ ਆਹਲਾ ਦਰਜੇ ਦੇ ਅਧਿਕਾਰੀਆਂ ਤਕ ਪਹੁੰਚ ਕਰਨੀ ਸੀ, ਤਾਂ ਲਾਜ਼ਮੀ ਤੌਰ ਤੇ ਸਾਡੇ ਪਿਛੋਕੜ ਦਾ ਪਤਾ ਲਾਇਆ ਜਾਵੇਗਾ ਖ਼ਾਸ ਕਰਕੇ ਉਸ ਥਾਂ ਦਾ ਜਿੱਥੇ ਅਸੀਂ ਠਹਿਰੇ ਹੋਏ ਸੀ। ਅਹਿਮਦਾਬਾਦ ਵਿਚ ਸਾਨੂੰ ਇਕ ਸਮਾਜੀ ਦਾਇਰੇ ਦੀ ਜ਼ਰੂਰਤ ਸੀ ਜੋ ਸਾਡੀਆਂ ਜਾਅਲੀ ਸ਼ਨਾਖ਼ਤਾਂ ਦਾ ਜ਼ਾਮਨ ਬਣ ਸਕੇ। ਮਸ਼ਹੂਰ ਚਿਤਰਕਾਰ ਐੱਮ ਐਫ਼ ਹੁਸੈਨ ਵੱਲੋਂ ਬਣਾਇਆ ਇਤਿਹਾਸਕ ਕਲਾ ਅਜਾਇਬਘਰ, ਅਮਦਾਵਾਦ ਨੀ ਗੁਫਾ, ਸਾਡੇ ਲਈ ਵੱਡਾ ਸਹਾਰਾ ਬਣਿਆ। ਅਜਾਇਬਘਰ ਦੇ ਆਲੇ ਦੁਆਲੇ ਲੰਮਾ ਚੌੜਾ ਪਾਰਕ ਸੀ ਅਤੇ ਇਕ ਕੈਫੇ ਸੀ ਜਿੱਥੇ ਨੌਜਵਾਨਾਂ, ਜ਼ਿਆਦਾਤਰ ਕਲਾਕਾਰ ਅਤੇ ਫੋਟੋਗ੍ਰਾਫਰ, ਨੇ ਡੇਰਾ ਲਾਏ ਗਏ ਸਨ। ਕੋਈ ਗਿਟਾਰ ਵਜਾ ਰਿਹਾ ਸੀ, ਕੋਈ ਆਪਣੀ ਕਲਾਕ੍ਰਿਤ ਦੀ ਨੁਮਾਇਸ਼ ਲਾ ਰਿਹਾ ਸੀ। ਬਾਕੀਆਂ ਵਿਚ ਫਿਲਮਸਾਜ਼ ਬਣਨ ਦੇ ਅਭਿਲਾਸ਼ੀ, ਫੋਟੋਗ੍ਰਾਫ਼ਰ ਅਤੇ ਥੀਏਟਰ ਕਲਾਕਾਰ ਸ਼ਾਮਲ ਸਨ। ਇਸ ਥਾਂ ਆਪਣੀਆਂ ਸ਼ਾਮਾਂ ਦੌਰਾਨ, ਮੈਂ ਬਤੌਰ ਮੈਥਿਲੀ ਜ਼ਿੰਦਗੀ ਨੂੰ ਰੱਜ ਕੇ ਮਾਣਦੀ ਅਤੇ ਇਵੇਂ ਹੀ ਮਾਈਕ ਮਾਣਦਾ।
ਮਾਈਕ ਨੂੰ ਪੁਰਾਣੇ ਗੁਜਰਾਤ ਦਾ ਲਾਲ ਦਰਵਾਜ਼ਾ ਬਹੁਤ ਪਿਆਰਾ ਲੱਗਦਾ ਸੀ। ਹਰ ਜੁੰਮੇ ਨੂੰ ਉਥੇ ਖੁੱਲ੍ਹੀ ਮੰਡੀ ਲੱਗਦੀ ਸੀ। ਫਿਰ ਪਤੰਗ ਬਣਾਉਣ ਵਾਲੇ ਅਤੇ ਬਰਤਨ ਬਣਾਉਣ ਵਾਲੇ ਉਥੇ ਆ ਜੁੜਦੇ। ਉਹ ਕੁਝ ਹੈਰਾਨੀਜਨਕ ਤਸਵੀਰਾਂ ਲੈ ਕੇ ਸ਼ਾਮ ਨੂੰ ਵਾਪਸ ਮੁੜਦਾ ਅਤੇ ਫਿਰ ਆਪਣਾ ਮਨਭਾਉਂਦਾ ਸਵਾਲ ਪਾ ਦਿੰਦਾ, ‘ਅੱਜ ਰਾਤ ਅਸੀਂ ਖਾਣਾ ਕਿਥੇ ਖਾਵਾਂਗੇ?’ ਉਹ ਖਾਣੇ ਦਾ ਸ਼ੁਕੀਨ ਸੀ ਅਤੇ ਗੁਜਰਾਤ ਉਸ ਲਈ ਸਹੀ ਥਾਂ ਸੀ।
ਇਸ ਦੌਰਾਨ ਇਕ ਕਾਰਕੁੰਨ ਦੋਸਤ ਵੱਲੋਂ ਭੇਜੀ ਈ ਮੇਲ ਦੀ ਸ਼ਕਲ ‘ਚ ਮਦਦ ਬਹੁੜ ਪਈ। ਮੈਨੂੰ ਅਫ਼ਸਰਾਂ ਨਾਲ ਕਿਸੇ ਤਰ੍ਹਾਂ ਦਾ ਰਾਬਤਾ ਬਣਾÀਣ ਦੀ ਜ਼ਰੂਰਤ ਸੀ ਅਤੇ ਮੇਰੀ ਸੂਚੀ ਵਿਚ ਪਹਿਲਾਂ ਨਾਂ ਜੀ ਐੱਲ ਸਿੰਘਲ ਦਾ ਸੀ, ਜਿਸ ਨੂੰ ਓਦੋਂ ਗੁਜਰਾਤ ਦੇ ਏ ਟੀ ਐਸ ਦਾ ਵਾਸਤਵਿਕ ਮੁਖੀ ਬਣਾਇਆ ਹੋਇਆ ਸੀ। ਸਿੰਘਲ ਦੀ ਇਸ਼ਰਤ ਜਹਾਂ ‘ਫਰਜ਼ੀ’ ਮੁਕਾਬਲੇ ਦੇ ਮਾਮਲੇ ਵਿਚ ਭੂਮਿਕਾ ਨੂੰ ਲੈ ਕੇ ਜਾਂਚ ਚਲ ਰਹੀ ਸੀ। ਆਪਣੇ ਅਫ਼ਸਰ ਮਿੱਤਰਾਂ ਅਤੇ ਪੱਤਰਕਾਰਾਂ ਤੋਂ ਮੈਨੂੰ ਜਾਣਕਾਰੀ ਮਿਲੀ ਸੀ ਕਿ ਉਸਨੇ ਖ਼ੁਦ ਨੂੰ ਅਲੱਗ ਥਲੱਗ ਕੀਤਾ ਹੋਇਆ ਸੀ, ਉਸਦੇ ਮਿੱਤਰ ਬਹੁਤ ਥੋੜ੍ਹੇ ਸਨ ਅਤੇ ਉਹ ਮੀਡੀਆ ਨੂੰ ਉੱਕਾ ਹੀ ਨਹੀਂ ਮਿਲਦਾ ਸੀ। ਮੈਨੂੰ ਦਸਿਆ ਗਿਆ ਸੀ ਕਿ ਉਹ ਤਕਰੀਬਨ ਹਰ ਕਿਸੇ ਨੂੰ ਲੈ ਕੇ ਸ਼ੱਕੀ ਸੀ। ਫਿਰ ਉਸ ਤਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਸੀ?
ਈ-ਮੇਲ ਵਿਚ ਨਰੇਸ਼ ਅਤੇ ਹਿਤੂ ਕਨੌੜੀਆ ਦੇ ਵੇਰਵੇ ਦਿੱਤੇ ਗਏ ਸਨ, ਦੋਵੇਂ ਗੁਜਰਾਤੀ ਫਿਲਮ ਸਨਅਤ ਦੇ ਹਰਮਨ ਪਿਆਰੇ ਕਲਾਕਾਰ ਸਨ। ਤੱਥ ਇਹ ਸੀ ਕਿ ਨਰੇਸ਼ ਕਨੌੜੀਆ ਗੁਜਰਾਤੀ ਫਿਲਮ ਸਨਅਤ ਦੇ ਅਮਿਤਾਭ ਬਚਨ ਵਜੋਂ ਮਸ਼ਹੂਰ ਸੀ। ਹਿਤੂ ਉਸਦਾ ਬੇਟਾ ਸੀ ਜਿਸ ਨੇ ਦੱਖਣੀ ਮੁੰਬਈ ਤੋਂ ਤਾਲੀਮ ਲਈ ਹੋਈ ਸੀ ਜਿਸਨੇ ਫੈਸਲਾ ਕਰ ਲਿਆ ਸੀ ਕਿ ਹਿੰਦੀ ਫਿਲਮ ਸਨਅਤ ਵਿਚ ਘੁਸਣ ਦੀ ਇੰਤਜ਼ਾਰ ਕਰਨ ਨਾਲੋਂ ਆਪਣੇ ਬਾਪ ਦੇ ਨਕਸ਼ੇ-ਕਦਮਾਂ ‘ਤੇ ਤੁਰਨਾ ਜ਼ਿਆਦਾ ਸਮਝਦਾਰੀ ਹੋਵੇਗੀ।
ਮੇਲ ਵਿਚ ਮੈਨੂੰ ਦਸਿਆ ਗਿਆ ਕਿ ਕਨੌੜੀਏ ਪੱਛੜੇ ਵਰਗ ਵਿਚੋਂ ਸਨ ਅਤੇ ਸਿੰਘਲ ਸਮੇਤ ਉਨ੍ਹਾਂ ਦਾ ਬਹੁਤ ਸਾਰੇ ਅਧਿਕਾਰੀਆਂ ਨਾਲ ਵਧੀਆ ਮੇਲਜੋਲ ਸੀ, ਜੋ ਕਿ ਦਲਿਤ ਸੀ। ਉਤਸ਼ਾਹੀ ਹੋ ਕੇ, ਮੈਂ ਨਰੇਸ਼ ਕਨੌੜੀਆ ਨੂੰ ਫ਼ੋਨ ਕੀਤਾ ਜਿਸਨੇ ਮੈਨੂੰ ਅਗਲੀ ਸਵੇਰ ਅਹਿਮਦਾਬਾਦ ਦੇ ਜਿੰਮਖ਼ਾਨੇ ਆ ਕੇ ਮਿਲਣ ਲਈ ਕਿਹਾ। ਜਦੋਂ ਮੈਂ ਉਥੇ ਜਾ ਕੇ ਉਸ ਨੂੰ ਮਿਲੀ ਉਸਨੇ ਕੁਝ ਵੀ ਮੇਰੇ ਪੱਲੇ ਨਾ ਪਾਇਆ। ਜਦੋਂ ਮੈਂ ਆਪਣੇ ਅੰਗਰੇਜ਼ੀ ਘੋਟਣ ਦੇ ਮੁਹਾਰਤ ਵਾਲੇ ਅੰਦਾਜ਼ ਵਿਚ ਉਸ ਨਾਲ ਗੱਲ ਕੀਤੀ ਤਾਂ ਉਸ ਦਾ ਚਿਹਰਾ ਉਕਾ ਹੀ ਭਾਵਹੀਣ ਨਜ਼ਰ ਆਇਆ। ਉਹ ਮੂੰਹ ਭੁਆ ਕੇ ਸ਼ੀਸ਼ਾ ਦੇਖਣ ਲੱਗਿਆ, ਆਪਣੇ ਵਾਲਾਂ ਵਿਚ ਕੰਘੀ ਫੇਰੀ ਅਤੇ ਫਿਰ ਬੇਲਾਗਤਾ ਨਾਲ ਬੋਲਿਆ, ‘ਬੇਨ, ਹਿੰਦੀ ਮੇਂ ਬੋਲੋ ਨਾ ਔਰ ਥੋੜ੍ਹਾ ਆਹਿਸਤਾ ਬੋਲੋ, ਬਹੁਤ ਫਾਸਟ ਹੋ ਤੁਮ।’
ਜ਼ਾਹਿਰ ਸੀ ਮੇਰੇ ਤੋਂ ਚੰਗੀ ਤਰ੍ਹਾਂ ਤਿਆਰੀ ਨਹੀਂ ਕੀਤੀ ਗਈ ਸੀ। ਅਗਲੇ ਕੁਝ ਘੰਟੇ ਮੈਂ ਉਸ ਨੂੰ ਆਪਣੀ ਫਿਲਮ ਦੇ ਵਿਸ਼ਾ ਵਸਤੂ ਦੀ ਵਿਆਖਿਆ ਕਰਨ ਉਪਰ ਗੁਜ਼ਾਰੇ ਮੈਂ ਉਸਨੂੰ ਦਸਿਆ ਕਿ ਮੈਂ ਗੁਜਰਾਤ ਦੇ ਉਨ੍ਹਾਂ ਪਹਿਲੂਆਂ ਬਾਰੇ ਫਿਲਮ ਬਣਾਉਣਾ ਚਾਹੁੰਦੀ ਸੀ ਜੋ ਬਹੁਤ ਘੱਟ ਜਾਣੇ ਜਾਂਦੇ ਸਨ। ਮਸਲਨ, ਗੁਜਰਾਤੀ ਫਿਲਮ ਸਨਅਤ ਅਤੇ ਗੁਜਰਾਤ ਦੇ ਜੋ ਕਲਾਕਾਰ ਪੱਛੜੇ ਵਰਗ ਤੋਂ ਆਏ ਉਨ੍ਹਾਂ ਨੇ ਕਿਵੇਂ ਤਰੱਕੀ ਕੀਤੀ ਸੀ। ਹੁਣ ਮੈਨੂੰ ਉਸਦੀਆਂ ਅੱਖਾਂ ਵਿਚ ਚਮਕ ਨਜ਼ਰ ਆਉਣ ਲੱਗੀ। ਇਕ ਐਸੇ ਬੰਦੇ ਲਈ, ਜੋ ਖ਼ੁਦ ਨੂੰ ‘ਸਟਾਰ’ ਸਮਝਦਾ ਸੀ, ਪਰ ਜਿਸਦੀ ਆਪਣੀ ਕਾਮਯਾਬੀ ਉਸਦੇ ਆਪਣੇ ਹੀ ਸੂਬੇ ਵਿਚ ਹਿੰਦੀ ਫਿਲਮਾਂ ਦੀ ਮਕਬੂਲੀਅਤ ਨਾਲ ਫਿੱਕੀ ਪੈ ਗਈ ਸੀ, ਇਕ ‘ਵਲੈਤਣ’ ਫਿਲਮਸਾਜ਼ ਵੱਲੋਂ ਉਸਦੇ ਕੰਮ ਨੂੰ ਪ੍ਰਵਾਨਗੀ ਦਿੱਤੇ ਜਾਣ ਦਾ ਓੜਕ ਉਹ ਪ੍ਰਭਾਵ ਪੈ ਹੀ ਗਿਆ ਜੋ ਮੈਂ ਚਾਹੁੰਦੀ ਸੀ।
ਅਗਲੇ ਦਿਨ, ਮੈਂ ਸੌ ਕਿਲੋਮੀਟਰ ਦਾ ਸਫ਼ਰ ਕਰਕੇ ਉਸ ਪਿੰਡ ਵਿਚ ਜਾਣਾ ਸੀ ਜਿਥੇ ਕਨੌੜੀਆ ਚਾਹੁੰਦਾ ਸੀ ਕਿ ਮੈਂ ਉਸਦੀ ਇੰਟਰਵਿਉ ਕਰਾਂ ਅਤੇ ਫਿਲਮ ਦੇ ਸੈੱਟ ਉਪਰ ਉਸਦੇ ਸਟੰਟ ਦੇਖਾਂ। ਜਦੋਂ ਉਸ ਨੂੰ ਮਿਲਣ ਤੋਂ ਬਾਅਦ ਮੈਂ ਆਪਣੇ ਕਮਰੇ ਵਿਚ ਵਾਪਸ ਮੁੜੀ, ਤਾਂ ਆਪਣੀ ਕਵਾਇਦ ਦੀ ਵਿਅਰਥਤਾ ਨੂੰ ਲੈ ਕੇ ਹੈਰਾਨ ਪ੍ਰੇਸ਼ਾਨ ਹੋਈ ਬਿਸਤਰੇ ‘ਤੇ ਬੈਠ ਗਈ। ਹੱਥਲੇ ਕੰਮ ਵਿਚ ਜ਼ੋਖਮ ਬਹੁਤ ਜ਼ਿਆਦਾ ਸੀ ਪਰ ਇਕੋ ਇਕ ਰਸਤਾ ਵੀ ਤਾਂ ਇਹੀ ਸੀ। ਆਪਣੇ ਐੱਸ ਐੱਲ ਆਰ ਕੈਮਰੇ ਅਤੇ ਨੋਟਸ ਲੈ ਕੇ, ਅਗਲੀ ਸਵੇਰ ਜਦੋਂ ਮੈਂ ਕਮਰੇ ਵਿਚੋਂ ਨਿਕਲੀ ਤਾਂ ਮਾਈਕ ਨੇ ਟੋਕਿਆ। ‘ਤੂੰ ਲੈਂਜ ਨਹੀਂ ਲਗਾਏ।’ ਮੈਂ ਅਜੇ ਆਪਣੇ ਨਵੇਂ ਰੂਪ ਦੀ ਆਦਤ ਸਿੱਖ ਰਹੀ ਸੀ।
ਫਿਲਮ ਦਾ ਸੈੱਟ ਸ਼ਹਿਰ ਦੀ ਫਿਰਨੀ ਉੱਪਰਲੇ ਇਕ ਪਿੰਡ ਵਿਚ ਬਣਾਇਆ ਗਿਆ ਸੀ ਜਿਥੇ ਨਜ਼ਾਰਾ ਦੇਖਣ ਲਈ ਹਜ਼ਾਰਾਂ ਲੋਕ ਜੁੜੇ ਹੋਏ ਸਨ। ਕਨੌੜੀਆ ਦੇ ਬੇਟੇ ਹਿਤੂ, ਜੋ ਅਸਲ ਵਿਚ ਬੁੜ੍ਹਕਦਾ ਫਿਰਦਾ ਦੱਖਣੀ ਮੁੰਬਈ ਕਾਲਜੀਏਟ ਸੀ, ਨੇ ਕੈਦੀ ਦੀ ਪੁਸ਼ਾਕ ਪਾਈ ਹੋਈ ਸੀ ਜਦਕਿ ਉਸਦਾ ਬਾਪ ਇਕ ਪੁਲਸੀਏ ਦੀ ਭੂਮਿਕਾ ਵਿਚ ਸੀ।
ਮੈਨੂੰ ਬੈਠ ਕੇ ਸ਼ੂਟਿੰਗ ਦੇਖਣ ਲਈ ਕੁਰਸੀ ਦਿੱਤੀ ਗਈ। ਮੈਂ ਨੋਟਸ ਲਿਖਣ ਅਤੇ ਘਟਨਾਕ੍ਰਮ ਦੀਆਂ ਤਸਵੀਰਾਂ ਲੈਣ ਦੇ ਆਹਰ ਵਿਚ ਤਨਦੇਹੀ ਨਾਲ ਜੁੱਟੀ ਰਹੀ। ਮੈਂ ਉਥੇ ਐਸੀ ਇਕੱਲੀ ਨਹੀਂ ਸੀ।  ਮੈਂ ਦੇਖਿਆ 30ਵਿਆਂ ਦੇ ਸ਼ੁਰੂ ਦੀ ਉਮਰ ਦਾ ਇਕ ਨੌਜਵਾਨ ਵੀ ਟਰਾਈਪੌਡ ਅਤੇ ਲੈਂਜ ਚੁੱਕੀ ਉਸ ਸਿਲਸਿਲੇ ਦੇ ਕੁਝ ਮਨਮੋਹਕ ਸ਼ਾਟ ਅਤੇ ਤਸਵੀਰਾਂ ਲੈ ਰਿਹਾ ਸੀ। ਸਪਸ਼ਟ ਤੌਰ ‘ਤੇ ਉਹ ਯੂਨਿਟ ਦਾ ਹਿੱਸਾ ਨਹੀਂ ਸੀ। ਜਦੋਂ ਕਨੌੜੀਆ ਨੇ ਮੇਰੇ ਤੇ ਮਾਈਕ ਨਾਲ ਦਸਤਾਵੇਜ਼ੀ ਫੋਟੋਗ੍ਰਾਫ਼ਰ ਦੇ ਤੌਰ ‘ਤੇ ਉਸਦਾ ਤੁਆਰਫ਼ ਕਰਾਇਆ ਤਾਂ ਉਸਨੇ ਸਾਡੇ ਵੱਲ ਬੇਪ੍ਰਵਾਹੀ ਨਾਲ ਤੱਕਿਆ ਅਤੇ ਆਪਣੇ ਫਰੇਮਾਂ ਉਪਰ ਕੰਮ ਕਰਨ ਲਈ ਤੁਰ ਗਿਆ। ਇਹ ਫੋਟੋਗ੍ਰਾਫ਼ਰ ਅਜੇ ਪੰਜਵਾਨੀ ਸੀ (ਅਸਲ ਨਾਂ ਨਹੀਂ) ਜਿਸ ਨਾਲ ਮੈਂ ਅਜੀਬ ਦੋਸਤੀ ਬਣਾ ਲੈਣੀ ਸੀ; ਇਕ ਦੋਸਤੀ ਜੋ ਮੈਂ ਆਪਣੀ ਅਸਲ ਸ਼ਨਾਖ਼ਤ ਨਾਲ ਕਦੇ ਵੀ ਬਣਾ ਨਾ ਪਾਉਂਦੀ, ਇਕ ਦੋਸਤੀ ਜਿਸਦੀ ਬੁਨਿਆਦ ਧੋਖਾ ਸੀ, ਪਰ ਮੈਥਿਲੀ ਨੂੰ ਉਸ ਅੱਡੇ ਦੀ ਜ਼ਰੂਰਤ ਸੀ।
ਸਾਡੇ ਅਗਲੇ ਕੁਝ ਦਿਨ ਕਨੌੜੀਆ ਦੇ ਸੈੱਟ ‘ਤੇ ਜਾਂਦਿਆਂ, ਗੱਲਬਾਤ ਵਿਚ ਮਸਰੂਫ਼ ਰਹਿੰਦਿਆਂ, ਫਿਲਮ ਦੀਆਂ ਬਾਰੀਕੀਆਂ ਬਾਰੇ ਚਰਚਾ ਕਰਦਿਆਂ, ਅਤੇ ਨਾਲ ਹੀ ‘ਯੂਨਿਟ ਕੀ ਚਾਏ’ ਦੀਆਂ ਚੁਸਕੀਆਂ ਲੈਂਦਿਆਂ ਗੁਜ਼ਰ ਗਏ।
ਅਜੇ ਜੋ ਗੁਜਰਾਤੀ ਫਿਲਮਾਂ ਬਾਰੇ ਆਪਣੀ ਦਸਤਾਵੇਜ਼ੀ ਲਈ ਹਮੇਸ਼ਾ ਸੈੱਟ ਉਪਰ ਬਾਕਾਇਦਗੀ ਨਾਲ ਆਉਂਦਾ ਸੀ ਓੜਕ ਢੈਲਾ ਪੈ ਗਿਆ ਅਤੇ ਫਿਰ ਉਸ ਨੇ ਲੋੜ ਪੈਣ ‘ਤੇ ਮਦਦ ਦੀ ਪੇਸ਼ਕਸ਼ ਵੀ ਕੀਤੀ। ਫਿਲਮ ਦੇ ਸੈੱਟਾਂ ਉਪਰ ਆਪਣੀ ਇਕ ਫੇਰੀ ਦੌਰਾਨ ਹੀ ਮੈਂ ਗੁਜਰਾਤ ਦੇ ਕਿਸੇ ਜਾਣੇ ਪਛਾਣੇ ਪੁਲਿਸ ਅਧਿਕਾਰੀ ਨੂੰ ਮਿਲਣ ਦੀ ਆਪਣੀ ਕੰਮ ਦੀ ਗੱਲ ਤੌਰ ਲਈ, ਖ਼ਾਸ ਕਰਕੇ ਜੋ ਪੱਛੜੀਆਂ ਸ੍ਰਵਿਚੋਂ ਹੋਵੇ। ਮੈਂ ਕਨੌੜੀਆ ਨੂੰ ਦਸਿਆ ਕਿ ਜੇ ਸਬੰਧਤ ਅਧਿਕਾਰੀ ਅਹਿਮ ਪੁਜੀਸ਼ਨ ਰੱਖਦਾ ਹੋਏ, ਬਹਾਦਰੀ ਵਾਲੇ ਕੰਮਾਂ ਵਿਚ ਸ਼ਾਮਲ ਹੋਵੇ ਅਤੇ ਗੁਜਰਾਤ ਬਨਾਮ ਸੁਰੱਖਿਆ ਨਾਲ ਉਸਦਾ ਕੋਈ ਨਾ ਕੋਈ ਲਾਗਾਦੇਗਾ ਹੋਵੇ ਤਾਂ ਇਸ ਦਾ ਫ਼ਾਇਦਾ ਹੋਵੇਗਾ।
ਆਖ਼ਰੀ ਸਤਰ ਦੇ ਮਨਭਾਉਂਦੇ ਨਤੀਜੇ ਨਿੱਕਲੇ। ‘ਤੁਹਾਨੂੰ ਸ੍ਰੀਮਾਨ ਸਿੰਘਲ ਨੂੰ ਮਿਲਣਾ ਚਾਹੀਦਾ ਹੈ, ਸਾਡੇ ਇਕ ਸਭ ਤੋਂ ਉਮਦਾ ਅਧਿਕਾਰੀ ਨੂੰ ਜਿਸਨੇ ਬਹੁਤ ਸਾਰੇ ਦਹਿਸ਼ਤਗਰਦ ਮਾਰ ਮੁਕਾਏ।’ ਮੈਂ ਆਪਣਾ ਉਤਸ਼ਾਹ ਲੁਕੋਣ ਦੀ ਵਾਹ ਲਾਈ ਅਤੇ ਉਸਦਾ ਨਾਂ ਨੋਟ ਕਰ ਲਿਆ ਜਿਵੇਂ ਕਿਤੇ ਮੈਂ ਉਸਦਾ ਨਾਂ ਪਹਿਲੀ ਦਫ਼ਾ ਸੁਣ ਰਹੀ ਹੋਵਾਂ।
‘ਅੱਛਾ ਸਰ ਇਹ ਅਧਿਕਾਰੀ ਸਿੰਘਲ ਜੀ ਕੀ ਕਰਦੇ ਹਨ, ਉਹ ਕਿਥੇ ਨੌਕਰੀ ਕਰਦੇ ਹਨ?’ ਮੈਂ ਉਸਨੂੰ ਬਹੁਤ ਹੀ ਭੋਲੇਪਣ ਨਾਲ ਪੁੱਛਿਆ। ਅਪਣੇ ਫਿਲਮੀ ਦੋਸਤਾਂ ਤੋਂ ਮੈਨੂੰ ਇਹੀ ਕੁਝ ਤਾਂ ਚਾਹੀਦਾ ਸੀ, ਇਕ ਪੈਰ ਧਰਾ, ਇਕ ਹਵਾਲਾ ਜਿਸ ਨਾਲ ਅਫ਼ਸਰਾਂ ਨੂੰ ਸ਼ੱਕ ਨਾ ਹੋਵੇ। ਆਖ਼ਰੀ ਵਿਅਕਤੀ ਜਿਸ ਨੂੰ ਲੈ ਕੇ ਸਿੰਘਲ ਸੱਕਰੇਗਾ ਉਹ ਇਕ ਫਿਲਮਸਾਜ਼ ਹੋਵੇਗੀ ਜਿਸ ਦੀ ਸਿਫਾਰਸ਼ ਚੋਟੀ ਦੇ ਖੇਤਰੀ ਫਿਲਮਸਾਜ਼ਾਂ ਵਿਚੋਂ ਇਕ ਵੱਲੋਂ ਕੀਤੀ ਗਈ ਹੋਵੇਗੀ।
ਤਕਰੀਬਨ ਇਸੇ ਵਕਤ, ਅਹਿਮਦਾਬਾਦ ਵਿਚਲੇ ਮੇਰੇ ਸਰੋਤ ਨੇ, ਜਿਸ ਨੂੰ ਮੈਂ ਆਪਣੀ ਜ਼ਰੂਰਤ ਦੱਸੀ ਸੀ ਕਿ ਮੈਨੂੰ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ, ਮੈਨੂੰ ਇਕ ਹੋਰ ਈ ਮੇਲ ਭੇਜੀ। ਇਸ ਵਿਚ ਸ਼ਹਿਰ ਦੇ ਇਕ ਬਹੁਤ ਹੀ ਹਰਮਨ ਪਿਆਰੇ ਔਰਤ ਰੋਗਾਂ ਦੇ ਮਾਹਿਰ ਦੇ ਵੇਰਵੇ ਦਿੱਤੇ ਗਏ ਸਨ, ਜੋ ਬੇਪਛਾਣ ਰਹੇਗਾ।
ਮੈਂ ਜਦੋਂ ਵੀ ਆਪਣੇ ਯੂਨੀਨਰ (ਮੋਬਾਈਲ) ਨੈੱਟਵਰਕ ਦਾ ਇਸਤੇਮਾਲ ਆਪਣੇ ਕਮਰੇ ਦੇ ਅੰਦਰੋਂ ਕਰਦੀ ਤਾਂ ਇਹ ਹਰ ਵਕਤ ਮੇਰੇ ਉਪਰ ਦਿਆਲੂ ਨਾ ਹੁੰਦਾ। ਲਿਹਾਜ਼ਾ ਜ਼ਿਆਦਾਤਰ ਮੈਨੂੰ ਚਬੂਤਰੇ ‘ਤੇ ਜਾਣਾ ਪੈਂਦਾ ਜਿੱਥੇ ਹੋਸਟਲ ਦੇ ਸਾਡੇ ਹਮ ਬਾਸ਼ਿੰਦੇ ਚਾਹ ਪੀਣ ਜਾਂ ਸਿਗਰਟ ਦਾ ਕਸ਼ ਲਾਉਣ ਲਈ ਆਏ ਹੁੰਦੇ। ਮਾਈਕ ਉਨ੍ਹਾਂ ਵਿਚੋਂ ਇਕ ਸੀ। ਉਸ ਦਿਨ ਬਾਦ ਵਿਚ ਮੈਂ ਔਰਤ ਰੋਗਾਂ ਦੇ ਮਾਹਿਰ ਨੂੰ ਚਬੂਤਰੇ ‘ਤੇ ਜਾ ਕੇ ਫੋਕੀਤਾ ਅਤੇ ਆਪਣਾ ਤੁਆਰਫ਼ ਇਕ ਫਿਲਮਸਾਜ਼ ਦੇ ਤੌਰ ‘ਤੇ ਕਰਾਇਆ ਜੋ ਗੁਜਰਾਤ ਬਾਰੇ ਇਕ ਫਿਲਮ ਬਣਾਉਣਾ ਚਾਹੁੰਦੀ ਸੀ ਅਤੇ ਆਪਣੀ ਫਿਲਮ ਵਿਚ ਸਿਹਤ ਖੇਤਰ ਨੂੰ ਵੀ ਫਿਲਮਾਉਣਾ ਚਾਹੁੰਦੀ ਸੀ। ਡਾਕਟਰ ਮਿਲਣਸਾਰ ਸ਼ਖਸੀਅਤ ਜਾਪਦਾ ਸੀ ਅਤੇ ਉਸਨੇ ਮੈਨੂੰ ਪੁੱਛਿਆ ਕੀ ਮੈਂ ਉਸੇ ਸ਼ਾਮ ਨੂੰ ਉਸਦੇ ਹਸਪਤਾਲ ਆ ਸਕਾਂਗੀ। ਮੈਂ ਜਾਣ ਲਈ ਬਹੁਤ ਹੀ ਖਾਹਿਸ਼ਮੰਦ ਸੀ। ਜਦੋਂ ਮੈਂ ਜਾਣ ਹੀ ਵਾਲੀ ਸੀ, ਮਾਈਕ ਭੱਜਿਆ ਭੱਜਿਆ ਆਇਆ, ‘ਮੈਥਿਲੀ, ਕੀ ਮੈਂ ਕੁਝ ਪੁੱਛ ਸਕਦਾ ਹਾਂ?’ ਉਸਨੇ ਕੱਛ ‘ਚੋਂ ਮੂੰਗਲੀ ਵਾਂਗ ਸਵਾਲ ਕੱਢ ਮਾਰਿਆ। ‘ਮੈਥਿਲੀ, ਮੈਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ। ਜਿਸ ਕਿਸੇ ਨੂੰ  ਵੀ ਅਸੀਂ ਮਿਲਦੇ ਹਾਂ ਤੁਸੀਂ ਉਸਨੂੰ ਦੱਸਦੇ ਹੋ ਕਿ ਤੁਸੀਂ ਇਕ ਫਿਲਮ ਬਣਾਉਣ ਜਾ ਰਹੇ ਹੋ, ਪਰ ਮੈਂ ਤੁਹਾਡੇ ਨਾਲ ਕੰਮ ਕਰ ਰਿਹਾ ਹਾਂ, ਤੁਹਾਨੂੰ ਮੈਨੂੰ ਤਾਂ ਸੱਚ ਜ਼ਰੂਰ ਦੱਸਣਾ ਚਾਹੀਦਾ ਹੈ।’ ਮੈਂ ਮਾਈਕ ਦੀ ਉਤਸੁਕਤਾ ਨੂੰ ਟਾਲਣ ਦਾ ਬਥੇਰਾ ਯਤਨ ਕੀਤਾ, ਪਰ ਹੁਣ ਉਹ ਬਜ਼ਿੱਦ ਵੀ ਸੀ ਅਤੇ ਉਸਦੀਆਂ ਭਾਵਨਾਵਾਂ ਨੂੰ ਠੇਸ ਵੀ ਪਹੁੰਚੀ ਸੀ। ‘ਤੁਹਾਨੂੰ ਪਤੈ, ਮੈਂ ਬੱਚਾ ਨਹੀਂ ਹਾਂ, ਮੈਂ ਬੜਾ ਕੁਝ ਪੜ੍ਹਿਆ ਹੋਇਆ ਹੈ। ਮੈਂ ਇਕ ਆਦਾਨ ਪ੍ਰਦਾਨ ਪ੍ਰੋਗਰਾਮ ਉਪਰ ਆਇਆ ਹੋਇਆ ਹਾਂ ਕਿਉਂਕਿ ਜ਼ਿੰਦਗੀ ਵਿਚ ਮੈਂ ਕੁਝ ਹਾਸਲ ਕੀਤਾ ਹੈ। ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਹੈ। ਕੀ ਤੁਸੀਂ ਮੇਰੇ ਉਪਰ ਵਿਸ਼ਵਾਸ ਕਰਦੇ ਹੋ? ਜਾਂ ਤੁਹਾਡੇ ਲਈ ਮੈਂ ਮਹਿਜ਼ ਬਦੇਸ਼ੀ ਚਿਹਰਾ ਹਾਂ ਜਿਸ ਨੂੰ ਤੁਸੀਂ ਸਿਰਫ਼ ਦਿਖਾਉਣਾ ਚਾਹੁੰਦੇ ਹੋ,ਇਕ  ਐਕਸੈਸਰੀ ਦੀ ਤਰ੍ਹਾਂ?’ ਮੈਂ ਸੋਚਿਆ, ਇਹ ਬਹੁਤ ਹੀ ਸੋਚ ਸਮਝ ਕੇ ਉਚਾਰੀ ਗਈ ਸਤਰ ਸੀ, ਲੇਕਿਨ ਉਸਦੇ ਗੁੱਸੇ ਨੂੰ ਲੈ ਕੇ ਕੁਝ ਐਸਾ ਸੀ ਜਿਸਨੇ ਮੈਨੂੰ ਆਪਣੀ ਅਸਲ ਛਾਣਬੀਣ ਬਾਰੇ ਉਸਨੂੰ ਭਰੋਸੇ ਵਿਚ ਲੈਣ ਲਈ ਪ੍ਰੇਰਤ ਕੀਤਾ। ਮਿਲਣ ਲਈ ਜਾਣ ਤੋਂ ਪਹਿਲਾਂ, ਮੈਂ ਉਸਨੂੰ ਆਪਣੀਆਂ ਪਹਿਲੀਆਂ ਕੁਝ ਸਟੋਰੀਆਂ ਦੇ ਲਿੰਕ ਫਾਰਵਰਡ ਕਰ ਦਿੱਤੇ। ਮੈਂ ਉਸਨੂੰ ਇਨ੍ਹਾਂ ਨੂੰ ਪੜ੍ਹ ਲੈਣ ਦੀ ਤਾਕੀਦ ਕੀਤੀ ਤਾਂ ਜੋ ਜਦੋਂ ਮੈਂ ਉਸ ਸ਼ਾਮ ਨੂੰ ਵਾਪਸ ਮੁੜਾਂ ਉਹ ਹਾਲੀਆਂ ਛਾਣੀਬੀਣ ਦੇ ਸਮੁੱਚੇ ਪਿਛੋਕੜ ਦੀ ਜਾਣਕਾਰੀ ਲੈ ਚੁੱਕਾ ਹੋਵੇ।
ਡਾਕਟਰ ਨਾਲ ਮੇਰੀ ਮਿਲਣੀ ਬਹੁਤ ਹੀ ਲਾਹੇਵੰਦੀ ਰਹੀ। ਉਹ ਮਦਦ ਕਰਨ ਲਈ ਵਧੇਰੇ ਹੀ ਤੱਤਪਰ ਸੀ। ਮੈਂ ਉਸਨੂੰ ਪੁੱਛਿਆ ਕਿ ਕੀ ਮੈਂ ਉਸ ਔਰਤ ਡਾਕਟਰ ਨੂੰ ਮਿਲ ਸਕਦੀ ਹਾਂ ਜੋ ਗੁਜਰਾਤ ਵਿਚ ਬਹੁਤ ਹਰਮਨ ਪਿਆਰੀ ਸੀ, ਕੋਈ ਐਸੀ ਜਿਸ ਨੂੰ ਮੈਂ ਫਿਲਮ ਲਈ ਫਿਲਮਾ ਸਕਾਂ। ਮੈਨੂੰ ਹੁੰਗਾਰੇ ਦੀ ਉਮੀਦ ਸੀ; ਇਸ ਦੀ ਇਕ ਵਜ੍ਹਾ ਸੀ ਜਿਸ ਕਰਕੇ ਮੈਂ ਆਖ਼ਿਰਕਾਰ ਔਰਤ ਰੋਗਾਂ ਦੇ ਮਾਹਰ ਨੂੰ ਮਿਲਣ ਲਈ ਯਤਨ ਕੀਤੇ ਸਨ। 2002 ਦੀ ਗੁਜਰਾਤ ਹਿੰਸਾ ਜੋ ਮੁਲਕ ਦੇ ਧਰਮ ਨਿਰਪੱਖ ਤਾਣੇ ਬਾਣੇ ਉਪਰ ਕਲੰਕ ਬਣ ਚੁੱਕੀ ਸੀ ਵਿਚ ਬਹੁਤ ਸਾਰੇ ਭੜਕਾਊ ਅਨਸਰ ਨਜ਼ਰ ਆਏ ਸਨ, ਅਤੇ ਉਨ੍ਹਾਂ ਵਿਚੋਂ ਇਕ ਮਾਇਆ ਕੋਡਨਾਨੀ ਸੀ ਅਹਿਮਦਾਬਾਦ ਤੋਂ ਇਕ ਐਮ ਐਲ ਏ ਜਿਸ ਦਾ ਜ਼ਿਕਰ ਚਸ਼ਮਦੀਦ ਗਵਾਹਾਂ ਵੱਲੋਂ ਦਿੱਤੇ ਗਏ ਵੇਰਵਿਆਂ ਵਿਚ ਆਇਆ ਸੀ ਜੋ ਆਪਣੇ ਵੋਟਰ ਹਲਕੇ ਵਿਚ ਹਿੰਸਾ ਭੜਕਾਉਣ ਵਾਲੇ ਮੁੱਖ ਬੰਦਿਆਂ ਵਿਚੋਂ ਇਕ ਸੀ। ਕੋਡਨਾਨੀ ਮੇਰੇ ਲਈ ਐਸਾ ਕਿਰਦਾਰ ਸੀ ਜਿਸ ਨੂੰ ਫਰੋਲਣਾ ਜ਼ਰੂਰੀ ਸੀ, ਕਿਉਂਕਿ ਮੈਂ ਯਕੀਨਨ ਮਹਿਸੂਸ ਕਰਦੀ ਸੀ ਕਿ ਉਹ ਇਸ ਕਹਾਣੀ ਦੀ ਤਹਿ ਤਕ ਜਾਣ ਵਿਚ ਮੇਰੀ ਮਦਦ ਕਰ ਸਕਦੀ ਸੀ।
ਉਸ ਸ਼ਾਮ ਡਾਕਟਰ ਨੇ ਮੇਰੀ ਮੌਜੂਦਗੀ ‘ਚ ਮਾਇਆ ਕੋਡਨਾਨੀ ਨੂੰ ਇਹ ਜਾਣਕਾਰੀ ਦਿੰਦੇ ਹੋਏ ਫੋਕੀਤਾ ਕਿ ਅਮਰੀਕਾ ਤੋਂ ਇਕ ਬਾਰਸੂਖ਼ ਫਿਲਮਸਾਜ਼ ਉਸ ਨਾਲ ਵਾਰਤਾਲਾਪ ਕਰਨਾ ਚਾਹੁੰਦੀ ਸੀ ਅਤੇ ਉਹ ਖ਼ੁਦ ਉਸਦੇ ਕਾਬਲੀਅਤ ਪ੍ਰਮਾਣਾਂ ਦੀ ਹਾਮੀ ਭਰ ਸਕਦਾ ਸੀ। ਆਪਣਾ ਕੰਮ ਜਾਰੀ ਰੱਖਣ ਅਤੇ ਕਿਸੇ ਸ਼ੱਕ ਤੋਂ ਬਚਣ ਲਈ, ਮੈਂ ਉਸ ਤੋਂ ਬਾਅਦ ਡਾਕਟਰ ਨੂੰ ਮਿਲਣ ਦਾ ਸਿਲਸਿਲਾ ਜਾਰੀ ਰੱਖਿਆ ਜਿਸ ਨੂੰ ਮੈਂ ਆਪਣਾ ਖੋਜ ਕਾਰਜ ਕਹਾਂਗੀ।
ਉਸ ਸ਼ਾਮ ਜਦੋਂ ਮੈਂ ਹੋਸਟਲ ਵਾਪਸ ਆਈ, ਮਾਈਕ ਨੇ ਕਾਗਜ਼ ਦੇ ਇਕ ਪੁਰਜ਼ੇ ਉਪਰ ਮੇਰੇ ਲਈ ਬਹੁਤ ਸਾਰੇ ਸਵਾਲ ਲਿਖ ਰੱਖੇ ਸਨ, ਸਮੇਤ ਉਨ੍ਹਾਂ ਨਾਵਾਂ ਦੇ ਜਿਨ੍ਹਾਂ ਨੂੰ ਉਹ ‘ਮੁਜਰਿਮ’ ਖ਼ਿਆਲ ਕਰਦਾ ਸੀ। ਮਾਈਕ ਸਹੀ ਸੀ, ਉਸ ਨੂੰ ਆਦਾਨ ਪ੍ਰਦਾਨ ਪ੍ਰੋਗਰਾਮ ਲਈ ਚੁਣੇ ਜਾਣ ਦੀ ਵਜ੍ਹਾ ਸੀ। ਉਸ ਸ਼ਾਮ ਉਸਨੇ ਸਹੀ ਸਵਾਲ ਪੁੱਛਦੇ ਹੋਏ, ਅਤੇ ਸਹੀ ਬਾਰੀਕੀਆਂ ਨੂੰ ਆਤਮਸਾਤ ਕਰਦੇ ਹੋਏ ਮੈਨੂੰ ਬਹੁਤ ਗ਼ੌਰ ਨਾਲ ਸੁਣਿਆ। ਮੈਂ ਉਸਨੂੰ ਕਾਰਵਾਈ ਵਿਉਂਤ ਤੋਂ ਜਾਣੂ ਕਰਾਇਆ ਅਤੇ ਇਹ ਵੀ ਕਿ ਜੇ ਚੀਜ਼ਾਂ ਵਿਉਂਤ ਅਨੁਸਾਰ ਨਾ ਚੱਲੀਆਂ ਤਾਂ ਮੈਂ ਇਸ ਨੂੰ ਆਪਣੇ ਤੌਰ ‘ਤੇ ਬਦਲਣ ਲਈ ਮਜ਼ਬੂਤ ਹੋਵਾਂਗੀ। ੀÂਸ ਨੂੰ ਲੈ ਕੇ ਅਸੀਂ ਕਿਵੇਂ ਕਰਾਂਗੇ, ਉਸਨੇ ਪੁੱਛਿਆ। ‘ਕੱਲ੍ਹ,’ ਮੈਂ ਉਸਨੂੰ ਦਸਿਆ, ‘ਅਸੀਂ ਆਪਣਾ ਪਹਿਲਾਂ ਇਮਤਿਹਾਨ ਦੇਣਾ ਹੈ।’
ਅਗਲੇ ਦਿਨ ਅਸੀਂ ਮਾਇਆ ਕੋਡਨਾਨੀ ਨੂੰ ਮਿਲਣਾ ਸੀ। ਬਤੌਰ ਇਕ ਖੋਜੀ ਪੱਤਰਕਾਰ ਮੈਂ ਜਾਣਦੀ ਸੀ ਕਿ ਮੁੱਢ ਵਿਚ ਜਾਣਕਾਰੀ ਐਨੀ ਸੌਖੀ ਬਾਹਰ ਨਹੀਂ ਆਉਣ ਲੱਗ ਜਾਂਦੀ। ਅਤੇ ਜੇ ਇਹ ਸ਼ੁਰੂ ਵੀ ਹੋ ਜਾਵੇ, ਬੰਦੇ ਨੂੰ ਬਹੁਤੀ ਉਤਸੁਕਤਾ ਨਹੀਂ ਦਿਖਾਉਣੀ ਚਾਹੀਦੀ।  ਮੈਂ ਮਾਈਕ ਨੂੰ ਇਸ ਬਾਰੇ ਦੱਸ ਦਿੱਤਾ। ‘ਅੱਜ ਅਸੀਂ ਫਿਲਮਸਾਜ਼ ਬਣਨਾ ਹੈ, ਬਸ ਫਿਲਮਸਾਜ਼।’ ਮਾਇਆਬੇਨ ਦਾ ਕਲੀਨਿਕ ਨਰੋਦਾ ਵਿਖੇ ਮੁੱਖ ਸੜਕ ਉਪਰ ਸੀ। ਨਰੋਦਾ ਪਾਟੀਆ ਕਤਲੇਆਮ ਇਸ ਤਿੰਨ ਵਾਰ ਵਿਧਾਇਕ ਬਣੀ ਔਰਤ ਦੇ ਕਲੀਨਿਕ ਤੋਂ ਥੋੜ੍ਹੀ ਦੂਰ ਹੀ ਹੋਇਆ ਸੀ, ਕਤਲੇਆਮ ਜਿਸ ਵਿਚ ਇਕ ਹਜ਼ਾਰ ਤੋਂ ਉਪਰ ਲੋਕਾਂ ਨੂੰ ਬੇਰਹਿਮੀ ਨਾਲ ਕੋਹ ਕੋਹ ਕੇ ਮਾਰਿਆ ਗਿਆ ਸੀ। ਉਸਦੇ ਖਿਲਾਫ਼ ਇਲਜ਼ਾਮ ਇਹ ਸੀ ਕਿ ਉਸ ਹਜੂਮ ਦੀ ਅਗਵਾਈ ਉਸਨੇ ਕੀਤੀ ਸੀ ਜਿਸਨੇ ਭੜਕਾਊ ਨਾਅਰੇ ਲਾਉਂਦੇ ਹੋਏ ਮੁਸਲਮਾਨਾਂ ਉਪਰ ਹਮਲਾ ਕੀਤਾ ਸੀ।
ਮਾਈਕ ਅਤੇ ਮੈਂ ਕੋਡਨਾਨੀ ਦੇ ਕਲੀਨਿਕ ਵਿਚ ਚਲੇ ਗਏ ਜਿਥੇ ਸਥਾਨਕ ਔਰਤਾਂ ਉਸਦੇ ਕੈਬਿਨ ਦੇ ਬਾਹਰ ਭੀੜੇ ਬੈਂਚਾਂ ਉਪਰ ਬੈਠੀਆਂ ਹੋਈਆਂ ਸਨ। ਮੁੱਖ ਦੁਆਰ ਉਪਰ ਦੋ ਹੱਟੇ ਕੱਟੇ ਆਦਮੀ ਬੈਠੇ ਸਨ, ਉਨ੍ਹਾਂ ਵਿਚੋਂ ਇਕ ਕੋਲ ਬੰਦੂਕ ਸੀ। ਮੈਨੂੰ ਤੇ ਮਾਈਕ ਨੂੰ ਦੇਖਕੇ ਉਨ੍ਹਾਂ ਨੇ ਸਾਨੂੰ ਰੋਕ ਲਿਆ, ਫ਼ੋਨ ਉਪਰ ਆਪਣੀ ਬੌਸ ਨਾਲ ਗੱਲ ਕੀਤੀ ਅਤੇ ਫਿਰ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ। ਉਹ ਕੋਡਨਾਨੀ ਦਾ ਅੰਗ ਰੱਖਿਅਕ ਸੀ, ਜੋ ਓਦੋਂ ਤੋਂ ਉਸ ਦੇ ਕਲੀਨਿਕ ਦੀ ਨਿਗਰਾਨੀ ਕਰਦਾ ਸੀ ਜਦੋਂ ਤੋਂ ਉਹ ਐਸ ਆਈ ਟੀ (ਸਪੈਸ਼ਲ ਇਨਵੈਸਟੀਗਟਿਵ ਟੀਮ) ਦੇ ਨਿਸ਼ਾਨੇ ‘ਤੇ ਆਈ ਸੀ। ਇਹ ਦੋ ਮੰਜ਼ਲੀ ਇਮਾਰਤ ਸੀ ਜਿਸਦੇ ਅੰਦਰ ਹੋਰ ਡਾਕਟਰਾਂ ਦੇ ਕਲੀਨਿਕ ਵੀ ਸਨ। ਕਲੀਨਿਕ ਦੇ ਨਾਲ ਓਪਰੇਸ਼ਨ ਥੀਏਟਰ ਵੀ ਬਣਿਆ ਹੋਇਆ ਸੀ।
ਵੀਰਵਾਰ ਨੂੰ ਕਲੀਨਿਕ ਵਿਖੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੁੰਦੀ ਸੀ ਜੋ ਜ਼ਿਆਦਾਤਰ ਥੋੜ੍ਹੀ ਆਮਦਨੀ ਵਾਲੇ ਵਰਗ ‘ਚੋਂ ਹੁੰਦੇ ਸਨ। ਉਥੇ ਲਗਾਈ ਤਖ਼ਤੀ ਉਪਰ ਲਿਖਿਆ ਹੋਇਆ ਸੀ, ‘ਵੀਰਵਾਰ ਨੂੰ ਫ਼ੀਸ ਸਿਰਫ਼ 50 ਰੁਪਏ’। ਕੰਪਾਊਡਰ ਨੇ ਸਾਨੂੰ ਸੱਨਜ਼ਰਾਂ ਨਾਲ ਤਾੜਦਿਆਂ ਦਸਿਆ ਕਿ ਕਲੀਨਿਕ ਵਿਚ ਸਿਰਫ਼ ਸਥਾਨਕ ਮਰੀਜ਼ਾਂ ਨੂੰ ਦੇਖਿਆ ਜਾਂਦਾ ਹੈ। ਮੈਂ ਇਕ ਫਿਲਮਸਾਜ਼ ਹਾਂ ਇਥੇ ਮੈਂ ਮੈਡਮ ਨੂੰ ਮਿਲਣ ਆਈ ਹਾਂ, ਮੈਂ ਉਸਨੂੰ ਦਸਿਆ।
ਮੈਂ ਇਕ ਕਾਪੀ ਉਪਰ ਕੁਝ ਲਿਖਣ ਦਾ ਯਤਨ ਕੀਤਾ ਜਦਕਿ ਮਾਈਕ ਟੀ ਵੀ ਉਪਰ ਸੰਸਕਾਰ ਚੈਨਲ ਦੇਖਣ ਵਿਚ ਮਗਨ ਸੀ। ਇਕ ਬਜ਼ੁਰਗ ਔਰਤ ਜੋ ਆਪਣੀ ਨੂੰਹ ਨਾਲ ਉੱਥੇ ਬੈਠੀ ਆਪਣੀ ਵਾਰੀ ਦੀ ਇੰਤਜ਼ਾਰ ਕਰ ਰਹੀ ਸੀ ਨੇ ਟੀ ਵੀ ਅੱਗੇ ਗੋਡਿਆਂ ਭਾਰ ਹੋਕੇ ‘ਬਾਬਾ’ ਨੂੰ ਮੱਥਾ ਟੇਕਿਆ। ਡੌਰ ਭੌਰ ਹੋਏ ਮਾਈਕ ਨੇ ਮੇਰੇ ਵੱਲ ਦੇਖਿਆ। ਮੈਂ ਹੱਸ ਕੇ ਆਪਣੀ ਬਿਰਤੀ ਫਿਰ ਕਾਪੀ ਉਪਰ ਇਕਾਗਰ ਕਰ ਲਈ।
ਐਨ Àਦੋਂ ਹੀ, ‘ਮੈਥਿਲੀ ਕੌਨ ਚੀ,’ ਦੀ ਆਵਾਜ਼ ਕੰਨੀ ਪੈ ਗਈ। ਕੋਡਨਾਨੀ ਦੀ ਸਹਾਇਕ ਉਸਦੇ ਕੈਬਿਨ ਤੋਂ ਬਾਹਰ ਆ ਕੇ ਬੁਲਾ ਰਹੀ ਸੀ। ਉਸਨੇ ਮੈਨੂੰ ਤੇ ਮਾਈਕ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ। ਮੈਂ ਅੰਗਰੇਜ਼ੀ ਦੇ ਖ਼ਾਸ ਲਹਿਜ਼ੇ ‘ਚ ਆਪਣਾ ਤੇ ਮਾਈਕ ਦਾ ਤੁਆਰਫ਼ ਕਰਾਇਆ। ਨਿੱਘ ਨਾਲ ਹੱਥ ਮਿਲਾਏ ਗਏ।
‘ਤੂੰ ਜਾਣਦੀ ਏਂ, ਤੇਰਾ ਨਾਂ ਬਹੁਤ ਖੂਹੈ, ਇਹ ਸੀਤਾ ਜੀ ਦਾ ਨਾਂ ਹੈ,’ ਸਾਫ਼ ਤੌਰ ‘ਤੇ ਪ੍ਰਭਾਵਿਤ ਨਜ਼ਰ ਆ ਰਹੀ ਕੋਡਨਾਨੀ ਨੇ ਕਿਹਾ। ‘ਓ, ਜੀ ਮੈਡਮ, ਮੇਰੇ ਪਿਤਾ ਜੀ ਸੰਸਕ੍ਰਿਤ ਅਧਿਆਪਕ ਨੇ ਇਸ ਕਰਕੇ ਸਾਡੇ ਘਰ ਸਾਰਿਆਂ ਦੇ ਨਾਂ ਖੂਬਸੂਰਤ ਹਨ।’ ਮੇਰਾ ਬਿਆਨ ਕੋਡਨਾਨੀ ਦੀ ਤਈਦ ਸਾਬਤ ਹੋਇਆ ਜੋ ਮੁੜ ਮਾਈਕ ਵੱਲ ਝਾਕੀ ਵੀ ਨਹੀਂ ਸੀ ਜਿਸ ਨੂੰ ਲੈ ਕੇ ਉਹ ਕੁੜ੍ਹ ਰਿਹਾ ਸੀ। ਉੱਥੇ ਕੋਡਨਾਨੀ ਦੀ ਮੇਜ਼ ਉਪਰ ਦਵਾਈਆਂ ਅਤੇ ਔਰਤ ਰੋਗਾਂ ਬਾਰੇ ਕਿਤਾਬਾਂ ਪਈਆਂ ਸਨ, ਕੁਝ ਭਾਜਪਾ ਦੇ ਕਿਤਾਬਚੇ ਅਤੇ ਕੁਝ ਗੁਜਰਾਤ ਦੇ ਸਿੰਧੀ ਭਾਈਚਾਰੇ ਬਾਰੇ ਕਿਤਾਬਚੇ ਵੀ ਪਏ ਸਨ। ਉਨ੍ਹਾਂ ਦੇ ਨਾਲ ਉਸਦੇ ਪੁੱਤਰ ਅਤੇ ਨੂੰਹ ਦੀ ਫੋਟੋ ਲੱਗੀ ਹੋਈ ਸੀ ਜੋ ਅਮਰੀਕਾ ਵਸੇ ਹੋਏ ਹਨ। ਅਗਲੇ ਘੰਟੇ ਕੁ ਵਿਚ ਅਸੀਂ ਉਸਦੇ ਕਰੀਅਰ ਬਾਰੇ ਚਰਚਾ ਕਰਦੇ ਰਹੇ ਅਤੇ ਕੋਲਡ ਡਰਿੰਕ ਆਉਣ ਤਕ ਉਹ ਆਪਣੇ ਪਰਿਵਾਰ ਬਾਰੇ ਗੱਲਾਂ ਕਰਦੀ ਰਹੀ।
ਇਸ ਤੱਥ ਦੇ ਹਵਾਲੇ ਨਾਲ ਕਿ ਮਾਇਆਬੇਨ ਬਾਲ ਭਲਾਈ ਅਤੇ ਸਿਹਤ ਮੰਤਰੀ ਸੀ,  ਮੈਂ ਉਸ ਦੇ ਰਾਜ ਅੰਦਰ ਔਰਤਾਂ ਦੀ ਭਲਾਈ ਪ੍ਰਤੀ ਉਸਦੀ ਵਚਨਬੱਧਤਾ ਦੀ ਤਾਰੀਫ਼ ਕੀਤੀ। ‘ਲਿਹਾਜ਼ਾ ਤੁਸੀਂ ਮੇਰੇ ਤੋਂ ਕੀ ਚਾਹੁੰਦੀ ਹੋ, ‘ਓੜਕ ਉਸਨੇ ਪੁੱਛ ਹੀ ਲਿਆ। ਮੈਂ ਤਾਂ ਮੈਡਮ ਬਸ ਤੁਹਾਡੇ ਬਾਰੇ ਹੋਰ ਜਾਨਣਾ ਚਾਹੁੰਦੀ ਹਾਂ, ਅਸੀਂ ਆਪਣੀ ਫਿਲਮ ਲਈ ਗੁਜਰਾਤ ਤੋਂ ਮੱਲਾਂ ਮਾਰਨ ਵਾਲੀ ਔਰਤ ਵੱਜੋਂ ਤੁਹਾਡਾ ਰੇਖਾ ਚਿੱਤਰ ਤਿਆਰ ਕਰਨਾ ਚਾਹੁੰਦਾ ਹਾਂ।’ ਕੋਈ ਵੀ ਸਹੀ ਸਲਾਮਤ ਬੰਦਾ ਐਸਾ ਨਹੀਂ, ਜੇ ਉਹ ਸਿਆਸੀ ਕੋੜਮੇ ਨਾਲ ਸਬੰਧਤ ਹੈ, ਜੋ ਆਪਣੇ ਬਾਰੇ ਦਿਆਲੂ, ਖੁਸ਼ਾਮਦੀ ਬੋਲ ਸੁਨਣੇ ਪਸੰਦ ਨਹੀਂ ਕਰੇਗਾ ਅਤੇ ਉਸ ਵਿਚ ਸ਼ਾਮਲ ਨਹੀਂ ਹੋਣਾ ਚਾਹੇਗਾ ਜੋ ਉਸ ਨੂੰ ਵਡਿਆਉਂਦਾ ਹੋਵੇ। ਸਾਨੂੰ ਤੁਰੰਤ ਹਾਂ ਹੋ ਗਈ ਅਤੇ ਆਉਂਦੇ ਐਤਵਾਰ ਉਸਦੇ ਘਰ ਦੁਪਹਿਰ ਦੇ ਖਾਣੇ ਦਾ ਸੱਦਾ ਮਿਲ ਗਿਆ। ਇਹ ਵਧੀਆ ਰਹੇਗਾ, ਆਪਣੇ ਬੁੱਲ੍ਹਾਂ ਉਪਰ ਆਏ ‘ਰ’ ‘ਤੇ ਕਾਬੂ ਪਾਉਣ ਦਾ ਯਤਨ ਕਰਦੇ ਹੋਏ ਮੈਂ ਉਸਨੂੰ ਕਿਹਾ।
ਉਸਨੇ ਕੈਬਿਨ ਵਿਚੋਂ ਬਾਹਰ ਆਉਣ ਤੋਂ ਪਹਿਲਾਂ, ਮੈਂ ਕੋਡਨਾਨੀ ਦੀ ਸਾੜ੍ਹੀ ਅਤੇ ਹੋਰ ਲੱਗ ਲਬੇੜ ਦੀ ਤਾਰੀਫ਼ ਕਰਨਾ ਨਾ ਭੁੱਲੀ। ਜਦੋਂ ਕੋਲੋਂ ਦੀ ਗੁਜ਼ਾਰੇ ਤਾਂ ਸੁਰੱਖਿਆ ਗਾਰਡ ਬਹੁਤਾ ਪ੍ਰਭਾਵਿਤ ਨਜ਼ਰ ਨਹੀਂ ਆਇਆ। ਅਸੀਂ ਆਟੋ ਲਿਆ ਅਤੇ ਸਿੱਧੇ ਪਕਵਾਨ ਵਿਖੇ ਚਲੇ ਗਏ। ‘ਤੂੰ ਦੇਖਿਆ ਉਹ ਤਾਂ ਮੇਰੇ ਨਾਲ ਗੱਲ ਕਰਨ ‘ਚ ਕੋਈ ਰੁਚੀ ਹੀ ਨਹੀਂ ਲੈ ਰਹੀ ਸੀ,’ ਜ਼ਾਹਰਾ ਤੌਰ ‘ਤੇ ਪ੍ਰੇਸ਼ਾਨ ਮਾਈਕ ਕਹਿੰਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦੀ, ਹਲਵਾ ਅਤੇ ਰਬੜੀ ਆ ਗਏ। ਜਦੋਂ ਉਹ ਗੁਜਰਾਤ ਵਿਚ ਥਾਲੀ ਪਰੋਸਦੇ ਹਨ, ਪਹਿਲਾਂ ਉਹ ਮਿੱਠਾ ਪਰੋਸਦੇ ਹਨ। ਜਦੋਂ ਮਹਾਰਾਜ ਨੇ ਉਸਨੂੰ ਹਰ ਪਕਵਾਨ ਦਾ ਨਾਂ ਉਚਾਰਨ ਵਿਚ ਮਦਦ ਕੀਤੀ ਤਾਂ ਮਾਈਕ ਦਾ ਧਿਆਨ ਉੱਧਰ ਚਲਾ ਗਿਆ, ਕੋਡਨਾਨੀ ਉਸਨੂੰ ਵਿਸਰ ਹੀ ਗਈ। ਇਹ ਰਾਹਤ ਵਾਲੀ ਗੱਲ ਸੀ।
ਰਾਤ ਦਸ ਵਜੇ ਅਸੀਂ ਆਪਣੇ ਹੋਸਟਲ ਵਾਲੇ ਕਮਰੇ ਵਿਚ ਵਾਪਸ ਆਏ। ਜਿਉਂ ਹੀ ਮੈਂ ਕਮਰੇ ਵਿਚ ਵੜੀ, ਮੈਨੂੰ ਅਜੀਬ ਜਿਹਾ ਮਹਿਸੂਸ ਹੋਇਆ, ਕੁਝ ਗੜਬੜ ਹੋਈ ਲੱਗਦੀ ਸੀ । ਉਥੋਂ ਜਾਣ ਤੋਂ ਪਹਿਲਾਂ ਮੈਂ ਆਪਣਾ ਬਿਸਤਰਾ ਚੰਗੀ ਤਰ੍ਹਾਂ ਸੰਵਾਰਕੇ ਗਈ ਸੀ ਪਰ ਹੁਣ ਚਾਦਰ ਨੂੰ ਵੱਟ ਪਏ ਹੋਏ ਸਨ, ਅਤੇ ਮੇਰਾ ਲੈਪਟਾਪ ਚਲ ਰਿਹਾ ਸੀ। ਜਦਕਿ ਸੂਟ ਕੇਸ ਅਤੇ ਦਰਾਜਾਂ ਨਾਲ ਕੋਈ ਛੇੜਛੇੜ ਨਹੀਂ ਹੋਈ ਸੀ। ਮੈਂ ਸਮਝ ਗਈ ਕਿ ਉਸ ਰਾਤ ਕੋਈ ਮੇਰੇ ਕਮਰੇ ਵਿਚ ਆਇਆ ਸੀ। ਮੈਨੂੰ ਇਸਦੀ ਹੈਰਾਨੀ ਨਹੀਂ ਸੀ। ਦਰਅਸਲ ਇਸਦੀ ਮੈਨੂੰ ਉਮੀਦ ਹੀ ਸੀ, ਇਸੇ ਕਰਕੇ ਗੁਜਰਾਤ ਦਾਖ਼ਲ ਹੋਣ ਤੋਂ ਪਹਿਲਾਂ ਮੈਂ ਆਪਣਾ ਲੈਪਟਾਪ ਰੀ ਫਾਰਮੈੱਟ ਕਰ ਲਿਆ ਸੀ, ਅਤੇ ਐਡਮਿਨ ਨਾਂ ਮੈਥਿਲੀ ਤਿਆਗੀ ਰੱਖ ਲਿਆ ਸੀ। ਡੈਸਕਟਾਪ ਉਪਰ ਫਿਲਮਸਾਜ਼ੀ ਅਤੇ ਗੁਜਰਾਤ ਦੇ ਅਜਾਇਬ ਘਰਾਂ, ਫਿਲਮ ਸਨਅਤ ਅਤੇ ਜੰਗਲਾਂ ਬਾਰੇ ਖੋਜ ਦੀਆਂ ਫਾਈਲਾਂ ਰੱਖ ਦਿੱਤੀਆਂ ਸਨ। ਸਕਰੀਨ ਉਪਰ ਭਗਵਾਨ ਕ੍ਰਿਸ਼ਨ ਦਾ ਵਾਲਪੇਪਰ ਸਜਾ ਦਿੱਤਾ ਸੀ। ਬੈੱਡ ਦੇ ਨਾਲ ਵਾਲੀ ਸੈਲਫ ਉਪਰ ਫਿਲਮਸਾਜ਼ੀ ਅਤੇ ਫੋਟੋਗ੍ਰਾਫੀ ਦੀਆਂ ਕਿਤਾਬਾਂ ਸਨ। ਇਹ ਗੱਲ ਸਾਫ਼ ਸੀ ਕਿ ਕੋਈ ਮੇਰੇ ਕਮਰੇ ਵਿਚ ਘੁਸਿਆ ਸੀ ਅਤੇ ਇਹ ਵੀ ਯਕੀਨੀਂ ਸੀ ਕਿ ਉਨ੍ਹਾਂ ਨੂੰ ਉਥੋਂ ਐਸਾ ਕੁਝ ਨਹੀਂ ਮਿਲਿਆ ਸੀ ਜੋ ਉਹ ਲੱਭ ਰਹੇ ਹੋਣਗੇ। ਖੇਡ ਤਾਂ ਅਜੇ ਸ਼ੁਰੂ ਹੋਈ ਸੀ।
ਅਗਲੀ ਸਵੇਰ ਜੀ ਐਲ ਸਿੰਘਲ ਨੂੰ ਮਿਲਣ ਲਈ ਫ਼ੋਨ ‘ਤੇ ਗੱਲ ਕਰਨੀ ਸੀ। ਮੇਰੇ ਫ਼ੋਨ ਉਪਰ ਫੋਟੋਗ੍ਰਾਫਰ ਮਿੱਤਰ ਅਜੇ ਦਾ ਮੈਸੇਜ ਆਇਆ ਹੋਇਆ ਸੀ, ਉਹ ਪੁੱਛ ਰਿਹਾ ਸੀ ਕਿ ਕੀ ਮੈਂ ਅਮਦਾਵਾਦ ਨੀ ਗੁਫ਼ਾ ਵਿਖੇ ਫੋਟੋਗ੍ਰਾਫ਼ੀ ਨੁਮਾਇਸ਼ ਦੇਖਣ ਵਿਚ ਰੁਚੀ ਲਵਾਂਗੀ। ਮੈਂ ਫ਼ੋਨ ਪਾਸੇ ਰੱਖ ਦਿੱਤਾ। ਮਾਈਕ ਮੇਰਾ ਦਰਵਾਜ਼ਾ ਖੜਕਾ ਰਿਹਾ ਸੀ। ਉਹ ਫਾਊਂਡੇਸ਼ਨ ਤੋਂ ਬਾਹਰ ਸੈਰ ਕਰਨ ਜਾ ਰਿਹਾ ਸੀ ਅਤੇ ਜਾਨਣਾ ਚਾਹੁੰਦਾ ਸੀ ਕਿ ਕੀ ਮੈਂ ਉਸ ਨਾਲ ਜਾਣਾ ਚਾਹਾਂਗੀ। ਗੁਜਰਾਤ ਵਿਚ ਦਸੰਬਰ ਦੀਆਂ ਸ਼ਾਮਾਂ ਬਹੁਤ ਖ਼ੂਬਸੂਰਤ ਅਤੇ ਠੰਡੀਆਂ ਹੁੰਦੀਆਂ ਹਨ। 2010 ਦਾ ਸਿਆਲ ਖ਼ਾਸ ਤੌਰ ‘ਤੇ ਨਾਖੁਸੀ। ਉਪਰੋਂ ਸਾਡੀਆਂ ਮੁਸੀਬਤਾਂ ‘ਚ ਵਾਧਾ ਇਹ ਕਿ ਹੋਸਟਲ ਇਕ ਖੁੱਲ੍ਹੇ, ਘੱਟ ਵਿਕਸਤ ਜੰਗਲੀ ਇਲਾਕੇ ਵਿਚ ਬਣਿਆ ਹੋਇਆ ਸੀ।
ਹੋਸਟਲ ਵਿਖੇ ਸਾਡੇ ਕੋਲ ਸਿਰਫ਼ ਇਕ ਕੰਬਲ ਦੀ ਸਹੂਲਤ ਸੀ। ਜਦੋਂ ਰਾਤ ਪੈ ਜਾਂਦੀ, ਸਾਡੇ ‘ਚੋਂ ਜ਼ਿਆਦਾਤਰ ਰਾਤ ਨੂੰ ਆਪਣੇ ਸੂਟਕੇਸ ਖਾਲੀ ਕਰ ਲੈਂਦੇ ਅਤੇ ਜੋ ਵੀ ਮਿਲਦਾ ਟੀ ਸ਼ਰਟਾਂ, ਕਮੀਜ਼ਾਂ, ਸਵੈਟਰ, ਜੀਨਾਂ, ਹਰ ਚੀਜ਼ ਜੋ ਵੀ ਸਾਨੂੰ ਨਿੱਘ ਦੇ ਸਕਦੀ ਸੀ- ਪਹਿਨਣ ਦਾ ਯਤਨ ਕਰਦੇ।
ਮਾਈਕ ਨੇ ਅਤੇ ਮੈਂ ਉਸ ਸ਼ਾਮ ਨੂੰ ਜੈਕਟਾਂ ਦਾ ਇਕ ਹੋਰ ਜੋੜਾ ਪਹਿਨ ਲਿਆ ਅਤੇ ਫਾਊਡੇਸ਼ਨ ਦੀ ਇਮਾਰਤ ਲਾਗੇ ਦੇ ਜੰਗਲ ਦੇ ਕੰਢੇ ਸੈਰ ਕਰਨ ਦਾ ਫੈਸਲਾ ਕੀਤਾ। ਮੈਂ ਮਾਈਕ ਨੂੰ ਦੇਖਿਆ ਉਹ ਆਪਣੇ ਆਮ ਚਿੰਤਨਸ਼ੀਲ ਅੰਦਾਜ਼ ਵਿਚ ਸੀ। ‘ਕੀ ਮੈਂ ਠੀਕ ਨਿਭਾਅ ਰਿਹਾ ਹਾਂ ਮੈਥਿਲੀ?’ ਉਹ ਪੁੱਛ ਰਿਹਾ ਸੀ। ‘ਬਿਲਕੁਲ, ਬਹੁਤ ਵਿਸ਼ਵਾਸ ਭਰੀ ਭੂਮਿਕਾ ਸੀ ਅਤੇ ਸ੍ਰੀਮਤੀ ਕੋਡਨਾਨੀ ਬਾਰੇ ਚਿੰਤਾ ਨਾ ਕਰ, ਉਹ ਗੱਲਬਾਤ ਵਿਚ ਅਤੇ ਆਪਣੀ ਤਾਰੀਫ਼ ਵਿਚ ਬਹੁਤ ਜ਼ਿਆਦਾ ਮਸਤ ਸੀ,’ ਮੈਂ ਉਸਨੂੰ ਯਕੀਨ ਦਿਵਾਉਂਦਿਆਂ ਜਵਾਬ ਦਿੱਤਾ।
ਉਸ ਰਾਤ ਬਿਸਤਰੇ ‘ਤੇ ਲੇਟਣ ਤੋਂ ਪਹਿਲਾਂ, ਮੈਂ ਅਜੇ ਨੂੰ ਟੈਕਸਟ ਭੇਜਿਆ, ‘ਤੈਨੂੰ ਐਗਜ਼ੀਬੀਸ਼ਨ ਟੌਮ ‘ਤੇ ਮਿਲਾਂਗੀ।’
ਅਗਲੀ ਸਵੇਰ ਜਦੋਂ ਅਸੀਂ ਕੈਂਟੀਨ ਤੋਂ ਉਪਮਾ ਖਾ ਰਹੇ ਸਨ ਮੈਂ ਆਖ਼ਿਰਕਾਰ ਜੀ ਐੱਲ ਸਿੰਘਲ ਨੂੰ ਫ਼ੋਨ ਲਗਾ ਗਿਆ। ਉਨ੍ਹਾਂ ਦਿਨਾਂ ਵਿਚ ਉਹ ਮੁਸ਼ਕਲਾਂ ਵਿਚ ਘਿਰਿਆ ਹੋਇਆ ਸੀ। ਇਸ਼ਰਤ ਜਹਾਂ ਮੁਕਾਬਲੇ ਦੀ ਜਾਂਚ ਲਈ ਹਾਈਕੋਰਟ ਵੱਲੋਂ ਬਣਾਈ ਸਪੈਸ਼ਲ ਇਨਵੈਸਟੀਗੇਟਿਵ ਟੀਮ (ਐਸ ਆਈ ਟੀ) ਦੀ ਜਾਂਚ ਨਾਲ ਮਾਮਲਾ ਸਾਹਮਣੇ ਆ ਰਿਹਾ ਸੀ। ਇਹ ਸਿੰਘਲ ਹੀ ਸੀ ਜਿਸਨੇ ਦੋ ਹੋਰ ਅਫ਼ਸਰਾਂ ਨਾਲ ਮਿਲਕੇ ਇਸ਼ਰਤ ਜਹਾਂ ਨੂੰ ਗੋਲੀਆਂ ਮਾਰਕੇ ‘ਮੁਕਾਬਲਾ’ ਬਣਾਇਆ ਸੀ। ਮੁਕਾਬਲੇ ਤੋਂ ਇਕ ਦਿਨ ਬਾਅਦ ਗੁਜਰਾਤ ਦੇ ਆਹਲਾ ਪੁਲਿਸ ਅਧਿਕਾਰੀ ਅਤੇ ਏ ਟੀ ਐੱਸ ਦੇ ਮੁਖੀ ਡੀ ਜੀ ਵਨਜਾਰਾ ਨੇ ਪ੍ਰੈੱਸ ਕਾਨਫਰੰਸ ਬੁਲਾਈ ਸੀ। ਖ਼ਬਰ ਸਨਸਨੀਖੇਜ਼ ਸੀ । ਤਿੰਨ ਹੋਰ ਜਣਿਆਂ ਦੇ ਨਾਲ ਇਸ਼ਰਤ ਦੀ ਲਹੂ ਲੁਹਾਣ ਲਾਸ਼ ਸੜਕ ਉਪਰ ਪਈ ਸੀ। ਉਸ ਨੂੰ ਔਰਤ ਫਿਦਾਇਨ ਦਸਿਆ ਗਿਆ, ਹਿੰਦੁਸਤਾਨ ਵਿਚ ਇਸ ਤਰ੍ਹਾਂ ਦੀ ਪਹਿਲੀ ਔਰਤ, ਲਸ਼ਕਰ ਏ ਤਾਇਬਾ ਦੀ ਕਾਰਕੁਨ ਜੋ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦੀ ਯੋਜਨਾ ‘ਤੇ ਨਿੱਕਲੀ ਹੋਈ ਸੀ।
ਇਸ਼ਰਤ ਸ਼ਹਿਰ ਅੰਦਰ ਚਰਚਾ ਦਾ ਵਿਸ਼ਾ ਬਣ ਗਈ, ਜਿਹਾਦੀ ਮੂਲਵਾਦੀਆਂ ਬਾਰੇ ਅਤੇ ਇਸਨੂੰ ਲੈ ਕੇ ਬਿਰਤਾਂਤ ਗਿਏ ਕਿ ਕਿਵੇਂ ਗਰਮ ਖ਼ਿਆਲੀ ਮੁਸਲਿਮ ਜਥੇਬੰਦੀਆਂ 2002 ਦੀ ਹਿੰਸਾ ਦਾ ਬਦਲਾ ਲੈਣ ਦੀ ਤਾਕ ਵਿਚ ਸਨ। ਡੀ ਜੀ ਵਨਜਾਰਾ ਨੂੰ ਨਾਇਕ ਬਣਾ ਕੇ ਜੈ ਜੈਕਾਰ ਕੀਤੀ ਗਈ, ਉਹ ਰਾਤੋਂ ਰਾਤ ਇਕ ਸਨਸਨੀਖੇਜ਼ ਕਿੱਸਾ ਬਣ ਗਿਆ ਸੀ। ਇਹ ਮਾਣ ਤਾਣ ਉਸਦੇ ਨਾਲ ਦੇ ਦੋ ਹੋਰ ਅਫ਼ਸਰਾਂ ਨੂੰ ਵੀ ਦਿੱਤਾ ਗਿਆ ਸੀ, ਐਨ ਕੇ ਅਮੀਨ, ਤਰੁਣ ਬਰੋਟ ਅਤੇ ਗਿਰੀਸ਼ ਸਿੰਘਲ ਜਿਸ ਵਿਚ ਮੇਰੀ ਖ਼ਾਸ ਰੁਚੀ ਸੀ। ਇਸ ਦੌਰਾਨ ਇਸ਼ਰਤ ਦੇ ਪਰਿਵਾਰ ਨੇ ਆਪਣੀ ਧੀ ਦੇ ‘ਕਤਲ’ ਦੀ ਜਾਂਚ ਕਰਾਉਣ ਲਈ ਸੁਪਰੀਮ ਕੋਰਟ ਵਿਚ ਦਰਖ਼ਾਸਤ ਦੇ ਦਿੱਤੀ ਸੀ। ਗੁਜਰਾਤ ਹਾਈਕੋਰਟ ਵੱਲੋਂ ਇਕ ਜੁਡੀਸ਼ੀਅਲ ਕਮੇਟੀ ਬਣਾਈ ਗਈ ਸੀ ਅਤੇ ਇਸ ਵੱਲੋਂ 2008 ਵਿਚ ਫੈਦਿੱਤਾ ਗਿਆ ਸੀ। ਗੁਜਰਾਤ ਹਾਈਕੋਰਟ ਦੇ ਇਕ ਸਾਬਕਾ ਮੈਜਿਸਟਰੇਟ ਜਸਟਿਸ ਤਮੰਗ ਦੇ ਫੈਸਲੇ ਨਾਲ ਰਾਸ਼ਟਰ ਸੁੰਨ ਹੋ ਗਿਆ ਸੀ, ‘ਇਸ਼ਰਤ ਜਹਾਂ ਦਾ ਮੁਕਾਬਲਾ ਫਰਜ਼ੀ ਸੀ- ਮਾਮਲੇ ਦੀ ਹੋਰ ਜਾਂਚ ਕੀਤੇ ਜਾਣ ਦੀ ਲੋੜ ਸੀ।’
ਫੈਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਵਕੀਲਾਂ ਵੱਲੋਂ ਸੜਕਾਂ ਉਪਰ ਆ ਕੇ ਅਧਿਕਾਰੀਆਂ ਵੱਲੋਂ ਤਾਕਤ ਦਾ ਗ਼ਲਤ ਇਸਤੇਮਾਲ ਕਰਕੇ ਬੇਕਸੂਰਾਂ ਦੀ ਹੱਤਿਆ ਕਰਨ ਵਿਰੁੱਧ ਮੁਜ਼ਾਹਰੇ ਕੀਤੇ ਗਏ। ਪਰਿਵਾਰ ਵੱਲੋਂ ਗੁਜਰਾਤ ਹਾਈਕੋਰਟ ਵਿਚ ਅਗਲੇਰੀ ਜਾਂਚ ਦੀ ਦਰਖ਼ਾਸਤ ਦਿੱਤੇ ਜਾਣ ਤੱਕ ਮਾਮਲਾ ਠੰਡੇ ਬਸਤੇ ਵਿਚ ਪਿਆ ਰਿਹਾ। ਫਿਰ ਮੁਕਾਬਲੇ ਦੀ ਜਾਂਚ ਲਈ ਇਕ ਤਿੰਨ ਮੈਂਬਰੀ ਟੀਮ ਬਣਾਈ ਗਈ। ਬਾਅਦ ਵਿਚ 2013 ‘ਚ ਗੁਜਰਾਤ ਹਾਈਕੋਰਟ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਨਿਯੁਕਤ ਕੀਤੀ ਸੀ ਬੀ ਆਈ ਟੀਮ ਨੇ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੱਤਾ, ਅਤੇ ਗੁਜਰਾਤ ਪੁਲਿਸ ਦੇ ਆਹਲਾ ਅਧਿਕਾਰੀਆਂ ਨੂੰ ਦੋਸ਼ੀ ਅਧਿਕਾਰੀਆਂ ਦੀ ਸੂਚੀ ਵਿਚ ਧਰ ਲਿਆ ਗਿਆ।
ਇੰਝ ਇਹ ਉਦੋਂ 2010 ਦੀ ਗੱਲ ਹੈ ਜਦੋਂ ਸੁਪਰੀਮ ਕੋਰਟ ਦੇ ਹੁਕਮ ਤਹਿਤ ਬਣਾਈ ਸਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ, ਕਿ ਮੈਂ ਸਿੰਘਲ ਨਾਲ ਮੁਲਾਕਾਤ ਦਾ ਸਮਾਂ ਲੈਣ ਦਾ ਯਤਨ ਕਰ ਰਹੀ ਸੀ। ਫ਼ੋਨ ਦੀ ਘੰਟੀ ਵੱਜੀ। ਮੈਂ ਆਪਣਾ ਤੁਆਰਫ਼ ਆਪਣੀ ਖ਼ਾਸ ਅੰਦਾਜ਼ ਵਾਲੀ ਅੰਗਰੇਜ਼ੀ ਵਿਚ ਕਰਵਾਇਆ। ਹੁੰਗਾਰਾ ਜ਼ਿਆਦਾ ਮਿਲਾਪੜਾ ਨਹੀਂ ਸੀ। ਸਿੰਘਲ ਨੇ ਮੈਨੂੰ ਬਾਅਦ ਵਿਚ ਫ਼ੋਨ ਕਰਨ ਲਈ ਕਿਹਾ। ਮੇਰੀਆਂ ਕੁਲ ਉਮੀਦਾਂ ਇਸ ਬੰਦੇ ਉਪਰ ਲੱਗੀਆਂ ਹੋਈਆਂ ਸਨ। ਇਹੀ ਬੰਦਾ ਸੀ ਜਿਸਤੋਂ ਮੈਂ ਆਪਣੀ ਛਾਣਬੀਣ ਸ਼ੁਰੂ ਕਰਨੀ ਸੀ। ਮੈਂ ਗੱਲ ਕਿਵੇਂ ਤੋਰਾਂਗੀ? ਉਸ ਸਵੇਰ ਦੇ ਅਖ਼ਬਾਰਾਂ ਵਿਚ ਵਿਸ਼ੇਸ਼ ਜਾਂਚ ਟੀਮ (S9“) ਵੱਲੋਂ ਸਿੰਘਲ ਦੀ ਗ੍ਰਿਫ਼ਤਾਰੀ ਹੋਣ ਦੀ ਚਰਚਾ ਸੀ। ਇਸ ਤਰ੍ਹਾਂ ਦੀ ਤਣਾਓਪੂਰਨ ਹਾਲਤ ਵਿਚ ਇਹ ਸੁਭਾਵਿਕ ਸੀ ਕਿ ਸਿੰਘਲ ਕਿਸੇ ਬਦੇਸ਼ੋ ਆਈ ਫਿਲਮਸਾਜ਼ ਨਾਲ ਗੱਲ ਕਰਨ ਦੀ ਬਜਾਏ ਕਾਨੂੰਨੀ ਚਾਰਾਜੋਈ ਪ੍ਰਤੀ ਜ਼ਿਆਦਾ ਸਰੋਕਾਰ ਦਿਖਾਏਗਾ। ਮੈਂ ਮਾਈਕ ਨੂੰ ਦੱਸ ਦਿੱਤਾ ਕਿ ਅੱਜ ਉਸਦੀ ਜ਼ਰੂਰਤ ਨਹੀਂ ਪਵੇਗੀ। ਮਾਈਕ ਹੋਸਟਲ ਵਿਚ ਰਹਿਣ ਵਾਲਿਆਂ ਨਾਲ ਘੁਲਮਿਲ ਗਿਆ ਸੀ, ਉਨ੍ਹਾਂ ਵਿਚੋਂ ਇਕ ਪਾਰਨਾਂਗੁਆਕ ਲਿੰਜ ਨਾਂ ਦੀ ਪਿਆਰੀ ਕੁੜੀ ਸੀ ਜੋ ਗ੍ਰੀਨਲੈਂਡ ਦੀ ਰਹਿਣ ਵਾਲੀ ਸੀ ਜਿਸ ਨੂੰ ਅਸੀਂ ਪਾਨੀ ਕਹਿੰਦੇ ਸੀ। ਮੈਂਨੂੰ ਸ਼ੱਕ ਸੀ ਕਿ ਮਾਈਕ ਉਸ ਉਪਰ ਡੁੱਲ੍ਹਦਾ ਜਾ ਰਿਹਾ ਸੀ। ਇਹ ਪਤਾ ਲੱਗਣ ‘ਤੇ ਕਿ ਉਸ ਦਿਨ ਉਸ ਦੀ ਜ਼ਰੂਰਤ ਨਹੀਂ ਮਾਈਕ ਨੇ ਪਾਨੀ ਨੂੰ ਫੋਟੋਗ੍ਰਾਫ਼ੀ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਹ ਇਕਦਮ ਮੰਨ ਗਈ।
ਉਸ ਸ਼ਾਮ ਨੂੰ ਫੋਟੋਗ੍ਰਾਫ਼ੀ ਦਾ ਮੇਰਾ ਆਪਣਾ ਪ੍ਰੋਗਰਾਮ ਸੀ। ਮੈਨੂੰ ਇਹ ਚੇਤੇ ਸੀ। ਇਹ ਸੋਚ ਕੇ ਕਿ ਉਥੇ ਬਾਹਲਾ ਕੰਮ ਨਹੀਂ ਸੀ ਮੈਂ ਆਪਣੇ ਕਮਰੇ ਵਿਚ ਵਾਪਸ ਆ ਗਈ ਅਤੇ ਪਿਛਲੇ ਕੁਝ ਦਿਨਾਂ ਦੀਆਂ ਘਟਨਾਵਾਂ ਲਿਖਣ ਬੈਠ ਗਈ।
ਅਜੇ ਆਪਣੇ ਮਿੱਤਰ ਦੀ ਫੋਟੋ ਨੁਮਾਇਸ਼ ਵਿਖੇ ਉਸਦਾ ਹੱਥ ਵਟਾ ਰਿਹਾ ਸੀ ਜਦੋਂ ਮੈਂ ਉਸ ਦਿਨ ਉੱਥੇ ਗਈ। ਮੇਰਾ ਤੁਆਰਫ਼ ਬਤੌਰ ਅਮਰੀਕਾ ਤੋਂ ਫਿਲਮਸਾਜ਼ ਕਰਵਾਇਆ ਗਿਆ। ਉਸ ਟੋਲੀ ਵੱਲੋਂ ਮੇਰੇ ਉਪਰ ਤਕਨੀਕੀ ਸਵਾਲਾਂ ਦੀ ਝੜੀ ਲਾਉਣ ਲਈ ਇਹੀ ਕਾਫ਼ੀ ਸੀ। ‘ਤੁਹਾਡਾ ਕੈਮਰੇ ਦਾ ਕੰਮ ਕੌਣ ਕਰ ਰਿਹੈ, ਤੁਸੀਂ ਕਿਹੜਾ ਕੈਮਰਾ ਇਸਤੇਮਾਲ ਕਰ ਰਹੇ ਹੋ, ਤੁਸੀਂ ਸ਼ੂਟਿੰਗ ਕਦੋਂ ਸ਼ੁਰੂ ਕਰੋਗੇ?’ ਮੈਂ ਇਸ ਤਰ੍ਹਾਂ ਦੇ ਸਵਾਲਾਂ ਦੀ ਉਮੀਦ ਨਾਲ ਪਹਿਲਾਂ ਹੀ ਤਿਆਰੀ ਕਰ ਰੱਖੀ ਸੀ ਅਤੇ ਤਹੱਮਲ ਨਾਲ ਉਨ੍ਹਾਂ ਦੇ ਜਾਵਬ ਦਿੰਦੀ ਰਹੀ। ਜ਼ਾਹਿਰਾ ਤੌਰ ‘ਤੇ ਅਜੇ ਪ੍ਰਭਾਵਿਤ ਸੀ। ਉਸਨੇ ਮੈਨੂੰ ਆਮਦਾਵਾਦ ਨੀ ਗੁਫ਼ਾ ਦਿਖਾਈ, ਅਤੇ ਬੈਠਕੇ ਕੌਫ਼ੀ ਦਾ ਕੱਪ ਤੇ ਸਮੋਸਾ ਲੈਣ ਤੋਂ ਪਹਿਲਾਂ ਉਸ ਥਾਂ ਬਾਰੇ ਮੋਟੀ ਮੋਟੀ ਜਾਣਕਾਰੀ ਦੇ ਦਿੱਤੀ।
ਉਥੇ ਸਾਡੇ ਲਾਗੇ ਕਾਲਜ ਤੋਂ ਇਕ ਟੋਲੀ ਮਹਿਫਿਲ ਸਜਾਈ ਬੈਠੀ ਸੀ, ਕੋਈ ਗਿਟਾਰ ਵਜਾ ਰਿਹਾ ਸੀ। ਕੋਈ ਕਿਸੇ ਦੂਰ ਦਰਾਜ਼ ਕੋਨੇ ਵਿਚ ਆਪਣੇ ਬੇਲੀ ਨੂੰ ਲੈ ਕੇ ਬੈਠਾ ਹੋਇਆ ਸੀ। ਬਿੰਦ ਕੁ ਤਾਂ ਇੰਝ ਲੱਗਿਆ ਜਿਵੇਂ ਸਭ ਕੁਝ ਭੁੱਲ ਗਿਆ ਸੀ, ਪੁਲਿਸ ਅਧਿਕਾਰੀ, ਕਿ ਮੈਂ ਭੇਸ ਵਟਾ ਕੇ ਕੰਮ ਕਰ ਰਹੀ ਸੀ, ਅਤੇ ਇਹ ਕਿ ਮੈਂ ਹੱਥ ਲਏ ਕੰਮ ਬਾਬਤ ਪ੍ਰੇਸ਼ਾਨ ਸੀ। ਇਥੋਂ ਮੈਂ ਬਸ ਇੱਕ ਹੋਰ ਵਿਦਿਆਰਥੀ ਸੀ। ਮੈਨੂੰ ਪਿੱਛੇ ਆਪਣੇ ਪਰਿਵਾਰ, ਮਾਪਿਆਂ ਦਾ ਖ਼ਿਆਲ ਆਇਆ ਜਿਨ੍ਹਾਂ ਨੂੰ ਮੈਂ ਇਨ੍ਹਾਂ ਦਿਨਾਂ ਵਿਚ ਫ਼ੋਨ ਵੀ ਨਹੀਂ ਕੀਤਾ ਸੀ, ਜੋ ਮੇਰੇ ਅਚਾਨਕ ਬਦਲੇ ਹੋਏ ਵਤੀਰੇ ਨੂੰ ਲੈ ਕੇ ਫ਼ਿਕਰਮੰਦ ਸਨ। ਮੈਂ ਆਪਣਾ ਸੈੱਲ ਫ਼ੋਨ ਬੰਦ ਕੀਤਾ ਹੋਇਆ ਸੀ। ਮੈਂ ਕਿਸੇ ਸਥਾਨਕ ਸਾਈਬਰ ਕੈਫੇ ਤੋਂ ਉਨ੍ਹਾਂ ਨੂੰ ਮੇਲ ਕਰਦੀ, ਜੋ ਅਕਸਰ ਬਹੁਤਾ ਨਜ਼ਦੀਕ ਨਾ ਹੋਵੇ। ਜਦੋਂ ਤੋਂ ਮੈਂ ਅਮਿਤ ਸ਼ਾਹ ਬਾਰੇ ਖ਼ੁਲਾਸਾ ਕੀਤਾ ਸੀ, ਉਹ ਹਰ ਵਕਤ ਮੇਰੀ ਰਾਜ਼ੀ-ਖੁਸ਼ੀ ਨੂੰ ਲੈ ਕੇ ਫ਼ਿਕਰਾਂ ‘ਚ ਡੁੱਬੇ ਰਹਿੰਦੇ ਸਨ।
ਇਨ੍ਹਾਂ ਸੋਚਾਂ ਵਿਚ ਡੁੱਬੀ ਹੋਈ ਨੇ, ਮੈਂ ਅਜੇ ਨੂੰ ਕਿਹਾ ਕਿ ਉਹ ਮੈਨੂੰ ਮੇਰੇ ਹੋਸਟਲ ਦੇ ਨੇੜੇ ਕਿਸੇ ਸਥਾਨਕ ਮਾਰਕੀਟ ਵਿਖੇ ਛੱਡ ਸਕਦਾ ਸੀ। ਮੇਰਾ ਕੁਝ ਸਮਾਨ ਮੁੱਕਣ ਵਾਲਾ ਸੀ, ਮੈਂ ਉਸ ਨੂੰ ਕਿਹਾ। ਉਸ ਨੇ ਮੈਨੂੰ ਸੈਟੇਲਾਈਟ ਰੋਡ ਸ਼ਾਪਿੰਗ ਇਲਾਕੇ, ਇਕ ਸ਼ਾਹੀ ਮਾਰਕੀਟ ਇਲਾਕੇ ਵਿਚ ਲਾਹ ਦਿੱਤਾ। ਸੱਚੀਂ ਮੁੱਚੀ ਦੀ ਖ਼ਰੀਦਦਾਰੀ ਦਾ ਪ੍ਰਭਾਵ ਦੇਣ ਲਈ ਮੈਂ ਇਕ ਸੁਪਰ ਮਾਰਕੀਟ ਦੇ ਅੰਦਰ ਚਲੀ ਗਈ, ਕੁਝ ਗੁਸਲ ਦਾ ਨਿੱਕਸੁੱਕ ਖਰੀਦਿਆ ਅਤੇ ਫਿਰ ਸੁਪਰ ਸਟੋਰ ਦੇ ਨਾਲ ਬਣੇ ਪੀ ਸੀ ਓ ਵਿਚ ਜਾ ਵੜੀ। ਇਹ ਪਰਿਵਾਰ ਨਾਲ ਗੱਲ ਕਰਨ ਦਾ ਸਭ ਤੋਂ ਮਹਿਫ਼ੂਜ਼ ਤਰੀਕਾ ਸੀ। ਮੈਂ ਆਪਣਾ ਲੈਂਡਲਾਈਨ ਨੰਬਰ ਮਿਲਾਇਆ। ਮੇਰੀ ਮਾਂ, ਜੋ ਤਾਕਤ ਦਾ ਭਰਪੂਰ ਚਸ਼ਮਾ ਰਹੀ ਸੀ ਅਤੇ ਮਜ਼ਬੂਤ ਹੋਣ ਦਾ ਦਿਖਾਵਾ ਕਰਦੀ ਸੀ, ਨੇ ਫ਼ੋਨ ਚੁੱਕਿਆ। ਉਹ ਚਾਹੁੰਦੀ ਸੀ ਕਿ ਮੈਂ ਵਾਪਸ ਆ ਜਾਵਾਂ। ਇਹ ਕੈਸੀ ਪੱਤਰਕਾਰੀ ਸੀ, ਕਿ ਮੇਰਾ ਆਪਣੇ ਪਰਿਵਾਰ ਨਾਲ ਵੀ ਕੋਈ ਰਾਬਤਾ ਨਹੀਂ ਸੀ। ਮੈਂ ਉਸ ਨੂੰ ਜਿੰਨਾ ਕੁ ਢਾਰਸ ਦੇ ਸਕਦੀ ਸੀ ਦੇ ਦਿੱਤੀ ਅਤੇ ਆਪਣੇ ਅੰਦਰਲਾ ਖਾਲੀਪਣ ਮਹਿਸੂਸ ਕਰਕੇ ਫ਼ੋਨ ਰੱਖ ਦਿੱਤਾ।
ਅਗਲੀ ਸਵੇਰ ਮੈਂ ਸਿੰਘਲ ਨੂੰ ਦੁਬਾਰਾ ਫ਼ੋਨ ਕੀਤਾ, ਅਤੇ ਇਸ ਵਾਰ ਉਸਨੇ ਕਿਹਾ ਕਿ ਉਹ ਮੈਨੂੰ ਮਿਲੇਗਾ। ਮੇਰੀ ਛਣਬੀਣ ਮੈਨੂੰ ਜਿਸ ਬਿਖੜੇ ਪੈਂਡੇ ਉਪਰ ਤੋਰਨ ਜਾ ਰਹੀ ਸੀ ਓੜਕ ਉਸਦਾ ਆਗਾਜ਼ ਹੋ ਗਿਆ।