ਗੈਂਗਸਟਰਾਂ ਦੀ ਪੂਰੇ ਪੰਜਾਬ ‘ਚ ਦਹਿਸ਼ਤ

ਗੈਂਗਸਟਰਾਂ ਦੀ ਪੂਰੇ ਪੰਜਾਬ ‘ਚ ਦਹਿਸ਼ਤ

ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ‘ਚ ਵੀ ਪੁਲੀਸ ਲਈ ਬਣੇ ਸਿਰ ਦਰਦ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਗੈਂਗਸਟਰ ਹੁਣ ਸੂਬੇ ਵਿਚ ਹੀ ਨਹੀਂ ਬਲਕਿ ਰਾਜਸਥਾਨ, ਹਰਿਆਣਾ, ਯੂ.ਪੀ. ਵਿਚ ਵੀ ਪੁਲੀਸ ਲਈ ਸਿਰ ਦਰਦ ਬਣਦੇ ਜਾ ਰਹੇ ਹਨ। ਗੈਂਗਸਟਰਾਂ ਦਾ ਅਤਿਵਾਦੀ ਦਿਨ-ਪ੍ਰਤੀਦਿਨ ਵਧਦਾ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਆਪਸੀ ਦੁਸ਼ਮਣੀ ਕਾਰਨ ਸੂਬੇ ਵਿਚ ਦਹਿਸ਼ਤ ਵਧਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਗੈਂਗਸਟਰ ਹੁਣ ਖੁਲੇਆਮ ਫ਼ੇਸਬੁਕ ‘ਤੇ ਚੁਣੌਤੀ ਦੇ ਕੇ ਸਬਕ ਸਿਖਾਉਣ ਦੀਆਂ ਧਮਕੀਆਂ ਦੇਣ ਲੱਗੇ ਹਨ। ਪੰਜਾਬ ਦੇ ਗੈਂਗਸਟਰਾਂ ਨੇ ਹੀ ਹਿਮਾਚਲ ਦੇ ਸੋਲਨ ਵਿਚ ਰੋਕੀ ਹਤਿਆਕਾਂਡ ਨੂੰ ਅੰਜਾਮ ਦਿੱਤਾ ਸੀ ਅਤੇ ਬਾਅਦ ਵਿਚ ਸ਼ਰ੍ਹੇਆਮ ਉਸ ਦੀ ਹੱਤਿਆ ਦੀ ਜ਼ਿੰਮੇਵਾਰੀ ਲੈ ਕੇ ਐਸ.ਐਸ.ਪੀ. ਤਕ ਨੂੰ ਚੁਣੌਤੀ ਦੇ ਦਿੱਤੀ ਸੀ।
ਸੀਨੀਅਰ ਪੱਤਰਕਾਰ ਸੁਰਿੰਦਰ ਪਾਲ ਵਲੋਂ ਇਕੱਤਰ ਵੇਰਵਿਆਂ ਅਨੁਸਾਰ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਖੁਦ ਕਹਿ ਚੁੱਕੇ ਹਨ ਕਿ ਸੂਬੇ ‘ਚ 450 ਤੋਂ ਵੱਧ ਗੈਂਗਸਟਰ ਮੌਜੂਦ ਹਨ। ਜਾਣਕਾਰਾਂ ਅਨੁਸਾਰ ਜ਼ਿਆਦਾਤਰ ਗੈਂਗਾਂ ਦੇ ਮੁਖੀ ਜੇਲ੍ਹ੍ਹਾਂ ਵਿਚ ਬੰਦ ਹਨ ਅਤੇ ਉਥੋਂ ਹੀ ਗੈਂਗਾਂ ਦਾ ਸੰਚਾਲਨ ਕਰਦੇ ਹਨ। ਸੂਬੇ ਵਿਚ ਸਭ ਤੋਂ ਵੱਧ ਦਹਿਸ਼ਤ ਗੌਂਡਰ ਗੈਂਗ, ਮੱਲੀ ਤੇ ਬਚਿੱਤਰ ਗੈਂਗ, ਲਾਰੇਂਸ ਬਿਸ਼ਨੋਈ, ਜਗਦੀਪ ਜੱਗੂ, ਕਾਲਾ ਮਾਨ, ਨੋਨੀ ਨੇਪਾਲੀ, ਸ਼ੇਰਾ ਖੁੱਬਨ, ਨਰੂਆਣਾ ਗੈਂਗ, ਰੱਮੀ ਮਛਾਣਾ, ਭਾਟੀ ਗੈਂਗ, ਰਣਜੀਤ ਜੀਤਾ ਗੈਂਗ ਦੀ ਹੈ। ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਪੰਜਾਬ ਦੇ ਗੈਂਗਸਟਰਾਂ ਦਾ ਯੂ.ਪੀ. ਦੇ ਅਪਰਾਧੀਆਂ ਨਾਲ ਕਾਫੀ ਮੇਲਜੋਲ ਵਧਿਆ ਹੈ, ਜਿਸ ਕਾਰਨ ਹਥਿਆਰ ਤੇ ਲੁਕਣ ਦੇ ਠਿਕਾਣਿਆਂ ਦੀ ਗੈਂਗਸਟਰਾਂ ਨੂੰ ਕੋਈ ਫ਼ਿਕਰ ਨਹੀਂ ਰਹਿੰਦੀ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੈਂਗਸਟਰ ਯੂ.ਪੀ. ਵੱਲ ਚਲੇ ਜਾਂਦੇ ਹਨ ਅਤੇ ਉਥੋਂ ਹੀ ਆਪਣਾ ਨੈਟਵਰਕ ਚਲਾਉਂਦੇ ਹਨ।

ਇਨ੍ਹਾਂ ਗੈਂਗਾਂ ਵਿਚਕਾਰ ਚੱਲ ਰਹੀ ਹੈ ਦੁਸ਼ਮਣੀ :
ਪੰਜਾਬ ਵਿਚ ਇਸ ਸਮੇਂ ਸਭ ਤੋਂ ਵੱਧ ਖੌਫ ਗੌਂਡਰ ਗੈਂਗ ਦਾ ਹੈ। ਗੌਂਡਰ ਗੈਂਗ ਦੇ ਮੈਂਬਰਾਂ ਦੀ ਦੁਸ਼ਮਣੀ ਗੈਂਗਸਟਰ ਦਲਜੀਤ ਸਿੰਘ ਭਾਣਾ ਤੇ ਰਵੀ ਰਾਏਗੜ੍ਹ ਨਾਲ ਚੱਲ ਰਹੀ ਹੈ। ਕੁਲਪ੍ਰੀਤ ਸਿੰਘ ਤੇ ਰਵੀ ਰਾਏਗੜ੍ਹ ਨੇ ਪਿਛਲੇ ਦਿਨੀਂ ਫੇਸਬੁਕ ‘ਤੇ ਇਕ-ਦੂਜੇ ਨੂੰ ਚੁਣੌਤੀ ਦੇ ਕੇ ਜੇਲ੍ਹ ਤੋਂ ਬਾਹਰ ਆ ਕੇ ਵੇਖ ਲੈਣ ਦੀ ਧਮਕੀ ਤਕ ਦਿੱਤੀ ਹੈ। ਉਥੇ ਹੀ ਦਲਜੀਤ ਸਿੰਘ ਭਾਣਾ ਦੀ ਦੁਸ਼ਮਣੀ ਪ੍ਰੇਮਾ ਲਾਹੌਰੀਆ ਨਾਲ ਚੱਲ ਰਹੀ ਹੈ ਅਤੇ ਪ੍ਰੇਮਾ ‘ਤੇ ਹੀ ਸੁੱਖਾ ਕਾਹਲਵਾਂ ਦੀ ਪੁਲੀਸ ਹਿਰਾਸਤ ਵਿਚ ਹੱਤਿਆ ਦਾ ਦੋਸ਼ ਹੈ। ਉੱਥੇ ਹੀ ਆਨੰਦਪੁਰ ਸਾਹਿਬ ਤੇ ਨੂਰਪੁਰ ਬੇਦੀ ਵਿਚ ਕੇਸਰ ਮੱਲੀ ਤੇ ਬਚਿੱਤਰ ਗੈਂਗ ਦੀ ਦਹਿਸ਼ਤ ਹੈ ਅਤੇ ਇਨ੍ਹਾਂ ਦੋਨਾਂ ਵਿਚਾਲੇ ਆਪਸੀ ਜੰਗ ਚੱਲ ਰਹੀ ਹੈ। ਦੋਵੇਂ ਪਾਸਿਉਂ ਬਰਾਬਰ ਦਾ ਜੋਰ ਹੈ ਅਤੇ ਇਹ ਗੈਂਗ ਇਕ-ਦੂਜੇ ‘ਤੇ ਹਮਲੇ ਕਰ ਕੇ ਆਪਣੀ ਦੁਸ਼ਮਣੀ ਨਿਭਾ ਰਹੇ ਹਨ। ਮੱਲੀ ਗੈਂਗ ਦੇ ਤਾਰ ਗੌਂਡਰ ਗੈਂਗ ਨਾਲ ਵੀ ਜੁੜੇ ਹੋਏ ਹਨ ਅਤੇ ਗੌਂਡਰ ਨਾਲ ਇਨ੍ਹਾਂ ਦੀ ਚੰਗੀ ਦੋਸਤੀ ਹੈ।

ਜਲੰਧਰ ਦੇ ਗੈਂਗਸਟਰ ਭਾਣਾ ਨੂੰ ਸਿਆਸੀ ਪਨਾਹ :
ਮਾਲਵਾ ਦੇ ਬਰਨਾਲਾ ਜ਼ਿਲ੍ਹੇ ‘ਚ ਗੁਰੀਤ ਸਿੰਘ ਕਾਲਾ ਗੈਂਗ ਕਾਫੀ ਪ੍ਰਸਿੱਧ ਹੈ। ਕਾਲਾ ਤੇ ਗੈਂਗ ਦੇ ਮੈਂਬਰਾਂ ‘ਤੇ 49 ਤੋਂ ਵੱਧ ਮਾਮਲੇ ਦਰਜ ਹਨ। ਉਹ ਜੇਲ੍ਹ ਤੋਂ ਆਪਣਾ ਗੈਂਗ ਆਪ੍ਰੇਟ ਕਰ ਰਿਹਾ ਹੈ। ਜਲੰਧਰ ਦਾ ਪ੍ਰੇਮਾ ਲਾਹੌਰੀਆ ਸੁੱਖਾ ਕਾਹਲਵਾਂ ਹੱਤਿਆ ਕਾਂਡ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ। ਇਸ ਸਮੇਂ ਉਹ ਫਰਾਰ ਹੈ। ਜਲੰਧਰ ਦੇ ਬਸਤੀ ਵਾਲਾ ਖੇਲ ਇਲਾਕੇ ਦੇ ਰਹਿਣ ਵਾਲੇ ਪ੍ਰੇਮਾ ਲਾਹੌਰੀਆ ਨੇ ਅਪਣੇ ਸਾਥੀ ਗੌਂਡਰ ਨਾਲ ਮਿਲ ਕੇ ਸੁੱਖਾ ਕਾਹਲਵਾਂ ਦਾ ਪੁਲੀਸ ਹਿਰਾਸਤ ‘ਚ ਕਤਲ ਕਰ ਦਿੱਤਾ ਸੀ। ਫਗਵਾੜਾ-ਜਲੰਧਰ-ਲੁਧਿਆਣਾ ਹਾਈਵੇਅ ‘ਤੇ ਫਗਵਾੜਾ ਦੇ ਡਿਵਾਇਨ ਪਬਲਿਕ ਸਕੂਲ ਨਜ਼ਦੀਕ 22 ਜਨਵਰੀ 2015 ਨੂੰ ਬੁੱਧਵਾਰ ਸ਼ਾਮ 5 ਵਜੇ 14-15 ਨੌਜਵਾਨਾਂ ਨੇ ਪੁਲੀਸ ਜੀਪ ਨੂੰ ਘੇਰ ਕੇ ਜਲੰਧਰ ਦੇ ਕਾਹਲਵਾਂ ਪਿੰਡ ਦੇ ਗੈਂਗਸਟਰ ਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਪ੍ਰੇਮਾ ਦੇ ਪਿੱਛੇ ਪਈ ਹੋਈ ਹੈ, ਪਰ ਉਹ ਪੁਲੀਸ ਦੀ ਪਕੜ ਤੋਂ ਬਾਹਰ ਹੈ। ਪ੍ਰੇਮਾ ਦਾ ਦੁਸ਼ਮਣ ਜਲੰਧਰ ਦੇ ਬਸਿਤਯਾਨ ਇਲਾਕੇ ਦਾ ਦਲਜੀਤ ਸਿੰਘ ਭਾਣਾ ਹੈ, ਜੋ ਸੁੱਖਾ ਕਾਹਲਵਾਂ ਦਾ ਸਾਥੀ ਰਿਹਾ ਹੈ। 7 ਮਈ 2012 ਨੂੰ ਭਾਣਾ ਨੇ ਬਸਤੀ ਬਾਵਾ ਖੇਡ ਵਿਚ ਪ੍ਰੇਮਾ ਲਾਹੌਰੀਆ ਦੇ ਕਰੀਬੀ ਸਾਥੀ ਪ੍ਰਿੰਸ ਦੀ ਮੋਬਾਈਲ ਸ਼ਾਪ ‘ਤੇ ਗੋਲੀਬਾਰੀ ਕਰ ਕੇ ਉਸ ਨੂੰ ਮਾਰ ਦਿੱਤਾ ਸੀ। ਭਾਣਾ ਦੇ ਸਿਰ ‘ਤੇ ਕਈ ਆਗੂਆਂ ਦਾ ਹੱਥ ਦੱਸਿਆ ਜਾਂਦਾ ਹੈ। 2014 ਵਿਚ ਭਾਣਾ ਨੇ ਪ੍ਰਿੰਸ ਹੱਤਿਆ ਕਾਂਡ ਦੇ ਗਵਾਹ ਸਿਮਰਨਜੀਤ ਸਿੰਘ ਤੇ ਦੀਪਾਂਸ਼ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ ਤਾਂ ਕਿ ਉਸ ਵਿਰੁੱਧ ਗਵਾਹੀ ਨਾ ਦੇ ਸਕਣ ਅਤੇ ਭਾਣਾ ਫਰਾਰ ਹੋ ਗਿਆ ਸੀ। ਭਾਣਾ ਨੂੰ ਪਟਿਆਲਾ ਪੁਲੀਸ ਨੇ ਕੁੱਝ ਸਮਾਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਹ ਜੇਲ੍ਹ ‘ਚ ਬੰਦ ਹੈ।

ਨੋਨੀ ਨੇਪਾਲੀ ਗੈਂਗ ਕਰ ਚੁੱਕਾ ਹੈ ਏ.ਐਸ.ਆਈ. ਦੀ ਹੱਤਿਆ :
ਜਲੰਧਰ ਦੇ ਹੀ ਨੋਨੀ ਨੇਪਾਲੀ ਗੈਂਗ ਦਾ ਵੀ ਖੌਫ਼ ਹੈ। ਇਸ ਗੈਂਗ ਦੇ ਪੁਸ਼ਪਿੰਦਰ ਨੋਟੀ ਨੇ ਹਵੇਲੀ ਰੇਸਤਰਾਂ ਨਜ਼ਦੀਕ 31 ਮਾਰਚ 2014 ਨੂੰ ਪੰਜਾਬ ਪੁਲੀਸ ਦੇ ਟ੍ਰੈਫਿਕ ਏ.ਐਸ.ਆਈ. ਗੁਰਦੇਵ ਸਿੰਘ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨੋਨੀ ਆਪਣੇ ਦੋਸਤ ਯੂ.ਕੇ. ਸਿਟੀਜਨ ਤਲਵਿੰਦਰ ਟੈਲੀ, ਪਲਵਿੰਦਰ ਪਿੰਦਾ ਲੋਹੀਆਂ ਤੇ ਇੱਕ ਹੋਰ ਸਾਥੀ ਨਾਲ ਹਵੇਲੀ ਰੇਸਤਰਾਂ ‘ਚ ਗਿਆ ਸੀ। ਉੱਥੇ ਉਸ ਦੇ ਸਾਥੀ ਇਕ ਬਾਥਰੂਮ ‘ਚ ਜਾ ਕੇ ਹੈਰੋਇਨ ਪੀ ਰਹੇ ਸਨ। ਅੰਦਰ ਪੁੱਜੇ ਕਾਂਸਟੇਬਲ ਨੇ ਉਨ੍ਹਾਂ ਨੂੰ ਰੋਕਿਆ। ਬਾਹਰ ਆ ਕੇ ਜਦੋਂ ਏ.ਐਸ.ਆਈ. ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਸ਼ੇਰਾ ਖੁੱਬਨ ਗੈਂਗ ਨਾਲ ਕਈ ਵੱਡੇ ਅਪਰਾਧੀ ਜੁੜੇ :
ਸ਼ੇਰਾ ਖੁੱਬਨ ਗੈਂਗ ਫਿਰੋਜ਼ਪੁਰ ਵਿਚ ਮੌਜੂਦ ਹੈ। ਇਸ ਗੈਂਗ ਨਾਲ ਕਈ ਵੱਡੇ ਅਪਰਾਧੀ ਜੁੜੇ ਹਨ। ਬਠਿੰਡਾ ਪੁਲੀਸ ਨੇ ਐਨਕਾਉਂਟਰ ‘ਚ ਸ਼ੇਰਾ ਖੁੱਬਨ ਨੂੰ ਮਾਰ ਮੁਕਾਇਆ ਸੀ। ਉਸ ਸਮੇਂ ਇਹ ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਜਸਵਿੰਦਰ ਰੋਕੀ ਨੇ ਪੁਲੀਸ ਨੂੰ ਸ਼ੇਰਾ ਦੇ ਬਠਿੰਡਾ ‘ਚ ਹੋਣ ਦੀ ਜਾਣਕਾਰੀ ਦਿੱਤੀ ਸੀ। ਪਿੰਡ ਨਰੂਆਣਾ ਦਾ ਕੁਲਬੀਰ ਨਰੂਆਣਾ ਕਦੇ ਬੱਬਰ ਗੈਂਗ ਦਾ ਮੈਂਬਰ ਸੀ। ਬੱਬਰ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਨਾਂ ਤੋਂ ਗੈਂਗ ਬਣਾ ਲਿਆ। ਬਾਅਦ ‘ਚ ਉਹ ਰੋਕੀ ਗੈਂਗ ਨਾਲ ਜੁੜ ਗਿਆ ਅਤੇ ਕੁਲਬੀਰ ਨੇ ਕਈ ਵੱਡੀ ਵਾਰਦਾਤਾਂ ਨੂੰ ਅੰਜਾਮ ਦਿੱਤਾ। ਅੰਮ੍ਰਿਤਪਾਲ ਸਿੰਘ ਭਾਟੀ ਅੱਜਕਲ ਨਾਭਾ ਜੇਲ੍ਹ ‘ਚ ਬੰਦ ਹੈ। ਉਸ ‘ਤੇ ਵੱਖ-ਵੱਖ ਥਾਣਿਆਂ ‘ਚ ਹੱਤਿਆ ਅਤੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਭਾਟੀ ਨੇ ਲਗਭਗ ਤਿੰਨ ਸਾਲ ਪਹਿਲਾਂ ਆਪਣੇ ਸਾਥੀਆਂ ਸਮੇਤ ਮੱਛਰ ਗੈਂਗ ਦੇ ਮਾਸਟਰ ਮਾਈਂਡ ਪ੍ਰਦੀਪ ਕੁਮਾਰ ਉਰਫ਼ ਮੱਛਰ ਦੀ ਭੁੱਚੋ ਮੰਡੀ ਨਜ਼ਦੀਕ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਪੁਲੀਸ ਨੇ ਗੈਂਗਸਟਰਾਂ ‘ਤੇ ਫਿਰ ਸ਼ੁਰੂ ਕੀਤਾ ਹੋਮਵਰਕ :
ਪੁਲੀਸ ਦੇ ਅਧਿਕਾਰਕ ਸੂਤਰਾਂ ਅਨੁਸਾਰ ਜੇਲ੍ਹਾਂ ‘ਚ ਬੰਦ ਕਈ ਖ਼ਤਰਨਾਕ ਗੈਂਗਸਟਰਾਂ ‘ਤੇ ਦੁਬਾਰਾ ਤੋਂ ਹੋਮਵਰਕ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਜੇਲ੍ਹਾਂ ‘ਚ ਮੋਬਾਈਲ ਨੈੱਟਵਰਕ ਬੰਦ ਕਰਨ ਲਈ ਸਪੈਸ਼ਲ ਟਾਸਕ ਫੋਰਸ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਕਿ ਕਿਸੇ ਤਰੀਕੇ ਨਾਲ ਗੌਂਡਰ ਤੇ ਉਸ ਦੇ ਖ਼ਤਰਨਾਕ ਗੈਂਗਸਟਰਾਂ ਨੂੰ ਕਾਬੂ ਕੀਤਾ ਜਾ ਸਕੇ। ਪੁਲੀਸ ਲਈ ਹਾਲੇ ਸਿਰਦਰਦੀ ਜਿੱਥੇ ਗੌਂਡਰ ਤੇ ਉਸ ਦੇ ਸਾਥੀਆਂ ਨੂੰ ਕਾਬੂ ਕਰਨਾ ਹੈ, ਉੱਥੇ ਹੀ ਵੱਡੀ ਸਿਰਦਰਦੀ ਇਨ੍ਹਾਂ ਦੇ ਪ੍ਰਸ਼ੰਸ਼ਕਾਂ (ਫਾਲੋਅਰ) ਨੂੰ ਰੋਕਣਾ ਹੈ, ਕਿਉਂਕਿ ਪੰਜਾਬ ‘ਚ ਇਨ੍ਹਾਂ 450 ਗੈਂਗਸਟਰਾਂ ਲਈ ਹਜ਼ਾਰਾਂ ਨੌਜਵਾਨ ਅਪਣੀ ਟੋਲੀ ਬਣਾ ਕੇ ਕੰਮ ਕਰ ਰਹੇ ਹਨ। ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਸਾਰੇ ਜੇਲ੍ਹ ਸੁਪਰੀਡੈਂਟਾਂ ਨੂੰ ਗੈਂਗਸਟਰਾਂ ਦੀ ਸੂਚੀ ਬਣਾ ਕੇ ਉਨ੍ਹਾਂ ਦੀ ਪੂਰੀ ਜਾਣਕਾਰੀ ਤੇ ਮਿਲਣ-ਜੁਲਣ ਵਾਲਿਆਂ ਦੀ ਸੂਚੀ ਮੰਗੀ ਹੈ ਤਾਂ ਕਿ ਇਨ੍ਹਾਂ ਦੀ ਪਲਾਨਿੰਗ ਨੂੰ ਬ੍ਰੇਕ ਕੀਤਾ ਜਾ ਸਕੇ।

ਦੋਆਬਾ ‘ਚ ਜੈਪਾਲ ਅਤੇ ਚੰਦੂ ਗੈਂਗ ਦਾ ਬੋਲਬਾਲਾ :
ਫਿਰੋਜ਼ਪੁਰ ‘ਚ ਜੈਪਾਲ ਗੈਂਗ ਅਤੇ ਚੰਦੂ ਗੈਂਗ ਦਾ ਬੋਲਬਾਲਾ ਹੈ ਅਤੇ ਇਨ੍ਹਾਂ ਦੇ ਤਾਰ ਦੋਆਬਾ ‘ਚ ਜੁੜੇ ਹੋਏ ਹਨ। ਫਿਰੋਜ਼ਪੁਰ ਵਿਚ ਜਸਵਿੰਦਰ ਸਿੰਘ ਉਰਫ਼ ਰੋਕੀ ਅਤੇ ਦਿਓੜਾ ਗੈਂਗ ਸੀ। ਦੋਨਾਂ ਨੂੰ ਜੈਪਾਲ ਗੈਂਗ ਤੇ ਚੰਦੂ ਗੈਂਗ ਨੇ ਮਾਰ ਕੇ ਆਪਣੀ ਦਹਿਸ਼ਤ ਕਾਇਮ ਕੀਤੀ ਸੀ। ਸੋਲਨ ਵਿਚ ਗੈਂਗਸਟਰ ਰੋਕੀ ਦੀ ਹੱਤਿਆ ਵਿਚ ਵੀ ਜੈਪਾਲ ਦਾ ਨਾਂ ਸਾਹਮਣੇ ਆਇਆ। ਸ਼ੇਰਾ ਦੀ ਹੱਤਿਆ ਦਾ ਬਦਲਾ ਲੈਣ ਲਈ ਹੀ ਰੋਕੀ ਦੀ ਹੱਤਿਆ ਕੀਤੀ ਗਈ। ਪੁਲੀਸ ਅਨੁਸਾਰ ਗੈਂਗਸਟਰ ਰੋਕੀ ਦਾ ਸਬੰਧ ਯੂ.ਪੀ. ਦੇ ਗੈਂਗ ਨਾਲ ਸੀ। ਰੋਕੀ ਪੰਜਾਬ ਵਿਚ ਆ ਕੇ ਆਪਣਾ ਗੈਂਗ ਚਲਾਉਣ ਲੱਗਾ ਸੀ। ਯੂ.ਪੀ. ਦਾ ਗੈਂਗ ਨਾਲ ਜੁੜੇ ਡਿੰਪੀ ਤੋਂ ਉਸ ਦੀ ਦੁਸ਼ਮਣੀ ਹੋਈ। 7 ਜੁਲਾਈ 2006 ਨੂੰ ਡਿੰਪੀ ਚੰਡੀਗੜ੍ਹ ‘ਚ ਮਾਰਿਆ ਗਿਆ। ਇਸ ਦਾ ਦੋਸ਼ ਰੋਕੀ ‘ਤੇ ਲੱਗਾ ਪਰ ਸਾਬਤ ਨਹੀਂ ਹੋਇਆ। ਰੋਕੀ ਨੇ 2012 ‘ਚ ਫਾਜ਼ਿਲਕਾ ਤੋਂ ਚੋਣ ਲੜੀ, ਪਰ ਹਾਰ ਗਿਆ।