ਮੌਜੂਦ ਵਿਸ਼ਵੀ ਸਿਆਸੀ ਮਾਹੌਲ ‘ਚ ਸਰਹੱਦੀ ਜੰਗਾਂ ਦੇ ਖ਼ਤਰੇ ਵਧੇ : ਜਨਰਲ ਮਲਿਕ

ਮੌਜੂਦ ਵਿਸ਼ਵੀ ਸਿਆਸੀ ਮਾਹੌਲ ‘ਚ ਸਰਹੱਦੀ ਜੰਗਾਂ ਦੇ ਖ਼ਤਰੇ ਵਧੇ : ਜਨਰਲ ਮਲਿਕ

‘ਦਿ ਟ੍ਰਿਬਿਊਨ’ ਕੌਮੀ ਸੁਰੱਖਿਆ ਫੋਰਮ ਦੇ ਪਹਿਲੇ ਸਾਲਾਨਾ ਲੈਕਚਰ ‘ਚ ਪ੍ਰਗਟਾਏ ਖ਼ਦਸ਼ੇ
ਚੰਡੀਗੜ੍ਹ/ਬਿਊਰੋ ਨਿਊਜ਼ :
ਬ੍ਰੈਗਜ਼ਿਟ, ਟਰੰਪ, ਕੌਮਪ੍ਰਸਤੀ ਅਤੇ ਅਸਥਿਰਤਾ ਦੇ ਨਵੇਂ ਯੁੱਗ ਵਿਚ ਕੋਈ ਵੀ ਭਰੋਸਾ ਨਹੀਂ ਦੇ ਸਕਦਾ ਕਿ ਪਰਮਾਣੂ ਅਤੇ ਵੱਡੀਆਂ ਜੰਗਾਂ ਨਹੀਂ ਹੋਣਗੀਆਂ। ਭਾਰੀ ਖ਼ਰਚੇ, ਜਾਨਾਂ ਜਾਣ ਅਤੇ ਸਿਆਸੀ ਦਬਾਅ ਦੇ ਕਿੰਨੇ ਹੀ ਤੌਖ਼ਲੇ ਕਿਉਂ ਨਾ ਹੋਣ। ਉਂਜ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਪਾਕਿਸਤਾਨ ਅਤੇ ਚੀਨ ਨਾਲ ਅਸਾਵੀਂ ਅਤੇ ਸੀਮਤ ਸਰਹੱਦੀ ਜੰਗਾਂ ਹੋ ਸਕਦੀਆਂ ਹਨ।
‘ਦਿ ਟ੍ਰਿਬਿਊਨ’ ਕੌਮੀ ਸੁਰੱਖਿਆ ਫੋਰਮ ਵੱਲੋਂ ਕਰਾਏ ਗਏ ਪਹਿਲੇ ਸਾਲਾਨਾ ਲੈਕਚਰ ‘ਡਿਫੈਂਸ ਐਟ 70 : ਅੱਜ ਅਤੇ ਭਲਕ’ ਦੌਰਾਨ ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਵੀ ਪੀ ਮਲਿਕ ਨੇ ਉਕਤ ਗੱਲਾਂ ਆਖਦਿਆਂ ਕਿਹਾ ਕਿ ਪਾਕਿਸਤਾਨ ਆਪਣੀ ਰਣਨੀਤੀ ਤਹਿਤ ਭਾਰਤ ਨੂੰ ਲਗਾਤਾਰ ਲਹੂਲੁਹਾਣ ਕਰਦਾ ਆ ਰਿਹਾ ਹੈ ਅਤੇ ਚੀਨ ਦੀ ਭੂਗੋਲਿਕ ਰਣਨੀਤੀ ਭਾਰਤ ਦਾ ਗਲ ਸਖ਼ਤੀ ਨਾਲ ਘੁਟਦੀ ਜਾ ਰਹੀ ਹੈ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੈਨਾ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਹੋਰ ਬੁੱਧੀਜੀਵੀਆਂ ਨੇ ਹਾਜ਼ਰੀ ਭਰੀ।
ਸੁਰੱਖਿਆ ਨਾਲ ਸਬੰਧਤ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋਣ ਬਾਰੇ ਚਿਤਾਵਨੀ ਦਿੰਦਿਆਂ ਜਨਰਲ ਮਲਿਕ ਨੇ ਕਿਹਾ ਕਿ ਇਹ ਮੁਸ਼ਕਲਾਂ ਅਚਾਨਕ ਹੀ ਸਾਹਮਣੇ ਆ ਸਕਦੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਤੇਜ਼ੀ ਨਾਲ ਫ਼ੈਸਲੇ ਲਏ ਜਾਣ ਲਈ ਸਿਆਸੀ-ਮਿਲਟਰੀ ਭਾਈਵਾਲੀ ਅਤੇ ਚੁਫੇਰੇ ਵਿਚਾਰ ਵਟਾਂਦਰੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰਣਨੀਤਕ ਮਾਹੌਲ ਵਿਚ ਕੌਮੀ ਸੁਰੱਖਿਆ ਸਬੰਧੀ ਫ਼ੈਸਲਿਆਂ ਅਤੇ ਫ਼ੌਜੀ ਸੰਘਰਸ਼ਾਂ ਦੇ ਨਿਰਦੇਸ਼ਾਂ ਦਾ ਪਾਲਣ ਬੰਦ ਕਮਰਿਆਂ ਅੰਦਰ ਨਹੀਂ ਕੀਤਾ ਜਾ ਸਕਦਾ। ਬੀਤੇ ਵਿਚ ਸੰਘਰਸ਼ਾਂ ਨਾਲ ਹਾਸਲ ਕੀਤੀਆਂ ਪ੍ਰਾਪਤੀਆਂ ਦਾ ਸਿਆਸੀ-ਰਣਨੀਤਕ ਸਫ਼ਲਤਾਵਾਂ ਲਈ ਲੰਬੇ ਸਮੇਂ ਵਿਚ ਫਾਇਦਾ ਲੈਣ ਵਿਚ ਨਾਕਾਮ ਰਹਿਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 70 ਸਾਲਾਂ ਦਾ ਸਮਾਂ ਬੀਤਣ ਦੇ ਬਾਵਜੂਦ ਸੁਰੱਖਿਆ ਨਾਲ ਸਬੰਧਤ ਅਹਿਮ ਮੁੱਦਿਆਂ, ਨੌਕਰਸ਼ਾਹੀ ‘ਤੇ ਵਧੇਰੇ ਨਿਰਭਰਤਾ ਅਤੇ ਉੱਚ ਪੱਧਰ ‘ਤੇ ਫ਼ੌਜ ਦੀ ਸਲਾਹ ਨੂੰ ਲਗਾਤਾਰ ਦਰਕਿਨਾਰ ਕੀਤਾ ਜਾਂਦਾ ਆ ਰਿਹਾ ਹੈ।
ਸਾਈਬਰ ਅਤੇ ਪੁਲਾੜ ਹਮਲਿਆਂ ਦਾ ਰੁਝਾਨ ਪਿਛਲੇ ਕੁਝ ਸਾਲਾਂ ਵਿਚ ਵਧਣ ਦਾ ਹਵਾਲਾ ਦਿੰਦਿਆਂ ਜਨਰਲ ਮਲਿਕ ਨੇ ਕਿਹਾ ਕਿ 70 ਸਾਲਾਂ ਬਾਅਦ ਵੀ ਮੁਲਕ ਦਾ 70 ਫ਼ੀਸਦੀ ਰੱਖਿਆ ਸਾਜ਼ੋ ਸਾਮਾਨ ਬਾਹਰੋਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਸਿੱਧੇ ਵਿਦੇਸ਼ੀ ਨਿਵੇਸ਼ ਅਤੇ ‘ਮੇਕ ਇਨ ਇੰਡੀਆ’ ਮੁਹਿੰਮਾਂ ਨਾਲ ਅਜੇ ਵੀ ਕਮਜ਼ੋਰੀਆਂ ਨੂੰ ਦੂਰ ਕਰਨ ਵਿਚ 20 ਤੋਂ 25 ਸਾਲ ਲੱਗਣਗੇ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲਾਂ ਵਿਚ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਕਮੀ ਦੂਰ ਕਰਨ ਲਈ ਸਰਕਾਰ ਨੂੰ ਹੰਭਲੇ ਮਾਰਨੇ ਚਾਹੀਦੇ ਹਨ।
ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਐਸ. ਜੌਹਲ ਨੇ ਕਿਹਾ ਕਿ ਜੰਗ ਟਾਲਣ ਲਈ ਦੇਸ਼ ਦੀ ਕੂਟਨੀਤਕ ਸਮਰੱਥਾ ਬੇਹੱਦ ਲਾਜ਼ਮੀ ਹੈ। ਰੱਖਿਆ ਮਸ਼ੀਨਰੀ ਵੀ ਅਹਿਮ ਹੈ ਤਾਂ ਕਿ ਪੱਕੇ ਪੈਰੀ ਹੋ ਕੇ ਆਪਣੀ ਗੱਲ ਮਨਵਾਈ ਜਾ ਸਕੇ। ਦੇਸ਼ਾਂ ਵਿਚਾਲੇ ਮਜ਼ਬੂਤ ਵਪਾਰਕ ਰਿਸ਼ਤੇ ਜੰਗ ਦੇ ਮੌਕਿਆਂ ਨੂੰ ਘਟਾ ਸਕਦੇ ਹੋਣ ਦਾ ਤਰਕ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਾਂਤੀ ਯਕੀਨੀ ਬਣਾਉਣ ਲਈ ਮਜ਼ਬੂਤ ਅੰਦਰੂਨੀ ਸੁਰੱਖਿਆ ਅਤੇ ਚੰਗਾ ਸ਼ਾਸਨ ਵੀ ਅਹਿਮ ਕਾਰਕ ਹਨ। ਰੱਖਿਆ ਮਸ਼ੀਨਰੀ ਵਿੱਚ ਵਾਧਾ ਅਤੇ ਜੰਗ ਲੜਨ ਨਾਲ ਆਰਥਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਤੇ ਕਾਫੀ ਪੈਸਾ ਖ਼ਰਚ ਹੋ ਜਾਂਦਾ ਹੈ ਤੇ ਮਹਿੰਗਾਈ ਵਧਦੀ ਹੈ।
ਸਾਲ 1962 ਜਦੋਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਬਿਨਾਂ ਤਿਆਰੀ ਵਾਲੇ ਫੌਜੀ ਵਿਵਾਦ ਲਈ ਮਜਬੂਰ ਹੋਣ ਦਾ ਹਵਾਲਾ ਦਿੰਦਿਆਂ ਡਾ. ਜੌਹਲ ਨੇ ਕਿਹਾ ਕਿ ”ਬਿਨਾਂ ਢੁਕਵੀਂ ਤਿਆਰੀ ਤੋਂ ਜੰਗ ਸ਼ੁਰੂ ਕਰਨਾ ਬੇਹੱਦ ਖ਼ਤਰਨਾਕ ਸੀ। ਜੇ ਅਸੀਂ ਅੰਦਰੂਨੀ ਅਤੇ ਵਿੱਤੀ ਤੌਰ ‘ਤੇ ਮਜ਼ਬੂਤ ਹੋਵਾਂਗੇ ਤਾਂ ਅਸੀਂ ਆਪਣੇ ਆਪ ਬਾਹਰੀ ਤੌਰ ‘ਤੇ ਵੀ ਮਜ਼ਬੂਤ ਬਣਾਂਗੇ।” ਉਨ੍ਹਾਂ ਆਸ ਪ੍ਰਗਟਾਈ ਕਿ ਸਿਆਸੀ ਲੀਡਰਸ਼ਿਪ ਸਿਆਣਪ ਤੋਂ ਕੰਮ ਲਵੇਗੀ ਅਤੇ ਉਹ ਫੌਜੀ ਦਸਤਿਆਂ ਦੀ ਬਿਹਤਰ ਤਿਆਰੀ ਯਕੀਨੀ ਬਣਾਏਗੀ।
ਜੰਮੂ ਕਸ਼ਮੀਰ ਦੇ ਸਾਬਕਾ ਪੁਲੀਸ ਮੁਖੀ, ਮਨੀਪੁਰ ਦੇ ਰਾਜਪਾਲ ਅਤੇ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਟਰੱਸਟੀ ਗੁਰਬਚਨ ਜਗਤ ਨੇ ਕਿਹਾ ਕਿ ਭਵਿੱਖ ਵਿੱਚ ਦੇਸ਼ਾਂ ਵਿਚਾਲੇ ਪਾਣੀ ਦੇ ਸਰੋਤਾਂ ਦੀ ਵੰਡ ਸਮੇਤ ਕਈ ਮਸਲਿਆਂ ‘ਤੇ ਲੜਾਈਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੰਗ ਫ਼ੌਜੀ ਤਾਕਤ ਤੋਂ ਅੱਗੇ ਲੰਘ ਵਿੱਤੀ ਮਜ਼ਬੂਤੀ ਅਤੇ ਅੰਦਰੂਨੀ ਸਥਿਤਰਾ ਨੂੰ ਵੀ ਆਪਣੇ ਘੇਰੇ ਵਿੱਚ ਲੈ ਲੈਂਦੀ ਹੈ।
ਟ੍ਰਿਬਿਊੁਨ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਹਰੀਸ਼ ਖਰੇ ਨੇ ਪ੍ਰਕਾਸ਼ਨ ਸਮੂਹ ਦੇ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ ਵੱਲੋਂ 135 ਸਾਲ ਪਹਿਲਾਂ ਤੈਅ ਕੀਤੇ ਆਦਰਸ਼ਾਂ ਅਤੇ ਸਿਧਾਂਤਾਂ ਦੀ ਬਾਤ ਪਾਈ। ਉਨ੍ਹਾਂ ਕਿਹਾ ਕਿ ਇਹ ਸਿਧਾਂਤ ਤੇ ਆਦਰਸ਼ ਪ੍ਰਕਾਸ਼ਨ ਸਮੂਹ ਲਈ ਰਾਹ ਦਿਖਾਉਣ ਵਾਲੀ ਤਾਕਤ ਹਨ। ਸ੍ਰੀ ਖਰੇ ਨੇ ਇਸ ਮੌਕੇ ਸਰਦਾਰ ਮਜੀਠੀਆ ਵੱਲੋਂ ਲਿਖੀ ਪਹਿਲੀ ਸੰਪਾਦਕੀ ਵੀ ਪੜ੍ਹ ਕੇ ਸੁਣਾਈ।