102 ਸਾਲਾ ਅਥਲੀਟ ਮਾਨ ਕੌਰ ਦੇ ਬੁਲੰਦ ਹੌਸਲੇ

102 ਸਾਲਾ ਅਥਲੀਟ ਮਾਨ ਕੌਰ ਦੇ ਬੁਲੰਦ ਹੌਸਲੇ

ਨਵੀਂ ਦਿੱਲੀ/ਬਿਊਰੋ ਨਿਊਜ਼ :

ਬੇਬੇ ਮਾਨ ਕੌਰ ਦੇ 102 ਸਾਲ ਦੀ ਉਮਰ ‘ਚ ਵੀ ਹੌਸਲੇ ਬੁਲੰਦ ਹਨ। ਪੰਜਾਬ ਦੀ 102 ਸਾਲ ਦੀ ਅਥਲੀਟ ਮਾਨ ਕੌਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਪੇਨ ਵਿੱਚ ਹੋਈ ਵਿਸ਼ਵ ਮਾਸਟਰਜ਼ ਟਰੈਕ ਐਂਡ ਫੀਲਡ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਕਦੇ ਹਾਰ ਨਾ ਮੰਨਣ ਵਾਲੀ ਅਤੇ ਜਜ਼ਬੇ ਨਾਲ ਭਰਪੂਰ ਇਹ ਅਥਲੀਟ ਹੁਣ ਅਗਲੇ ਮੁਕਾਬਲੇ ਲਈ ਸਿਖਲਾਈ ਲੈ ਰਹੀ ਹੈ। ਉਹ ਦੌੜਨ ਤੋਂ ਇਲਾਵਾ ਭਾਲਾ ਵੀ ਸੁੱਟਦੀ ਹੈ। ਉਸ ਨੇ ਕਿਹਾ ਕਿ ਉਹ ਹੁਣ ਵੀ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਤਗ਼ਮੇ ਹਾਸਲ ਕਰਨ ਲਈ ਬੇਤਾਬ ਹੈ।
ਮਾਨ ਕੌਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਸਪੇਨ ਦੇ ਮਲਾਗਾ ਵਿਚ ਹੋਈ ਵਿਸ਼ਵ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੀ 200 ਮੀਟਰ ਦੌੜ ਵਿੱਚ 100 ਤੋਂ 104 ਸਾਲ ਦੇ ਉਮਰ ਵਰਗ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ ਸੀ। ਉਸ ਨੇ ਭਾਲਾ ਸੁੱਟਣ ‘ਚ ਵੀ ਸੋਨ ਤਗ਼ਮਾ ਜਿੱਤਿਆ ਸੀ।
ਉਹ ਇਸ ਉਮਰ ਦੇ ਮੁਕਾਬਲੇ ਵਿੱਚ ਇੱਕੋ-ਇੱਕ ਖਿਡਾਰਨ ਸੀ, ਪਰ ਉਸ ਦੇ ਪ੍ਰਸ਼ੰਸਕਾਂ ਨੇ ਉਸ ਦੀ ਜਿੱਤ ਦਾ ਜਸ਼ਨ ਮਨਾਇਆ, ਜਿਸ ਨੇ 102 ਸਾਲ ਦੀ ਉਮਰ ਵਿੱਚ 200 ਮੀਟਰ ਦੀ ਦੌੜ ਲਾਈ ਅਤੇ ਭਾਲਾ ਸੁੱਟਿਆ।
ਹੁਣ ਉਹ ਅਗਲੇ ਸਾਲ ਮਾਰਚ ਮਹੀਨੇ ਪੋਲੈਂਡ ਵਿੱਚ ਹੋਣ ਵਾਲੀ ਵਿਸ਼ਵ ਮਾਸਟਰਜ਼ ਅਥਲੈਟਿਕਸ ਇੰਡੋਰ ਚੈਂਪੀਅਨਸ਼ਿਪ ਲਈ ਸਿਖਲਾਈ ਲੈਣ ਵਿੱਚ ਰੁਝੀ ਹੋਈ ਹੈ, ਜਿਸ ਵਿੱਚ ਉਸ ਦਾ ਟੀਚਾ 60 ਮੀਟਰ ਅਤੇ 200 ਮੀਟਰ ਦੌੜ ਵਿੱਚ ਹਿੱਸਾ ਲੈਣਾ ਹੈ। ਉਸ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਅਤੇ ਪਿਛਲੇ ਸਾਲ ਨਿਊਜ਼ੀਲੈਂਡ ਦੇ ਔਕਲੈਂਡ ਵਿੱਚ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਸਪ੍ਰਿੰਟ ਵਿੱਚ ਤਗ਼ਮਾ ਜਿੱਤਣ ਮਗਰੋਂ ਉਹ ਸੁਰਖ਼ੀਆਂ ਵਿੱਚ ਆਈ।