ਅਕਾਲੀ ਦਲ ‘ਚ ਉਠੀਆਂ ਬਗ਼ਾਵਤੀ ਸੁਰਾਂ

ਅਕਾਲੀ ਦਲ ‘ਚ ਉਠੀਆਂ ਬਗ਼ਾਵਤੀ ਸੁਰਾਂ

ਸਰਵਣ ਫਿਲੌਰ ਨੇ ਦਿੱਤਾ ਅਸਤੀਫ਼ਾ, ਭਾਗੀਕੇ ਬੋਲੀ-ਹਰ ਹਾਲ ‘ਚ ਚੋਣਾਂ ਲੜਾਂਗੀ
ਜਲੰਧਰ/ਬਿਊਰੋ ਨਿਊਜ਼ :
ਸੂਬੇ ਦੇ ਸਿਆਸੀ ਪਿੜ ਨੂੰ ਮਘਾਉਂਦਿਆਂ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੀ ਪੁਸ਼ਟੀ ਖ਼ੁਦ ਸਰਬਣ ਸਿੰਘ ਫਿਲੌਰ ਅਤੇ ਉਨ੍ਹਾਂ ਦੇ ਪੁੱਤਰ ਦਮਨਬੀਰ ਸਿੰਘ ਨੇ ਕੀਤੀ ਹੈ। ਉਧਰ ਨਿਹਾਲ ਸਿੰਘ ਵਾਲਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਦੀ ਥਾਂ ਐਸ.ਆਰ. ਕਲੇਰ ਨੂੰ ਉਮੀਦਵਾਰ ਬਣਾਏ ਜਾਣ ਦੇ ਐਲਾਨ ਮਗਰੋਂ ਭਾਗੀਕੇ ਨੇ ਕਿਹਾ ਹੈ ਕਿ ਉਹ ਹਰ ਹਾਲ ਵਿਚ ਚੋਣ ਲੜੇਗੀ।  ਇਸੇ ਤਰ੍ਹਾਂ ਕਰਤਾਰਪੁਰ ਹਲਕੇ ਤੋਂ ਬਣਾਏ ਗਏ ਉਮੀਦਵਾਰ ਸੇਠ ਸਤਪਾਲ ਮੱਲ ਤੋਂ ਬਾਅਦ ਹੁਣ ਜਲੰਧਰ ਛਾਉਣੀ ਹਲਕੇ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਖ਼ਿਲਾਫ਼ ਵੀ ਬਗ਼ਾਵਤੀ ਸੁਰਾਂ ਤੇਜ਼ ਹੋ ਗਈਆਂ ਹਨ। ਮੱਕੜ ਨੂੰ ਟਿੱਕਟ ਦੇਣ ਦੇ ਵਿਰੋਧ ਵਿਚ ਜ਼ਿਲ੍ਹਾ ਅਕਾਲੀ ਜੱਥੇ ਦੇ ਪ੍ਰਧਾਨ ਤੇ ਜ਼ਿਲਵਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਵਲੋਂ ਰੋਸ ਵਜੋਂ ਪਾਰਟੀ ਤੋਂ ਅਸਤੀਫ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਤੇ ਉਨ੍ਹਾਂ ਦਾ ਪਰਿਵਾਰ ਵੀ ਕਿਸੇ ਵੇਲੇ ਵੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਸਕਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ 69 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਪਾਰਟੀ ਨੂੰ ਫਿਲੌਰ ਵਲੋਂ ਅਸਤੀਫ਼ਾ ਦੇਣ ਨਾਲ ਵੱਡਾ ਧੱਕਾ ਲੱਗਿਆ ਹੈ। ਸ੍ਰੀ ਫਿਲੌਰ ਦੇ ਸਮਰਥਕਾਂ ਨੇ ਕਿਹਾ ਕਿ ਸ੍ਰੀ ਫਿਲੌਰ ਹਲਕਾ ਕਰਤਾਰਪੁਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਉਧਰ ਸਾਬਕਾ ਮੰਤਰੀ ਨੇ ਇਸ ਗੱਲ ਤੋਂ ਇਨਕਾਰ ਤਾਂ ਨਹੀਂ ਕੀਤਾ ਪਰ ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਸ ਬਾਰੇ ਫ਼ੈਸਲਾ ਕਰ ਕੇ ਦੱਸਣਗੇ। ਇਹ ਚਰਚਾ ਵੀ ਜ਼ੋਰਾਂ ‘ਤੇ ਹੈ ਕਿ ਉਹ ਕਾਂਗਰਸ ਦਾ ਲੜ ਵੀ ਫੜ ਸਕਦੇ ਹਨ। ਜ਼ਿਕਰਯੋਗ ਹੈ ਕਿ ਸਰਵਣ ਸਿੰਘ ਫਿਲੌਰ ਨੇ ਪੰਜ ਵਾਰ ਹਲਕਾ ਫਿਲੌਰ ਤੋਂ ਨੁਮਾਇੰਦਗੀ ਕੀਤੀ ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਹਲਕਾ ਬਦਲ ਕੇ ਕਰਤਾਰਪੁਰ ਕਰ ਦਿੱਤਾ ਸੀ। ਇਥੋਂ ਵੀ ਸਰਵਣ ਸਿੰਘ ਫਿਲੌਰ ਨੇ ਕਾਂਗਰਸ ਦੇ ਸੀਨੀਅਰ ਆਗੂ ਚੌਧਰੀ ਜਗਜੀਤ ਸਿੰਘ ਨੂੰ ਹਰਾ ਦਿੱਤਾ ਸੀ। ਸ੍ਰੀ ਫਿਲੌਰ ਨੂੰ ਮੌਜੂਦਾ ਅਕਾਲੀ-ਭਾਜਪਾ ਗਠਜੋੜ ਸਰਕਾਰ ਵਿੱਚ ਜੇਲ੍ਹ ਮੰਤਰੀ ਬਣਾਇਆ ਗਿਆ ਸੀ, ਪਰ ਉਨ੍ਹਾਂ ਦੇ ਪੁੱਤਰ ਦਮਨਬੀਰ ਸਿੰਘ ‘ਤੇ ਸਿੰਥੈਟਿਕ ਡਰੱਗ ਮਾਮਲੇ ਸਬੰਧੀ ਲੱਗੇ ਦੋਸ਼ਾਂ ਕਾਰਨ ਉਹ ਵਿਵਾਦਾਂ ਵਿੱਚ ਘਿਰ ਗਏ ਸਨ।