ਵਿਸ਼ਵ ਵਿਚ ਹਰ ਘੰਟੇ 92 ਲੋਕ ਕਰਦੇ ਨੇ ਆਤਮ-ਹੱਤਿਆ

ਵਿਸ਼ਵ ਵਿਚ ਹਰ ਘੰਟੇ 92 ਲੋਕ ਕਰਦੇ ਨੇ ਆਤਮ-ਹੱਤਿਆ

ਜ਼ਹਿਰ ਖਾਣ ਨਾਲ ਹੁੰਦੀਆਂ ਨੇ ਸਭ ਤੋਂ ਜ਼ਿਆਦਾ ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਸ਼ਵ ਵਿਚ ਹਰ ਸਾਲ 80 ਲੱਖ ਲੋਕ ਸੁਸਾਇਡ ਕਰਦੇ ਹਨ। ਇਸ ਦਾ ਖੁਲਾਸਾ ਡਬਲਿਊ.ਐਚ.ਓ. ਅਤੇ ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ ਵਲੋਂ ਜਾਰੀ ਰਿਪੋਰਟ ਵਿਚ ਕੀਤਾ ਗਿਆ।
ਰਿਪੋਰਟ ਮੁਤਾਬਕ 2016 ਵਿਚ ਦੁਨੀਆ ਵਿਚ 15-29 ਸਾਲ ਦੀ ਉਮਰ ਦੇ ਜਿੰਨੇ ਲੋਕਾਂ ਦੀ ਮੌਤ ਹੋਈ, ਉਨ੍ਹਾਂ ਵਿਚ ਸਭ ਤੋਂ ਜ਼ਿਆਦਾ ਲੋਕਾਂ ਨੇ ਖੁਦਕੁਸ਼ੀ ਕੀਤੀ ਸੀ। ਨੈਸ਼ਨਲ ਹੈਲਥ ਪ੍ਰੋਫਾਈਲ 2018 ਰਿਪੋਰਟ ਮੁਤਾਬਕ ਇਸ ਦੌਰਾਨ ਭਾਰਤ ਵਿਚ 1.35 ਲੱਖ ਲੋਕਾਂ ਨੇ ਖੁਦਕੁਸ਼ੀ ਕੀਤੀ। 80 ਫੀਸਦੀ ਯਾਨੀ 6.4 ਲੱਖ ਘੱਟ ਅਤੇ ਮੱਧਮ ਉਮਰ ਦੇ ਲੋਕਾਂ ਨੇ ਖੁਦਕੁਸ਼ੀ ਕੀਤੀ। 38 ਦੇਸ਼ਾਂ ਨੇ ਖੁਦਕੁਸ਼ੀ ਵਰਗੇ ਅਪਰਾਧ ਨੂੰ ਰੋਕਣ ਦੀ ਰਣਨੀਤੀ ਬਣਾਈ ਹੈ।
ਮਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ 20 ਫੀਸਦੀ ਲੋਕ ਜ਼ਹਿਰ ਖਾ ਕੇ ਸੁਸਾਇਡ ਕਰਦੇ ਹਨ। ਅਜਿਹਾ ਕਰਨ ਵਾਲਿਆਂ ਵਿਚ ਸਭ ਤੋਂ ਜ਼ਿਆਦਾ ਪੇਂਡੂ ਇਲਾਕਿਆਂ ਵਿਚ ਰਹਿਣ ਵਾਲੇ ਘੱਟ ਅਤੇ ਮੱਧਮ ਉਮਰ ਦੇ ਲੋਕ ਅਤੇ ਕਿਸਾਨ ਹੁੰਦੇ ਹਨ। ਇਸ ਤੋਂ ਇਲਾਵਾ ਲੋਕ ਖੁਦ ਨੂੰ ਫਾਹੇ ਜਾਂ ਅੱਗ ਵੀ ਲਗਾ ਲੈਂਦੇ ਹਨ। ਰਿਪੋਰਟ ਮੁਤਾਬਕ ਇਕ ਵਿਅਕਤੀ ਖੁਦਕੁਸ਼ੀ ਕਰਨ ਤੋਂ ਪਹਿਲਾਂ 20 ਵਾਰ ਇਸ ਦੀ ਕੋਸ਼ਿਸ਼ ਕਰ ਚੁੱਕਾ ਹੁੰਦਾ ਹੈ।
ਰੂਸ ਵਿਚ ਸਭ ਤੋਂ ਜ਼ਿਆਦਾ ਖੁਦਕੁਸ਼ੀ ਕਰਦੇ ਹਨ ਲੋਕ : ਰੂਸ ਵਿਚ ਪੁਰਸ਼ਾਂ ਵਲੋਂ ਖੁਦਕੁਸ਼ੀ 48.3 ਫੀਸਦੀ, ਔਰਤਾਂ ਦੀ 14.5 ਫੀਸਦੀ, ਯੂਕਰੇਨ ਵਿਚ ਪੁਰਸ਼ 34.5 ਫੀਸਦੀ, ਔਰਤਾਂ 4.7 ਫੀਸਦੀ, ਦੱਖਣੀ ਕੋਰੀਆ ਵਿਚ ਪੁਰਸ਼ 29.9, ਔਰਤਾਂ 11.6 ਫੀਸਦੀ, ਪੋਲੈਂਡ ਵਿਚ ਪੁਰਸ਼ 23.9 ਫੀਸਦੀ, ਔਰਤਾਂ 3.4 ਫੀਸਦੀ ਅਤੇ ਬੈਲਜੀਅਮ ਵਿਚ ਪੁਰਸ਼ 22.2 ਤੇ ਔਰਤਾਂ 9.4 ਫੀਸਦੀ ਲੋਕ ਖੁਦਕੁਸ਼ੀ ਕਰਦੇ ਹਨ। ਭਾਰਤ ਵਿਚ ਇਹ ਅੰਕੜਾ 18.5 ਅਤੇ 14.5 ਹੈ, ਅੰਕੜੇ ਪ੍ਰਤੀ ਇਕ ਲੱਖ ਵਿਚ ਹਨ।
ਭਾਰਤ ਵਿਚ ਜਵਾਨਾਂ ਵਿਚ ਵੱਧ ਰਹੀ ਖੁਦਕੁਸ਼ੀ ਦੀ ਰਿਪੋਰਟ ਤੋਂ ਬਾਅਦ ਸੀ.ਆਰ.ਪੀ.ਐਫ. ਨੇ ਪਹਿਲਾ ਮੈਂਟਲ ਹੈਲਥ ਪ੍ਰਾਜੈਕਟ ਸ਼ੁਰੂ ਕੀਤਾ ਹੈ। ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਆਰ.ਆਰ. ਭਟਨਾਗਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਵਾਨਾਂ ਵਲੋਂ ਖੁਦਕੁਸ਼ੀ ਕਰਨਾ ਇਕ ਬਹੁਤ ਹੀ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਸ ਨੂੰ ਦੇਖਦੇ ਹੋਏ ਇਹ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਲਈ ਏਮਸ ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਨਾਲ ਕਰਾਰ ਕੀਤਾ ਗਿਆ ਹੈ।
ਪਿਛਲੇ ਸਾਲ 156 ਜਵਾਨਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ, ਜਦੋਂ ਕਿ 38 ਨੇ ਤਣਾਅ ਵਿਚ ਆ ਕੇ ਖੁਦਕੁਸ਼ੀ ਕਰ ਲਈ ਸੀ। ਉਥੇ ਹੀ 435 ਦੀ ਕਿਸੇ ਹੋਰ ਕਾਰਨਾਂ ਕਾਰਨ ਮੌਤ ਹੋਈ ਸੀ। ਇਸ ਤੋਂ ਪਹਿਲਾਂ 2016 ਵਿਚ 92 ਜਵਾਨਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ। ਉਥੇ ਹੀ 26 ਨੇ ਤਣਾਅ ਵਿਚ ਆ ਕੇ ਖੁਦਕੁਸ਼ੀ ਕਰ ਲਈ ਅਤੇ 353 ਨੇ ਕਿਸੇ ਹੋਰ ਕਾਰਨਾਂ ਕਾਰਨ ਖੁਦਕੁਸ਼ੀ ਕਰ ਲਈ।