ਭਗਵੰਤ ਮਾਨ ਖ਼ਿਲਾਫ਼ ਜਾਂਚ ਰਿਪੋਰਟ ਹੁਣ 9 ਦਸੰਬਰ ਨੂੰ ਆਏਗੀ

ਭਗਵੰਤ ਮਾਨ ਖ਼ਿਲਾਫ਼ ਜਾਂਚ ਰਿਪੋਰਟ ਹੁਣ 9 ਦਸੰਬਰ ਨੂੰ ਆਏਗੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਭਵਨ ਦੀ video ਬਣਾਉਣ ਦੇ ਮਾਮਲੇ ਦੀ ਜਾਂਚ ਕਰ ਰਹੇ ਸੰਸਦੀ ਪੈਨਲ ਨੂੰ ਇਸ ਸਬੰਧੀ ਰਿਪੋਰਟ ਦੇਣ ਲਈ ਸਪੀਕਰ ਸੁਮਿਤਰਾ ਮਹਾਜਨ ਨੇ ਇੱਕ ਹਫ਼ਤੇ ਦਾ ਸਮਾਂ ਹੋਰ ਦਿੱਤਾ ਹੈ। ਉਨ੍ਹਾਂ ਨੇ ਨਾਲ ਹੀ ਭਗਵੰਤ ਮਾਨ ਨੂੰ ਉਦੋਂ ਤੱਕ ਸੰਸਦ ਤੋਂ ਬਾਹਰ ਰਹਿਣ ਲਈ ਕਿਹਾ ਹੈ, ਜਦੋਂ ਤੱਕ ਮਾਮਲੇ ਬਾਰੇ ਕੋਈ ਫ਼ੈਸਲਾ ਨਹੀਂ ਹੋ ਜਾਂਦਾ। ਸ੍ਰੀਮਤੀ ਮਹਾਜਨ ਨੇ ਕਿਹਾ ਕਿ 9 ਮੈਂਬਰੀ ਸੰਸਦੀ ਪੈਨਲ ਦੀ ਅਪੀਲ `ਤੇ ਹੀ ਇਹ ਮੋਹਲਤ ਦਿੱਤੀ ਗਈ ਹੈ ਤੇ ਹੁਣ ਇਸ ਮਾਮਲੇ ਬਾਰੇ 9 ਦਸੰਬਰ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ੍ਰੀ ਮਾਨ ਨੂੰ ਉਦੋਂ ਤੱਕ ਸੰਸਦ ਵਿੱਚ ਨਾ ਆਉਣ ਲਈ ਕਿਹਾ ਹੈ ਜਦੋਂ ਤੱਕ ਮਾਮਲੇ ਬਾਰੇ ਕੋਈ ਫ਼ੈਸਲਾ ਨਹੀਂ ਹੋ ਜਾਂਦਾ। ਸੰਗਰੂਰ ਤੋਂ ਸੰਸਦ ਮੈਂਬਰ ਮਾਨ ਨੇ ਆਪਣੀ ਗੱਡੀ ਦੇ ਸੁਰੱਖਿਆ ਬੈਰੀਕੇਡ ਲੰਘ ਕੇ ਸੰਸਦ ਕੰਪਲੈਕਸ ਵਿੱਚ ਦਾਖ਼ਲ ਹੋਣ ਦੀ video ਬਣਾ ਕੇ ਸੋਸ਼ਲ ਮੀਡੀਆ `ਤੇ ਪਾ ਦਿੱਤੀ ਸੀ। ਉਨ੍ਹਾਂ ਨੇ ਸੰਸਦ ਭਵਨ ਵਿਚਲੇ ਕਮਰਿਆਂ ਦੀ video ਵੀ ਬਣਾਈ ਸੀ। ਇਸ ਘਟਨਾ ਤੋਂ ਇੱਕ ਹਫ਼ਤੇ ਬਾਅਦ 25 ਜੁਲਾਈ ਨੂੰ ਜਾਂਚ ਕਮੇਟੀ ਬਣਾਈ ਗਈ ਸੀ। ਸ੍ਰੀ ਮਾਨ ਨੇ ਇਹ ਕਹਿੰਦਿਆਂ ਆਪਣਾ ਬਚਾਅ ਦਾ ਯਤਨ ਕੀਤਾ ਸੀ ਕਿ ਉਹ ਕੇਵਲ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਸੰਸਦ ਵਿੱਚ ਕੰਮ-ਕਾਰ ਕਿਵੇਂ ਹੁੰਦਾ ਹੈ। ਦੂਜੇ ਪਾਸੇ ਪੈਨਲ ਦਾ ਕਹਿਣਾ ਹੈ ਕਿ ਸ੍ਰੀ ਮਾਨ ਲਿਖਤੀ ਰੂਪ ਵਿੱਚ ਆਪਣਾ ਪੱਖ ਪੈਨਲ ਅੱਗੇ ਰੱਖਣ।