ਜਰਨੈਲ ਸਿੰਘ ਵਲੋਂ ਛੱਡੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ 9 ਅਪ੍ਰੈਲ ਨੂੰ

ਜਰਨੈਲ ਸਿੰਘ ਵਲੋਂ ਛੱਡੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ 9 ਅਪ੍ਰੈਲ ਨੂੰ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦਿੱਲੀ ਵਿਧਾਨ ਸਭਾ ਦੇ ਖਾਲੀ ਹੋਏ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ 9 ਅਪ੍ਰੈਲ ਨੂੰ ਹੋਵੇਗੀ। ਚੋਣ ਕਮਿਸ਼ਨ ਵੱਲੋਂ ਇਸ ਹਲਕੇ ਦੀ ਉਪ ਚੋਣ ਦਾ ਐਲਾਨ ਕਰਨ ਦੇ ਨਾਲ ਹੀ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਨੇ ਸਿਆਸੀ ਕਸਰਤ ਸ਼ੁਰੂ ਕਰ ਦਿੱਤੀ ਹੈ।
ਇਸ ਹਲਕੇ ਤੋਂ ਜਿੱਤੇ ‘ਆਪ’ ਦੇ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਦੇ ਲੰਬੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ‘ਆਪ’ ਦੀ ਪੰਜਾਬ ਇਕਾਈ ਵੱਲੋਂ ਚੋਣ ਲੜੀ ਹੋਣ ਕਰ ਕੇ ਸਾਬਕਾ ਪੱਤਰਕਾਰ ਨੇ ਦਿੱਲੀ ਦੇ ਇਸ ਹਲਕੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਖਾਲੀ ਹੋਈ ਇਸ ਸੀਟ ਉਪਰ 2013 ਵਿੱਚ ਭਾਜਪਾ ਅਕਾਲੀ ਦਲ ਗੱਠਜੋੜ ਦਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਜਿੱਤਿਆ ਸੀ ਪਰ 2015 ਦੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਜਰਨੈਲ ਸਿੰਘ ਨੇ ਮਨਜਿੰੰਦਰ ਸਿੰਘ ਸਿਰਸਾ ਨੂੰ ਹਰਾ ਦਿੱਤਾ ਸੀ। ਦਿੱਲੀ ਕਮੇਟੀ ਦੀਆਂ ਪਿਛਲੇ ਦਿਨੀਂ ਪਈਆਂ ਵੋਟਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਸਖ਼ਤ ਮੁਕਾਬਲੇ ਵਿੱਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਹਰਾਇਆ ਸੀ।