ਕੇਂਦਰ ਵੱਲੋਂ ਪੰਜਾਬ ਨੂੰ ਜਾਰੀ 800 ਕਰੋੜ ਨਾਲ ਖੋਲ੍ਹੇ ਜਾ ਸਕਣਗੇ ਸਰਕਾਰੀ ਖਾਤੇ

ਕੇਂਦਰ ਵੱਲੋਂ ਪੰਜਾਬ ਨੂੰ ਜਾਰੀ 800 ਕਰੋੜ ਨਾਲ ਖੋਲ੍ਹੇ ਜਾ ਸਕਣਗੇ ਸਰਕਾਰੀ ਖਾਤੇ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਨੂੰ ਉਦੋਂ ਵੱਡੀ ਰਾਹਤ ਮਿਲੀ ਜਦੋਂ ਕੇਂਦਰ ਨੇ ਕੇਂਦਰੀ ਫੰਡਾਂ ਵਿਚੋਂ ਪੰਜਾਬ ਨੂੰ 800 ਕਰੋੜ ਰੁਪਏ ਜਾਰੀ ਕਰ ਦਿੱਤੇ। ਇਸ ਨਾਲ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵਲੋਂ ਸੀਲ ਕੀਤੇ ਗਏ ਪੰਜਾਬ ਸਰਕਾਰ ਦੇ ਖਾਤਿਆਂ ਨੂੰ ਖੋਲ੍ਹਿਆ ਜਾ ਸਕੇਗਾ, ਜਿਸ ਨਾਲ ਸਰਕਾਰ ਆਪਦਾ ਬੰਦ ਹੋਇਆ ਲੈਣ-ਦੇਣ ਤੇ ਅਦਾਇਗੀਆਂ ਸ਼ੁਰੂ ਕਰ ਸਕੇਗੀ।
ਦੱਸਣਯੋਗ ਹੈ ਕਿ ਪੰਜਾਬ ਦੇ ਕੇਂਦਰੀ ਫੰਡਾਂ ਵਿਚੋਂ 1200 ਕਰੋੜ ਰੁਪਏ ਬਣਦੇ ਸਨ ਪਰ ਕੇਂਦਰ ਨੇ ਹਾਲੇ 800 ਕਰੋੜ ਰੁਪਏ ਹੀ ਜਾਰੀ ਕੀਤੇ ਹਨ ਤੇ ਇਸ ਨਾਲ ਰਾਜ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਇਸ ਨਾਲ ਰਾਜ ਸਰਕਾਰ ਦਾ ਰੁਕਿਆ ਲੈਣ-ਦੇਣ ਸ਼ੁਰੂ ਹੋ ਜਾਵੇਗਾ।
ਆਰਬੀਆਈ ਨੇ ਖਾਤੇ ਸੀਲ ਕਰਨ ਦਾ ਕਦਮ ਪਿਛਲੇ 15 ਦਿਨਾਂ ਤੋਂ ਪੰਜਾਬ ਸਰਕਾਰ ਦਾ ਓਵਰਡਰਾਫਟ ਬਹੁਤ ਵਧ ਜਾਣ ਕਾਰਨ ਚੁੱਕਿਆ ਸੀ ਤੇ ਸਰਕਾਰ ਓਵਰਡਰਾਫ਼ਟ ਦੀ ਮਿਥੀ 925 ਕਰੋੜ ਰੁਪਏ ਦੀ ਹੱਦ ਨਾਲੋਂ ਵੀ 750 ਕਰੋੜ ਰੁਪਏ ਵੱਧ ਖਰਚ ਕਰ ਚੁੱਕੀ ਸੀ। ਪੰਜਾਬ ਨੂੰ ਪਹਿਲਾਂ ਵੀ ਅਨੇਕਾਂ ਵਾਰ ਓਵਰਡਰਾਫਟ ਦਾ ਸਾਹਮਣਾ ਕਰਨਾ ਪਿਆ ਹੈ, ਪਰ ਉਦੋਂ ਸਰਕਾਰ ਕਿਸੇ ਹੋਰ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਕੇ ਡੰਗ ਟਪਾ ਲੈਂਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਨਵੀਂ ਸਰਕਾਰ, ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਖੁਲ੍ਹੇ ਗੱਫੇ ਵਰਤਾ ਕੇ  ਖਜ਼ਾਨੇ ਦੀ ਕੀਤੀ ਮਾੜੀ ਹਾਲਤ ਦੇ ਜਨਤਕ ਹੋਣ ਦੇ ਹੱਕ ਵਿਚ ਸੀ। ਉਂਜ ਸਰਕਾਰ ਪਿਛਲੀ ਸਰਕਾਰ ਵਲੋਂ ਜ਼ਿਲ੍ਹਿਆਂ ਨੂੰ ਭੇਜੇ 3000 ਕਰੋੜ ਰੁਪਏ ਖਰਚਣ ਉਤੇ ਰੋਕ ਲਾ ਦਿਤੀ ਹੈ। ਇਹ ਪੈਸਾ ਜਮ੍ਹਾਂ ਕਰਵਾ ਕੇ ਸੰਕਟ ਤੋਂ ਬਚਿਆ ਜਾ ਸਕਦਾ ਸੀ।
ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਸਕੱਤਰ ਅਸ਼ੋਕ ਲਵਾਸਾ ਨੂੰ ਮਿਲ ਕੇ ਕਣਕ ਦੀ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਹੀ ਖ਼ਰੀਦ ਲਈ ਸੀਸੀਐਲ ਲਿਮਿਟ ਜਾਰੀ ਕਰਨ ਲਈ ਕਿਹਾ। ਜਾਣਕਾਰੀ ਅਨੁਸਾਰ ਸ੍ਰੀ ਲਵਾਸਾ ਨੇ ਲਿਮਿਟ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਗ਼ੌਰਤਲਬ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਸ੍ਰੀ ਬਾਦਲ ਨੇ ਪਿਛਲੇ ਦਿਨੀਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਦੌਰਾਨ ਵੀ ਇਹ ਮੁੱਦਾ ਉਠਾਇਆ ਸੀ ਤੇ ਉਨ੍ਹਾਂ ਜਲਦੀ ਲਿਮਿਟ ਜਾਰੀ ਕਰਨ ਦਾ ਭਰੋਸਾ ਦਿਤਾ ਸੀ। ਇਸ ਦੇ ਬਾਵਜੂਦ ਮਾਮਲਾ ਹਾਲੇ ਲਮਕਿਆ ਹੋਇਆ ਹੈ। ਇਸ ਵਾਰ ਦੇਰ ਤਕ ਠੰਢ ਪੈਣ ਕਾਰਨ ਭਾਵੇਂ ਵਾਢੀ ਦੇ ਜ਼ੋਰ ਫੜਨ ਨੂੰ ਹਫਤੇ ਭਰ ਦਾ ਹੋਰ ਸਮਾਂ ਲੱਗ ਸਕਦਾ ਹੈ ਤੇ ਲਿਮਿਟ ਲਈ ਕੁਝ ਦਿਨਾਂ ਦੀ ਦੇਰੀ ਤਾਂ ਚਲ ਸਕਦੀ ਹੈ, ਪਰ ਉਸ ਤੋਂ ਬਾਅਦ ਲਿਮਿਟ ਜਾਰੀ ਕਰਵਾਉਣੀ ਪਵੇਗੀ।
ਇਹ ਵੀ ਪਤਾ ਲੱਗਾ ਹੈ ਕਿ ਸੂਬੇ ਦੇ ਭੰਡਾਰਾਂ ਵਿਚ ਪਿਛਲੀ ਵਾਰ ਦੀ ਸਾਰੀ ਕਣਕ ਲਗਭਗ ਚੁੱਕੀ ਗਈ ਹੈ ਤੇ ਰਾਜ ਸਰਕਾਰ ਕੋਲ 181 ਲੱਖ ਟਨ ਅਨਾਜ ਭੰਡਾਰ ਕਰਨ ਦੀ ਸਮਰੱਥਾ ਹੈ ਪਰ ਇਸ ਵਾਰ ਕੇਵਲ 125 ਲੱਖ ਟਨ ਕਣਕ ਦੀ ਆਮਦ ਦੀ ਹੀ ਉਮੀਦ ਹੈ। ਇਸ ਲਈ ਕਣਕ ਨੂੰ ਭੰਡਾਰ ਕਰਨ ਵਿਚ ਕੋਈ ਸਮੱਸਿਆ ਨਹੀਂ ਆਵੇਗੀ।