ਜੇਲ੍ਹ ‘ਚੋਂ ਫਰਾਰ 8 ਸਿਮੀ ਕਾਰਕੁਨਾਂ ਦੇ ਮੁਕਾਬਲੇ ‘ਚ ਮਾਰੇ ਜਾਣ ‘ਤੇ ਖੜ੍ਹੇ ਹੋਏ ਸਵਾਲ
ਭੁਪਾਲ/ਬਿਊਰੋ ਨਿਊਜ਼ :
ਮੱਧ ਪ੍ਰਦੇਸ਼ ਦੀ ਉੱਚ ਸੁਰੱਖਿਆ ਵਾਲੀ ਭੁਪਾਲ ਕੇਂਦਰੀ ਜੇਲ੍ਹ ਦੇ ਸੁਰੱਖਿਆ ਕਰਮੀ ਦੀ ਹੱਤਿਆ ਕਰ ਕੇ ਉਥੋਂ ਭੱਜੇ ਸਿਮੀ ਦੇ 8 ਕਾਰਕੁਨਾਂ ਨੂੰ ਕੁਝ ਘੰਟਿਆਂ ਬਾਅਦ ਸ਼ਹਿਰ ਦੇ ਬਾਹਰਵਾਰ ਪੁਲੀਸ ਮੁਕਾਬਲੇ ਵਿੱਚ ਮਾਰ ਮੁਕਾਇਆ ਗਿਆ। ਮੱਧ ਪ੍ਰਦੇਸ਼ ਸਰਕਾਰ ਨੇ ਕੁਤਾਹੀ ਲਈ ਜੇਲ੍ਹ ਸੁਪਰਡੈਂਟ ਸਮੇਤ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰਦਿਆਂ ਇਸ ਦੀ ਜਾਂਚ ਐਨਆਈਏ ਕੋਲੋਂ ਕਰਾਉਣ ਦਾ ਐਲਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਕਾਂਡ ਦੀ ਸੂਬਾ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਉਂਜ ਇਸ ਮੁਕਾਬਲੇ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਗਏ ਹਨ।
ਅੱਧੀ ਰਾਤ ਤੋਂ ਬਾਅਦ ਕਰੀਬ 2-3 ਵਜੇ ਇਨ੍ਹਾਂ ਦੇ ਜੇਲ੍ਹ ‘ਚੋਂ ਫ਼ਰਾਰ ਹੋਣ ਤੋਂ ਬਾਅਦ ਪੁਲੀਸ ਕਾਰਵਾਈ ਉਸ ਸਮੇਂ ਵਿਵਾਦਾਂ ‘ਚ ਆ ਗਈ ਜਦੋਂ ਟੀਵੀ ਚੈਨਲਾਂ ਨੇ ਮੁਕਾਬਲੇ ਵਾਲੀ ਥਾਂ ਦੇ ਇਕ ਫੁਟੇਜ ‘ਚ ਦਿਖਾਇਆ ਕਿ ਇਕ ਪੁਲੀਸ ਕਰਮੀ ਨੇ ਨਜ਼ਦੀਕ ਤੋਂ ਇਕ ਵਿਅਕਤੀ ‘ਤੇ ਗੋਲੀਆਂ ਵਰ੍ਹਾ ਦਿੱਤੀਆਂ। ਇਸ ਤੋਂ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੂੰ ਕੋਈ ਚੀਜ਼ ਕੱਢਦਿਆਂ ਅਤੇ ਵਾਪਸ ਰੱਖਦਿਆਂ ਦੇਖਿਆ ਜਾ ਸਕਦਾ ਹੈ ਜੋ ਪਲਾਸਟਿਕ ਦੇ ਕਵਰ ‘ਚ ਚਾਕੂ ਜਿਹਾ ਦਿਖ ਰਿਹਾ ਹੈ।
ਭੁਪਾਲ ਦੇ ਡੀਆਈਜੀ ਰਮਨ ਸਿੰਘ ਨੇ ਕਿਹਾ, ”ਪਾਬੰਦੀਸ਼ੁਦਾ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ਼ ਇੰਡੀਆ (ਸਿਮੀ) ਦੇ ਕਾਰਕੁਨ ਰਾਤ 2-3 ਵਜੇ ਇਕ ਸੁਰੱਖਿਆ ਕਰਮੀ ਨੂੰ ਮਾਰਨ ਤੋਂ ਬਾਅਦ ਚਾਦਰਾਂ ਦੀ ਸਹਾਇਤਾ ਨਾਲ ਦੀਵਾਰ ਟੱਪ ਕੇ ਭੱਜਣ ‘ਚ ਕਾਮਯਾਬ ਰਹੇ। ਇਨ੍ਹਾਂ ‘ਚੋਂ ਦੋ ਕਾਰਕੁਨ ਤਿੰਨ ਸਾਲ ਪਹਿਲਾਂ ਖੰਡਵਾ ਜੇਲ੍ਹ ਤੋਂ ਇਸੇ ਤਰ੍ਹਾਂ ਭੱਜੇ ਸਨ।” ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਥਾਨਕ ਲੋਕਾਂ ਵਲੋਂ ਦਿੱਤੇ ਗਏ ਸੁਰਾਗਾਂ ਦੇ ਆਧਾਰ ‘ਤੇ ਇਨ੍ਹਾਂ ਕੈਦੀਆਂ ਦੇ ਮਾਲੀਖੇੜਾ ਵੱਲ ਭੱਜਣ ਦਾ ਪਤਾ ਚਲਿਆ ਜਿਥੇ ਉਨ੍ਹਾਂ ਨੂੰ ਘੇਰ ਲਿਆ ਗਿਆ ਅਤੇ ਜਦੋਂ ਉਨ੍ਹਾਂ ਪੁਲੀਸ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਭੂਪੇਂਦਰ ਸਿੰਘ ਨੇ ਇਸ ਦੀ ਤਸਦੀਕ ਕੀਤੀ। ਇਕ ਪੁਲੀਸ ਅਧਿਕਾਰੀ ਮੁਤਾਬਕ ਅੱਠਾਂ ਦੀ ਪਛਾਣ ਅਮਜ਼ਦ, ਜ਼ਾਕਿਰ ਹੁਸੈਨ ਸਾਦਿਕ, ਮੁਹੰਮਦ ਸਾਲਿਕ, ਮੁਜੀਬ ਸ਼ੇਖ਼, ਮਹਿਬੂਬ ਗੁਡੂ, ਮੁਹੰਮਦ ਖਾਲਿਦ ਅਹਿਮਦ, ਅਕੀਲ ਅਤੇ ਮਾਜਿਦ ਵਜੋਂ ਹੋਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਿਮੀ ਕਾਰਕੁਨਾਂ ਵਲੋਂ ਜੇਲ੍ਹ ‘ਚੋਂ ਭੱਜਣ ਦੇ ਮਾਮਲੇ ਦੀ ਤਫ਼ਤੀਸ਼ ਕੌਮੀ ਜਾਂਚ ਏਜੰਸੀ (ਐਨਆਈਏ) ਕਰੇਗੀ ਅਤੇ ਇਸ ਮਾਮਲੇ ਬਾਰੇ ਸੂਬਾ ਸਰਕਾਰ ਵਲੋਂ ਵੱਖਰੇ ਤੌਰ ‘ਤੇ ਜਾਂਚ ਕੀਤੀ ਜਾਏਗੀ।
ਆਈਜੀ ਯੋਗੇਸ਼ ਚੌਧਰੀ ਨੇ ਕਿਹਾ ਕਿ ਸਿਮੀ ਕਾਰਕੁਨਾਂ ਕੋਲ ਹਥਿਆਰ ਸਨ ਅਤੇ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਉਨ੍ਹਾਂ ਪੁਲੀਸ ‘ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਜਵਾਬ ‘ਚ ਪੁਲੀਸ ਵਲੋਂ ਫਾਇਰਿੰਗ ਕੀਤੀ ਗਈ। ਉਨ੍ਹਾਂ ਦਾ ਇਹ ਪ੍ਰਤੀਕਰਮ ਗ੍ਰਹਿ ਮੰਤਰੀ ਦੇ ਬਿਆਨ ਨਾਲ ਮੇਲ ਨਹੀਂ ਖਾਂਦਾ। ਭੂਪੇਂਦਰ ਸਿੰਘ ਨੇ ਕਿਹਾ ਸੀ ਕਿ ਵਿਚਾਰਾਧੀਨ ਕੈਦੀਆਂ ਨੇ ਜੇਲ੍ਹ ‘ਚੋਂ ਚੁੱਕੇ ਚੱਮਚਿਆਂ ਅਤੇ ਪਲੇਟਾਂ ਨੂੰ ਸੁਰੱਖਿਆ ਬਲਾਂ ‘ਤੇ ਹਮਲੇ ਲਈ ਹਥਿਆਰ ਵਜੋਂ ਵਰਤਿਆ। ਮੁਕਾਬਲੇ ਦੀ ਕਹਾਣੀ ‘ਤੇ ਸਵਾਲ ਉਠਣ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੰਤਰੀ ਨੇ ਕਿਹਾ ਕਿ ਇਹ ਮੁਕਾਬਲਾ ਸੀ ਅਤੇ ਪੁਲੀਸ ਕੋਲ ਉਨ੍ਹਾਂ ਨੂੰ ਖ਼ਤਮ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂਂ ਬਚਿਆ ਸੀ। ਸਿਮੀ ਕਾਰਕੁਨਾਂ ਦੇ ਜੇਲ੍ਹ ‘ਚੋਂ ਭੱਜਣ ਦੇ ਤੁਰੰਤ ਬਾਅਦ ਸੂਬਾ ਸਰਕਾਰ ਨੇ ਉਨ੍ਹਾਂ ਦੇ ਸਕੈੱਚ ਜਾਰੀ ਕਰਦਿਆਂ ਸਾਰਿਆਂ ਦੇ ਸਿਰ ‘ਤੇ ਪੰਜ-ਪੰਜ ਲੱਖ ਰੁਪਏ ਦਾ ਇਨਾਮ ਐਲਾਨ ਦਿੱਤਾ ਸੀ।
ਵਿਰੋਧੀ ਧਿਰਾਂ ਨੇ ਮੰਗੀ ਜਾਂਚ :
ਭੁਪਾਲ: ਸਿਮੀ ਕਾਰਕੁਨਾਂ ਨੂੰ ਕਥਿਤ ਮੁਕਾਬਲੇ ‘ਚ ਮਾਰ ਮੁਕਾਉਣ ਤੋਂ ਬਾਅਦ ਕਾਂਗਰਸ, ਆਮ ਆਦਮੀ ਪਾਰਟੀ, ਸੀਪੀਐਮ ਅਤੇ ਏਆਈਐਮਆਈਐਮ ਨੇ ਇਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਅਸਦ-ਉਦ-ਦੀਨ ਓਵਾਇਸੀ ਨੇ ਮੁਕਾਬਲੇ ‘ਤੇ ਸਵਾਲ ਖੜ੍ਹੇ ਕਰਦਿਆਂ ਇਸ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਰਾਉਣ ਲਈ ਕਿਹਾ ਹੈ। ਓਵਾਇਸੀ ਨੇ ਐਨਆਈਏ ਜਾਂਚ ‘ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਜਿਸ ਢੰਗ ਨਾਲ ਮਾਲੇਗਾਉਂ ਬੰਬ ਧਮਾਕੇ ਦੀ ਜਾਂਚ ਹੋਈ ਹੈ, ਉਸ ਤੋਂ ਐਨਆਈਏ ਦੀ ਸਾਖ਼ ਡਿੱਗੀ ਹੈ। ਕਾਂਗਰਸ ਆਗੂਆਂ ਕਮਲਨਾਥ ਅਤੇ ਦਿਗਵਿਜੈ ਸਿੰਘ ਨੇ ਜੁਡੀਸ਼ਲ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਇਸ ਤੋਂ ਭੱਜ ਨਹੀਂ ਸਕਦੀ ਹੈ। ਸੀਪੀਐਮ ਆਗੂ ਬਰਿੰਦਾ ਕਰਤ ਨੇ ਕਿਹਾ ਕਿ ਮੁਕਾਬਲਾ ਸ਼ੱਕੀ ਜਾਪਦਾ ਹੈ ਅਤੇ ਸਰਕਾਰ ਨੂੰ ਇਸ ਦੀ ਕਿਸੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਰਾਉਣੀ ਚਾਹੀਦੀ ਹੈ। ਉਧਰ ਭਾਜਪਾ ਆਗੂ ਸਿਧਾਰਥ ਨਾਥ ਸਿੰਘ ਅਤੇ ਜੀਵੀਐਲ ਨਰਸਿਮਹਾ ਨੇ ਕਾਂਗਰਸ ‘ਤੇ ਵਰ੍ਹਦਿਆਂ ਕਿਹਾ ਕਿ ਉਹ ਮੁਕਾਬਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
Comments (0)