ਸਤਨਾਮ ਸਿੰਘ 8ਵੇਂ ਮਿਸਟਰ ਇੰਡੀਆ ਫੈਸ਼ਨ ਮੁਕਾਬਲੇ 'ਚੋਂ ਅੱਵਲ

ਸਤਨਾਮ ਸਿੰਘ 8ਵੇਂ ਮਿਸਟਰ ਇੰਡੀਆ ਫੈਸ਼ਨ ਮੁਕਾਬਲੇ 'ਚੋਂ ਅੱਵਲ

ਅਪਾਹਜਾਂ ਲਈ ਪ੍ਰੇਰਨਾ ਸਰੋਤ ਬਣਿਆ ਸਤਨਾਮ ਸਿੰਘ
ਚੰਡੀਗੜ੍ਹ/ਮਨਜੀਤ ਸਿੰਘ ਚਾਨਾ) : ਸਿਆਣੇ ਕਹਿੰਦੇ ਨੇ ਕਿ ਹੁਨਰ ਕਿਸੇ ਪਛਾਣ ਦਾ ਮੁਹਤਾਜ਼ ਨਹੀਂ ਹੁੰਦਾ ਅਤੇ ਹੁਨਰ ਹੀ ਕਲਾਕਾਰ ਨੂੰ ਸਿਖਰਾਂ 'ਤੇ ਲਿਜਾਂਦਾ ਹੈ। ਇਹ ਵੀ ਸੱਚਾਈ ਹੈ ਕਿ ਆਮ ਲੋਕਾਂ ਦੇ ਮੁਕਾਬਲੇ ਸਰੀਰਕ ਪੱਖੋਂ ਕਿਸੇ ਵੀ ਅਪਾਹਜ ਵਿਅਕਤੀ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਉਮਰ ਦੇ ਹਰ ਪੜਾਅ 'ਤੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਹੀ ਨਹੀਂ ਕਰਨਾ ਪੈਂਦਾ ਸਗੋਂ ਪਰਿਵਾਰਕ ਮੈਂਬਰਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ। ਕਈ ਵਾਰ ਵਿੱਤੀ ਮਜ਼ਬੂਰੀਆਂ ਵੀ ਕਲਾਕਾਰ ਦੇ ਰਾਹ 'ਚ ਅੜਿੱਕਾ ਬਣਦੀਆਂ ਹਨ, ਜਿਸ ਲਈ ਸਰਕਾਰਾਂ ਨੂੰ ਅਗੇ ਆ ਕੇ ਦੇਸ਼ ਅੰਦਰਲੇ ਹੁਨਰ ਨੂੰ ਬਾਹਰ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ। 
ਇਸੇ ਤਰ੍ਹਾਂ ਦੀ ਕਹਾਣੀ ਚੰਡੀਗੜ੍ਹ ਦੇ ਪਿੰਡ ਪਲਸੌਰਾ ਦੇ ਇਕ ਸਾਧਾਰਨ ਪਰਿਵਾਰ ਵਿਚ ਜਨਮੇ ਨੌਜਵਾਨ ਸਤਨਾਮ ਸਿੰਘ ਦੀ ਹੈ, ਜਿਸ ਨੇ ਜਨਮ ਤੋਂ ਹੀ ਅਪਾਹਜ (100 ਫੀਸਦੀ ਗੂੰਗਾ ਤੇ ਬੋਲਾ) ਹੋਣ ਦੇ ਬਾਵਜੂਦ ਇਸ ਸੱਚਾਈ ਨੂੰ ਪਿੱਛੇ ਛੱਡਦਿਆਂ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ, ਜੋ ਕਿ ਸਭ ਲਈ ਪ੍ਰੇਰਨਾ ਸਰੋਤ ਬਣ ਚੁੱਕਾ ਹੈ। ਸਤਨਾਮ ਹਾਲੇ 13 ਸਾਲਾਂ ਦਾ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਪਰਿਵਾਰ ਨੂੰ ਤੰਗੀਆਂ-ਤਰੁਸ਼ੀਆਂ ਵੀ ਝੱਲਣੀਆਂ ਪਈਆਂ। ਸਾਰੀਆਂ ਤੰਗੀਆਂ ਦੇ ਬਾਵਜੂਦ ਸਤਨਾਮ ਸਿੰਘ ਨੇ ਬੀਤੇ ਦਿਨੀਂ ਇੰਡੀਆ ਫੈਸ਼ਨ ਮੁਕਾਬਲੇ ਵਿੱਚ ਭਾਗ ਲੈ ਕੇ ਪਹਿਲਾ ਸਥਾਨ ਹਾਸਲ ਕਰਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਦੱਸਣਯੋਗ ਹੈ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆਏ ਅਨੇਕਾਂ ਪ੍ਰਤੀਯੋਗੀਆਂ ਨੇ ਅਸਾਮ ਵਿੱਚ ਹੋਏ 8ਵੇਂ ਮਿਸ ਐਂਡ ਮਿਸਟਰ ਇੰਡੀਆ (ਡੈਫ ਐਂਡ ਡੰਬ) ਫੈਸ਼ਨ ਮੁਕਾਬਲੇ ਵਿੱਚ ਭਾਗ ਲਿਆ ਸੀ, ਇਸ ਮੁਕਾਬਲੇ ਵਿੱਚ ਸਤਨਾਮ ਸਿੰਘ ਨੇ ਪੰਜਾਬ ਦੀ ਪ੍ਰਤੀਨਿਧਤਾ ਕਰਦਿਆਂ (ਡੈਫ ਐਂਡ ਡੰਬ) ਫੈਸ਼ਨ ਮੁਕਾਬਲੇ ਵਿਚੋਂ ਮਿਸਟਰ ਇੰਡੀਆ (ਡੈਫ) ਦਾ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਪਰਿਵਾਰ ਅਤੇ ਸੂਬੇ ਦਾ ਨਾਮ ਰੌਸ਼ਨ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਦੇਸ਼ ਭਰ ਦੇ ਮੀਡੀਆ ਨੂੰ ਇਸ ਪ੍ਰਤੀਯੋਗਤਾ ਦੀ ਕੋਈ ਖ਼ਬਰ ਨਹੀਂ। ਕਰੀਬ ਇਕ ਹਫ਼ਤੇ ਬਾਅਦ ਸਤਨਾਮ ਸਿੰਘ ਇਕ ਨੈਸ਼ਨਲ ਪੱਧਰ ਦੀ ਪ੍ਰਤੀਯੋਗਤਾ ਜਿੱਤ ਕੇ ਚੁੱਪ ਚੁਪੀਤੇ ਚੰਡੀਗੜ੍ਹ ਏਅਰਪੋਰਟ ਤੋਂ ਆਪਣੇ ਘਰ ਪਹੁੰਚ ਗਿਆ, ਜਿਸਦੀ ਨਾ ਹੀ ਮੀਡੀਆ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਸਾਰ ਲਈ। 
ਜ਼ਿਕਰਯੋਗ ਹੈ ਕਿ ਸਤਨਾਮ ਸਿੰਘ ਨੇ ਇਕ ਮੱਧ ਵਰਗੀ ਪਰਿਵਾਰ ਵਿਚ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਜਨਮ ਲਿਆ। ਪਰਿਵਾਰ ਨੂੰ ਸਤਨਾਮ ਦੇ ਬਚਪਨ ਤੋਂ ਹੀ ਸਿਹਤ ਪੱਖੋਂ 'ਗੂੰਗਾ ਤੇ ਬੋਲਾ' ਹੋਣ ਦਾ ਦੁੱਖ ਅਸਹਿਣਯੋਗ ਸੀ ਕਿ 13 ਸਾਲ ਦੀ ਉਮਰ ਵਿਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ। ਪਰਿਵਾਰ 'ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਪਰ ਸਤਨਾਮ ਨੇ ਆਪਣੀ ਹਿੰਮਤ ਨਾ ਛੱਡੀ ਅਤੇ ਮਿਹਨਤ ਨਾਲ ਪੰਜਾਬ ਸਕੂਲ ਸਿਖਿਆ ਬੋਰਡ ਤੋਂ 10ਵੀਂ ਤੇ 12ਵੀਂ ਜਮਾਤਾਂ ਪਾਸ ਕਰਦਿਆਂ 80 ਫੀਸਦੀ ਤੋਂ ਵੱਧ ਨੰਬਰ ਹਾਸਲ ਕੀਤੇ। ਇਸ ਸਮੇਂ ਸਤਨਾਮ ਚੰਡੀਗੜ੍ਹ ਸਥਿਤ ਵਾਟਿਕਾ ਹਾਈ ਸਕੂਲ ਵਿਖੇ ਗਰੈਜੂਏਸ਼ਨ ਭਾਗ-3 ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਸਤਨਾਮ ਨੇ ਕਈ ਕੰਪਿਊਟਰ ਕੋਰਸ ਸਫ਼ਲਤਾਪੂਰਵਕ ਪਾਸ ਕੀਤੇ ਹਨ ਅਤੇ ਉਸਦੀ ਇਕ ਖਾਸੀਅਤ ਇਹ ਵੀ ਹੈ ਕਿ ਉਹ ਆਪਣੇ ਆਪ ਨੂੰ ਕਦੇ ਵੀ ਵਿਹਲਾ ਨਹੀਂ ਰਹਿਣ ਦਿੰਦਾ ਅਤੇ ਜ਼ਿੰਦਗੀ ਵਿਚ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵਿਚ ਰਹਿੰਦਾ ਹੈ। ਹੁਣ ਵੀ ਉਹ ਇਕ ਵਕੀਲ ਨਾਲ ਬਿਨਾ ਕੋਈ ਪੈਸਾ ਲਏ ਅੰਗਰੇਜ਼ੀ ਵਿਚ ਟਾਈਪਿੰਗ ਦਾ ਕੰਮ ਕਰ ਰਿਹਾ ਹੈ। ਸਤਨਾਮ ਸਿੰਘ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਿਹਤ ਪੱਖੋਂ ਅਪਾਹਜ ਵਿਅਕਤੀ ਵੀ ਇਕ ਸਿਹਤਮੰਦ ਵਿਅਕਤੀ ਵਾਂਗ ਜ਼ਿੰਦਗੀ ਵਿਚ ਅੱਗੇ ਨਿਕਲ ਸਕਦਾ ਹੈ। ਉਸਦਾ ਕਹਿਣਾ ਹੈ ਕਿ ਉਹ ਇਸ ਮੁਕਾਮ 'ਤੇ ਆਪਣੇ ਦੋਸਤਾਂ-ਮਿੱਤਰਾਂ ਦੇ ਸਹਿਯੋਗ ਨਾਲ ਪੁੱਜ ਸਕਿਆ ਹੈ। ਇਸ ਸਮੇਂ ਉਹ ਏਸ਼ੀਆ ਪੱਧਰ 'ਤੇ 'ਸਾਊਥ ਅਫ਼ਰੀਕਾ' ਵਿਖੇ ਕਰਵਾਈ ਜਾਣ ਵਾਲੀ ਪ੍ਰਤੀਯੋਗਤਾ ਲਈ ਤਿਆਰੀ ਕਰ ਰਿਹਾ ਹੈ ਪਰ ਘਰ ਦੀ ਆਰਥਿਕ ਸਥਿਤੀ ਵੀ ਬਹੁਤੀ ਚੰਗੀ ਨਹੀਂ ਹੈ। ਉਸਦੇ ਪਰਿਵਾਰ ਵਿਚ ਇਕ ਛੋਟਾ ਭਰਾ ਅਤੇ ਇਕ ਅਣਵਿਆਹੀ ਵੱਡੀ ਭੈਣ ਹੈ। ਇਸ ਸਬੰਧੀ ਜਦੋਂ ਸਤਨਾਮ ਦੀ ਮਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੂੰ ਆਪਣੇ ਪੁੱਤਰ ਦੇ ਮਾਣ ਹੈ ਅਤੇ ਉਹ ਜ਼ਿੰਦਗੀ ਵਿਚ ਹੋਰ ਅੱਗੇ ਵਧੇ। 
ਉਹਨਾਂ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਜਾਂ ਸੰਸਥਾ ਮੇਰੇ ਹੋਣਹਾਰ ਨੌਜਵਾਨ ਨੂੰ ਘਰ ਦੀ ਮਾਲੀ ਹਾਲਤ ਨੂੰ ਧਿਆਨ ਵਿਚ ਰੱਖਦਿਆਂ ਕੋਈ ਰੁਜ਼ਗਾਰ ਜਾਂ ਵਿੱਤੀ ਸਹਾਇਤਾ ਦੇ ਦੇਵੇ ਤਾਂ ਇਹ ਨੌਜਵਾਨ ਆਪਣੇ ਘਰ ਦੀ ਹਾਲਤ ਸੁਧਾਰਨ ਦੇ ਨਾਲ ਨਾਲ ਸੂਬੇ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕਰ ਸਕਦਾ ਹੈ।