ਅਕਾਲੀਆਂ ਦੀ ਮੋਗਾ ਰੈਲੀ ਦੇ ਦਿਨ 8 ਦਸੰਬਰ ਨੂੰ ਦਮਦਮਾ ਸਾਹਿਬ ‘ਚ ਮੁੜ ਸੱਦਿਆ ਸਰਬੱਤ ਖ਼ਾਲਸਾ

ਅਕਾਲੀਆਂ ਦੀ ਮੋਗਾ ਰੈਲੀ ਦੇ ਦਿਨ 8 ਦਸੰਬਰ ਨੂੰ ਦਮਦਮਾ ਸਾਹਿਬ ‘ਚ ਮੁੜ ਸੱਦਿਆ ਸਰਬੱਤ ਖ਼ਾਲਸਾ

By

 admin

0

477

Share on Facebook

 

Tweet on Twitter

  

ਬਠਿੰਡਾ/ਬਿਊਰੋ ਨਿਊਜ਼ :
ਪੰਥਕ ਧਿਰਾਂ ਅਤੇ ਮੁਤਵਾਜ਼ੀ ਜਥੇਦਾਰਾਂ ਨੇ ਦਮਦਮਾ ਸਾਹਿਬ ‘ਚ 8 ਦਸੰਬਰ ਨੂੰ ਮੁੜ ਸਰਬੱਤ ਖ਼ਾਲਸਾ ਸੱਦ ਲਿਆ ਹੈ। ਇਸ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਗਾ ਵਿਚ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਕੀਤੀ ਜਾ ਰਹੀ ਹੈ ਜਿਸ ਨਾਲ ਪੰਥਕ ਧਿਰਾਂ ਨੇ ਹਾਕਮ ਗੱਠਜੋੜ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ, ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਪੰਥਕ ਧਿਰਾਂ ਨਾਲ ਲੰਮੀ ਵਿਚਾਰ ਚਰਚਾ ਮਗਰੋਂ ਇਹ ਫ਼ੈਸਲਾ ਲਿਆ ਗਿਆ ਹੈ।
ਮੁਤਵਾਜ਼ੀ ਜਥੇਦਾਰਾਂ ਦੇ ਫ਼ੈਸਲੇ ਨੇ ਹਾਕਮ ਗੱਠਜੋੜ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪੰਥਕ ਆਗੂਆਂ ਨੇ 8 ਦਸੰਬਰ ਦੀ ਚੋਣ ਇਸ ਕਰ ਕੇ ਕੀਤੀ ਹੈ ਕਿਉਂਕਿ ਪੰਜਾਬ ਪੁਲੀਸ ਹਾਕਮ ਗੱਠਜੋੜ ਦੀ ਰੈਲੀ ਵਿੱਚ ਉਲਝਿਆ ਹੋਵੇਗਾ। ਜ਼ਿਕਰਯੋਗ ਹੈ ਕਿ ਮੁਤਵਾਜ਼ੀ ਜਥੇਦਾਰਾਂ ਨੇ ਪਹਿਲਾਂ 10 ਨਵੰਬਰ ਨੂੰ ਦਮਦਮਾ ਸਾਹਿਬ ਵਿਚ ਸਰਬੱਤ ਖ਼ਾਲਸਾ ਸੱਦਿਆ ਸੀ ਜਿਸ ਨੂੰ ਪੁਲੀਸ ਨੇ ਸਫ਼ਲ ਨਹੀਂ ਹੋਣ ਦਿੱਤਾ ਸੀ।
ਮੁਤਵਾਜ਼ੀ ਜਥੇਦਾਰਾਂ ਨੇ ਆਖਿਆ ਕਿ ਬਾਦਲਾਂ ਵੱਲੋਂ ਝੂਠੀ ਇਲਜ਼ਾਮਬਾਜ਼ੀ ਕੀਤੀ ਜਾਂਦੀ ਹੈ ਕਿ ਸਰਬੱਤ ਖ਼ਾਲਸਾ ਆਈਐਸਆਈ ਦੀ ਮਦਦ ਨਾਲ ਹੁੰਦਾ ਹੈ। ਉਨ੍ਹਾਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਕਿ ਉਹ ਆਈਐਸਆਈ ਨਾਲ ਸਬੰਧਾਂ ਦੇ ਸਬੂਤ ਸਿੱਖ ਕੌਮ ਅੱਗੇ ਪੇਸ਼ ਕਰਨ, ਨਹੀਂ ਤਾਂ ਫਿਰ ਸਮੁੱਚੀ ਕੌਮ ਤੋਂ ਉਹ ਮੁਆਫ਼ੀ ਮੰਗਣ।
ਸਰਬੱਤ ਖ਼ਾਲਸਾ ਦੇ ਪ੍ਰਬੰਧਕ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਸਰਬੱਤ ਖ਼ਾਲਸਾ ਪੁਰਅਮਨ ਤਰੀਕੇ ਨਾਲ ਹੋਵੇਗਾ ਜਿਸ ਨੂੰ ਸਾਬੋਤਾਜ ਕਰਨ ਵਾਸਤੇ ਸਰਕਾਰ ਕੋਈ ਵੀ ਪੱਤਾ ਖੇਡ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਥਕ ਧਿਰਾਂ ਵੱਲੋਂ ਪੰਜਾਬ ਦੇ ਹਰ ਭਾਈਚਾਰੇ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਸਰਬੱਤ ਖ਼ਾਲਸਾ ਕਿਸੇ ਵੀ ਫਿਰਕੇ ਖ਼ਿਲਾਫ਼ ਨਹੀਂ ਹੈ। ਭਾਈ ਗੁਰਦੀਪ ਸਿੰਘ ਨੇ ਆਖਿਆ ਕਿ ਜੇਕਰ ਸਰਕਾਰ ਨੇ ਜਬਰ ਨਾਲ ਸਰਬੱਤ ਖ਼ਾਲਸਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਬਰ ਨਾਲ ਇਸ ਦਾ ਟਾਕਰਾ ਕਰਨਗੇ।

ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦਾ ਬਾਈਕਾਟ ਕਰਨ ਦਾ ਸੱਦਾ :
ਮੁਤਵਾਜ਼ੀ ਜਥੇਦਾਰਾਂ ਨੇ ਸਿੱਖ ਕੌਮ ਨੂੰ ਸੱਦਾ ਦਿੱਤਾ ਕਿ ਉਹ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਦਾ ਬਾਈਕਾਟ ਕਰ ਕੇ ਸਰਬੱਤ ਖ਼ਾਲਸਾ ਵਿੱਚ ਪੁੱਜਣ। ਪੰਥਕ ਆਗੂਆਂ ਨੇ ਆਖਿਆ ਕਿ ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦਾ ਉਨ੍ਹਾਂ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਹੈ। ਮੁਤਵਾਜ਼ੀ ਜਥੇਦਾਰਾਂ ਨੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੂੰ ਵਰਜਦਿਆਂ ਕਿਹਾ ਹੈ ਕਿ ਉਹ ਸਰਬੱਤ ਖ਼ਾਲਸਾ ਵਿੱਚ ਵਿਘਨ ਪਾਉਣ ਲਈ ਉਪ ਮੁੱਖ ਮੰਤਰੀ ਦੇ ਕਿਸੇ ਵੀ ਗ਼ੈਰਕਾਨੂੰਨੀ ਹੁਕਮ ਨੂੰ ਨਾ ਮੰਨਣ।

ਪੰਥਕ ਧਿਰਾਂ ਹਾਕਮਾਂ ਨਾਲ ਟੱਕਰ ਲੈਣਗੀਆਂ :
ਪੰਥਕ ਧਿਰਾਂ ਹੁਣ ਸਰਬੱਤ ਖਾਲਸਾ ਦੇ ਮਾਮਲੇ ‘ਤੇ ਹਾਕਮ ਧਿਰ ਨਾਲ ਟੱਕਰ ਲੈਣ ਦੇ ਰੌਂਅ ਵਿੱਚ ਹਨ। ਪੰਥਕ ਆਗੂਆਂ ਨੇ 8 ਦਸੰਬਰ ਦੇ ਸਰਬੱਤ ਖਾਲਸਾ ਲਈ ਪ੍ਰਸ਼ਾਸਨ ਤੋਂ ਕੋਈ ਪ੍ਰਵਾਨਗੀ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਉਧਰ ਗਠਜੋੜ ਸਰਕਾਰ ਵੀ ਮੋਗਾ ਰੈਲੀ ਦੀ ਸਫ਼ਲਤਾ ਲਈ ਸਰਬੱਤ ਖਾਲਸਾ ਦੇ ਫ਼ੈਸਲੇ ਨੂੰ ਸੌਖੇ ਹਜ਼ਮ ਕਰਨ ਦੇ ਰੌਂਅ ਵਿੱਚ ਨਹੀਂ ਹੈ।
ਪੰਥਕ ਧਿਰਾਂ ਅਤੇ ਮੁਤਵਾਜ਼ੀ ਜਥੇਦਾਰਾਂ ਨੇ 8 ਦਸੰਬਰ ਦੇ ਸਰਬੱਤ ਖਾਲਸਾ ਦੀ ਤਿਆਰੀ ਲਈ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਕਰੀਬ 42 ਏਕੜ ਜਗ੍ਹਾ ਵਿੱਚ ਸਰਬੱਤ ਖਾਲਸਾ ਹੋਵੇਗਾ ਅਤੇ ਉਸ ਦਿਨ ਹੀ ਸ਼੍ਰੋਮਣੀ ਅਕਾਲੀ ਦਲ ਮੋਗਾ ਵਿੱਚ ‘ਪਾਣੀ ਬਚਾਓ, ਪੰਜਾਬ ਬਚਾਓ’ ਰੈਲੀ ਕਰੇਗਾ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ ਅਗਾਊਂ ਹੀ ਗ੍ਰਿਫ਼ਤਾਰ ਕਰ ਸਕਦੀ ਹੈ ਤੇ ਪ੍ਰਬੰਧਕਾਂ ਨੂੰ ਵੀ ਇਸ ਦਾ ਖ਼ਦਸ਼ਾ ਹੈ। ਪ੍ਰਬੰਧਕਾਂ ਨੇ ਪ੍ਰਣ ਕੀਤਾ ਹੈ ਕਿ ਉਹ ਦਮਦਮਾ ਸਾਹਿਬ ਵਿੱਚ ਹਰ ਹੀਲੇ ਸਰਬੱਤ ਖਾਲਸਾ ਕਰਨਗੇ। ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਸੀ ਕਿ ਐਤਕੀਂ ਸਰਕਾਰ ਸਰਬੱਤ ਖਾਲਸਾ ਰੋਕਣ ਲਈ ਕੁਝ ਵੀ ਕਰੇ ਪਰ ਸਰਬੱਤ ਖਾਲਸਾ ਮੁਲਤਵੀਂ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਸਰਕਾਰ ਨਾਜਾਇਜ਼ ਹੀ ਧਾਰਮਿਕ ਸਮਾਗਮ ਵਿੱਚ ਰੁਕਾਵਟ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਬੱਤ ਖਾਲਸਾ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਚੱਲ ਪਈਆਂ ਹਨ ਅਤੇ ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦੇ ਅਮਲ ਲਈ ਜ਼ਮੀਨੀ ਪੱਧਰ ‘ਤੇ ਮੁਹਿੰਮ ਚੱਲੇਗੀ ਤੇ ਉਹ ਕਾਨੂੰਨੀ ਲੜਾਈ ਵੀ ਲੜਨਗੇ।
ਇਸ ਦੌਰਾਨ ਬਠਿੰਡਾ ਜ਼ੋਨ ਦੇ ਆਈਜੀ ਐਸ.ਕੇ.ਅਸਥਾਨਾ ਦਾ ਕਹਿਣਾ ਸੀ ਕਿ ਅਮਨ-ਸ਼ਾਂਤੀ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸਰਬੱਤ ਖ਼ਾਲਸਾ ਲਈ ਪ੍ਰਵਾਨਗੀ ਦਾ ਫ਼ੈਸਲਾ ਡਿਪਟੀ ਕਮਿਸ਼ਨਰ ਵੱਲੋਂ ਲਿਆ ਜਾਣਾ ਹੈ।

ਪੰਜ ਪਿਆਰੇ ਰਹਿ ਸਕਦੇ ਹਨ ਸਰਬੱਤ ਖ਼ਾਲਸਾ ਤੋਂ ਦੂਰ :
ਅੰਮ੍ਰਿਤਸਰ : ਮੁਤਵਾਜ਼ੀ ਜਥੇਦਾਰਾਂ ਵੱਲੋਂ ਤਲਵੰਡੀ ਸਾਬੋ ਵਿੱਚ ਸਰਬੱਤ ਖਾਲਸਾ ਸੱਦਣ ਦਾ ਐਲਾਨ ਕੀਤਾ ਗਿਆ ਹੈ ਪਰ ਪੰਜ ਪਿਆਰੇ ਤੇ ਉਨ੍ਹਾਂ ਨਾਲ ਸਬੰਧਤ ਧਿਰਾਂ ਦੇ ਇਸ ਸਮਾਗਮ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ। ਪੰਜ ਪਿਆਰਿਆਂ ਤੇ ਉਨ੍ਹਾਂ ਨਾਲ ਸਬੰਧਤ ਧਿਰਾਂ ਨੇ ਆਖਿਆ ਕਿ ਸਰਬੱਤ ਖਾਲਸਾ ਸੱਦਣ ਬਾਰੇ ਉਨ੍ਹਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਅਤੇ ਨਾ ਇਸ ਬਾਰੇ ਕੋਈ ਜਾਣਕਾਰੀ ਹੈ। ਪੰਜ ਪਿਆਰਿਆਂ ਵਿੱਚ ਸ਼ਾਮਲ ਭਾਈ ਸਤਨਾਮ ਸਿੰਘ ਖੰਡਾ ਨੇ ਆਖਿਆ ਕਿ ਉਨ੍ਹਾਂ ਨੂੰ ਸਰਬੱਤ ਖਾਲਸਾ 8 ਦਸੰਬਰ ਨੂੰ ਕੀਤੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਪ੍ਰਬੰਧਕਾਂ ਵਲੋਂ ਇਸ ਸਬੰਧੀ ਕੋਈ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਨੂੰ ਖ਼ਬਰਾਂ ਰਾਹੀਂ ਪਤਾ ਲੱਗੀ ਹੈ। ਉਨ੍ਹਾਂ ਆਖਿਆ ਕਿ ਪ੍ਰਬੰਧਕਾਂ ਨੂੰ ਇਹ ਐਲਾਨ ਤੋਂ ਪਹਿਲਾਂ ਸਾਰੀਆਂ ਧਿਰਾਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਜਦੋਂ ਇਸ ਸਬੰਧੀ ਭਰੋਸੇ ਵਿੱਚ ਹੀ ਨਹੀਂ ਲਿਆ ਤਾਂ ਫਿਰ ਉਹ ਕਿਵੇਂ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਸਬੰਧੀ ਕੋਈ ਠੋਸ ਫ਼ੈਸਲਾ ਨਹੀਂ ਕੀਤਾ ਹੈ ਤੇ ਛੇਤੀ ਹੀ ਵਿਧੀ ਵਿਧਾਨ ਤਿਆਰ ਕਰਨ ਵਾਲੀ ਕਮੇਟੀ ਨਾਲ ਮੀਟਿੰਗ ਕਰਨਗੇ ਤੇ ਵਿਧੀ ਵਿਧਾਨ ਤਿਆਰ ਹੋਣ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਜਰਨੈਲ ਸਿੰਘ ਸਖੀਰਾ ਨੇ ਆਖਿਆ ਕਿ 8 ਦਸੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਸਮਾਗਮ ਹੋਵੇਗਾ। ਉਨ੍ਹਾਂ ਆਖਿਆ ਕਿ ਪਹਿਲਾਂ ਸਰਕਾਰ ਨੇ ਜਬਰੀ ਇਸ ਸਮਾਗਮ ਨੂੰ ਮੁਲਤਵੀ ਕਰਾ ਦਿੱਤਾ ਸੀ। ਇੱਕ ਮਹੀਨੇ ਬਾਅਦ ਹੀ ਮੁੜ ਸਰਬੱਤ ਖਾਲਸਾ ਸੱਦ ਕੇ ਪ੍ਰਬੰਧਕਾਂ ਨੇ ਸਰਕਾਰੀ ਜਬਰ ਨੂੰ ਵੰਗਾਰਿਆ ਹੈ।