ਲੰਡਨ ਵਿੱਚ ਦਹਿਸ਼ਤੀ ਹਮਲੇ ਕਾਰਨ 7 ਮੌਤਾਂ, 48 ਜ਼ਖ਼ਮੀ

ਲੰਡਨ ਵਿੱਚ ਦਹਿਸ਼ਤੀ ਹਮਲੇ ਕਾਰਨ 7 ਮੌਤਾਂ, 48 ਜ਼ਖ਼ਮੀ

ਹਮਲਾਵਰਾਂ ਨੇ ਰਾਹਗੀਰ ਦਰੜੇ, ਤਿੰਨੋਂ ਹਮਲਾਵਰਾਂ ਦੀ ਮੌਤ
ਲੰਡਨ/ਬਿਊਰੋ ਨਿਊਜ਼:
ਬਰਤਾਨੀਆ ਦੀ ਰਾਜਧਾਨੀ ਵਿੱਚ ਚਾਕੂ ਨਾਲ ਲੈਸ 3 ਹਮਲਾਵਰਾਂ, ਜਿਨ੍ਹਾਂ ਨੇ ਨਕਲੀ ਆਤਮਘਾਤੀ ਜੈਕਟਾਂ ਪਾਈਆਂ ਹੋਈਆਂ ਸਨ, ਨੇ ਨੇੜਲੀ ਮਾਰਕਿਟ ਵਿੱਚ ਲੋਕਾਂ ‘ਤੇ ਹਮਲਾ ਕਰਨ ਤੋਂ ਪਹਿਲਾਂ ਲੰਡਨ ਪੁਲ ‘ਤੇ ਪੈਦਲ ਜਾ ਰਹੇ ਲੋਕਾਂ ਨੂੰ ਵੈਨ ਨਾਲ ਦਰੜ ਦਿੱਤਾ। ਇਸ ਹਮਲੇ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਜਦਕਿ 48 ਵਿਅਕਤੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚ ਚਾਰ ਫਰਾਂਸੀਸੀ ਹਨ। ਪ੍ਰਧਾਨ ਮੰਤਰੀ ਥੈਰੇਸਾ ਨੇ ਇਸ ਕਾਰਵਾਈ ਲਈ ਇਸਲਾਮਿਕ ਅਤਿਵਾਦ ਦੀ ‘ਗੰਦੀ ਵਿਚਾਰਧਾਰਾ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਬਰਤਾਨੀਆ ਵਿੱਚ ਬੀਤੇ ਤਿੰਨ ਮਹੀਨਿਆਂ ਵਿੱਚ ਚੋਣਾਂ ਤੋਂ ਪਹਿਲਾਂ ਇਹ ਤੀਜਾ ਹਮਲਾ ਹੈ। ਬਰਤਾਨੀਆ ਵਿੱਚ ਆਮ ਚੋਣਾਂ 8 ਜੂਨ ਨੂੰ ਹੋਣੀਆਂ ਹਨ। ਪੁਲੀਸ ਅਤੇ ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ 3 ਹਮਲਾਵਰਾਂ ਨੇ ਸਫੇਦ ਰੰਗ ਦੀ ਵੈਨ ਲੋਕਾਂ ਨਾਲ ਭਰੇ ਲੰਡਨ ਪੁਲ ‘ਤੇ ਇਕ ਭੀੜ ‘ਤੇ ਚੜ੍ਹਾ ਦਿੱਤੀ ਅਤੇ ਮਗਰੋਂ ਵੈਨ ਤੋਂ ਉਤਰ ਕੇ ਨੇੜਲੀ ਬੋਰੋ ਮਾਰਕਿਟ ਵਿੱਚ ਬਾਰ ਅਤੇ ਰੈਸਟੋਰੈਂਟ ਵਿਚਲੇ ਲੋਕਾਂ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ‘ਇਹ ਅੱਲਾਹ ਲਈ ਹੈ’ ਦਾ ਨਾਅਰਾ ਲਾ ਰਹੇ ਸੀ। ਜ਼ਖ਼ਮੀ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਘਟਨਾ ਦਾ ਪਤਾ ਚੱਲਦੇ ਹੀ ਹਥਿਆਰਬੰਦ ਪੁਲੀਸ ਤੁਰੰਤ ਮੌਕੇ ‘ਤੇ ਪੁੱਜੀ ਅਤੇ 8 ਮਿੰਟਾਂ ਵਿਚ ਹੀ ਤਿੰਨੇ ਹਮਲਾਵਰਾਂ ਨੂੰ ਮਾਰ ਮੁਕਾਇਆ। ਮੈਟ ਪੁਲੀਸ ਦੇ ਸਹਾਇਕ ਕਮਿਸ਼ਨਰ ਮਾਰਕ ਰੋਅਲੀ ਨੇ ਦੱਸਿਆ ਕਿ ਹਮਲਾਵਰਾਂ ਨੇ ਆਤਮਘਾਟੀ ਜੈਕਟਾਂ ਪਾਈਆਂ ਹੋਈਆਂ ਸਨ ਜੋ ਜਾਂਚ ਬਾਅਦ ਨਕਲੀ ਪਾਈਆਂ ਗਈਆਂ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।  ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਕਿਸੇ ਅਤਿਵਾਦੀ ਗਰੁੱਪ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 12 ਵਿਅਕੀਤਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਸਿਆਸੀ ਪਾਰਟੀਆਂ ਨੇ ਚੋਣ ਮੁਹਿੰਮ ਰੋਕੀ :
ਬਰਤਾਨੀਆ ਦੀਆਂ ਦੋ ਪ੍ਰਮੁੱਖ ਰਾਜਸੀ ਪਾਰਟੀਆਂ, ਜਿਸ ਵਿੱਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਵੀ ਸ਼ਾਮਲ ਹੈ, ਨੇ ਅਤਿਵਾਦੀ ਹਮਲੇ ਤੋਂ ਬਾਅਦ ਆਪਣੀ ਚੋਣ ਮੁਹਿੰਮ ਰੋਕ ਦਿੱਤੀ ਹੈ। ਕੰਜ਼ਰਵੇਟਿਵ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਾਲਾਤ ਦਾ ਜਾਇਜ਼ਾ ਲੈਣਗੇ। ਵਿਰੋਧੀ ਲੇਬਰ ਪਾਰਟੀ ਨੇ ਵੀ ਚੋਣ ਪ੍ਰਚਾਰ ਦੀ ਤਜਵੀਜ਼ਤ ਮੁਹਿੰਮ ਰੱਦ ਕਰ ਦਿੱਤੀ ਹੈ। ਸਕੌਟਿਸ ਨੈਸ਼ਨਲ ਪਾਰਟੀ ਨੇ ਵੀ ਆਪਦੀ ਮੁਹਿੰਮ ਰੋਕ ਦਿੱਤੀ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਕਿਹਾ ਕਿ ਉਹ ਲੋਕਤੰਤਰ ਦੇ ਹਾਮੀ ਹਨ ਅਤੇ ਉਹ ਨਹੀਂ ਚਾਹੁੰਦੇ ਕਿ ਹਾਲ ਹੀ ਵਿੱਚ ਵਾਪਰੀ ਘਟਨਾ ਕਾਰਨ ਚੋਣਾਂ ਦੀ ਤਰੀਕ ‘ਤੇ ਅਸਰ ਪਵੇ।
ਪ੍ਰਧਾਨ ਮੰਤਰੀ ਨੇ ਕਿਹਾ-ਚੋਣਾਂ 8 ਜੂਨ ਨੂੰ ਹੀ ਹੋਣਗੀਆਂ :
ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਐਲਾਨ ਕੀਤਾ ਕਿ ਆਮ ਚੋਣਾਂ ਪੂਰਵ ਨਿਰਧਾਰਤ ਪ੍ਰੋਗਰਾਮ ਤਹਿਤ 8 ਜੂਨ ਨੂੰ ਹੀ ਹੋਣਗੀਆਂ। ਹਮਲੇ ਤੋਂ ਬਾਅਦ ਸੀਨੀਅਰ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਹਿੰਸਾ ਨੂੰ ਲੋਕਤੰਤਰ ਪ੍ਰਕਿਰਿਆ ਨੂੰ ਨੁਕਸਾਨ ਨਹੀਂ ਪਹੁੰਚਾਉਣ ਦਿੱਤਾ ਜਾਵੇਗਾ। ਉਨ੍ਹਾਂ ਹਮਲੇ ਦੀ ਨਖੇਧੀ ਕਰਦਿਆਂ ਕਿਹਾ ਕਿ ਲੰਡਨ ਇਕਜੁੱਟ ਹਨ ਅਤੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

ਅਤਿਵਾਦੀ ਹਮਲੇ ਦੇ ਪੀੜਤਾਂ ਦੀ ਮਦਦ ਲਈ ਗੁਰੂ ਘਰਾਂ ਨੇ ਖੋਲ੍ਹੇ ਦਰ
ਲੰਡਨ/ਬਿਊਰੋ ਨਿਊਜ਼ :
ਇਥੇ ਹੋਏ ਅਤਿਵਾਦੀ ਹਮਲੇ ਦੇ ਪੀੜਤਾਂ ਲਈ ਲੰਡਨ ਦੇ ਗੁਰਦੁਆਰਿਆਂ ਨੇ ਆਪਣੇ ਦਰ ਖੋਲ੍ਹ ਦਿੱਤੇ ਹਨ। ਪੀੜਤਾਂ ਨੂੰ ਸ਼ਰਨ ਤੋਂ ਇਲਾਵਾ ਖਾਣਾ ਦਿੱਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ ਦੇ ਤੁਰੰਤ ਬਾਅਦ ਸਿੱਖਾਂ ਨੇ ਟਵੀਟ ਕੀਤੇ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੇ ਦਰਵਾਜ਼ੇ ਖੁੱਲ੍ਹੇ ਹਨ।
ਦਿ ਮੈਟਰੋ.ਕੋ.ਯੂਕੇ  ਦੀ ਰਿਪੋਰਟ ਮੁਤਾਬਕ ਸਿੱਖਾਂ ਦੇ ਬੇਮਿਸਾਲ ਏਕਤਾ ਦਿਖਾਉਂਦਿਆਂ ਨੇੜਲੇ ਗੁਰਦੁਆਰਿਆਂ ਦੇ ਮੈਪ ਪੋਸਟ ਕੀਤੇ ਤਾਂ ਜੋ ਪੀੜਤ ਉਥੇ ਜਾ ਕੇ ਸ਼ਰਨ ਲੈ ਸਕਣ। ਗਲਾਸਗੋ ਗੁਰਦੁਆਰੇ ਨੇ ਟਵੀਟ ਕੀਤਾ, ‘ਅੱਜ ਰਾਤ ਦੇ ਹਮਲੇ ਦੇ ਪੀੜਤਾਂ ਦੀ ਮਦਦ ਤੇ ਸਮਰਥਨ ਲਈ ਲੰਡਨ ਵਿੱਚ ਗੁਰਦੁਆਰਾ ਤਿਆਰ ਹੈ।’
ਲੰਡਨ ਬ੍ਰਿਜ ਵਿੱਚ ਫਸੇ ਲੋਕਾਂ ਦੀ ਮਦਦ ਲਈ ਕੁੱਝ ਲੋਕਾਂ ਵੱਲੋਂ ਫੇਸਬੁੱਕ ਉਤੇ ਨਵੇਂ ਫੀਚਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਅਤਿਵਾਦੀ ਹਮਲੇ ਦੇ ਪੀੜਤਾਂ ਲਈ ਲੋਕਾਂ ਵੱਲੋਂ ਖਾਣਾ, ਕੱਪੜੇ ਅਤੇ ਇਥੋਂ ਤਕ ਕਿ ਖੂਨਦਾਨ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ।
1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੀ ਯਾਦ ਵਿੱਚ ਕੇਂਦਰੀ ਲੰਡਨ ਵਿੱਚ ਟ੍ਰੈਫਾਲਗਰ ਸਕੁਏਰ ਵਿੱਚ ਤਕਰੀਬਨ 25 ਹਜ਼ਾਰ ਤੋਂ ਵੱਧ ਸਿੱਖਾਂ ਦੇ ਇਕੱਤਰ ਹੋਣ ਦੀ ਸੰਭਾਵਨਾ ਹੈ। ਸਿੱਖ ਫ਼ੈਡਰੇਸ਼ਨ ਯੂਕੇ ਨੇ ਦੱਸਿਆ, ‘ਮੈਟਰੋਪਾਲੀਟਨ ਪੁਲੀਸ ਨਾਲ ਯਾਦਗਾਰੀ ਤੇ ਆਜ਼ਾਦੀ ਦੇ ਪ੍ਰੋਗਰਾਮ ਦੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਸੀਂ ਸਹਿਮਤੀ ਨਾਲ ਇਸ ਫ਼ੈਸਲੇ ਉਤੇ ਪੁੱਜੇ ਕਿ ਇਹ ਪ੍ਰੋਗਰਾਮ ਜਾਰੀ ਰਹੇਗਾ। ਇਸ ਨਾਲ ਸਾਰੇ ਅਤਿਵਾਦੀਆਂ ਨੂੰ ਸਖ਼ਤ ਸੰਦੇਸ਼ ਮਿਲੇਗਾ ਕਿ 1984 ਵਿੱਚ ਜਾਨਾਂ ਗੁਆਉਣ ਵਾਲੇ ਦਸ ਹਜ਼ਾਰ ਸਿੱਖਾਂ ਨੂੰ ਯਾਦ ਕਰਨ ਤੋਂ ਉਹ ਸਾਨੂੰ ਕਦੇ ਵੀ ਰੋਕ ਨਹੀਂ ਸਕਣਗੇ।
ਇਸ ਤੋਂ ਇਲਾਵਾ ਇਹ ਸਮਾਗਮ ਕੁੱਝ ਹਫ਼ਤੇ ਪਹਿਲਾਂ ਮੈਨਚੈਸਟਰ ਤੇ ਲੰਡਨ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਨੂੰ ਯਾਦ ਕਰਨ ਅਤੇ ਫੱਟੜਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਦਾ ਮੌਕਾ ਵੀ ਹੋਵੇਗਾ।