ਅਫ਼ਗਾਨਿਸਤਾਨ ‘ਚ ਲੁਕੇ 7 ਹਜ਼ਾਰ ਆਈ.ਐਸ. ਅਤਿਵਾਦੀਆਂ ‘ਤੇ ਹਮਲਾ, ਸੈਂਕੜਿਆਂ ਦੇ ਮਰਨ ਦਾ ਖ਼ਦਸ਼ਾ

ਅਫ਼ਗਾਨਿਸਤਾਨ ‘ਚ ਲੁਕੇ 7 ਹਜ਼ਾਰ ਆਈ.ਐਸ. ਅਤਿਵਾਦੀਆਂ ‘ਤੇ ਹਮਲਾ, ਸੈਂਕੜਿਆਂ ਦੇ ਮਰਨ ਦਾ ਖ਼ਦਸ਼ਾ

ਕੈਪਸ਼ਨ-ਅਚਿਨ ਇਲਾਕੇ ਵਿਚ ਜ਼ਖ਼ਮੀ ਹੋਏ ਪੁਲੀਸ ਵਾਲੇ ਦਾ ਇਲਾਜ ਕਰਦੀ ਹੋਈ ਮੈਡੀਕਲ ਟੀਮ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਨੇ ਬੇਹੱਦ ਹੈਰਾਨ ਕਰਨ ਵਾਲਾ ਕਦਮ ਚੁੱਕਦਿਆਂ ਅਤਿਵਾਦੀਆਂ ਦੇ ਖ਼ਿਲਾਫ਼ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਹੈ। ਅਫ਼ਗਾਨਿਸਤਾਨ ਵਿਚ ਸੁਰੰਗਾਂ ਬਣਾ ਕੇ ਲੁਕੇ ਕਰੀਬ 7 ਹਜ਼ਾਰ ਆਈ.ਐਸ. ਅਤਿਵਾਦੀਆਂ ‘ਤੇ ਵੀਰਵਾਰ ਨੂੰ ਅਮਰੀਕਾ ਨੇ ਦੁਨੀਆ ਦੇ ਸਭ ਤੋਂ ਵੱਡੇ 10 ਹਜ਼ਾਰ ਕਿਲੋ ਦਾ ਗੈਰ-ਪਰਮਾਣੂ ਬੰਬ ਸੁੱਟ ਦਿੱਤਾ। ਇਸ ਬੰਬ ਨੂੰ ‘ਮਦਰ ਆਫ਼ ਆਲ ਬੰਬ’ ਕਿਹਾ ਜਾਂਦਾ ਹੈ। ਜਿਸ ਥਾਂ ਇਹ ਹਮਲਾ ਕੀਤਾ, ਉਹ ਪਾਕਿਸਤਾਨ ਦੀ ਸਰਹੱਦ ਨਾਲ ਲਗਦਾ ਹੈ। ਪੇਸ਼ਵਾਰ ਇਥੋਂ 100 ਕਿਲੋਮੀਟਰ ਦੂਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਸੈਂਕੜਿਆਂ ਵਿਚ ਹੋ ਸਕਦੀ ਹੈ ਪਰ ਕੁਝ ਖ਼ਬਰ ਏਜੰਸੀਆਂ ਮੁਤਾਬਕ ਇਹ ਗਿਣਤੀ 35 ਹੋ ਸਕਦੀ ਹੈ। ਅਸਪਸ਼ਟ ਸੂਤਰਾਂ ਮੁਤਾਬਕ ਮ੍ਰਿਤਕਾਂ ਵਿਚ ਭਾਰਤ ਦਾ ਵੀ ਇਕ ਨਾਗਰਿਕ ਸ਼ਾਮਲ ਹੈ। ਅਮਰੀਕਾ ਨੇ ਇਹ ਹਮਲਾ ਆਪਣੇ ਇਕ ਫ਼ੌਜੀ ਦੀ ਮੌਤ ਦਾ ਬਦਲਾ ਲੈਂਦਿਆਂ ਕੀਤੀ ਹੈ। ਇਹ ਫ਼ੌਜੀ ਪਿਛਲੇ ਸ਼ਨਿਚਰਵਾਰ ਨੂੰ ਅਤਿਵਾਦੀਆਂ ਖ਼ਿਲਾਫ਼ ਆਪਰੇਸ਼ਨ ਵਿਚ ਸ਼ਹੀਦ ਹੋਇਆ ਸੀ। ਹਮਲਾ ਨੰਗਰਹਾਰ ਸੂਬੇ ਦੇ ਅਚਿਨ ਜ਼ਿਲ੍ਹੇ ਵਿਚ ਹੋਇਆ। ਇਥੇ ਕਰੀਬ 95 ਹਜ਼ਾਰ ਪਸ਼ਤੂਨ ਕਬਾਇਲੀ ਰਹਿੰਦੇ ਹਨ। ਪਾਕਿਸਤਾਨੀ ਸਰਹੱਦ ਨਾਲ ਲਗਦੇ ਪੂਰਬੀ ਅਫ਼ਗਾਨਿਸਤਾਨ ਦਾ ਇਹ ਜ਼ਿਲ੍ਹਾ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਹੈ। ਲਾਦੇਨ ਦੇ ਅਲ ਕਾਇਦਾ ਦੇ ਅਤਿਵਾਦੀਆਂ ਨੇ ਵੀ ਇਸ ਸੂਬੇ ਵਿਚ ਨੈੱਟਵਰਕ ਬਣਾਇਆ ਸੀ।
ਇਰਕਾ ਯੁੱਧ ਦੌਰਾਨ ਬਣਾਏ ਸੀ 15 ਬੰਬ, 14 ਸਾਲਾਂ ਬਾਅਦ ਪਹਿਲੀ ਵਾਰ ਇਸਤੇਮਾਲ :
ਅਮਰੀਕਾ ਨੇ 2003 ਵਿਚ ਐਮ.ਓ.ਬੀ, ਭਾਵ ‘ਮਦਰ ਆਫ਼ ਆਲ ਬੰਬ’ ਬਣਾਇਆ ਸੀ। ਉਦੋਂ ਇਰਾਕ ਨਾਲ ਲੜਾਈ ਚੱਲ ਰਹੀ ਸੀ। ਅਮਰੀਕੀ ਮਾਹਰਾਂ ਨੇ ਇਸ ਨੂੰ ਮਹਿਜ਼ 9 ਹਫਤਿਆਂ ਵਿਚ ਤਿਆਰ ਕੀਤਾ ਸੀ। ਉਸ ਵਕਤ ਅਜਿਹੇ ਸਿਰਫ਼ 15 ਬੰਬ ਬਣਾਏ ਗਏ ਸਨ। ਪਹਿਲਾ ਟੈਸਟ ਫਾਇਰ 11 ਮਾਰਚ 2003 ਨੂੰ ਫਲੋਰਿਡਾ ਵਿਚ ਕੀਤਾ ਗਿਆ ਸੀ। ਉਸ ਮਗਰੋਂ ਇਸ ਦਾ ਕਦੇ ਵੀ ਇਸਤੇਮਾਲ ਨਹੀਂ ਕੀਤਾ ਗਿਆ। ਵੀਰਵਾਰ ਨੂੰ ਪਹਿਲੀ ਵਾਰ ਅਮਰੀਕਾ ਨੇ ਇਸ ਦੀ ਵਰਤੋਂ ਕੀਤੀ। ਹਾਲਾਂਕਿ ਅਮਰੀਕਾ ਇਸ ਤੋਂ ਪਹਿਲਾਂ ਇਰਾਨ ‘ਤੇ ਐਮ.ਓ.ਬੀ. ਨਾਲ ਹਮਲੇ ਦੀ ਤਿਆਰੀ ਕਰ ਚੁੱਕਾ ਸੀ। ਇਕ ਬੰਬ ਦੀ ਕੀਮਤ 103 ਕਰੋੜ ਰੁਪਏ ਹੈ। ਡਿੱਗਣ ਵਾਲੀ ਥਾਂ ‘ਤੇ 1.5 ਮੀਲ ਤਕ ਸਭ ਤਬਾਹ ਹੋ ਜਾਂਦਾ ਹੈ।
ਬੰਬ ਦੀ ਮਾਰ :
ਅਫ਼ਗਾਨਿਸਤਾਨ ਵਿਚ ਬੰਬ ਧਮਾਕੇ ਮਗਰੋਂ ਇਸ ਦਾ ਧੂੰਆਂ 30-35 ਕਿਲੋਮੀਟਰ ਦੂਰ ਤਕ ਦੇਖਿਆ ਗਿਆ। ਇਹ ਜ਼ਮੀਨ ਤੋਂ 1.8 ਮੀਟਰ ਉਪਰ ਧਮਾਕਾ ਕਰਦਾ ਹੈ। ਹਵਾ ਵਿਚ ਧਮਾਕਾ ਕੀਤਾ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਤਬਾਹੀ ਹੋ ਸਕੇ।
ਰੂਸ ਨੇ ਬਣਾਇਆ ਸੀ ‘ਫਾਦਰ ਆਫ਼ ਆਲ ਬੰਬ’ :
ਅਮਰੀਕਾ ਨੂੰ ਜਵਾਬ ਦੇਣ ਲਈ ਰੂਸ ਨੇ ਐਮ.ਓ.ਬੀ. ਨਾਲੋਂ 4 ਗੁਣਾ ਤਾਕਤਵਰ ਬੰਬ ਬਣਾਇਆ ਸੀ। ਇਸ ਨੂੰ ਫਾਦਰ ਆਫ਼ ਆਲ  ਬੰਬ ਕਿਹਾ ਗਿਆ। ਇਸ ਦੀ ਵਰਤੋਂ ਨਹੀਂ ਹੋਈ ਹੈ। ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜ ਦੀ ਕਾਰਵਾਈ ਨੂੰ 16 ਸਾਲ ਪੂਰੇ ਹੋ ਰਹੇ ਹਨ। ਅਤੇ ਹੁਣ ਉਹ ਦੇਸ਼ ਵਿਚੋਂ ਨਿਕਲ ਰਹੇ ਹਨ।