ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਦੀ ਚੋਣ 7 ਅਕਤੂਬਰ ਨੂੰ

ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਦੀ ਚੋਣ 7 ਅਕਤੂਬਰ ਨੂੰ

ਚੰਡੀਗੜ/ਬਿਊਰੋ ਨਿਊਜ਼ :
ਭਾਰਤ ਦੇ ਬਿਹਾਰ ਵਿਚ ਸਥਿਤ ਤਖ਼ਤ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਦੇ ਨਵੇਂ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਦੀ ਚੋਣ 7 ਅਕਤੂਬਰ ਨੂੰ ਹੋ ਰਹੀ ਹੈ।  ਐਸਜੀਪੀਸੀ. ਅੰਮ੍ਰਿਤਸਰ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਅਨੁਸਾਰ ਇਸ ਚੋਣ ਦੀ ਨਿਗਰਾਨੀ ਬਿਹਾਰ ਸਰਕਾਰ ਵਲੋਂ ਕੀਤੀ ਜਾਏਗੀ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਵਤਾਰ ਸਿੰਘ ਨੇ ਤਖ਼ਤ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਦੇ ਨਵੇਂ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਦੀ ਚੋਣ ਬਾਰੇ ਕਿਹਾ ਕਿ ਉਸੇ ਦਿਨ ਉਹ ਖੁਦ ਇਸ ਅਹੁਦੇ ਤੋਂ ਸੇਵਾ-ਮੁਕਤ ਹੋ ਜਾਣਗੇ ਤੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ।  ਉਨ੍ਹਾਂ ਕਿਹਾ ਕਿ ਉਕਤ ਚੋਣ ਨਾਲ ਸਬੰਧਿਤ ਵੱਖ-ਵੱਖ ਸਿੱਖ ਸੰਸਥਾਵਾਂ ਨੇ ਆਪੋ-ਆਪਣੇ ਪ੍ਰਤੀਨਿਧ ਨਾਮਜ਼ਦ ਕਰ ਦਿੱਤੇ ਹਨ, ਜਿਨ੍ਹਾਂ ਵਿਚ ਐਸਜੀਪੀਸੀ., ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਚੀਫ਼ ਖ਼ਾਲਸਾ ਦੀਵਾਨ ਦੀ ਪ੍ਰਤੀਨਿਧਤਾ ਕ੍ਰਮਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਵਤਾਰ ਸਿੰਘ ਹਿੱਤ ਤੇ ਸੁਰਿੰਦਰ ਸਿੰਘ ਕਰਨਗੇ। ਕੁੱਲ ਮਿਲਾ ਕੇ 15 ਮੈਂਬਰਾਂ ਦੀ ਚੋਣ ਕਰ ਲਈ ਗਈ ਹੈ, ਜਿਨ੍ਹਾਂ ‘ਚ ਸਿੱਖ ਪ੍ਰਤੀਨਿਧ ਸਭਾ ਲਖਨਊ, ਕਲਕੱਤਾ ਦੀਆਂ ਸਿੰਘ ਸਭਾਵਾਂ, ਝਾਰਖੰਡ ਤੋਂ ਇਕ ਪ੍ਰਤੀਨਿਧ ਤੇ 8 ਮੈਂਬਰ ਬਿਹਾਰ ਤੋਂ ਅਤੇ ਕਾਨੂੰਨ ਅਨੁਸਾਰ ਆਸਨਸੋਲ ਬੰਗਾਲ ਤੋਂ ਹਰਪਾਲ ਸਿੰਘ ਸ਼ਾਮਿਲ ਹਨ।