ਟੈਕਸਾਸ ਵਿਚ ਗੋਲੀਬਾਰੀ ਦੌਰਾਨ 7 ਲੋਕਾਂ ਦੀ ਮੌਤ

ਟੈਕਸਾਸ ਵਿਚ ਗੋਲੀਬਾਰੀ ਦੌਰਾਨ 7 ਲੋਕਾਂ ਦੀ ਮੌਤ

ਪੁਲੀਸ ਨੇ ਹਮਲਾਵਰ ਨੂੰ ਵੀ ਮਾਰ ਗਿਰਾਇਆ 
ਡੈਲਸ/ਬਿਊਰੋ ਨਿਊਜ਼ :
ਟੈਕਸਾਸ ਸੂਬੇ ਦੇ ਡੈਲਸ ਸ਼ਹਿਰ ਵਿਚ ਐਤਵਾਰ ਸ਼ਾਮੀ ਇਕ ਸ਼ੱਕੀ ਬੰਦੂਕਧਾਰੀ ਨੇ ਇਕ ਘਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਬਾਅਦ ਵਿਚ ਪੁਲੀਸ ਨੇ ਉਸ ਹਮਲਾਵਰ ਨੂੰ ਗੋਲੀ ਮਾਰ ਦਿੱਤੀ। ਪੁਲੀਸ ਮੁਤਾਬਕ ਗੋਲਾਬਾਰੀ ਦੀ ਇਹ ਘਟਨਾ ਡੈਲਸ ਦੇ ਉੱਤਰ ਵਿਚ ਪਲਾਨੋ ਉਪ ਨਗਰ ਵਿਚ ਵਾਪਰੀ। ਪਲਾਨੋ ਪੁਲੀਸ ਵਿਭਾਗ ਦੇ ਬੁਲਾਰੇ ਡੇਵਿਡ ਟਿੱਲੀ ਨੇ ਦੱਸਿਆ ਕਿ ਪੁਲੀਸ ਮੁਕਾਬਲੇ ਦੌਰਾਨ ਹਮਲਾਵਰ ਮਾਰਿਆ ਗਿਆ। ਕੋਈ ਵੀ ਪੁਲੀਸ ਕਰਮੀਂ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਲਾਨੋ ਦੇ ਘਰ ਵਿਚੋਂ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਗੋਲੀਆਂ ਦੇ ਸ਼ਿਕਾਰ ਹੋਏ 2 ਹੋਰ ਵਿਅਕਤੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਬਾਰੇ ਅਜੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਟਿੱਲੀ ਨੇ ਕਿਹਾ ਕਿ ਅਸੀਂ ਸਾਰੀਆਂ ਟੁੱਟੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹਮਲਾਵਰ ਅਤੇ ਪੀੜਤਾਂ ਵਿਚਕਾਰ ਸਬੰਧਾਂ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਘੋੜਸਵਾਰਾਂ ਦੀ ਪਾਰਟੀ ਦੌਰਾਨ ਵਾਪਰੀ।