ਮਾਲਵਾ ਦੀਆਂ 68 ਵਿਚੋਂ ਕਰੀਬ 40 ਸੀਟਾਂ ‘ਤੇ ਚੋਣ ਸਮੀਕਰਨ ਬਦਲੇਗਾ ਡੇਰਾ, ਪਰ ਸਿੱਖ ਸੰਗਠਨ ਨਾਰਾਜ਼

ਮਾਲਵਾ ਦੀਆਂ 68 ਵਿਚੋਂ ਕਰੀਬ 40 ਸੀਟਾਂ ‘ਤੇ ਚੋਣ ਸਮੀਕਰਨ ਬਦਲੇਗਾ ਡੇਰਾ, ਪਰ ਸਿੱਖ ਸੰਗਠਨ ਨਾਰਾਜ਼

ਬਾਦਲ ਬੋਲੇ- ਮੰਗਿਆ ਨਹੀਂ, ਡੇਰੇ ਨੇ ਖ਼ੁਦ ਸਮਰਥਨ ਦਿੱਤੈ
ਚੰਡੀਗੜ੍ਹ/ਬਿਊਰੋ ਨਿਊਜ਼ :
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਸਮਰਥਨ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵਾ ਦੀਆਂ 40 ਦੇ ਕਰੀਬ ਸੀਟਾਂ ‘ਤੇ ਲਾਭ ਹੋਵੇਗਾ। ਉਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਧਾਰਨ ਕਰਕੇ ਵਿਵਾਦਾਂ ਨੂੰ ਲੈ ਕੇ ਪੰਥਕ ਸੰਗਠਨ ਇਸ ਤੋਂ ਨਾਰਾਜ਼ ਹਨ। ਗਰਮ ਖਿਆਲੀ ਸੰਗਠਨਾਂ ਨੇ ਧਮਕੀ ਦਿੱਤੀ ਹੈ ਕਿ ਪੰਜਾਬ ਵਿਚ ਸਰਕਾਰ ਕਿਸੇ ਦੀ ਵੀ ਬਣੇ ਪਰ ਇਥੇ ਡੇਰੇ ਦਾ ਕੋਈ ਵੀ ਗੁਰਮਤਿ ਵਿਰੋਧੀ ਸਤਿਸੰਗ ਜਾਂ ਸਮਾਗਮ ਨਹੀਂ ਹੋਣ ਦਿੱਤਾ ਜਾਵੇਗਾ। ਉਧਰ ਬਾਦਲ ਨੇ ਕਿਹਾ, ਉਨ੍ਹਾਂ ਨੇ ਡੇਰੇ ਤੋਂ ਸਮਰਥਨ ਮੰਗਿਆ ਨਹੀਂ ਸੀ। ਉਨ੍ਹਾਂ ਨੇ ਖ਼ੁਦ ਹੀ ਦਿੱਤਾ ਹੈ।
ਬਾਣਾ ਧਾਰਨ ਕਰਨ ਦਾ ਮੁੱਦਾ ਪਿਛਲੇ ਸਮੇਂ ਦੌਰਾਨ ਖਾਸੇ ਵਿਵਾਦ ਦਾ ਕਾਰਨ ਰਿਹਾ ਅਤੇ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਮੁਆਫ਼ੀ ਦਿੱਤੀ ਗਈ ਸੀ ਪਰ ਪੰਥਕ ਸੰਗਠਨਾਂ ਦੇ ਵਿਰੋਧ ‘ਤੇ ਰੱਦ ਕਰ ਦਿੱਤਾ ਗਿਆ ਸੀ। ਦਲ ਖ਼ਾਲਸਾ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਬਿੱਟੂ ਨੇ ਕਿਹਾ, ‘ਅਕਾਲੀਆਂ ਨੂੰ ਪੰਥ ਵਿਰੋਧੀ ਤੱਤਾਂ ਨਾਲ ਦੋਸਤੀ ਦਾ ਸਬਕ ਜ਼ਰੂਰ ਸਿਖਾਵਾਂਗੇ। ਅਕਾਲੀਆਂ ਨੇ ਡੇਰੇ ਤੋਂ ਸਮਰਥਨ ਲੈ ਕੇ ਪੰਜ ਤਖ਼ਤਾਂ ਦੇ ਜਥੇਦਾਰਾਂ ਵਲੋਂ ਜਾਰੀ ਹੁਕਮਨਾਮੇ ਦਾ ਉਲੰਘਣ ਕੀਤਾ ਹੈ।
ਉਧਰ ਪ੍ਰਕਾਸ਼ ਸਿੰਘ ਬਾਦਲ ਨੇ ਡੇਰਾ ਸਿਰਸਾ ਵਲੋਂ ਅਕਾਲੀ-ਭਾਜਪਾ ਨੂੰ ਦਿੱਤੇ ਸਮਰਥਨ ‘ਤੇ ਕਿਹਾ, ‘ਪੰਜਾਬ ਦਾ ਭਲਾ ਚਾਹੁਣ ਵਾਲਾ ਕੋਈ ਵੀ ਅਕਾਲੀ-ਭਾਜਪਾ ਨੂੰ ਸਮਰਥਨ ਕਰ ਸਕਦਾ ਹੈ। ਉਸ ਵਿਚ ਡੇਰਾ ਸੱਚਾ ਸੌਦਾ ਵੀ ਸ਼ਾਮਲ ਹੈ। ਡੇਰੇ ਵਲੋਂ ਅਕਾਲੀ-ਭਾਜਪਾ ਨੂੰ ਦਿੱਤਾ ਗਿਆ ਫੈਸਲਾ ਉਨ੍ਹਾਂ ਦਾ ਖ਼ੁਦ ਦਾ ਹੈ। ਅਕਾਲੀ-ਭਾਜਪਾ ਨੇ ਡੇਰੇ ਤਕ ਕੋਈ ਪਹੁੰਚ ਨਹੀਂ ਕੀਤੀ ਹੈ। ਸੁਨਾਮ ਵਿਚ ਮੀਡੀਆ ਨੂੰ ਮੁਖ਼ਾਤਬ ਬਾਦਲ ਨੇ ਕਿਹਾ, ‘ਕੈਪਟਨ ਅਮਰਿੰਦਰ ਕਹਿੰਦੇ ਹਨ ਕਿ ਲਾਠੀਆਂ ਚੁੱਕ ਲਓ ਤੇ ਕੇਜਰੀਵਾਲ ਕਹਿੰਦਾ ਹੈ ਕਿ ਰੋੜੇ ਵੱਟੇ ਇਕੱਠੇ ਕਰ ਲਓ। ਸਰਕਾਰਾਂ ਹਮੇਸ਼ਾ ਲੋਕਾਂ ਨੂੰ ਸਹੀ ਰਸਤੇ ‘ਤੇ ਪਾਉਂਦੀਆਂ ਹਨ। ਜੇਕਰ ਲੋਕਾਂ ਨੇ ਗ਼ਲਤੀ ਕਰ ਦਿੱਤੀ ਤਾਂ ਪਛਤਾਉਣਾ ਪਏਗਾ। ਕਾਂਗਰਸ ਅਤੇ ‘ਆਪ’ ਦੋਹਾਂ ਦੇ ਗੜਬੜੀ ਵਿਚ ਹੱਥ ਹਨ।’
ਡੇਰਾ ਪ੍ਰੇਮੀਆਂ ਨੇ ਕਾਂਗਰਸ-‘ਆਪ’ ਦਾ ਪ੍ਰਚਾਰ ਬੰਦ ਕੀਤਾ
ਡੇਰਾ ਸਿਰਸਾ ਵਲੋਂ ਅਕਾਲੀ ਦਲ ਨੂੰ ਸਮਰਥਨ ਦੇਣ ਦੇ ਐਲਾਨ ਦੇ ਨਾਲ ਹੀ ਮਾਲਵਾ ਦੀਆਂ 68 ਵਿਚੋਂ ਕਰੀਬ 40 ਸੀਟਾਂ ‘ਤੇ ਚੋਣ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਡੇਰਾ ਤੋਂ ਕੋਈ ਨਿਰਦੇਸ਼ ਨਾ ਮਿਲਣ ਕਾਰਨ ਜ਼ਿਆਦਾ ਡੇਰਾ ਪ੍ਰੇਮੀ ਕਾਂਗਰਸ ਜਾਂ ‘ਆਪ’ ਦਾ ਹੀ ਸਮਰਥਨ ਕਰ ਰਹੇ ਸਨ। ਜਿਵੇਂ ਹੀ ਡੇਰੇ ਦੇ ਸਿਆਸੀ ਵਿੰਗ ਨੇ ਅਕਾਲੀ ਦਲ ਦੇ ਸਮਰਥਨ ਦਾ ਐਲਾਨ ਕੀਤਾ ਤਾਂ ਮਾਲਵਾ ਦੇ ਕਰੀਬ 40 ਹਲਕਿਆਂ ਵਿਚ ਕਾਂਗਰਸ ਜਾਂ ‘ਆਪ’ ਨੂੰ ਸਮਰਥਨ ਦੇ ਰਹੇ ਡੇਰਾ ਪ੍ਰੇਮੀਆਂ ਨੇ ਅਚਾਨਕ ਉਨ੍ਹਾਂ ਦਾ ਸਾਥ ਦੇਣਾ ਬੰਦ ਕਰ ਦਿੱਤਾ। ਉਨ੍ਹਾਂ ਦੇ ਪੱਖ ਵਿਚ ਕੀਤਾ ਜਾ ਰਿਹਾ ਪ੍ਰਚਾਰ ਵਿਚਾਲੇ ਹੀ ਛੱਡ ਦਿੱਤਾ। ਇਸ ਨਾਲ ਮਾਲਵਾ ਵਿਚ ਮਾਯੂਸ ਦਿਖ ਰਹੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਦੀਆਂ ਅੱਖਾਂ ਵਿਚ ਚਮਕ ਪਰਤ ਆਈ ਹੈ ਤੇ ਉਨ੍ਹਾਂ ਦੀਆਂ ਰੈਲੀਆਂ ਵਿਚ ਭੀੜ ਵਧਣੀ ਸ਼ੁਰੂ ਹੋ ਗਈ ਹੈ।
ਡੇਰੇ ਦੇ 32 ਲੱਖ ਵੋਟ ਪੰਜਾਬ ਵਿਚ
ਡੇਰੇ ਦੇ ਕੌਮੀ ਸਿਆਸੀ ਵਿੰਗ ਦੇ ਮੈਂਬਰ ਹਰਸ਼ ਇੰਸਾ ਦਾ ਕਹਿਣਾ ਹੈ, ‘ਪੰਜਾਬ ਵਿਚ ਡੇਰੇ ਦੇ ਕਰੀਬ 32 ਲੱਖ ਵੋਟਰ ਹਨ। ਹਰ ਜ਼ਿਲ੍ਹੇ ਵਿਚ ਵੱਡੀ ਸੰਖਿਆ ਵਿਚ ਸ਼ਰਧਾਲੂ ਹਨ। ਡੇਰੇ ਨੇ ਸਾਰਿਆਂ ਨੂੰ ਅਕਾਲੀ-ਭਾਜਪਾ ਦੇ ਪੱਖ ਵਿਚ ਵੋਟ ਪਾਉਣ ਲਈ ਕਿਹਾ ਹੈ।’
ਡੇਰਾ ਪ੍ਰੇਮੀਆਂ ਨੇ ਸੰਭਾਲੀ ਕਮਾਂਡ
ਮਾਲਵਾ ਦੇ ਜ਼ਿਆਦਾਤਰ ਹਲਕਿਆਂ ਵਿਚ ਡੇਰਾ ਪ੍ਰੇਮੀਆਂ ਨੇ ਅਕਾਲੀ-ਭਾਜਪਾ ਉਮੀਦਵਾਰਾਂ ਦਾ ਪ੍ਰਚਾਰ ਸੰਭਾਲ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 48 ਘੰਟਿਆਂ ਵਿਚ ਡੇਰਾ ਪ੍ਰੇਮੀ ਘਰ ਘਰ ਜਾ ਕੇ ਪ੍ਰਚਾਰ ਕਰਨਗੇ।

ਸਿੱਖ ਜਥੇਬੰਦੀਆਂ ਵੱਲੋਂ ਅਕਾਲੀ ਦਲ ਦੇ ਬਾਈਕਾਟ ਦੀ ਅਪੀਲ :
ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦਾ ਸਮਰਥਨ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਪਾਸਾ ਉਲਟਾ ਵੀ ਪੈ ਸਕਦਾ ਹੈ। ਇਸ ਸਮਰਥਨ ਤੋਂ ਬਾਅਦ ਡੇਰਾ ਵਿਰੋਧੀ ਸਿੱਖ ਵੋਟ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਦਾ ਖ਼ਦਸ਼ਾ ਵੱਧ ਗਿਆ ਹੈ। ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ ਜਦੋਂ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਮੁੱਦੇ ‘ਤੇ ਚੁੱਪ ਧਾਰੀ ਹੋਈ ਹੈ।  ਜ਼ਿਕਰਯੋਗ ਹੈ ਕਿ 17 ਮਈ 2007 ਨੂੰ ਪੰਜ ਸਿੰਘ ਸਾਹਿਬਾਨ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਇਕਬਾਲ ਸਿੰਘ, ਗਿਆਨੀ ਤਰਲੋਚਨ ਸਿੰਘ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਡੇਰਾ ਸਿਰਸਾ ਅਤੇ ਇਸ ਦੇ ਮੁਖੀ ਖ਼ਿਲਾਫ਼ ਹੁਕਮਨਾਮਾ ਜਾਰੀ ਕਰ ਕੇ ਸਿੱਖਾਂ ਨੂੰ ਉਸ ਨਾਲ ਕੋਈ ਸਬੰਧ ਨਾ ਰੱਖਣ ਲਈ ਕਿਹਾ ਸੀ।
ਸਰਨਾ ਨੇ ਅਕਾਲ ਤਖ਼ਤ ਨੂੰ ਲਿਖਿਆ ਪੱਤਰ :
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਡੇਰੇ ਦੀ ਹਮਾਇਤ ਦਾ ਵਿਰੋਧ ਨਹੀਂ ਕੀਤਾ ਹੈ, ਜੋ ਸਿੱਧੇ ਤੌਰ ‘ਤੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਆਖਿਆ ਕਿ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ ਹੇਠ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਣ ਦੇ ਆਦੇਸ਼ ਜਾਰੀ ਕੀਤੇ ਜਾਣ। ਸਾਬਕਾ ਜਥੇਦਾਰ ਅਤੇ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਡੇਰਾ ਸਿਰਸਾ ਦੀ ਸਾਂਝ ਭਿਆਲੀ ਜੱਗ ਜ਼ਾਹਰ ਹੋ ਗਈ ਹੈ।
ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਵਲੋਂ ਵਿਰੋਧ :
ਅਮਰੀਕਾ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ, ਕੋਸਟ (ਯੂਐਸਏ) ਨੇ ਹੰਗਾਮੀ ਮੀਟਿੰਗ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਡੇਰਾ ਦਲ ਦਾ ਨਾਂ ਦਿੱਤਾ ਹੈ। ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਵੱਲੋਂ ਜਾਰੀ ਬਿਆਨ ਵਿੱਚ ਦੋਸ਼ ਲਾਇਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪ੍ਰੰਪਰਾਵਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੁਦ ਹੀ ਕਰਾਈਆਂ ਗਈਆਂ ਹਨ।
ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ ਅਤੇ ਹੋਰਨਾਂ ਨੇ ਆਖਿਆ ਕਿ ਪੰਥ ਵਿਰੋਧੀਆਂ ਦਾ ਸਮਰਥਨ ਲੈਣ ਅਤੇ ਧਰਮ ਦੇ ਮਾਰਗ ਤੋਂ ਭਟਕਣ ਵਾਲਿਆਂ ਨੂੰ ਸਿੱਖ ਕੌਮ ਸਬਕ ਜ਼ਰੂਰ ਸਿਖਾਵੇਗੀ। ਉਨ੍ਹਾਂ ਆਖਿਆ ਕਿ ਬੀਤੇ ਵਰ੍ਹੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣਾ ਵੀ ਇਸੇ ਕੜੀ ਦਾ ਹਿੱਸਾ ਸੀ।
ਅਕਾਲ ਪੁਰਖ ਕੀ ਫੌਜ, ਸ਼ਹੀਦ ਭਾਈ ਮਨੀ ਸਿੰਘ ਟਕਸਾਲ, ਪੰਥਕ ਤਾਲਮੇਲ ਸੰਗਠਨ, ਅਕਾਲ ਗਤਕਾ ਅਖਾੜਾ, ਗੁਰੂ ਮਾਨਿਉ ਗ੍ਰੰਥ ਸੇਵਕ ਜਥਾ, ਸ੍ਰੀ ਗੁਰੂ ਰਾਮਦਾਸ ਸੇਵਕ ਸਭਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ ਦੇ ਆਗੂਆਂ ਵੱਲੋਂ ਕੀਤੇ ਗਏ ਸਾਂਝੇ ਪੱਤਰਕਾਰ ਸੰਮੇਲਨ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪੂਰਨ ਬਾਈਕਾਟ ਦਾ ਸੱਦਾ ਦਿੱਤਾ।
ਸ਼੍ਰੋਮਣੀ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਨੇ ਅੱਜ ਮੀਟਿੰਗ ਕਰ ਕੇ ਆਖਿਆ ਕਿ ਡੇਰਾ ਮੁਖੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਸਿਆਸੀ ਲੈਣ-ਦੇਣ 2015 ਵਿੱਚ ਹੀ ਹੋ ਗਿਆ ਸੀ। ਉਨ੍ਹਾਂ ਅਕਾਲ ਤਖ਼ਤ ਦੀ ਸਰਵਉੱਚਤਾ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਮੀਰ ਦੀ ਆਵਾਜ਼ ‘ਤੇ ਵਧੀਆ ਕਿਰਦਾਰ ਅਤੇ ਪੰਥਕ ਸੋਚ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਲਈ ਕਿਹਾ।

ਪੈਰੋਕਾਰ ਵੀ ਡੇਰੇ ਦੇ ਸਿਆਸੀ ਪੈਂਤੜੇ ਤੋਂ ਨਾਰਾਜ਼

ਲੰਬੀ/ਬਿਊਰੋ ਨਿਊਜ਼ :
ਮਾਲਵੇ ਖਿੱਤੇ ਦੇ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚਾਲੇ ਤਿਕੋਣੇ ਮੁਕਾਬਲੇ ਬਣੇ ਹੋਏ ਹਨ। ਇਸੇ ਦੌਰਾਨ ਡੇਰਾ ਸਿਰਸਾ ਵੱਲੋਂ ਅਕਾਲੀ-ਭਾਜਪਾ ਗਠਜੋੜ ਨੂੰ ਹਮਾਇਤ ਦੇਣ ਦਾ ਫ਼ੈਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸਿਆਸੀ ਮਾਹਰ ਇਸ ਗੱਲ ਦੇ ਕਿਆਫ਼ੇ ਲਗਾ ਰਹੇ ਹਨ ਕਿ ਕੀ ਡੇਰੇ ਦੀ ਹਮਾਇਤ ਗਠਜੋੜ ਦੇ ਉਮੀਦਵਾਰਾਂ ਦੀ ਡੁੱਬਦੀ ਬੇੜੀ ਨੂੰ ਬੰਨੇ ਲਾਉਣ ਵਿੱਚ ਕਾਰਗਰ ਸਾਬਤ ਹੋਵੇਗੀ ਜਾਂ ਨਹੀਂ। ਹਮਾਇਤ ਦੇ ਮੁੱਦੇ ਸਬੰਧੀ ਡੇਰੇ ਦੇ ਪੈਰੋਕਾਰ ਵੀ ਇੱਕਮਤ ਨਹੀਂ ਹਨ। ਇੱਕ ਬਲਾਕ ਦਾ ‘ਭੰਗੀਦਾਸ’ ਕਾਂਗਰਸੀ ਉਮੀਦਵਾਰ ਦਾ ਸਮਰਥਕ ਹੈ ਤੇ ਉਹ ਡੇਰੇ ਦੇ ਫ਼ੈਸਲੇ ਤੋਂ ਬਾਅਦ ਵੀ ਕਾਂਗਰਸ ਲਈ ਡਟਿਆ ਹੋਇਆ ਹੈ। ਇਸੇ ਤਰ੍ਹਾਂ ਜਿਹੜੇ ਪੈਰੋਕਾਰ ਕਾਂਗਰਸ ਅਤੇ ‘ਆਪ’ ਦੇ ਹੱਕ ਵਿੱਚ ਸ਼ਰੇਆਮ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਵੱਲੋਂ ਡੇਰੇ ਦਾ ਹੁਕਮ ਵਜਾਉਣ ਦੀ ਸੰਭਾਵਨਾ ਮੱਧਮ ਹੈ।
ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਕੁਝ ਹਲਕਿਆਂ ਵਿੱਚ ਗਠਜੋੜ ਉਮੀਦਵਾਰਾਂ ਨੂੰ ਫਾਇਦਾ ਹੋ ਸਕਦਾ ਹੈ, ਜਿੱਥੇ ਫੈਸਲੇ ਸੈਂਕੜਿਆਂ ਦੇ ਫ਼ਰਕ ਨਾਲ ਹੋਣੇ ਹਨ। ਜਿਨ੍ਹਾਂ ਹਲਕਿਆਂ ਵਿੱਚ ਗਠਜੋੜ ਦੇ ਉਮੀਦਵਾਰ ਕਾਫ਼ੀ ਪਿੱਛੇ ਹਨ, ਉਥੇ ਡੇਰੇ ਦੀ ਮਦਦ ਫਾਇਦੇਮੰਦੀ ਨਹੀਂ ਜਾਪਦੀ। ਇਸ ਚੋਣ ਤੋਂ ਬਾਅਦ ਡੇਰੇ ਦੀ ਆਪਣੇ ਪੈਰੋਕਾਰਾਂ ਵਿੱਚ ਭਰੋਸੇਯੋਗਤਾ ਘਟਣ ਦੇ ਆਸਾਰ ਹਨ। ਦੂਜੇ ਪਾਸੇ ਇਸ ਮਦਦ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਔਖੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਸ੍ਰੀ ਅਕਾਲ ਤਖ਼ਤ ਨੇ ਡੇਰੇ ਖਿਲਾਫ਼ ਹੁਕਮਨਾਮਾ ਅਜੇ ਤੱਕ ਵਾਪਸ ਨਹੀਂ ਲਿਆ