ਆਖਰੀ ਪੜਾਅ ਤਹਿਤ ਉਤਰ ਪ੍ਰਦੇਸ਼ ‘ਚ 60 ਫੀਸਦੀ ਤੇ ਮਨੀਪੁਰ ਵਿਚ 86 ਫੀਸਦੀ ਵੋਟਿੰਗ

ਆਖਰੀ ਪੜਾਅ ਤਹਿਤ ਉਤਰ ਪ੍ਰਦੇਸ਼ ‘ਚ 60 ਫੀਸਦੀ ਤੇ ਮਨੀਪੁਰ ਵਿਚ 86 ਫੀਸਦੀ ਵੋਟਿੰਗ

ਲਖਨਊ/ਇੰਫਾਲ/ਬਿਊਰੋ ਨਿਊਜ਼ :
ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ 7ਵੇਂ ਪੜਾਅ ਤਹਿਤ 7 ਜ਼ਿਲ੍ਹਿਆਂ ਦੀਆਂ 40 ਸੀਟਾਂ ‘ਤੇ ਪਈਆਂ ਵੋਟਾਂ ਦੌਰਾਨ 60.03 ਫੀਸਦੀ ਪਿਲੰਗ ਹੋਈ, ਜਦਕਿ ਮਨੀਪੁਰ ਵਿਚ ਦੂਜੇ ਅਤੇ ਆਖਰੀ ਪੜਾਅ ਤਹਿਤ 22 ਸੀਟਾਂ ‘ਤੇ ਹੋਈਆਂ ਵੋਟਾਂ ਵਿਚ 86 ਫੀਸਦੀ ਵੋਟਾਂ ਪਈਆਂ। ਪੰਜਾਬ, ਯੂ ਪੀ, ਉਤਰਾਖੰਡ, ਗੋਆ ਅਤੇ ਮਣੀਪੁਰ ਵਿਚ ਪਈਆਂ ਵੋਟਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ।
ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਟੀ. ਵੈਂਕਟੇਸ਼ ਅਨੁਸਾਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਵਿਚ 60.03 ਫੀਸਦੀ ਪਿਲੰਗ ਹੋਈ। ਪਿਛਲੀ ਵਾਰ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਸੀਟਾਂ ‘ਤੇ 57.92 ਫੀਸਦੀ ਵੋਟਿੰਗ ਹੋਈ ਸੀ। 11 ਫਰਵਰੀ ਨੂੰ ਸ਼ੁਰੂ ਹੋਈਆਂ ਅਤੇ 7 ਪੜਾਵਾਂ ਵਿਚ ਪਈਆਂ ਵੋਟਾਂ ਦੀ ਕੁਲ ਫੀਸਦ 60-61 ਫੀਸਦੀ ਦੇ ਨੇੜੇ ਤੇੜੇ ਹੈ। ਪਹਿਲੇ ਪੜਾਅ ਵਿਚ 64.22 ਫੀਸਦੀ, ਦੂਜੇ ਵਿਚ 65.16, ਤੀਜੇ ਵਿਚ 61.16, ਚੌਥੇ ਵਿਚ  60.37, ਪੰਜਵੇਂ ਵਿਚ 57.37 ਅਤੇ ਛੇਵੇਂ ਪੜਾਅ ਵਿਚ 57.03 ਫੀਸਦੀ ਪਿਲੰਗ ਹੋਈ ਸੀ। ਵੋਟਾਂ ਪੂਰੀ ਤਰਾਂ ਸ਼ਾਂਤੀਪੂਰਨ ਰਹੀਆਂ ਤੇ ਨਕਸਲ ਪ੍ਰਭਾਵਤ 3 ਹਲਕਿਆਂ ਸੋਨਭਦਰਾ, ਮਿਰਜ਼ਾਪੁਰ ਅਤੇ ਚੰਦੌਲੀ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਸਾਰਿਆਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ‘ਤੇ ਸਨ, ਜਿਥੇ 60.95 ਫੀਸਦੀ ਵੋਟਾਂ ਪਈਆਂ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਿਲੰਗ ਸ਼ੁਰੂ ਹੋਈ। ਨਕਸਲ ਪ੍ਰਭਾਵਤ ਇਲਾਕਿਆਂ ਵਿਚ ਵੋਟਾਂ ਸ਼ਾਮ 4:00 ਵਜੇ ਸਮਾਪਤ ਹੋ ਗਈਆਂ ਜਦਕਿ ਬਾਕੀ ਸਾਰੇ ਹਲਕਿਆਂ ਵਿਚ 5:00 ਵਜੇ ਤੱਕ ਵੋਟਾਂ ਪਈਆਂ। ਜੌਨਪੁਰ ਵਿਚ ਜਫਰਾਬਾਦ ਸੀਟ ਤੋਂ ਭਾਜਪਾ ਉਮੀਦਵਾਰ ਹਰੇਂਦਰ ਪ੍ਰਤਾਪ ਸਿੰਘ ਅਤੇ ਚਾਰ ਹੋਰਾਂ ਨੂੰ ਦੋ ਵਾਹਨਾਂ ਵਿਚ ਵੋਟਰਾਂ ਨੂੰ ਪਿਲੰਗ ਬੂਥਾਂ ਤੱਕ ਲਿਆਉਣ ਲਈ ਗ੍ਰਿਫ਼ਤਾਰ ਕਰ ਲਿਆ ਗਿਆ। ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਮਨੀਪੁਰ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਦਾ ਮਤਦਾਨ ਪੰਜ ਵਜੇ ਸ਼ਾਂਤੀਪੂਰਨ ਢੰਗ ਨਾਲ ਖਤਮ ਹੋ ਗਿਆ। ਇਸ ਪੜਾਅ ਵਿਚ ਰਿਕਾਰਡ ਪਿਲੰਗ ਹੋਈ। 22 ਸੀਟਾਂ ‘ਤੇ ਪਈਆਂ ਵੋਟਾਂ ਵਿਚ ਸ਼ਾਮ 5 ਵਜੇ ਤੱਕ 86 ਫੀਸਦੀ ਮਤਦਾਨ ਹੋਇਆ। ਪਿਛਲੀ ਵਾਰ ਨਾਲੋਂ ਇਸ ਵਾਰ ਵੋਟਿੰਗ ਵਿਚ 1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਨੇ ਵੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਚੋਣਾਂ ਸ਼ਾਂਤੀਪੂਰਨ ਰਹੀਆਂ।