ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ 6 ਜੂਨ ਨੂੰ ਵਿਸ਼ਵ ਦਾ ਕਾਲਾ ਦਿਨ ਐਲਾਨਿਆ

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ 6 ਜੂਨ ਨੂੰ ਵਿਸ਼ਵ ਦਾ ਕਾਲਾ ਦਿਨ ਐਲਾਨਿਆ

ਸਿੱਖ ਕੌਮ ਬੇਗਮ ਪੁਰਾ ਵਸਾਉਣ ਦੇ ਸੰਕਲਪ ਤੇ ਅਮਲ ਕਰੇ: ਹਿੰਮਤ ਸਿੰਘ
ਨਿਊਯਾਰਕ/ਹੁਸਨ ਲੜੋਆ ਬੰਗਾ:
ਅਮਰੀਕਾ ਦੇ 140 ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ ਐਸ ਏ) ਨੇ 6 ਜੂਨ ਮੰਗਲਵਾਰ ਨੂੰ ਦੁਨੀਆਂ ਦਾ ਕਾਲਾ ਦਿਨ ਕਰਾਰ ਦਿੰਦਿਆਂ ਕਿਹਾ ਕਿ ਅੱਜ ਦਿਨ ਹੈ ਜਿਸ ਦਿਨ ਭਾਰਤ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਫੌਜੀ ਹਮਲਾ ਕਰਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ, ਪਰ ਅਫਸੋਸ ਹੈ ਕਿ ਅਜੋਕਾ ਜ਼ਿਆਦਾਤਰ ਸਿੱਖ ਵਰਗ ਨਿੱਜੀ ਗਰਜ਼ਾਂ ਦੀਆਂ ਜ਼ੰਜੀਰਾਂ ਵਿਚ ਜਕੜਿਆ ਸਾਰਾ ਕੁਝ ਭੁਲੀ ਜਾ ਰਿਹਾ ਹੈ। ਜਦ ਕਿ ਚਾਹੀਦਾ ਇਹ ਸੀ ਕਿ ਸਿੱਖ ਆਪਣੇ ਆਪ ਨੂੰ ਆਜ਼ਾਦ ਕਰਾਉਣ ਲਈ ਆਪਣਾ ਸੰਘਰਸ਼ ਹੋਰ ਪ੍ਰਚੰਡ ਕਰਦਾ ਤੇ ਬੇਗਮ ਪੁਰਾ ਵਸਾਉਣ ਦੇ ਸੰਕਲਪ ਤੇ ਅਮਲ ਕਰਦਾ। ਅੱਜ ਦੇ ਦਿਨ ਸ੍ਰੀ ਅਕਾਲ ਤਖਤ ਦੇ ਢਹਿ ਢੇਰੀ ਕੀਤੇ ਜਾਣ ਸਬੰਧੀ ਸਿੱਖ ਕੌਮ ਨੂੰ ਯਾਦ ਕਰਾਉਂਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡਨੇਟਰ ਹਿੰਮਤ ਸਿੰਘ ਨੇ ਕਿਹਾ  ਕਿ ਅੱਜ ਵੀ ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਅਤੇ ਸਿੱਖ ਧਰਮ ਵਿਰੁੱਧ ਨਫ਼ਰਤ ਫੈਲਾਉਣ ਦੀਆਂ ਕਾਰਵਾਈਆਂ ਨਿਰੰਤਰ ਲੰਮੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਹਨ। ਇਹੋ ਵਜ੍ਹਾ ਹੈ ਕਿ ਸਿੱਖ ਕੌਮ ਆਪਣੀ ਅਣਖ ਅਤੇ ਗ਼ੈਰਤ ਨੂੰ ਕਾਇਮ ਰੱਖਣ ਹਿਤ ਬੀਤੇ ਸਮੇਂ ਤੋਂ ਆਪਣਾ ਆਜ਼ਾਦ ਪ੍ਰਭੂਸੱਤਾ ਸਿੱਖ ਰਾਜ ਜਮਹੂਰੀਅਤ ਅਤੇ ਅਮਨਮਈ ਤਰੀਕੇ ਨਾਲ ਪ੍ਰਾਪਤ ਕਰਨ ਲਈ ਕੌਮਾਂਤਰੀ ਪੱਧਰ ਤੇ ਯਤਨਸ਼ੀਲ ਹੈ। ਇਸ ਮੌਕੇ ਹੋਈ ਭਰਵੀਂ ਮੀਟਿੰਗ ਦੌਰਾਨ ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਿੱਤੇ ਬੇਗਮ ਪੁਰਾ ਦੇ ਸੰਦੇਸ਼ ਨੂੰ ਪਰਪੱਕਤਾ ਨਾਲ ਅਮਲ ਵਿਚ ਲਿਆਉਣ ਲਈ ਸਿੱਖਾਂ ਨੂੰ ਆਜ਼ਾਦ ਹੋ ਕੇ ਸੋਚਣਾ ਪਵੇਗਾ, ਕਿਉਂਕਿ ਸਿੱਖਾਂ ਦੀ ਆਜ਼ਾਦ ਹਸਤੀ ਹੀ ਆਪਣੇ ਬੇਗਮ ਪੁਰਾ ਦੇ ਸੰਕਲਪ ਨੂੰ ਪੂਰਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਮਨ ਚਾਹੁੰਦੇ ਹਾਂ, ਇਹ ਵੀ ਨਾਲ ਚਾਹੁੰਦੇ ਹਾਂ ਕਿ ਸਾਨੂੰ ਅਮਨ ਨਾਲ ਰਹਿਣ ਦਿੱਤਾ ਜਾਵ. ਪਰ ਪਿਛਲੇ ਸਮੇਂ ਤੋਂ ਭਾਰਤ ਵਿਚ ਸਿੱਖਾਂ ਵਿਰੁੱਧ ਵਾਪਰੀਆਂ ਘਟਨਾਵਾਂ ਨੇ ਇਹ ਸਪਸ਼ਟ ਕੀਤਾ ਹੈ ਕਿ ਹਿੰਦੂਤਵ ਹਕੂਮਤਾਂ ਸਿੱਖਾਂ ਨੂੰ ਆਪਣੀ ਗੁਲਾਮੀ ਹੇਠਾਂ ਰੱਖਣਾ ਚਾਹੁੰਦੀਆਂ ਹਨ. ਸਿੱਖਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਅੰਦਰ ਹੀ ਹੋਈਆਂ, ਇੱਥੇ ਭਾਵੇਂ ਅਕਾਲੀ ਦਲ (ਬਾਦਲ) ਦਾ ਰਾਜ ਰਿਹਾ ਭਾਵੇਂ ਹੁਣ ਕਾਂਗਰਸ ਦੇ ਅਮਰਿੰਦਰ ਸਿੰਘ ਦਾ ਰਾਜ ਹੈ, ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਕੋਈ ਵੀ ਗੰਭੀਰ ਨਹੀਂ ਹੈ। ਬੁਲਾਰਿਆਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਅਮਰਿੰਦਰ ਸਿੰਘ ਨੇ ਤਾਂ ਗੁਟਕਾ ਸਾਹਿਬ ਦੀ ਸੌਹ ਖਾ ਕੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਉਲਟਾ ਬੁੱਚੜ ਪੁਲਸੀਏ ਕੇ ਪੀ ਐਸ ਗਿੱਲ ਵਰਗੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰਨ ਵਾਲੇ ਨਾਲ ਦੋਸਤੀਆਂ ਜ਼ਾਹਿਰ ਕਰਨੀਆਂ ਇਹ ਸਪਸ਼ਟ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੂਨ ਚੁਰਾਸੀ ਮੌਕੇ ਦਿੱਤਾ ਅਸਤੀਫ਼ਾ ਵੀ ਢੌਂਗ ਹੀ ਸੀ।
ਜੂਨ 84 ਘੱਲੂਘਾਰੇ ਵਰ੍ਹਗੰਢ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ 40 ਸਿੰਘਾਂ ਨੇ ਭਾਰਤੀ ਫੌਜ ਨੂੰ ਧੂੜਾਂ ਚਟਾ ਦਿੱਤੀਆਂ ਸਨ ਜਿਸ ਦਾ ਰਹਿੰਦੀ ਦੁਨੀਆਂ ਤੱਕ ਸਿੱਖ ਕੌਮ ਨੂੰ ਅਹਿਸਾਸ ਰਹੇਗਾ ਤੇ ਮਹਾਨ ਸ਼ਹੀਦ ਦੀ ਕੁਰਬਾਨੀ ਯਾਦ ਰੱਖੀ ਜਾਵੇਗੀ। ਕੋਆਰਡੀਨੇਸ਼ਨ ਕਮੇਟੀ ਨੇ ਕਿਹਾ ਕਿ ਸਿੱਖਾਂ ਨੂੰ ਆਪਣਾ ਵੱਖਰਾ ਰਾਜ ਸਥਾਪਤ ਕਰਨ ਲਈ ਦਿੱਤੇ ਸੱਦੇ ਤੇ ਪਹਿਰਾ ਦੇਣਾ ਚਾਹੀਦਾ ਹੈ. ਉਨ੍ਹਾਂ ਕਿਹਾ ਕਿ ਸਿੱਖ ਰਾਜ ਦੇ ਸੰਕਲਪ ਨੂੰ ਪੂਰਾ ਕਰਨ ਲਈ ਪੂਰੀ ਸਿੱਖ ਕੌਮ ਇਕ ਮੁੱਠ ਹੋਵੇ। ਇਸ ਵੇਲੇ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਸਾਰੇ ਵਿਸ਼ਵ ਨੂੰ ਆਪਣਾ ਸਿੱਖ ਰਾਜ ਸਥਾਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।