ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 549 ਨੂੰ ਜੀ ਆਇਆਂ ਕਹਿਣ ਵਾਸਤੇ ਵਿਸ਼ੇਸ਼ ਸਮਾਗਮ

ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 549 ਨੂੰ ਜੀ ਆਇਆਂ ਕਹਿਣ ਵਾਸਤੇ ਵਿਸ਼ੇਸ਼ ਸਮਾਗਮ

ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਦਰਸਾਉਂਦਾ ਹੈ-ਪਾਲ ਸਿੰਘ ਪੁਰੇਵਾਲ
ਸ਼ਿਕਾਗੋ/ਮੱਖਣ ਸਿੰਘ ਕਲੇਰ:
ਇਥੋਂ ਦੇ ਪੈਲਾਟਾਈਨ ਗੁਰਦੁਆਰਾ ਸਾਹਿਬ ਵਿਖੇ ਨਾਨਕਸ਼ਾਹੀ ਨਵਾਂ ਵਰ੍ਹਾ ਸੰਮਤ 549 ਨੂੰ ਜੀ ਆਇਆ ਕਹਿਣ ਵਾਸਤੇ ਵਿਸ਼ੇਸ਼ ਸਮਾਗਮ ਰੱਖੇ ਗਏ ਸਨ। ਇਨ੍ਹਾਂ ਸਮਾਗਮਾਂ ਵਿਚ ਭਾਗ ਲੈਣ ਵਾਸਤੇ ਨਾਨਕਸ਼ਾਹੀ ਕੈਲੰਡਰ ਦੇ ਰਚਨਹਾਰੇ ਪਾਲ ਸਿੰਘ ਪੁਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਸ਼ਿਕਾਗੋ ਦੀਆਂ ਸੰਗਤਾਂ ਵੱਲੋਂ ਰੱਖੇ ਗਏ ਵੱਖ ਵੱਖ ਸਮਾਗਮਾਂ ਵਿਚ ਭਾਗ ਲਿਆ। ਇਨ੍ਹਾਂ ਸਮਾਗਮਾਂ ਵਿਚ ਇਕੱਤਰ ਹੋਈਆਂ ਸੰਗਤਾਂ ਨੂੰ ਨਾਨਕਸ਼ਾਹੀ ਕੰਲੈਡਰ ਬਾਰੇ ਭਰਭੂਰ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦਸਿਆ ਸਿੱਖਾਂ ਨੂੰ ਆਪਣੇ ਵੱਖਰੇ ਕੰਲੈਡਰ ਦੀ ਜ਼ਰੂਰਤ ਕਿਉਂ ਹੈ।
ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਜੇ ਦਿਵਾਨ ਵਿਚ ਸੰਗਤਾਂ ਦੇ ਨਾਲ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਪ੍ਰਤੀ ਜਾਣਕਾਰੀ ਦੇਣ ਲਈ ਆਪਣੇ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਦਸਿਆ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਦਰਸਾਉਂਦਾ ਹੈ ਅਤੇ ਉਸ ਤੇ ਵਖਰੇਪਣ ਦੀ ਮੋਹਰ ਲਗਾਉਂਦਾ ਹੈ। ਇਸੇ ਕਰਕੇ ਹੀ ਭਾਰਤੀ ਏਜੰਸੀਆਂ ਅਤੇ ਹਿੰਦੂਤਵੀਆਂ ਨਾਲ ਸਬੰਧ ਰੱਖਣ ਵਾਲੇ ਸਿੱਖ ਡੇਰੇਦਾਰ ਅਤੇ ਹਿੰਦੂਡਮ ਦੀ ਅਧੀਨਗੀ ਕਬੂਲੀ ਬੈਠੇ ਕੁਝ ਸਿਆਸੀ ਧੜੇ ਵੀ ਇਸ ਨਿਆਰੇਪਣ ਦੀ ਗਲ ਕਰਨ ਵਾਲੇ ਕੈਲੰਡਰ ਤੋਂ ਮੁੱਖ ਮੋੜੀ ਬੈਠੇ ਹਨ। ਪਰ ਇਸਦੇ ਉਲਟ ਬਾਹਰਲੇ ਦੇਸ਼ਾਂ ਵਿਚ ਬਹੁਤਾਂਤ ਵਿਚ ਅਤੇ ਪਾਕਿਸਤਾਨ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਆਪਣੇ ਦਿਹਾੜੇ ਮਨਾਉਂਦੇ ਹਨ।
ਉਨ੍ਹਾਂ ਦਸਿਆ ਕਿ ਇਹ ਕੈਲੰਡਰ 14 ਅਪ੍ਰੈਲ 2003 ਵਿਚ ਇਹ ਕੈਲੰਡਰ ਭਾਰਤ ਸਮੇਤ ਦੁਨੀਆਂ ਭਰ ਵਿਚ ਲਾਗੂ ਕੀਤਾ ਗਿਆ ਸੀ। ਇਸ ਕੈਲੰਡਰ ਮੁਤਾਬਕ 7 ਸਾਲ ਲਗਾਤਾਰ ਦਿਹਾੜੇ ਮਨਾਏ ਜਾਂਦੇ ਰਹੇ। ਪਰ ਕੁਝ ਡੇਰੇਦਾਰ ਕੁਝ ਇਸ ਕੈਲੰਡਰ ਤੋਂ ਅਣਜਾਣ ਲੋਕ ਨਾ ਸਮਝੀ ਕਾਰਨ ਤੇ ਕੁਝ ਏਜੰਸੀਆਂ ਦੇ ਹੁਕਮਾਂ ਅਨੁਸਾਰ ਚਲਣ ਵਾਲਿਆਂ ਨੇ ਅਖੀਰ ਇਸ ਕੈਲੰਡਰ ਨੂੰ ਬੰਦ ਕਰਵਾ ਦਿੱਤਾ ਤੇ ਮੁੜ ਬਿਕਰਮੀ ਕੈਲੰਡਰ ਲਾਗੂ ਕਰਵਾ ਦਿੱਤਾ। ਪਰ ਇੱਕਲੇ ਭਾਰਤ ਵਿਚ ਹੀ ਬਿਕਰਮੀ ਕੈਲੰਡਰ ਮੁਤਾਬਿਕ ਦਿਹਾੜੇ ਮਨਾਏ ਜਾਂਦੇ। ਪਾਕਿਸਤਾਨ ਵਿਚ ਅਤੇ ਬਾਹਰਲੇ ਦੇਸ਼ਾਂ ਵਿਚ ਕੁਝ ਕੁ ਨੂੰ ਛੱਡ ਕੇ ਬਾਕੀ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਦਿਹਾੜੇ ਮਨਾਉਂਦੀਆਂ ਹਨ। ਪਾਲ ਸਿੰਘ ਪੁਰੇਵਾਲ ਨੇ ਉਹ ਸਾਰੇ ਸਬੂਤ ਸੰਗਤਾਂ ਨੂੰ ਸਟੇਜ ਤੋਂ ਦਿਖਾਏ। ਜਿਨ੍ਹਾਂ ਵਿਚ ਉਨ੍ਹਾਂ ਦੀ ਤਖਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਮੈਂਬਰਾਂ ਸਕੱਤਰਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਇਸ ਤੋਂ ਇਲਾਵਾ ਬੁੱਧੀਜੀਵੀ ਵਰਗ ਦੇ ਲੋਕਾਂ ਨਾਲ ਵੀ ਉਨ੍ਹਾਂ ਦੀ ਇਸ ਕੈਲੰਡਰ ਪ੍ਰਤੀ ਚਰਚਾਵਾਂ ਹੁੰਦੀਆਂ ਰਹੀਆਂ। ਉਨ੍ਹਾਂ ਇਹ ਵੀ ਦਸਿਆ ਕਿ ਬਿਕਰਮੀ ਕੈਲੰਡਰ ਮੁਤਾਬਕ ਗੁਰੂ ਸਾਹਿਬਾਂ ਦੇ ਦਿਹਾੜੇ ਕਈ ਵਾਰ ਇਕ ਸਾਲ ਵਿਚ ਦੋ ਦੋ ਵਾਰ ਆ ਰਹੇ ਹਨ ਤੇ ਕਿਸੇ ਕਿਸੇ ਵਿਚ ਆ ਹੀ ਨਹੀਂ ਰਹੇ। ਹੋਰ ਕੋਈ ਦਿਹਾੜਿਆਂ ਦੇ ਰੋਲੇ ਘੁਚੋਲੇ ਹਨ। ਸੰਗਰਾਦਾਂ ਵੀ ਵੱਧ ਘੱਟ ਹੋ ਰਹੀਆਂ ਹਨ। ਉਨ੍ਹਾਂ ਵਿਸਥਾਰ ਦੇ ਨਾਲ ਹਰ ਪਹਿਲੂ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਜੇ ਸਿੱਖ ਕੌਮ ਨੇ ਆਪਣੇ ਵੱਖਰੇਪਣ, ਵੱਖਰੀ ਹੋਂਦ ਤੇ ਨਿਆਰੇਪਣ ਨੂੰ ਜਿਉਂਦਾ ਰੱਖਣਾ ਹੈ ਤਾਂ ਸਾਨੂੰ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਉਣਾ ਪਵੇਗਾ। ਉਨ੍ਹਾਂ ਇਕ ਵਿਸ਼ੇਸ਼ ਗੱਲ ਕਹੀ ਕਿ ਜੋ ਲੋਕ ਬਿਕਰਮੀ ਕੈਲੰਡਰ ਦੇ ਬਾਰੇ ਵਿਚ ਇਹ ਕਹਿੰਦੇ ਹਨ ਕਿ ਹਿੰਦੂ ਤੇ ਸਿੱਖਾਂ ਦੇ ਸਾਂਝ ਦੀ ਗੱਲ ਕਰਦਾ ਹੈ। ਉਸ ਕੈਲੰਡਰ ਤੇ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਇਹ ਹਿੰਦੂ ਤੇ ਸਿੱਖਾਂ ਦਾ ਸਾਂਝਾ ਕੈਲੰਡਰ ਹੈ। ਉਸ ਤੇ ਇਕਲੇ ਹਿੰਦੂ ਦੀ ਹੀ ਗੱਲ ਕੀਤੀ ਗਈ ਹੈ ਸੋ ਇਹ ਸਭ ਦੇਖਣ ਦੀ ਲੋੜ ਹੈ। ਪਾਲ ਸਿੰਘ ਪੁਰੇਵਾਲ ਭਾਵੇਂ ਕਿ ਉਮਰ ਮੁਤਾਬਕ ਕਾਫ਼ੀ ਬਜ਼ੁਰਗ ਹੋ ਚੁੱਕੇ ਹਨ। ਪਰ ਉਨ੍ਹਾਂ ‘ਚ ਸਿੱਖੀ ਪ੍ਰਤੀ ਜ਼ਜ਼ਬਾ ਠਾਠਾ ਮਾਰਦਾ ਹੈ। ਪੈਲਾਟਾਈਨ ਗੁਰੂਘਰ ਦੀਆਂ ਪ੍ਰਬੰਧਕ ਕਮੇਟੀਆਂ ਇਸ ਗੱਲ ਲਈ ਵਧਾਈ ਦੀ ਪਾਤਰ ਹਨ ਕਿਉਂਕਿ ਜਦੋਂ ਤੋਂ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਆਇਆ ਹੈ। ਉਦੋਂ ਤੋਂ ਹੀ ਇਥੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਦਿਹਾੜੇ ਮਨਾਏ ਜਾਂਦੇ ਹਨ। ਇਹ ਵੀ ਦੱਸਣਾ ਜ਼ਰੂਰੀ ਹੈ ਇਹ ਨਾਨਕਸ਼ਾਹੀ ਕੈਲੰਡਰ ਇਸੇ ਗੁਰੂਘਰ ਵਿਚੋਂ ਜਾਰੀ ਕੀਤਾ ਗਿਆ ਸੀ।
ਪੈਲਾਟਾਈਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਲ ਸਿੰਘ ਪੁਰੇਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਆਪਣੇ ਹੋਰ ਬਣੇ ਹੋਏ ਪ੍ਰੋਗਰਾਮਾਂ ਨੂੰ ਛੱਡ ਕੇ ਇਥੇ ਆਉਣਾ ਕੀਤਾ। ਗੁਰੂਘਰ ਦੀ ਮਰਿਯਾਦਾ ਅਨੁਸਾਰ ਪਾਲ ਸਿੰਘ ਪੁਰੇਵਾਲ ਨੂੰ ਸਿਰੋਪਾ ਦਿੱਤਾ ਗਿਆ ਅਤੇ ਇਕ ਵਿਸ਼ੇਸ਼ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਸੋਮਵਾਰ ਸ਼ਾਮ ਦੇ ਦੀਵਾਨਾਂ ਵਿਚ ਵਿਸ਼ੇਸ਼ ਤੌਰ ਤੇ ਪਾਲ ਸਿੰਘ ਹੁਰਾਂ ਹਾਜ਼ਰੀ ਭਰੀ।
ਉਨ੍ਹਾਂ ਦੀ ਇਸ ਵਿਸ਼ੇਸ਼ ਆਮਦ ਵਿਚ ਸ਼ਿਕਾਗੋ ਨਿਵਾਸੀਆਂ ਵਲੋਂ ਇਕ ਸਮਾਗਮ ਵੀ ਰੱਖਿਆ ਗਿਆ ਜੋ ਕਿ ਆਸੀਰੈਸਟੋਰੈਂਟ ਵਿਚ ਕੀਤਾ ਗਿਆ। ਉਥੇ ਵੀ ਉਨ੍ਹਾਂ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਪ੍ਰਬੰਧਕਾਂ ਵੱਲੋਂ ਪਾਲ ਸਿੰਘ ਪੁਰੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ ਗਿਆ