ਪੰਜਾਬ ‘ਚ ਕੈਂਸਰ ਦਾ ਕਹਿਰ : ਰੋਜ਼ਾਨਾ ਹੋ ਰਹੀਆਂ ਹਨ 43 ਮੌਤਾਂ

ਪੰਜਾਬ ‘ਚ ਕੈਂਸਰ ਦਾ ਕਹਿਰ : ਰੋਜ਼ਾਨਾ ਹੋ ਰਹੀਆਂ ਹਨ 43 ਮੌਤਾਂ
ਕੈਪਸ਼ਨ-ਕੈਂਸਰ ਦੇ ਇਲਾਜ ਵਾਸਤੇ ਬੀਕਾਨੇਰ ਜਾਣ ਲਈ ਰੇਲ ਗੱਡੀ (ਕੈਂਸਰ ਐਕਸਪ੍ਰੈੱਸ) ਵਿੱਚ ਚੜ੍ਹਦੇ ਲੋਕ। 

ਤਿੰਨ ਵਰ੍ਹਿਆਂ ਵਿਚ 93000 ਆਏ ਕੈਂਸਰ ਦੀ ਲਪੇਟ ‘ਚ 
ਬਠਿੰਡਾ, ਮਾਨਸਾ ਤੇ ਮੁਕਤਸਰ ਸਭ ਤੋਂ ਵੱਧ ਪ੍ਰਭਾਵਤ

 

ਬਠਿੰਡਾ/ ਚਰਨਜੀਤ ਭੁੱਲਰ :
ਪੰਜਾਬ ਵਿੱਚ ਕੈਂਸਰ ਕਾਰਨ ਰੋਜ਼ਾਨਾ ਔਸਤਨ 43 ਮੌਤਾਂ ਹੁੰਦੀਆਂ ਹਨ ਅਤੇ ਇਹ ਬਿਮਾਰੀ ਔਸਤਨ 85 ਮਨੁੱਖਾਂ ਨੂੰ ਲਪੇਟ ਵਿੱਚ ਲੈ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਇਸ ਬਿਮਾਰੀ ਨੂੰ ਰੋਕਣਾ ਵੱਡੀ ਚੁਣੌਤੀ ਹੈ। ਖਾਸ ਕਰਕੇ ਮਾਲਵੇ ਨੂੰ ਤਾਂ ਕੈਂਸਰ ਨੇ ਮੰਜੇ ਵਿੱਚ ਪਾ ਦਿੱਤਾ ਹੈ। ਮਹਿੰਗੇ ਇਲਾਜ ਕਾਰਨ ਗ਼ਰੀਬ ਮਰੀਜ਼ਾਂ ਕੋਲ ਸਿਵਾਏ ਅਰਦਾਸ ਦੇ ਹੋਰ ਕੋਈ ਚਾਰਾ ਨਹੀਂ ਬਚਦਾ। ਕੇਂਦਰੀ ਸਿਹਤ ਮੰਤਰਾਲੇ ਦੇ ਤੱਥ ਪੰਜਾਬ ਨੂੰ ਫਿਕਰਮੰਦ ਕਰਨ ਵਾਲੇ ਅਤੇ ਨਵੀਂ ਸਰਕਾਰ ਨੂੰ ਹਲੂਣਾ ਦੇਣ ਵਾਲੇ ਹਨ। ਪੰਜਾਬ ਵਿਚੋਂ ਬਠਿੰਡਾ, ਮਾਨਸਾ ਤੇ ਮੁਕਤਸਰ ਜ਼ਿਲ੍ਹੇ ਵਿਚ ਇਸ ਬਿਮਾਰੀ ਨੇ ਸੱਥਰ ਵਿਛਾ ਦਿੱਤੇ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕੈਂਸਰ ਨਾਲ ਪਹਿਲੀ ਜਨਵਰੀ, 2014 ਤੋਂ 31 ਦਸੰਬਰ, 2016 ਤਕ 47,378 ਮੌਤਾਂ ਹੋਈਆਂ ਹਨ ਅਤੇ ਹਰ ਵਰ੍ਹੇ ਇਹ ਦਰ ਵੱਧ ਰਹੀ ਹੈ। ਸਾਲ 2014 ਵਿੱਚ 15171, 2015 ਵਿਚ 15784 ਅਤੇ ਸਾਲ 2016 ਵਿਚ 16423 ਮੌਤਾਂ ਕੈਂਸਰ ਕਾਰਨ ਹੋਈਆਂ ਹਨ। ਇਨ੍ਹਾਂ ਤਿੰਨ ਵਰ੍ਹਿਆਂ ਵਿੱਚ ਕੈਂਸਰ ਨੇ 93690 ਲੋਕਾਂ ਨੂੰ ਆਪਣੀ ਜਕੜ ਵਿੱਚ ਲਿਆ ਹੈ। ਕੇਂਦਰ ਸਰਕਾਰ ਨੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਸਟੇਟ ਕੈਂਸਰ ਇੰਸਟੀਚਿਊਟ ਖੋਲ੍ਹਿਆ ਹੈ ਜਦੋਂ ਕਿ ਜ਼ਿਲ੍ਹਾ ਹੁਸ਼ਿਆਰਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲਾਂ ਵਿੱਚ ਕੈਂਸਰ ਕੇਅਰ ਸੈਂਟਰ ਖੋਲ੍ਹੇ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 3814 ਔਰਤਾਂ ਦੀ ਛਾਤੀ ਦੇ ਕੈਂਸਰ ਕਾਰਨ ਮੌਤ ਹੋਈ ਹੈ। ਇਨ੍ਹਾਂ ਤਿੰਨ ਵਰ੍ਹਿਆਂ ਵਿੱਚ 9453 ਔਰਤਾਂ ਨੂੰ ਛਾਤੀ ਦਾ ਕੈਂਸਰ ਹੋਇਆ ਹੈ। ਪੰਜਾਬ ਵਿੱਚ ਹਰ ਵਰ੍ਹੇ ਔਸਤਨ 31 ਹਜ਼ਾਰ ਲੋਕ ਕੈਂਸਰ ਦੀ ਲਪੇਟ ਵਿੱਚ ਆ ਰਹੇ ਹਨ।
ਸਰਵਾਈਕਲ ਕੈਂਸਰ ਨੇ ਵੀ ਤਿੰਨ ਵਰ੍ਹਿਆਂ ਵਿੱਚ 6425 ਲੋਕਾਂ ਉਤੇ ਹੱਲਾ ਬੋਲਿਆ ਹੈ ਅਤੇ ਇਸ ਨਾਲ 4191 ਲੋਕ ਮੌਤ ਦੇ ਮੂੰਹ ਜਾ ਪਏ  ਹਨ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਫੰਡ ਵੀ ਕਾਇਮ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਬਠਿੰਡਾ ਵਿੱਚ ਐਡਵਾਂਸਡ ਕੈਂਸਰ ਡਾਇਗਨੌਸਟਿਕ ਟਰੀਟਮੈਂਟ ਤੇ ਰਿਸਰਚ ਇੰਸਟੀਚਿਊਟ ਖੋਲ੍ਹਿਆ ਹੈ ਅਤੇ ਮੈਡੀਕਲ ਕਾਲਜ ਫ਼ਰੀਦਕੋਟ ਵਿੱਚ ਕੈਂਸਰ ਵਿਭਾਗ ਬਣਾਇਆ ਹੈ। ਕੈਂਸਰ ਮਾਹਿਰ ਡਾ. ਮਨਜੀਤ ਜੌੜਾ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਵਿੱਚ ਕੈਂਸਰ ਬਾਰੇ ਚੇਤਨਾ ਦੀ ਘਾਟ ਹੈ। ਖਾਸ ਕਰਕੇ ਮਾਲਵੇ ਵਿੱਚ ਕੈਂਸਰ ਕੇਸ ਉਦੋਂ ਡਿਟੈਕਟ ਹੁੰਦੇ ਹਨ ਜਦੋਂ ਮਰੀਜ਼ ਤੀਜੇ ਜਾਂ ਆਖਰੀ ਪੜਾਅ ਉਤੇ ਹੁੰਦਾ ਹੈ। ਪ੍ਰਤੀ ਲੱਖ ਆਬਾਦੀ ਪਿੱਛੇ ਕੈਂਸਰ ਮਰੀਜ਼ਾਂ ਦੀ ਕੌਮੀ ਔਸਤ 80 ਮਰੀਜ਼ ਹੈ ਜਦੋਂ ਕਿ ਪੰਜਾਬ ਵਿੱਚ ਇਹ ਔਸਤ 90 ਮਰੀਜ਼ ਹੈ। ਉਨ੍ਹਾਂ ਦੱਸਿਆ ਕਿ ਮਾਲਵੇ ਵਿੱਚ ਇਹ ਔਸਤ 135 ਮਰੀਜ਼ਾਂ ਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਵੀ ਕੈਂਸਰ ਪੀੜਤਾਂ ਦੀ ਇਲਾਜ ਵਿਚ ਮਦਦ ਕੀਤੀ ਜਾਂਦੀ ਹੈ।
ਨਾਗਰਿਕ ਚੇਤਨਾ ਸੰਸਥਾ ਦੇ ਪ੍ਰਧਾਨ ਐਡਵੋਕੇਟ ਮਨੋਹਰ ਬਾਂਸਲ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਲਵਾ ਖ਼ਿੱਤੇ ਵਿੱਚ ਕੈਂਸਰ ਦੀ ਜੜ੍ਹ ਲੱਭੀ ਜਾਵੇ ਤਾਂ ਜੋ ਲੋਕ ਇਸ ਬਿਮਾਰੀ ਤੋਂ ਬਚ ਸਕਣ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਕੈਂਸਰ ਦੇ ਕਾਰਨ ਲੱਭਣ ਲਈ ਖੋਜ ਕਰਾਉਣ ਬਾਰੇ ਬੇਨਤੀ ਕੀਤੀ ਹੈ।