ਰੇਵ ਪਾਰਟੀ ਦੌਰਾਨ ਅੱਗ ਲੱਗਣ ਕਾਰਨ 40 ਮੌਤਾਂ ਦਾ ਖ਼ਦਸ਼ਾ

ਰੇਵ ਪਾਰਟੀ ਦੌਰਾਨ ਅੱਗ ਲੱਗਣ ਕਾਰਨ 40 ਮੌਤਾਂ ਦਾ ਖ਼ਦਸ਼ਾ

ਕੈਲੀਫੋਰਨੀਆ ਦੇ ਓਕਲੈਂਡ ਵਿਚ ਅੱਗ ਲੱਗਣ ਕਾਰਨ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਦੇਣ ਮੌਕੇ ਭਾਵੁਕ ਹੋਈ ਮਹਿਲਾ।
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ :
ਸਾਨ ਫਰਾਂਸਿਸਕੋ ਨੇੜੇ ਇਕ ਗੁਦਾਮ ਵਿੱਚ ਰੇਵ ਪਾਰਟੀ ਦੌਰਾਨ ਅੱਗ ਲੱਗਣ ਕਾਰਨ ਘੱਟੋ-ਘੱਟ 40 ਵਿਅਕਤੀਆਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਕਿ ਓਕਲੈਂਡ ਦੀ ਇਸ ਇਮਾਰਤ ਵਿੱਚ ਲੋਕਾਂ ਨੂੰ ਰਹਿਣ ਅਤੇ ਪਾਰਟੀ ਦੀ ਇਜਾਜ਼ਤ ਨਹੀਂ ਹੈ।
ਓਕਲੈਂਡ ਦੇ ਯੋਜਨਾਬੰਦੀ ਵਿਭਾਗ ਦੇ ਅੰਤਰਿਮ ਮੁਖੀ ਡੈਰਿਨ ਰਾਨੇਲੇਟੀ ਨੇ ਕਿਹਾ ਕਿ ਹਾਲ ਹੀ ਵਿੱਚ ਕਈ ਸ਼ਿਕਾਇਤਾਂ ਮਿਲੀਆਂ ਕਿ ਇਸ ਇਮਾਰਤ ਨਾਲ ਲਗਦੀਆਂ ਖਾਲੀ ਥਾਂਵਾਂ ‘ਤੇ ਮਲਬਾ ਤੇ ਕੂੜਾ ਪਿਆ ਰਹਿੰਦਾ ਹੈ ਅਤੇ ਇਮਾਰਤ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਨਿਰਮਾਣ ਚੱਲ ਰਿਹਾ ਹੈ। ਫਾਇਰ ਬ੍ਰਿਗੇਡ ਕਾਮੇ ਜਦੋਂ ਅੱਗ ਬੁਝਾ ਰਹੇ ਸਨ ਤਾਂ ਇਮਾਰਤ ਦਾ ਕਮਜ਼ੋਰ ਢਾਂਚਾ ਤੇ ਕੰਧਾਂ ਹਿੱਲਣ ਲੱਗ ਗਈਆਂ। ਇਸ ਕਾਰਨ ਕਾਮਿਆਂ ਨੂੰ ਬਾਹਰ ਨਿਕਲਣਾ ਪਿਆ, ਜਿਸ ਤੋਂ ਫੌਰੀ ਬਾਅਦ ਇਮਾਰਤ ਦੀ ਛੱਤ ਡਿੱਗ ਗਈ। ਹੁਣ ਤੱਕ ਮਲਬੇ ਵਿੱਚੋਂ 24 ਲਾਸ਼ਾਂ ਮਿਲੀਆਂ ਹਨ। ਅਲਮੇਡਾ ਕਾਊਂਟੀ ਸ਼ੈਰਿਫ ਵਿਭਾਗ ਦੇ ਸਰਜੈਂਟ ਰੇਅ ਕੇਲੀ ਨੇ ਦੱਸਿਆ ਕਿ ਦੋ ਦਰਜਨ ਲਾਪਤਾ ਵਿਅਕਤੀਆਂ ਦਾ ਪਤਾ ਲਾ ਲਿਆ ਹੈ ਪਰ ਹਾਲੇ ਵੀ ਦੋ ਦਰਜਨ ਤੋਂ ਵੱਧ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਰਨ ਵਾਲਿਆਂ ਦੀ ਅਸਲ ਗਿਣਤੀ ਨਹੀਂ ਪਤਾ ਕਿਉਂਕਿ ਇਮਾਰਤ ਵਿੱਚ ਕਿੰਨੇ ਲੋਕ ਮੌਜੂਦ ਸਨ, ਇਹ ਕੋਈ ਨਹੀਂ ਜਾਣਦਾ। ਓਕਲੈਂਡ ਫਾਇਰ ਬ੍ਰਿਗੇਡ ਵਿਭਾਗ ਦੇ ਮੁਖੀ ਟੇਰੇਜ਼ਾ ਡੇਲੋਚ ਰੀਡ ਨੇ ਕਿਹਾ ਕਿ ਇਹ ਅੱਗ ਸ਼ੁੱਕਰਵਾਰ ਸਵੇਰੇ 11:30 ਵਜੇ ਸ਼ੁਰੂ ਹੋਈ ਅਤੇ ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ‘ਓਕਲੈਂਡ ਘੋਸਟ ਸ਼ਿਪ’ ਦੇ ਨਾਂ ਨਾਲ ਜਾਣੇ ਜਾਂਦੇ ਇਸ ਦੋ ਮੰਜ਼ਿਲਾ ਗੁਦਾਮ ਦੀ ਉਪਰਲੀ ਮੰਜ਼ਿਲ ਉਤੇ ਸਨ। ਅਨੁਮਾਨ ਹੈ ਕਿ ਪਾਰਟੀ ਵਿੱਚ 50 ਤੋਂ 100 ਵਿਅਕਤੀ ਸ਼ਾਮਲ ਸਨ।