ਪਿੰਡ ਮਹਿਰਾਜ ਦੇ ਸਕੂਲ ‘ਚ ਚੜ੍ਹਿਆ ਸ਼ਾਹੀ ਰੰਗ, ਪਾੜ੍ਹੇ 4, ਅਧਿਆਪਕ 5

ਪਿੰਡ ਮਹਿਰਾਜ ਦੇ ਸਕੂਲ ‘ਚ ਚੜ੍ਹਿਆ ਸ਼ਾਹੀ ਰੰਗ, ਪਾੜ੍ਹੇ 4, ਅਧਿਆਪਕ 5

ਬਠਿੰਡਾ/ਬਿਊਰੋ ਨਿਊਜ਼ :
ਸਰਕਾਰੀ ਸਕੂਲ ਮਹਿਰਾਜ ਪੰਜਾਬ ਦਾ ਇਕਲੌਤਾ ਸਕੂਲ ਹੈ ਜਿਥੇ ਬੱਚੇ ਘੱਟ ਤੇ ਅਧਿਆਪਕ ਵੱਧ ਹਨ। ਹਕੂਮਤ ਬਦਲਣ ਮਗਰੋਂ ਬਠਿੰਡਾ ਦੇ ਪਿੰਡ ਮਹਿਰਾਜ ਵਿਚ ਇਹ ਬਾਦਸ਼ਾਹੀ ਰੰਗ ਦਿਖੇ ਹਨ। ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਸਿੱਖਿਆ ਮਹਿਕਮੇ ਨੇ ਸਾਰੇ ਨਿਯਮ ਛਿੱਕੇ ਟੰਗ ਦਿੱਤੇ ਹਨ ਕਿਉਂਕਿ ਮਹਿਰਾਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ। ਸਰਕਾਰੀ ਮਿਡਲ ਸਕੂਲ ਪੱਤੀ ਸੰਦਲੀ, ਮੱਲੂਆਣਾ (ਮਹਿਰਾਜ) ਵਿਚ ਇਸ ਵੇਲੇ ਚਾਰ ਬੱਚੇ ਪੜ੍ਹਦੇ ਹਨ ਪਰ ਅਧਿਆਪਕ ਪੰਜ ਹਨ। ਪੰਜਾਬ ਸਰਕਾਰ ਇਸ ਸਕੂਲ ਦੇ ਹਰ ਬੱਚੇ ‘ਤੇ ਤਕਰੀਬਨ 43 ਹਜ਼ਾਰ ਰੁਪਏ ਪ੍ਰਤੀ ਮਹੀਨਾ ਖ਼ਰਚ ਰਹੀ ਹੈ। ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀ ਜ਼ਿਆਦਾ ਹਨ ਪਰ ਅਧਿਆਪਕ ਨਹੀਂ ਹਨ।
ਜਾਣਕਾਰੀ ਅਨੁਸਾਰ ਇਸ ਮਿਡਲ ਸਕੂਲ ਵਿਚ ਪਹਿਲਾਂ ਤਿੰਨ ਅਧਿਆਪਕ (ਇੱਕ ਹਿੰਦੀ, ਇੱਕ ਪੰਜਾਬੀ ਤੇ ਇੱਕ ਪੀਟੀਆਈ) ਸਨ ਅਤੇ ਦੋ ਅਧਿਆਪਕਾਂ ਨੇ ਹੁਣ ਜੁਆਇਨ ਕੀਤਾ ਹੈ। ਇਸ ਸਰਕਾਰੀ ਸਕੂਲ ਦੀ ਛੇਵੀਂ ਤੇ ਸੱਤਵੀਂ ਕਲਾਸ ਵਿਚ ਇੱਕ ਇੱਕ ਵਿਦਿਆਰਥੀ  ਹੈ ਜਦੋਂ ਕਿ ਅੱਠਵੀਂ ਵਿਚ ਦੋ ਵਿਦਿਆਰਥੀ ਹਨ। ਬੱਚਿਆਂ ਦੀ ਗਿਣਤੀ ਵਧਾਉਣ ਲਈ ਅਧਿਆਪਕ ਘਰੋਂ ਘਰ ਵੀ ਗਏ ਪਰ ਨਿਆਣੇ ਸਰਕਾਰੀ ਸਕੂਲ ਵੱਲ ਮੂੰਹ ਨਹੀਂ ਕਰ ਰਹੇ। ਇਹ ਸਕੂਲ ਪਿੰਡ ਦੀ ਫਿਰਨੀ ਤੋਂ ਦੋ ਕਿਲੋਮੀਟਰ ਤੋਂ ਵੀ ਘੱਟ ਦੂਰ ਹੈ। ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ (ਮੱਲੂਆਣਾ) ਮਹਿਰਾਜ ਵਿੱਚ ਤਕਰੀਬਨ ਪੰਜ ਬੱਚੇ ਹਨ ਤੇ ਅਧਿਆਪਕ ਦੋ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਮਨਿੰਦਰ ਕੌਰ ਨੇ ਕਿਹਾ ਕਿ ਇਸ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਬਾਰੇ ਵਿਭਾਗ ਨੂੰ ਪਹਿਲਾਂ ਹੀ ਜਾਣੂ ਕਰਾ ਦਿੱਤਾ ਸੀ ਅਤੇ ਹੁਣ ਦੋ ਹੋਰ ਅਧਿਆਪਕ ਇਸ ਸਕੂਲ ਵਿਚ ਭੇਜੇ ਗਏ ਹਨ, ਜਿਨ੍ਹਾਂ ਨੂੰ ਜਲਦੀ ਕਿਧਰੇ ਹੋਰ ਅਡਜਸਟ ਕੀਤਾ ਜਾਵੇਗਾ। ਮਹਿਰਾਜ ਪਿੰਡ ਦਾ ਇੱਕ ਹੋਰ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਪਿੱਪਲੀ ਹੈ ਜਿਥੇ ਬੱਚਿਆਂ ਦੀ ਗਿਣਤੀ ਡੇਢ ਦਰਜਨ ਹੈ ਜਦੋਂ ਕਿ ਦੋ ਅਧਿਆਪਕ ਹਨ। ਇਵੇਂ ਹੀ ਮਹਿਰਾਜ ਦੇ ਕੋਠੇ ਰੱਥੜੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚੇ 27 ਤੇ ਅਧਿਆਪਕ ਦੋ ਹਨ।