ਧੂਰੀ ਨੇੜੇ ਕੋਲਡ ਸਟੋਰ ਵਿਚ ਧਮਾਕੇ ਕਾਰਨ 4 ਮੌਤਾਂ, 15 ਜ਼ਖ਼ਮੀ

ਧੂਰੀ ਨੇੜੇ ਕੋਲਡ ਸਟੋਰ ਵਿਚ ਧਮਾਕੇ ਕਾਰਨ 4 ਮੌਤਾਂ, 15 ਜ਼ਖ਼ਮੀ

ਕੈਪਸ਼ਨ-ਧੂਰੀ ਵਿੱਚ ਢਹਿ ਢੇਰੀ ਹੋਈ ਕੋਲਡ ਸਟੋਰ ਦੀ ਇਮਾਰਤ।
ਧੂਰੀ/ਬਿਊਰੋ ਨਿਊਜ਼ :
ਧੂਰੀ-ਸ਼ੇਰਪੁਰ ਸੜਕ ਉਤੇ ਆਲੂਆਂ ਦੇ ਭਰੇ ਕੋਲਡ ਸਟੋਰ ਵਿੱਚ ਹੋਏ ਜ਼ੋਰਦਾਰ ਧਮਾਕੇ ਕਾਰਨ ਪਿਉ-ਪੁੱਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਜ਼ਬਰਦਸਤ ਧਮਾਕੇ ਕਾਰਨ ਕੋਲਡ ਸਟੋਰ ਵਿੱਚ ਪਏ ਮਾਲ ਨੂੰ ਅੱਗ ਲੱਗ ਗਈ ਅਤੇ ਛੱਤਾਂ ਡਿੱਗਣ ਕਾਰਨ ਕੰਮ ਕਰਦੇ ਮਜ਼ਦੂਰ ਅਤੇ ਆਪਣੇ ਆਲੂ ਰੱਖਣ ਆਏ ਕਿਸਾਨ ਲਪੇਟ ਵਿੱਚ ਆ ਗਏ। ਧਮਾਕੇ ਕਾਰਨ ਕੋਲਡ ਸਟੋਰ ਨੇੜਲਾ ਇਕ ਘਰ ਵੀ ਢਹਿ ਗਿਆ ਅਤੇ ਘਰ ਦੀ ਮਾਲਕਣ ਅਮਰਜੀਤ ਕੌਰ ਪਤਨੀ ਕੁਲਦੀਪ ਸਿੰਘ ਗੰਭੀਰ ਜ਼ਖਮੀ ਹੋ ਗਈ। ਕਹੇਰੂ ਪਿੰਡ ਦੇ ਹਰਜਿੰਦਰ ਸਿੰਘ ਦੀ ਮਾਲਕੀ ਵਾਲੇ ਗੁਰੂ ਨਾਨਕ ਕੋਲਡ ਸਟੋਰ ਵਿੱਚ ਧਮਾਕਾ ਅਮੋਨੀਆ ਗੈਸ ਦਾ ਅਚਾਨਕ ਬਹੁਤ ਜ਼ਿਆਦਾ ਰਿਸਾਅ ਹੋਣ ਕਾਰਨ ਹੋਇਆ।
ਪਰਮਜੀਤ ਸਿੰਘ ਉਰਫ ਪੱਪੀ ਪੁੱਤਰ ਕਿਸ਼ੋਰੀ ਲਾਲ ਤੇ ਰਾਜਨ (ਦੋਵੇਂ ਪਿਉ-ਪੁੱਤ, ਵਾਸੀ ਖ਼ੁਰਦ), ਗੁਰਮੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੇਖਾ (ਪਾਇਲ) ਤੇ ਪਿੰਟੂ ਪੁੱਤਰ ਅਵਤਾਰ ਸਿੰਘ ਵਾਸੀ ਜਹਾਂਗੀਰ ਨੂੰ ਮ੍ਰਿਤਕ ਹਾਲਤ ਵਿਚ ਮਲਬੇ ਹੇਠੋਂ ਕੱਢਿਆ ਗਿਆ। ਮਲਬੇ ਹੇਠ ਦੱਬਣ ਅਤੇ ਗੈਸ ਚੜ੍ਹਨ ਕਾਰਨ 15 ਵਿਅਕਤੀਆਂ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿਚੋ ਛੇ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਤੇ ਚਾਰ ਨੂੰ ਪਟਿਆਲਾ ਰੈਫ਼ਰ ਕੀਤਾ ਗਿਆ। ਬਾਕੀ ਜ਼ਖਮੀ ਸਿਵਲ ਹਸਪਤਾਲ ਵਿਖੇ ਜ਼ੇਰੇ-ਇਲਾਜ ਸਨ।
ਧਮਾਕਾ ਇੰਨਾ ਭਿਆਨਕ ਸੀ ਕਿ ਕਾਫੀ ਦੂਰ ਤੱਕ ਗੈਸ ਦਾ ਪ੍ਰਭਾਵ ਮਹਿਸੂਸ ਕੀਤਾ। ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਪ੍ਰਸ਼ਾਸਨ ਵੱਲੋਂ ਜੇਸੀਬੀ ਮਸ਼ੀਨਾਂ, ਫਾਇਰ ਬ੍ਰਿਗੇਡ, ਐਂਬੂਲੈਂਸਾਂ ਮੰਗਵਾਈਆਂ ਗਈਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਲਬਾ ਹਟਾ ਕੇ ਲੋਕਾਂ ਨੂੰ ਕੱਢਣ ਲਈ ਯਤਨ ਆਰੰਭੇ ਗਏ।
ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ‘ਆਪ’ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਨਗਰ ਕੌਂਸਲ ਪ੍ਰਧਾਨ ਪ੍ਰਸ਼ੋਤਮ ਕਾਂਸਲ ਅਤੇ ਅਮਰੀਕ ਕਾਲਾ, ਸੁਰਿੰਦਰ ਗੋਇਲ ਬਾਂਗਰੂ ਤੇ ਸੰਜੇ ਜਿੰਦਲ (ਤਿੰਨੋਂ ਕੌਂਸਲਰ) ਵੀ ਮੌਕੇ ‘ਤੇ ਪੁੱਜੇ। ਸਿਵਲ ਹਸਪਤਾਲ ਵਿਚ ਸਿਵਲ ਸਰਜਨ ਸੁਬੋਧ ਗੁਪਤਾ ਨੇ ਵੀ ਮੌਕਾ ਦਾ ਜਾਇਜ਼ਾ ਲਿਆ। ਸਾਬਕਾ ਵਿਧਾਇਕ ਧਨਵੰਤ ਸਿੰਘ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ ਨੇ ਐਸਡੀਐਮ ਧੂਰੀ ਨੂੰ ਧਮਾਕੇ ਦੇ ਕਾਰਨਾਂ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਹਨ।
ਮ੍ਰਿਤਕਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ :
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ‘ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।