ਡੇਵਿਸ ਕੱਪ ਦੌਰਾਨ ਰਾਮਕੁਮਾਰ ਤੇ ਭਾਂਬਰੀ ਨੇ ਨਿਊਜ਼ੀਲੈਂਡ ਨੂੰ ਦਿੱਤੀ ਮਾਤ, 4-1 ਨਾਲ ਮੈਚ ਜਿੱਤਿਆ
ਪੁਣੇ/ਬਿਊਰੋ ਨਿਊਜ਼ :
ਏਸ਼ੀਆ ਓਸ਼ੀਆਨਾ ਜ਼ੋਨ ਗਰੁੱਪ-1 ਤਹਿਤ ਡੇਵਿਸ ਕੱਪ ਦੇ ਮੁਕਾਬਲਿਆਂ ਦੌਰਾਨ ਰਿਵਰਸ ਸਿੰਗਲ ਮੈਚਾਂ ਵਿਚ ਭਾਰਤ ਦੇ ਰਾਮਕੁਮਾਰ ਰਾਮਾਨਾਥਨ ਅਤੇ ਯੂਕੀ ਭਾਂਬਰੀ ਨੇ ਜਿੱਤ ਹਾਸਲ ਕਰਦਿਆਂ ਭਾਰਤ ਨੂੰ ਨਿਊਜ਼ੀਲੈਂਡ ਵਿਰੁੱਧ 4-1 ਦੇ ਫਰਕ ਨਾਲ ਜਿੱਤ ਦਿਵਾ ਦਿੱਤੀ ਹੈ। ਇਥੇ ਖੇਡੇ ਗਏ ਸਿੰਗਲ ਵਰਗ ਦੇ ਰਿਵਰਸ ਸਿੰਗਲ ਮੈਚ ਵਿਚ ਰਾਮਕੁਮਾਰ ਰਾਮਾਨਾਥਨ ਨੇ ਨਿਊਜ਼ੀਲੈਂਡ ਦੇ ਫਿੰਨ ਟੀਅਰਨੇ ਨੂੰ 7-5, 6-1, 6-0 ਨਾਲ ਸਿੱਧੇ ਸੈੱਟਾਂ ਨਾਲ ਹਰਾ ਕੇ ਭਾਰਤ ਨੂੰ 3-1 ਨਾਲ ਅਜੇਤੂ ਲੀਡ ਦਿਵਾ ਦਿੱਤੀ। ਡੇਵਿਸ ਕੱਪ ਮੈਚਾਂ ਦੇ ਪਹਿਲੇ ਦਿਨ ਦੂਜੇ ਸਿੰਗਲ ਮੈਚ ਵਿਚ ਰਾਮਕੁਮਾਰ ਰਾਮਾਨਾਥਨ ਨੇ ਨਿਊਜ਼ੀਲੈਂਡ ਦੇ ਜੋਸ ਸਟਾਥਮ ਨੂੰ 6-3, 6-4, 6-3 ਨਾਲ ਹਰਾ ਕੇ ਭਾਰਤ ਨੂੰ 2-0 ਦੀ ਲੀਡ ਦਿਵਾਈ ਸੀ। ਪਹਿਲਾ ਮੈਚ ਯੂਕੀ ਭਾਂਬਰੀ ਨੇ ਜਿੱਤਿਆ ਸੀ। ਜਦਕਿ ਡਬਲਜ਼ ਮੈਚ ‘ਚ ਮਾਈਕਲ ਵੀਨਸ ਅਤੇ ਅਰਟੇਮ ਸਿਟਕ ਦੇ ਜੋੜੀ ਨੇ ਭਾਰਤ ਦੇ ਲਿਏਂਡਰ ਪੇਸ ਅਤੇ ਵਿਸ਼ਨੂੰ ਵਰਧਨ ਦੀ ਜੋੜੀ ਨੂੰ ਹਰਾ ਕੇ ਨਿਊਜ਼ੀਲੈਂਡ ਲਈ ਲੀਡ ਦਾ ਫਰਕ 1-2 ਕਰ ਦਿੱਤਾ ਸੀ। ਆਖਰੀ ਰਿਵਰਸ ਸਿੰਗਲ ਮੈਚ ਵਿਚ ਯੂਕੀ ਭਾਂਬਰੀ ਨੇ ਜੋਸ ਸਟਾਥਮ ਨੂੰ ਸਿਰਫ 55 ਮਿੰਟਾਂ ਵਿਚ ਹੀ 7-5, 3-6, 6-4 ਨਾਲ ਹਰਾ ਕੇ ਭਾਰਤ ਨੂੰ ਗਰੁੱਪ ਵਿਚ 4-1 ਨਾਲ ਜਿੱਤ ਦਿਵਾ ਕੇ ਦੂਜੇ ਦੌਰ ਵਿਚ ਪਹੁੰਚਾ ਦਿੱਤਾ। ਭਾਰਤ ਦੀ ਟੀਮ ਹੁਣ ਦੂਜੇ ਦੌਰ ਵਿਚ 7 ਤੋਂ 9 ਅਪ੍ਰੈਲ ਤੱਕ ਉਜ਼ਬੇਕਿਸਤਾਨ ਨਾਲ ਭਿੜੇਗੀ।
Comments (0)