ਸਰੀ ਵਿਚ ਖ਼ਾਲਸਾ ਡੇਅ ਪਰੇਡ ਦੌਰਾਨ ਕਰੀਬ 4 ਲੱਖ ਲੋਕਾਂ ਨੇ ਕੀਤੀ ਸ਼ਮੂਲੀਅਤ

ਸਰੀ ਵਿਚ ਖ਼ਾਲਸਾ ਡੇਅ ਪਰੇਡ ਦੌਰਾਨ ਕਰੀਬ 4 ਲੱਖ ਲੋਕਾਂ ਨੇ ਕੀਤੀ ਸ਼ਮੂਲੀਅਤ

ਵੈਨਕੂਵਰ/ਬਿਊਰੋ ਨਿਊਜ਼ :
ਇੱਥੇ ਸਰੀ ਵਿੱਚ ਖਾਲਸਾ ਸਾਜਨਾ ਦਿਵਸ ਸਬੰਧੀ ਨਗਰ ਕੀਰਤਨ (ਖਾਲਸਾ ਡੇਅ ਪਰੇਡ) ਸਜਾਇਆ ਗਿਆ। ਇਸ ਸਾਲਾਨਾ ਨਗਰ ਕੀਰਤਨ ‘ਚ ਚਾਰ ਲੱਖ ਤੋਂ ਉਤੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਦੁਆਰਾ ਦਸਮੇਸ਼ ਦਰਬਾਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਰਹਿਨੁਮਾਈ ਹੇਠ ਚੱਲਣ ਵਾਲੇ ਨਗਰ ਕੀਰਤਨ ਨੂੰ ਸਵੇਰੇ ਕੈਨੇਡੀਅਨ ਫੌਜ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤ ਹੋਇਆ। ਪੂਰੇ ਨਗਰ ਕੀਰਤਨ ਦੇ ਰਾਹ ਵਿਚ ਸੰਗਤ ਵੱਲੋਂ ਲੰਗਰ ਲਾਏ ਗਏ ਸਨ। ਮੋਟਰਸਾਈਕਲ ਕਲੱਬ ਦੇ ਮੈਂਬਰਾਂ ਨੇ ਆਪਣੇ ਵਾਹਨ ਸਜਾ ਕੇ ਵੱਖ-ਵੱਖ ਕਰਤੱਬ ਦਿਖਾਏ।
ਭਾਵੇਂ ਪ੍ਰਬੰਧਕਾਂ ਵੱਲੋਂ ਸਿਆਸੀ ਆਗੂਆਂ ਨੂੰ ਨਗਰ ਕੀਰਤਨ ਵਿਚ ਸਿਆਸਤ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਸੀ ਪਰ ਵਿਧਾਨ ਸਭਾ ਚੋਣਾਂ ਲਾਗੇ ਹੋਣ ਕਾਰਨ ਰਾਜਸੀ ਆਗੂਆਂ ਨੇ ਨਗਰ ਕੀਰਤਨ ਦੌਰਾਨ ਵੀ ਲੋਕਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਕਰਿਸਟੀ ਕਲਾਰਕ ਨੇ ਪੰਜਾਬੀ ਪਹਿਰਾਵੇ ਵਿਚ ਨਗਰ ਕੀਰਤਨ ਵਿੱਚ ਸ਼ਿਰਕਤ ਕੀਤੀ। ਉਸ ਨੇ ਫਿਰ ਦੁਹਰਾਇਆ ਕਿ ਅਪਰੈਲ ਮਹੀਨਾ ਸਿੱਖ ਵਿਰਾਸਤ ਨੂੰ ਸਮਰਪਿਤ ਕਰਕੇ ਮਨਾਇਆ ਜਾਇਆ ਕਰੇਗਾ। ਐਨਡੀਪੀ ਦੇ ਸੂਬਾਈ ਮੁਖੀ ਜੌਹਨ ਹੌਰਗਨ ਨੇ ਵੀ ਆਪਣੀ ਟੀਮ ਸਮੇਤ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਵੱਖ-ਵੱਖ ਸਟੇਜਾਂ ਤੋਂ ਭਾਸ਼ਣ ਦਿੱਤੇ। ਇਸ ਮੌਕੇ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਪ੍ਰਚਾਰ ਸਮੱਗਰੀ ਵੀ ਵੰਡੀ। ਤਰਕਸ਼ੀਲ ਸੁਸਾਇਟੀ ਨੇ ਵੀ ਇਸ ਮੌਕੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।