ਤੁਰਕੀ ਹਮਲੇ ਵਿਚ ਦੋ ਭਾਰਤੀਆਂ ਸਣੇ 39 ਹਲਾਕ

ਤੁਰਕੀ ਹਮਲੇ ਵਿਚ ਦੋ ਭਾਰਤੀਆਂ ਸਣੇ 39 ਹਲਾਕ

ਕੈਪਸ਼ਨ-ਇਸਤਾਂਬੁਲ ਦੇ ਰੇਨਾ ਨਾਈਟ ਕਲੱਬ ਵਿਚ ਮਾਰੇ ਗਏ ਇਕ ਵਿਅਕਤੀ ਦੇ ਰਿਸ਼ਤੇਦਾਰ ਇਕ-ਦੂਜੇ ਨਾਲ ਦੁੱਖ ਸਾਂਝਾ ਕਰਦੇ ਹੋਏ। 
ਇਸਤਾਂਬੁਲ/ਬਿਊਰੋ ਨਿਊਜ਼ :
ਤੁਰਕੀ ਦੇ ਪ੍ਰਮੁੱਖ ਮਹਾਂਨਗਰ ਇਸਤਾਂਬੁਲ ਦੇ ਨਾਈਟ ਕਲੱਬ ਵਿਚ ਜਦੋਂ ਨਵੇਂ ਵਰ੍ਹੇ ਦੀ ਆਮਦ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਦੋ ਭਾਰਤੀਆਂ ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਅਤੇ ਬਾਂਦਰਾ (ਮੁੰਬਈ) ਦੇ ਬਿਲਡਰ ਅਖ਼ਤਰ ਹਸਨ ਰਿਜ਼ਵੀ ਦੇ ਪੁੱਤਰ ਅਬੀਸ ਰਿਜ਼ਵੀ ਅਤੇ ਗੁਜਰਾਤ ਦੀ ਖੁਸ਼ੀ ਸ਼ਾਹ ਸਮੇਤ 39 ਜਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਮਲੇ ਵਿਚ 70 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿਚੋਂ 20 ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਵਿਚ 15 ਵਿਦੇਸ਼ੀ ਅਤੇ ਪੰਜ ਤੁਰਕੀ ਵਾਸੀ ਹਨ। ਹਮਲਾਵਰ ਕਾਰੇ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਕ ਖ਼ਬਰ ਏਜੰਸੀ ਮੁਤਾਬਕ ਬੰਦੂਕਧਾਰੀ ਸੈਂਟਾ ਕਲਾਜ਼ ਦੀ ਪੁਸ਼ਾਕ ਵਿਚ ਸੀ ਪਰ ਇਸ ਦੀ ਤਸਦੀਕ ਨਹੀਂ ਹੋ ਸਕੀ। ਨਵੇਂ ਵਰ੍ਹੇ 2017 ਦੀ ਸ਼ੁਰੂਆਤ ਮੌਕੇ ਹੋਏ ਖ਼ੂਨ ਖ਼ਰਾਬੇ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ।
ਤੁਰਕੀ ਵਿਚ ਨਵਾਂ ਵਰ੍ਹਾ 2017 ਚੜ੍ਹੇ ਨੂੰ ਅਜੇ ਮਸਾਂ 75 ਮਿੰਟ ਹੀ ਹੋਏ ਸਨ ਕਿ ਜਲ ਸੋਮੇ ਕੰਢੇ ‘ਤੇ ਬਣੇ ਰੇਨਾ ਨਾਈਟ ਕਲੱਬ ਵਿਚ ਗੋਲੀਬਾਰੀ ਸ਼ੁਰੂ ਹੋ ਗਈ। ਕਲੱਬ ਅੰਦਰ ਕਰੀਬ 700 ਲੋਕ ਨਵੇਂ ਵਰ੍ਹੇ ਦੇ ਜਸ਼ਨਾਂ ਵਿਚ ਡੁੱਬੇ ਹੋਏ ਸਨ। ਹਮਲਾਵਰ ਨੇ ਕਲੱਬ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਗੇਟ ‘ਤੇ ਖੜ੍ਹੇ ਇਕ ਪੁਲੀਸ ਕਰਮੀ ਅਤੇ ਇਕ ਹੋਰ ਵਿਅਕਤੀ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਇਸ ਤੋਂ ਬਾਅਦ ਉਸ ਨੇ ਕਲੱਬ ਅੰਦਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਰਿਪੋਰਟਾਂ ਮੁਤਾਬਕ ਹਮਲਾਵਰ ਨੇ ਆਪਣੇ ਲੰਮੇ ਕੋਟ ਹੇਠਾਂ ਬੰਦੂਕ ਛੁਪਾਈ ਹੋਈ ਸੀ ਅਤੇ ਕੱਪੜੇ ਬਦਲ ਕੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ।
ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤੇਇਪ ਅਰਦੋਗਨ ਨੇ ਕਿਹਾ ਕਿ ਕਤਲੇਆਮ ਅਫ਼ਰਾ-ਤਫ਼ਰੀ ਫੈਲਾਉਣ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿਚ ਅੜਿੱਕਾ ਪਾਉਣ ਦੇ ਤੁੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨਾਪਾਕ ਇਰਾਦਿਆਂ ਅੱਗੇ ਤੁਰਕੀ ਕਦੇ ਵੀ ਨਹੀਂ ਝੁਕੇਗਾ। ਹਮਲੇ ਵਿਚ ਮਾਰੇ ਗਏ ਭਾਰਤੀਆਂ ਬਾਰੇ ਜਾਣਕਾਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਤੀ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਤੁਰਕੀ ਵਿਚ ਦੋ ਭਾਰਤੀ ਮਾਰੇ ਗਏ ਹਨ ਅਤੇ ਭਾਰਤੀ ਸਫ਼ੀਰ ਇਸਤਾਂਬੁਲ ਰਵਾਨਾ ਹੋ ਗਏ ਹਨ। ਅਬੀਸ ਰਿਜ਼ਵੀ ‘ਰਿਜ਼ਵੀ ਬਿਲਡਰਜ਼’ ਦੇ ਸੀਈਓ ਸਨ ਅਤੇ ਉਨ੍ਹਾਂ 2014 ਵਿਚ ‘ਰੋਅਰ: ਦਿ ਟਾਈਗਰਜ਼ ਆਫ਼ ਦਿ ਸੁੰਦਰਬਨਜ਼’ ਸਮੇਤ ਕਈ ਫਿਲਮਾਂ ਬਣਾਈਆਂ ਸਨ।