ਇੰਡੋਨੇਸ਼ੀਆ ਵਿਚ ਸੁਨਾਮੀ ਨਾਲ ਮੌਤਾਂ ਦੀ ਗਿਣਤੀ 373 ਹੋਈ, 128 ਲਾਪਤਾ

ਇੰਡੋਨੇਸ਼ੀਆ ਵਿਚ ਸੁਨਾਮੀ ਨਾਲ ਮੌਤਾਂ ਦੀ ਗਿਣਤੀ 373 ਹੋਈ, 128 ਲਾਪਤਾ

ਇੰਡੋਨੇਸ਼ੀਆ ਦੇ ਬੈਂਤਿਨ ਸੂਬੇ ਦੇ ਤਾਨਜੁੰਗ ਲੈਸੁੰਗ ਖੇਤਰ ਵਿਚ ਸੁਨਾਮੀ ਕਾਰਨ ਹੋਈ ਤਬਾਹੀ ਦਾ ਮੰਜ਼ਰ ਤੱਕਦਾ ਹੋਇਆ ਇਕ ਨੌਜਵਾਨ।

ਕੈਰੀਟਾ (ਇੰਡੋਨੇਸ਼ੀਆ) /ਬਿਊਰੋ ਨਿਊਜ਼ :
ਇੰਡੋਨੇਸ਼ੀਆ ਵਿਚ ਬੀਤੇ ਦਿਨ ਆਈ ਸੁਨਾਮੀ ਨਾਲ ਹੋਈਆਂ ਮੌਤਾਂ ਦੀ ਗਿਣਤੀ ਵਧ ਕੇ 373 ਨੂੰ ਪੁੱਜ ਗਈ ਹੈ ਜਦਕਿ ਜ਼ਖ਼ਮੀਆਂ ਦੀ ਗਿਣਤੀ 1459 ਨੂੰ ਟੱਪ ਗਈ ਹੈ। 128 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ। ਉਧਰ ਰਾਹਤ ਤੇ ਬਚਾਅ ਕਾਰਜਾਂ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਮਾਹਿਰਾਂ ਨੇ ਹਾਲਾਂਕਿ ਖੇਤਰ ਵਿਚ ਪਾਣੀ ਦੀਆਂ ਹੋਰ ਉੱਚੀਆਂ ਛੱਲਾਂ ਆਉਣ ਦੀ ਚੇਤਾਵਨੀ ਦਿੱਤੀ ਹੈ। ਰਾਹਤ ਕਾਮਿਆਂ ਵੱਲੋਂ ਸੁਨਾਮੀ ਦੀ ਮਾਰ ਆਏ ਖੇਤਰਾਂ ‘ਚ ਰਾਹਤ ਕਾਰਜ ਜਾਰੀ ਹਨ ਤੇ ਇਸ ਦੌਰਾਨ ਮੈਦਾਨੀ ਇਲਾਕਿਆਂ ਨੂੰ ਖਾਲੀ ਕਰਾਉਂਦਿਆਂ ਹਜ਼ਾਰਾਂ ਲੋਕਾਂ ਨੂੰ ਸਿਖਰਲੇ ਮੈਦਾਨਾਂ ਵਿੱਚ ਪਹੁੰਚਾ ਦਿੱਤਾ ਗਿਆ ਹੈ।
ਸੁਨਾਮੀ ਨਾਲ ਪਿੰਡਾਂ ਦੇ ਪਿੰਡ ਤਬਾਹ : ਮੁਲਕ ਵਿਚ ਜਵਾਲਾਮੁਖੀ ਫਟਣ ਮਗਰੋਂ ਆਈ ਸੁਨਾਮੀ ਨਾਲ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਹਨ। ਕੁਝ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੁਦਰਤ ਦੇ ਕਹਿਰ ਨੂੰ ਅੱਖੀਂ ਵੇਖਿਆ ਹੈ ਤੇ ਸਭ ਕੁਝ ਸਕਿੰਟਾਂ ‘ਚ ਤਬਾਹ ਹੋ ਗਿਆ। ਮੋਟਰ ਬਾਈਕ ‘ਤੇ ਬੈਠੇ ਆਸੇਪ ਸੁਨਾਰੀਆ ਨੂੰ ਪਾਣੀ ਦੀ ਉੱਚੀ ਸਾਰੀ ਲਹਿਰ ਵੱਲੋਂ ਚੁੱਕ ਕੇ ਵਗਾਹ ਮਾਰਨ ਤੋਂ ਪਹਿਲਾਂ ਉਹਨੂੰ ਕੰਨਾਂ ‘ਚ ਮਹਿਜ਼ ਜ਼ੋਰਦਾਰ ਆਵਾਜ਼ ਹੀ ਸੁਣੀ। ਸੁਨਾਮੀ ਉਹਦੇ ਘਰ ਤੇ ਪਿੰਡ, ਜਿਸ ਨੂੰ ਉਹ ਸ਼ਨਿਚਰਵਾਰ ਰਾਤ ਤਕ ਆਪਣੀ ਮਾਤ ਭੂਮੀ ਆਖਦਾ ਸੀ, ਨੂੰ ਨਿਗਲ ਗਈ।
ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਆਸੇਪ ਨੇ ਕਿਹਾ, ‘ਮੈਨੂੰ ਵੱਡਾ ਝਟਕਾ ਲੱਗਿਆ। ਮੈਂ ਕਦੇ ਵੀ ਅਜਿਹੀ ਆਸ ਨਹੀਂ ਕੀਤੀ ਸੀ…ਸਾਨੂੰ ਕੋਈ ਚੇਤਾਵਨੀ ਵੀ ਨਹੀਂ ਮਿਲੀ,…ਪਹਿਲੀ ਨਜ਼ਰੇ ਸਾਨੂੰ ਲੱਗਿਆ ਕਿ ਸ਼ਾਇਦ ਇਹ ਪਾਣੀ ਦੀ ਵੱਡੀ ਸਾਰੀ ਛੱਲ ਸੀ ਪਰ ਫਿਰ ਪਾਣੀ ਦਾ ਪੱਧਰ ਬਹੁਤ ਉੱਚਾ ਪੁੱਜ ਗਿਆ।’
ਆਸੇਪ ਦੇ ਉਹਦਾ ਪਰਿਵਾਰ ਸੁਕਰਾਮੇ ਪਿੰਡ ਤੋਂ ਉੱਚੇ ਮੈਦਾਨਾਂ ‘ਤੇ ਜਾ ਪੁੱਜਾ ਹੈ ਤੇ ਉਨ੍ਹਾਂ ਕੋਲ ਮਹਿਜ਼ ਕੁਝ ਕੱਪੜੇ ਹੀ ਹਨ ਪਰ ਚੰਗੇ ਭਾਗਾਂ ਨੂੰ ਉਹ ਉਨ੍ਹਾਂ ਕੁਝ ਲੋਕਾਂ ‘ਚ ਸ਼ੁਮਾਰ ਹਨ, ਜਿਨ੍ਹਾਂ ਦੀ ਜਾਨ ਬਚ ਗਈ। ਸੁਨਾਰੀਆ ਨੇ ਕਿਹਾ, ‘ਮੇਰਾ ਪਰਿਵਾਰ ਤਾਂ ਸੁਰੱਖਿਅਤ ਹੈ, ਪਰ ਮੇਰਾ ਘਰ ਤਬਾਹ ਹੋ ਗਿਆ। ਸਭ ਕੁਝ ਚਲਾ ਗਿਆ।’ ਇਹ ਹੋਰ ਪਿੰਡ ਵਾਸੀ ਸੁਨਾਰਤੀ, ਜੋ ਤਬਾਹ ਹੋ ਚੁੱਕੇ ਆਪਣੇ ਘਰ ਦੇ ਬਾਹਰ ਗੋਡੇ-ਗੋਡੇ ਪਾਣੀ ਵਿਚ ਆਪਣਾ ਸਮਾਨ ਭਾਲ ਰਹੀ ਸੀ, ਨੇ ਕਿਹਾ, ‘ਮੈਨੂੰ ਹੁਣ ਉਨ੍ਹਾਂ ਦੇਹਾਂ ਦੀ ਤਲਾਸ਼ ਹੈ, ਜੋ ਅਜੇ ਤਕ ਨਹੀਂ ਲੱਭੀਆਂ। ਲੰਘੇ ਦਿਨ ਸਾਨੂੰ ਇਕ ਹੀ ਲਾਸ਼ ਮਿਲੀ ਸੀ ਤੇ ਅਸੀਂ ਉਨ੍ਹਾਂ ਥਾਵਾਂ ਨੂੰ ਵੇਖ ਰਹੇ ਹਾਂ, ਜਿੱਥੇ ਅਜੇ ਕੁਝ ਹੋਰ ਲਾਸ਼ਾਂ ਦੱਬੀਆਂ ਹੋ ਸਕਦੀਆਂ ਹਨ।’ ਸੁਨਾਰਤੀ ਨੇ ਕਿਹਾ, ਮੇਰੀ ਜ਼ਿੰਦਗੀ ਤਾਂ ਪਹਿਲਾਂ ਹੀ ਬੜੀ ਔਖੀ ਸੀ। ਅਸੀਂ ਬਹੁਤ ਗਰੀਬ ਹਾਂ ਤੇ ਹੁਣ ਇਹ ਭਾਣਾ ਵਾਪਰ ਗਿਆ।’ ਜੁਨਾਇਦੀ ਨਾਂ ਦੇ ਇਕ ਹੋਰ ਸ਼ਖ਼ਸ ਨੇ ਕਿਹਾ ਕਿ ਉਹਨੇ ਕੁਦਰਤ ਦੇ ਕਹਿਰ ਨੂੰ ਅੱਖੀਂ ਵੇਖਿਆ ਹੈ ਤੇ ਸਾਰਾ ਕੁਝ ਅੱਖ ਦੇ ਫੇਰ ਨਾਲ ਹੋ ਗਿਆ।’ ਉਂਜ ਇਨ੍ਹਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅਜੇ ਤਕ ਉਨ੍ਹਾਂ ਤੱਕ ਕੋਈ ਮਦਦ ਨਹੀਂ ਪੁੱਜੀ।