ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਜਾਗ੍ਰਿਤੀ ਯਾਤਰਾ’ ਪਟਨਾ ਸਾਹਿਬ ਪੁੱਜੀ

ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਜਾਗ੍ਰਿਤੀ ਯਾਤਰਾ’ ਪਟਨਾ ਸਾਹਿਬ ਪੁੱਜੀ

ਪਟਨਾ ਬਾਈਪਾਸ ਕਿਨਾਰੇ 90 ਏਕੜ ‘ਚ ਵਸਣ ਲਈ ਤਿਆਰ ਹੈ ਮਿੰਨੀ ਪੰਜਾਬ, 36 ਹਜ਼ਾਰ ਸ਼ਰਧਾਲੂਆਂ ਦੇ ਠਹਿਰਣ ਦਾ ਪ੍ਰਬੰਧ
ਪਟਨਾ/ਬਿਊਰੋ ਨਿਊਜ਼ :
ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਕਤੂਬਰ ਵਿਚ ਸ਼ੁਰੂ ਹੋਈ ‘ਜਾਗ੍ਰਿਤੀ ਯਾਤਰਾ’ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਇਤਿਹਾਸਿਕ ਗੁਰਦੁਆਰਿਆਂ ਵਿਚੋਂ ਹੁੰਦੀ ਹੋਈ, ਦੋ ਮਹੀਨਿਆਂ ਬਾਅਦ ਮੁੜ ਸ੍ਰੀ ਪਟਨਾ ਸਾਹਿਬ ਪੁੱਜ ਕੇ ਸਮਾਪਤ ਹੋ ਗਈ। ਇਸ ਯਾਤਰਾ ਦਾ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੁੱਜਣ ‘ਤੇ ਸੰਗਤਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਉਤਸਵ ਪਟਨਾ ਵਿਚ ਮਨਾਇਆ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਆਉਣਗੇ। ਇਸ ਲਈ 90 ਏਕੜ ਵਿਚ ਬਾਈਪਾਸ ਨੇੜੇ ਟੈਂਟ ਸਿਟੀ ਵਜੋਂ ਮਿੰਨੀ ਪੰਜਾਬ ਹੀ ਵਸਾ ਦਿੱਤਾ ਗਿਆ ਹੈ। ਕਰੀਬ ਦੋ ਹਜ਼ਾਰ ਟੈਂਟਾਂ ਵਿਚ ਫੋਮ ਦੇ ਗੱਦੇ ਤੇ ਰੰਗ ਬਰੰਗੀਆਂ ਚਾਦਰਾਂ ਵਿਛ ਗਈਆਂ ਹਨ। ਠੰਢ ਤੋਂ ਬਚਣ ਲਈ ਕੰਬਲ ਦੇ ਨਾਲ ਬਲੋਅਰ ਦਾ ਵੀ ਇੰਤਜ਼ਾਮ ਹੈ। ਟੈਂਟ ਸਿਟੀ ਵਿਚ ਕੰਮ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ 80 ਫ਼ੀਸਦੀ ਕੰਮ ਹੋ ਚੁੱਕਾ ਹੈ। ਅੰਤਿਮ ਛੋਹਾਂ, ਕਾਲੀਨ ਵਿਛਾਉਣ ਦਾ ਕੰਮ ਜਾਰੀ ਹੈ। ਇਸ ਦੌਰਾਨ ਹੀ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਪਟਨਾ ਸਾਹਿਬ ਵਿਖੇ ਪੁੱਜ ਕੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਪਟਨਾ ਸਾਹਿਬ ਵਿਖੇ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ। 13 ਅਕਤੂਬਰ ਨੂੰ ਇਥੋ ਸ਼ੁਰੂ ਹੋਈ ਜਾਗ੍ਰਿਤੀ ਯਾਤਰਾ ਵਿਚ ਵਿਸ਼ੇਸ਼ ਢੰਗ ਨਾਲ ਸਜੀ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੁਰਾਤਨ ਬੀੜ ਤੇ ਗੁਰੂ ਸਾਹਿਬ ਜੀ ਦੇ ਸਾਸ਼ਤਰ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਗਏ ਸਨ।  ਬਨਾਰਸ ਤੋਂ ਹੁੰਦੀ ਹੋਈ ਇਹ ਯਾਤਰਾ ਜਦੋਂ ਪਟਨਾ ਸਾਹਿਬ ਵੱਲ ਜਾ ਰਹੀ ਸੀ ਤਾਂ 32 ਕਿਲੋਮੀਟਰ ਅੱਗੋਂ ਆ ਕੇ ਸਿੱਖ ਨੌਜਵਾਨਾਂ ਦੇ ਵੱਡੇ ਜਥਿਆਂ ਜਿਹੜੇ ਮੋਟਰ ਸਾਈਕਲਾਂ ਤੇ ਕਾਰਾਂ ਉਪਰ ਸਵਾਰ ਸਨ, ਯਾਤਰਾ ਦੇ ਅੱਗੇ ਚੱਲਦਿਆਂ ਹੋਇਆ ਯਾਤਰਾ ਨੂੰ ਪਟਨਾ ਸਾਹਿਬ ਲੈ ਕੇ ਪੁੱਜੇ। ਤਖ਼ਤ ਸਾਹਿਬ ਤੋਂ ਇਕ ਕਿਲੋਮੀਟਰ ਅੱਗਿਉਂ ਯਾਤਰਾ ਨੂੰ ਬੈਂਡ ਬਾਜਿਆਂ ਦੀਆਂ ਧਾਰਮਿਕ ਧੁੰਨਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਲਿਆਂਦਾ ਗਿਆ। ਰਸਤੇ ਵਿਚ ਸਕੂਲੀ ਬੱਚਿਆਂ ਅਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਧਾਰਮਿਕ ਸ਼ਬਦ ਗਾਇਨ ਕੀਤੇ ਗਏ। ਇਸ ਯਾਤਰਾ ਦਾ ਗੁਰਦੁਆਰਾ ਬਾਲ ਲੀਲਾ ਮੋੜ ‘ਤੇ ਭਰਵਾਂ ਸਵਾਗਤ ਕਰਦਿਆਂ ਭੂਰੀ ਵਾਲੀ ਸੰਪਰਦਾਇ ਵੱਲੋਂ ਸੰਗਤਾਂ ਲਈ ਖੁੱਲ੍ਹੇ ਲੰਗਰ ਚਲਾਏ ਗਏ। ਯਾਤਰਾ ਦੇ ਸਵਾਗਤ ਵਿਚ ਸ਼ਾਮਲ ਭਾਈ ਇੰਦਰਜੀਤ ਸਿੰਘ ਯੂ. ਕੇ. ਨੇ ਦੱਸਿਆ ਕਿ ਤਖ਼ਤ ਸਾਹਿਬ ਪੁੱਜਣ ‘ਤੇ ਯਾਤਰਾ ਦਾ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਰਜਿੰਦਰ ਸਿੰਘ, ਮਹਿੰਦਰ ਸਿੰਘ ਛਾਬੜਾ, ਬੀਬੀ ਕੰਵਲਜੀਤ ਕੌਰ, ਚੇਅਰਮੈਨ ਗੁਰਿੰਦਰਪਾਲ ਸਿੰਘ, ਸ. ਅੰਮ੍ਰਿਤਪਾਲ ਸਿੰਘ ਅਤੇ ਬਾਬਾ ਅਵਤਾਰ ਸਿੰਘ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਯਾਤਰਾ ਦੇ ਸ਼ੁਰੂ ਹੋਣ ਤੋਂ ਸਮਾਪਤੀ ਤੱਕ ਨਾਲ ਰਹੇ ਸਿੰਘਾਂ ਤੇ ਕਮੇਟੀ ਮੈਂਬਰ ਭਾਈ ਸੁਲਿੰਦਰ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ।
ਸ੍ਰੀ ਨਿਤਿਸ਼ ਕੁਮਾਰ ਵੱਲੋਂ ਪਟਨਾ ਸਾਹਿਬ ਵਿਖੇ ਪੁੱਜ ਕੇ ਸ਼ਤਾਬਦੀ ਸਮਾਗਮਾਂ ਸਬੰਧੀ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਗਾਂਧੀ ਗਰਾਊਂਡ, ਜਿਥੇ ਸ਼ਤਾਬਦੀ ਸਬੰਧੀ ਮੁੱਖ ਸਮਾਗਮ ਹੋਣੇ ਹਨ, ਉਸ ਥਾਂ ‘ਤੇ ਬਣ ਰਹੇ ਵਿਸ਼ਾਲ ਪੰਡਾਲ, ਚੁਫ਼ੇਰੇ ਸੰਗਤਾਂ ਦੀ ਰਿਹਾਇਸ਼ ਲਈ ਹੋ ਰਹੇ ਪ੍ਰਬੰਧਾਂ, ਸੰਗਤਾਂ ਲਈ ਲੰਗਰ ਵਾਸਤੇ ਹੋ ਰਹੇ ਪ੍ਰਬੰਧਾਂ ਸਮੇਤ ਸ਼ਹਿਰ ਦੀ ਸਫ਼ਾਈ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਸਮੁੱਚੇ ਪ੍ਰਬੰਧਾਂ ਨੂੰ ਬਹੁਤ ਹੀ ਬਾਰੀਕੀ ਨਾਲ ਦੇਖਿਆ ਅਤੇ ਸੁਝਾਅ ਵੀ ਦਿੱਤੇ। ਮੁੱਖ ਮੰਤਰੀ ਵੱਲੋਂ ਪਟਨਾ ਸਾਹਿਬ ਦੀਆਂ ਗਲੀਆਂ ਵਿਚ ਜਾ ਕੇ ਵੀ ਸਫ਼ਾਈ ਦੇ ਚੱਲ ਰਹੇ ਪ੍ਰਬੰਧ ਦੇਖੇ ਗਏ। ਉਨ੍ਹਾਂ ਗੁਰਦੁਆਰਾ ਕੰਗਨਘਾਟ ਸਾਹਿਬ ਵਿਖੇ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਯੂ.ਕੇ. ਵੱਲੋਂ ਲਗਾਏ ਜਾ ਰਹੇ ਵਿਸ਼ਾਲ ਲੰਗਰਾਂ ਦੇ ਪ੍ਰਬੰਧਾਂ ਨੂੰ ਵੀ ਦੇਖਿਆ ਅਤੇ ਸਮੁੱਚੇ ਕੰਮਾਂ ਨੂੰ ਪੂਰੀ ਤੇਜ਼ੀ ਨਾਲ ਨੇਪਰੇ ਚਾੜ੍ਹਨ ਬਾਰੇ ਆਖਿਆ।