ਡੇਰਾ ਸਮਰਥਕਾਂ ਦੀ ਹਿੰਸਾ ਨੂੰ ਕਾਬੂ ਪਾਉਣ ਦੌਰਾਨ ਪੁਲੀਸ ਫਾਇਰਿੰਗ ‘ਚ 31 ਮੌਤਾਂ, 250 ਜ਼ਖ਼ਮੀ

ਡੇਰਾ ਸਮਰਥਕਾਂ ਦੀ ਹਿੰਸਾ ਨੂੰ ਕਾਬੂ ਪਾਉਣ ਦੌਰਾਨ ਪੁਲੀਸ ਫਾਇਰਿੰਗ ‘ਚ 31 ਮੌਤਾਂ, 250 ਜ਼ਖ਼ਮੀ

ਸਿਰਸਾ ਵਿੱਚ ਪੁਲੀਸ ਦੀ ਗੋਲੀ ਨਾਲ ਤਿੰਨ ਮੌਤਾਂ

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਡੇਰਾ ਹਮਾਇਤੀਆਂ ਨੂੰ ਦਿੱਤੀ ਕਲੀਨ ਚਿੱਟ; ਕਿਹਾ- ਹਿੰਸਾ ‘ਚ ਡੇਰੇ ਦਾ ਕੋਈ ਹੱਥ ਨਹੀਂ

ਪੰਚਕੂਲਾ/ਬਿਊਰੋ ਨਿਊਜ਼:
ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਮਗਰੋਂ ਡੇਰਾ ਹਮਾਇਤੀ ਵਲੋਂ ਜੰਮ ਕੇ ਹਿੰਸਾ ਕੀਤੀ। ਹਿੰਸਾ ‘ਤੇ ਕਾਬੂ ਪਾਉਣ ਦੌਰਾਨ ਪੁਲੀਸ ਫਾਇਰਿੰਗ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ 31 ਹੋ ਗਈ ਹੈ ਤੇ 250 ਦੇ ਕਰੀਬ ਜ਼ਖਮੀ ਹੋ ਗਏ ਹਨ। ਸਿਰਸਾ ਵਿੱਚ ਵੀ ਪੁਲੀਸ ਦੀ ਗੋਲੀ ਨਾਲ 3 ਮੌਤਾਂ ਹੋ ਗਈਆਂ ਜਦਕਿ 7 ਜਣੇ ਫੱਟੜ ਹੋ ਗਏ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਹਰਿਆਣਾ ਕੈਬਨਿਟ ਦੀ ਹੰਗਾਮੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਚਕੂਲਾ ਵਿੱਚ ਹੋਈ ਹਿੰਸਾ ਲਈ ਡੇਰਾ ਸੱਚਾ ਸੌਦਾ ਹਮਾਇਤੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਖ਼ਿਲਾਫ ਫ਼ੈਸਲੇ ਮਗਰੋਂ ਕਥਿਤ ਸਮਾਜ ਵਿਰੋਧੀ ਅਨਸਰਾਂ ਨੇ ਡੇਰਾ ਪ੍ਰੇਮੀਆਂ ਵਿੱਚ ਰਲ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ।
ਉਧਰ ਅਦਾਲਤੀ ਫ਼ੈਸਲੇ ‘ਤੇ ਡੇਰੇ ਦੇ ਤਰਜਮਾਨ ਡਾ. ਦਿਲਾਵਰ ਇੰਸਾਂ ਨੇ ਕਿਹਾ ਕਿ ਡੇਰਾ ਮੁਖੀ ਨਾਲ ‘ਨਾਇਨਸਾਫ਼ੀ’ ਹੋਈ ਹੈ। ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਜਾਵੇਗੀ। ਡੇਰਾ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ਹਿੰਸਾ ਬਾਰੇ ਉਨ੍ਹਾਂ ਕਿਹਾ, ‘ਨੌਜਵਾਨ ਡੇਰਾ ਪੈਰੋਕਾਰਾਂ ਨੂੰ ਰੋਕਣ ਲਈ ਅਸੀਂ ਪੂਰੀ ਵਾਹ ਲਗਾ ਰਹੇ ਹਾਂ, ਜੋ ਫ਼ੈਸਲੇ ਬਾਅਦ ਭੜਕੇ ਹੋਏ ਹਨ, ਪਰ ਉਹ ਸਾਡੇ ਤੋਂ ਬਾਹਰ ਹੋ ਗਏ ਹਨ।’ ਉਨ੍ਹਾਂ ਨੇ ਡੇਰੇ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦਾ ਜ਼ਿਕਰ ਵੀ ਕੀਤਾ।
ਸਿਰਸਾ :ਬਲਾਤਕਾਰ ਦੇ ਮਾਮਲੇ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਆਏ ਫੈਸਲੇ ਬਾਅਦ ਰੋਹ ਵਿੱਚ ਆਏ ਬੇਕਾਬੂ ਹੋਏ ਡੇਰਾ ਪ੍ਰੇਮੀਆਂ ਨੂੰ ਖਿਡਾਉਣ ਲਈ ਪੁਲੀਸ ਵੱਲੋਂ ਚਲਾਈ ਗੋਲੀ ਵਿੱਚ ਇੱਥੇ ਤਿੰਨ ਵਿਅਕਤੀ ਮਾਰੇ ਗਏ ਅਤੇ ਸੱਤ ਫੱਟੜ ਹੋ ਗਏ। ਇੱਕ ਗੰਭੀਰ ਜ਼ਖ਼ਮੀ ਨੂੰ ਮਹਾਰਾਜਾ ਅਗਰਸੈਨ ਹਸਪਤਾਲ ਅਗਰੋਹਾ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੌਰਾਨ ਹੀ ਪ੍ਰੇਮੀਆਂ ਵੱਲੋਂ ਇੱਕ ਚੈਨਲ ਦੀ ਵੈਨ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਖ਼ਬਰ ਹੈ। ਇਸ ਘਟਨਾ ਵਿੱਚ ਚੈਨਲ ਦਾ ਇੱਕ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਦਾਅਵਾ ਕੀਤਾ ਹੈ ਕਿ ਪਹਿਲਾਂ ਗੋਲੀ ਡੇਰਾ ਪ੍ਰੇਮੀਆਂ ਵੱਲੋਂ ਚਲਾਈ ਗਈ। ਪੰਚਕੂਲਾ ਦੀ ਸੀਬੀਆਈ ਅਦਾਲਤ ਦੇ ਫੈਸਲੇ ਦੇ ਮੱਦੇਨਜ਼ਰ ਪਿਛਲੀ ਰਾਤ ਤੋਂ ਹੀ ਡੇਰੇ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਹੋਏ ਹਨ। ਡੇਰੇ ਦੇ ਬੁਲਾਰੇ ਨੇ ਸ਼ਰਧਾਲੂਆਂ ਦੀ ਗਿਣਤੀ 5 ਲੱਖ ਦੱਸੀ ਹੈ।
ਪੰਜ ਹਜ਼ਾਰ ਦੇ ਕਰੀਬ ਡੇਰਾ ਪ੍ਰੇਮੀ ਇੱਕੱਠੇ ਹੋ ਕੇ ਵਾਹਨਾਂ ਵਿੱਚ ਅਤੇ ਪੈਦਲ ਘੁੰਮਣ ਲੱਗੇ। ਉਨ੍ਹਾਂ ਨੇ ਵੀਟਾ ਮਿਲਕ ਪਲਾਂਟ ਨੂੰ ਨੁਕਸਾਨ ਪਹੁੰਚਾਇਆ ਅਤੇ ਸਿਰਸਾ ਤੋਂ 9 ਕਿਲੋਮੀਟਰ ਦੂਰ ਇੱਕ ਬਿਜਲੀ ਘਰ ਨੂੰ ਅੱਗ ਲਾ ਦਿੱਤੀ ਅਤੇ ਰਸਤੇ ਵਿੱਚ ਸਰਸੇ ਤੋਂ ਦੋ ਕਿਲੋਮੀਟਰ ਦੂਰ ਲੱਗੇ ਇੱਕ ਬੇਰੀਕੇਡ ਉੱਤੇ ਉਨ੍ਹਾਂ ਦੀ ਪੁਲੀਸ ਅਤੇ ਅਰਧ ਸੁਰੱਖਿਆ ਬਲਾਂ ਦੇ ਨਾਲ ਉਦੋਂ ਝੜਪ ਹੋ ਗਈ ਜਦੋਂ ਉਹ ਸ਼ਹਿਰ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਪ੍ਰੇਮੀਆਂ ਨੇ ਇੱਕ ਫੈਕਟਰੀ ਦੀ ਕੰਧ ਤੋੜ ਕੇ ਸ਼ਹਿਰ ਵੱਲ ਜਾਣ ਰਸਤਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। ਇੱਥੇ ਪਹਿਲਾਂ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਬਾਅਦ ਵਿੱਚ ਜਦੋਂ ਮੁੜ ਡੇਰਾ ਪ੍ਰੇਮੀ ਇਕੱਠੇ ਹੋ ਕੇ ਬੇਰੀਕੇਡ ਵੱਲ ਵਧੇ ਤਾਂ ਪੁਲੀਸ ਨੇ ਹਵਾਈ ਫਾਇਰ ਕੀਤੇ ਜਦੋਂ ਕਿਸੇ ਨੇ ਪ੍ਰੇਮੀਆਂ ਦੀ ਭੀੜ ਵਿੱਚੋਂ ਸੁਰੱਖਿਆ ਬਲਾਂ ਉੱਤੇ ਗੋਲੀ ਚਲਾਈ ਤਾਂ ਜਵਾਬੀ ਗੋਲੀਬਾਰੀ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਅਤੇ ਤਿੰਨ ਜ਼ਖ਼ਮੀ ਹੋ ਗਏ। ਇਹ ਘਟਨਾਵਾਂ ਡੇਰਾ ਮੁਖੀ ਦੇ ਪੰਚਕੂਲਾ ਨੂੰ ਰਵਾਨਾ ਹੋਣ ਬਾਅਦ ਸ਼ੁਰੂ ਹੋਈਆਂ।
ਰਾਜਸਥਾਨ ‘ਚ ਪੰਜਾਬ ਤੇ ਹਿਮਾਚਲ ਦੇ ਵਿਦਿਆਰਥੀ ਫ਼ਸੇ :
ਸਿਰਸਾ : ਰਾਜਸਥਾਨ ਵਿੱਚ ਹਾਕੀ ਟੂਰਨਾਮੈਂਟ ਖੇਡਣ ਗਏ ਲਾਰੈਂਸ ਸਕੂਲ ਸਨਾਵਰ, ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ, ਵਾਈਪੀਐਸ ਮੁਹਾਲੀ ਅਤੇ ਪੰਜਾਬ ਪਬਲਿਕ ਸਕੂਲ ਨਾਭਾ ਦੇ 50 ਵਿਦਿਆਰਥੀ ਡੇਰਾ ਸਿਰਸਾ ਮੁਖੀ ਕਾਰਨ ਪੈਦਾ ਹੋਏ ਹਿੰਸਕ ਮਾਹੌਲ ਕਾਰਨ ਉਥੇ ਹੀ ਫਸ ਗਏ ਹਨ। ਇਨ੍ਹਾਂ ਵਿਦਿਆਰਥੀਆਂ ਨੇ ਗੋਟਾਂ (ਰਾਜਸਥਾਨ) ਤੋਂ ਵਾਪਸੀ ਦਾ ਸਫ਼ਰ ਸ਼ੁਰੂ ਕੀਤਾ ਸੀ ਪਰ ਕੁਝ ਕਿਲੋਮੀਟਰ ਬਾਅਦ ਰੇਲਗੱਡੀ ਰੋਕ ਦਿੱਤੀ ਗਈ ਤੇ ਵਾਪਸ ਜੋਧਪੁਰ ਚਲੀ ਗਈ। ਉਥੋਂ ਇਹ ਵਿਦਿਆਰਥੀ ਬੱਸ ਵਿੱਚ ਗੋਟਾਂ ਪੁੱਜੇ ਤੇ ਇਸ ਵੇਲੇ ਉਥੇ ਹੀ ਹਨ। ਉਨ੍ਹਾਂ ਦੀ ਵਾਪਸੀ ਬਾਰੇ ਹਾਲੇ ਕੁਝ ਵੀ ਸਪਸ਼ਟ ਨਹੀਂ ਹੈ।
ਭੀੜ ਵੱਲੋਂ ਪੱਤਰਕਾਰਾਂ ਉੱਤੇ ਹਮਲਾ :
ਸਿਰਸਾ :ਸਿਰਸਾ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਵਿੱਚ ਕਰਫਿਊ ਵੀ ਜਾਰੀ ਰਿਹਾ। ਭੀੜ ਨੇ ‘ਆਜ ਤਕ’ ਅਤੇ ਐਨ.ਡੀ.ਵੀ. ਚੈਨਲਾਂ ਦੀਆਂ ਵੈਨਾਂ ਨੂੰ ਅੱਗ ਲਾ ਦਿੱਤੀ ਅਤੇ ਪੱਤਰਕਾਰਾਂ ਉੱਤੇ ਹਮਲਾ ਕਰ ਦਿੱਤਾ ਅਤੇ ਦੋ ਪੱਤਰਕਾਰ ਮਮੂਲੀ ਜ਼ਖ਼ਮੀ ਹੋ ਗਏ। ਸਿਰਸਾ ਸ਼ਹਿਰ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਸਿਰਸਾ ਵਿੱਚ ਕਰਫਿਊ ਲੱਗਾ ਹੋਣ ਕਰਕੇ ਰੇਲ ਗੱਡੀਆਂ ਅਤੇ ਬੱਸਾਂ ਵੀ ਬੰਦ ਰਹੀਆਂ ਜਿਸ ਕਰਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ।
ਇਸ ਦੌਰਾਨ ਸਿਰਸਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਨੇ ਪੁਸ਼ਟੀ ਕੀਤੀ ਕਿ ਫੌਜ ਦੀਆਂ ਪੰਜ ਕੰਪਨੀਆਂ ਭੇਜਣ ਲਈ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਸੀ। ਪ੍ਰਸ਼ਾਸਨ ਦੀ ਮੰਗ ਉੱਤੇ ਫੌਜ ਪੁੱਜ ਗਈ।