ਅਕਾਲੀ ਮੈਨੀਫੈਸਟੋ : ਪਿਛਲੇ ਦਾਅਵੇ 30 ਫ਼ੀਸਦੀ ਵੀ ਪੂਰੇ ਨਹੀਂ, ਇਸ ਵਾਰ ਵਾਅਦੇ ਦੁੱਗਣੇ ਕੀਤੇ

ਅਕਾਲੀ ਮੈਨੀਫੈਸਟੋ : ਪਿਛਲੇ ਦਾਅਵੇ 30 ਫ਼ੀਸਦੀ ਵੀ ਪੂਰੇ ਨਹੀਂ, ਇਸ ਵਾਰ ਵਾਅਦੇ ਦੁੱਗਣੇ ਕੀਤੇ

ਹੁਣ ਤੱਕ ਨਸ਼ਿਆਂ ਤੋਂ ਮੁਨਕਰ ਬਾਦਲ ਸਰਕਾਰ ਨੇ ਕੀਤਾ ਸਪੈਸ਼ਲ ਟਾਸਕ ਫੋਰਸ ਬਣਾਉਣ ਦਾ ਵਾਅਦਾ
20 ਲੱਖ ਨੌਕਰੀਆਂ, ਵਾਈਫਾਈ, ਏਅਰਪੋਰਟ ਤੇ ਆਟਾ-ਦਾਲ ਨਾਲ ਸਸਤੇ ਘਿਓ ਦਾ ਵਾਅਦਾ
ਲੁਧਿਆਣਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਮੁਫ਼ਤ ਲੈਪਟੌਪ, ਡਾਟਾ ਕਾਰਡ, ਵਾਈਫਾਈ, ਗਰੀਬਾਂ ਲਈ ਗੈਸ ਕੁਨੈਕਸ਼ਨ ਅਤੇ ਪੰਜ ਮਰਲੇ ਦੇ ਪਲਾਣ ਦੇਣ ਦੇ 2012 ਦੇ ਮੈਨੀਫੈਸਟੋ ਦੇ ਦਾਅਵੇ ‘ਤੇ ਤਾਂ ਖ਼ਰਾ ਨਹੀਂ ਉਤਰਿਆ, ਇਸ ਵਾਰ ਫੇਰ ਅਜਿਹੇ ਹੀ ਕਈ ਵਾਅਦੇ ਕੀਤੇ ਗਏ ਹਨ। ਪਿਛਲੀ ਵਾਰ ਦੇ 10 ਮੁੱਖ ਵਾਅਦਿਆਂ ਵਿਚੋਂ ਸਿਰਫ਼ ਤਿੰਨ ਹੀ ਪੂਰੇ ਹੋਏ ਹਨ। ਜਿਵੇਂ ਲੁਧਿਆਣਾ ਮੈਟਰੋ ਤੇ ਅੰਮ੍ਰਿਤਸਰ ਵਿਚ ਪੋਡ ਕੈਬਜ਼ ਚਲਾਉਣ ਦਾ ਵਾਅਦਾ ਸੀ। ਇਸ ਵਾਰ ਸੂਬੇ ਵਿਚ ਹਰ 100-150 ਕਿਲੋਮੀਟਰ ਦੇ ਦਾਇਰੇ ਵਿਚ ਏਅਰਪੋਰਟ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਬਾਦਲ ਸਰਕਾਰ ਵਲੋਂ ਪਿਛਲੀ ਵਾਰ ਕੀਤੇ ਗਏ ਦਾਅਵੇ 30 ਫ਼ੀਸਦੀ ਵੀ ਪੂਰੇ ਨਹੀਂ ਹੋਏ ਪਰ ਇਸ ਵਾਰ ਵਾਅਦੇ ਦੁੱਗਣੇ ਕਰ ਦਿੱਤੇ ਹਨ। ਅਕਾਲੀ ਦਲ ਨੇ ਇੱਥੇ ਪੰਜਾਬ ਵਿਧਾਨ ਸਭਾ ਚੋਣਾਂ- 2017 ਲਈ ਜਾਰੀ ਕੀਤੇ ਗਏ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਿਆਂ ਅਤੇ ਰਿਆਇਤਾਂ ਦੀ ਵਰਖਾ ਕਰ ਦਿੱਤੀ ਹੈ। ਚੋਣ ਮਨੋਰਥ ਪੱਤਰ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਜਾਰੀ ਕੀਤਾ। 52 ਸਫਿਆਂ ਦੇ ਇਸ ਪੱਤਰ ਦਾ ਵਿਸ਼ਲੇਸ਼ਣ ਕਰਦਿਆਂ ਸ੍ਰੀ ਬਾਦਲ ਨੇ ਦਾਅਵਾ ਕੀਤਾ ਕਿ ਤੀਜੀ ਵਾਰ ਬਣਨ ਜਾ ਰਹੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦਾ ਮੁੱਖ ਮਕਸਦ ਪੰਜਾਬ ਦੇ ਇਨਫਰਾਸਟਰੱਕਚਰ ਨੂੰ ਵਿਸ਼ਵ ਪੱਧਰੀ ਤਰੀਕੇ ਨਾਲ ਵਿਕਸਿਤ ਕਰਨਾ ਹੋਵੇਗਾ। ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇਗਾ, ਡੇਢ ਸੌ ਕਿਲੋਮੀਟਰ ਦੇ ਘੇਰੇ ਵਿੱਚ ਜਹਾਜ਼ਾਂ ਦੇ ਅੱਡੇ ਬਣਾਏ ਜਾਣਗੇ, ਲੋਕਾਂ ਨੂੰ ਸੁਰੱਖਿਆ ਕਵਚ ਦੇਣ ਲਈ ਪਿੰਡਾਂ-ਸ਼ਹਿਰਾਂ ਦੀਆਂ ਹੱਦਾਂ ‘ਤੇ ਸੀਸੀਟੀਵੀ ਕੈਮਰੇ ਲਾਏ ਜਾਣਗੇ, 20 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ, ਸਨਅਤੀ ਹੱਬ ਬਣਾਏ ਜਾਣਗੇ ਅਤੇ ਨਿਊ ਚੰਡੀਗੜ੍ਹ ਤੇ ਅੰਮ੍ਰਿਤਸਰ ਸ਼ਹਿਰ ਸੈਰ-ਸਪਾਟੇ ਨੂੰ ਸਮਰਪਿਤ ਹੋਣਗੇ।
ਸ੍ਰੀ ਬਾਦਲ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬ ਦੇ ਵੱਡੇ-ਛੋਟੇ 160 ਸ਼ਹਿਰਾਂ ਕਸਬਿਆਂ ਵਿੱਚ ਸੀਵਰੇਜ, ਪਾਣੀ ਅਤੇ ਅੰਦਰੂਨੀ ਸੜਕਾਂ  ਨੂੰ 90 ਫੀਸਦੀ ਆਧੁਨਿਕ ਦਿੱਖ ਪ੍ਰਦਾਨ ਕੀਤੀ ਗਈ ਹੈ। ਬਾਕੀ ਰਹਿੰਦਾ ਕੰਮ ਅਗਲੇ ਇੱਕ ਸਾਲ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ 12000 ਪਿੰਡਾਂ ਨੂੰ ਆਧੁਨਿਕ ਇਨਫਰਾਸਟੱਕਚਰ ਨਾਲ ਜੋੜ ਕੇ ਪਿੰਡਾਂ ਤੇ ਸ਼ਹਿਰਾਂ ਦੇ ਫਰਕ ਨੂੰ ਖ਼ਤਮ ਕੀਤਾ ਜਾਵੇਗਾ, ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਨਾਲ 5 ਏਕੜ ਵਾਲੇ ਕਿਸਾਨਾਂ ਨੂੰ ਬਿਨਾਂ ਵਿਆਜ  2 ਲੱਖ ਰੁਪਏ ਤੱਕ ਕਰਜ਼ੇ ਦੀਆਂ ਲਿਮਟਾਂ ਬਣਾ ਕੇ ਦਿੱਤੀਆਂ ਜਾਣਗੀਆਂ ਤੇ ਵਿਆਜ ਦੇ ਪੈਸੇ ਸਰਕਾਰ ਸਰਕਾਰ ਅਦਾ ਕਰੇਗੀ। ਕਿਸਾਨਾਂ ਨੂੰ ਮੁਫ਼ਤ  ਬਿਜਲੀ ਅੱਠ ਦੀ ਥਾਂ 10 ਘੰਟੇ ਦਿੱਤੀ ਜਾਵੇਗੀ, ਮੁਹਾਲੀ ਅਤੇ ਅੰਮ੍ਰਿਤਸਰ ਆਈ.ਟੀ. ਹੱਬ ਬਣਾਏ ਜਾਣਗੇ, ਰਾਜਪੁਰੇ ਵਿੱਚ ਢਾਈ ਸੌ ਏਕੜ ਜ਼ਮੀਨ ਵਿੱਚ ਇੰਡਸਟ੍ਰੀਅਲ ਹੱਬ ਬਣੇਗਾ। ਹਰ ਜ਼ਿਲ੍ਹੇ ਵਿੱਚ ਗਰੀਬ ਬੱਚਿਆਂ ਲਈ ਮੈਰੀਟੋਰੀਅਸ ਸਕੂਲ ਖੋਲ੍ਹੇ ਜਾਣਗੇ, ਸਰਕਾਰੀ ਸਕੂਲਾਂ ਦੇ 12ਵੀਂ ਪਾਸ ਟੌਪਰ ਬੱਚਿਆਂ ਨੂੰ ਸਰਕਾਰ ਵਿਦੇਸ਼ਾਂ ਵਿੱਚ ਮੁਫਤ ਪੜ੍ਹਾਈ ਲਈ ਭੇਜੇਗੀ, ਸ਼ਗਨ ਸਕੀਮ 51000 ਰੁਪਏ ਕੀਤੀ ਜਾਵੇਗੀ। ਉਨ੍ਹਾਂ ਅੰਤ ਵਿੱਚ ਕਿਹਾ ਕਿ ਆਟਾ-ਦਾਲ ਦੇ ਨਾਲ ਖੰਡ 10 ਰੁਪਏ ਅਤੇ ਘਿਉ 25 ਰੁਪਏ ਕਿਲੋ ਦਿੱਤਾ ਜਾਵੇਗਾ। ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵੀ ਹਾਜ਼ਰ ਸਨ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ਦੀ ਗੱਲਬਾਤ ਹੋ ਚੁੱਕੀ ਹੈ। ਕਾਂਗਰਸ ਵਾਲੇ ਕੈਪਟਨ ਨੂੰ ਤਾਂ ਐਵੇਂ ਹੀ ਤੋਰੀ ਫਿਰਦੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਤਾਂ ਕੈਪਟਨ ਨਾਲ ਕੋਈ ਰਿਸ਼ਤੇਦਾਰੀ ਨਹੀਂ ਪੈਂਦੀ ਪ੍ਰੰਤੂ ਫੂਲਕਾ ਤੇ ਜਗਦੀਸ਼ ਟਾਈਟਲਰ ਦੇ ਆਪਸੀ ਕਾਰੋਬਾਰ ਜ਼ਰੂਰ ਸਾਂਝੇ ਹਨ।

ਕੈਪਟਨ ਬੋਲੇ- ਅਕਾਲੀ ਮੈਨੀਫੈਸਟੋ ਝੂਠ ਦਾ ਪੁਲੰਦਾ :
ਬਠਿੰਡਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰ ਨੂੰ ਝੂਠ ਦਾ ਪੁਲੰਦਾ ਦੱਸਿਆ ਹੈ, ਜੋ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਹੈ। ਉਨ੍ਹਾਂ ਜਾਰੀ ਬਿਆਨ ਵਿੱਚ ਆਖਿਆ ਕਿ ਅਕਾਲੀ ਸਰਕਾਰ ਪਿਛਲੀਆਂ ਚੋਣਾਂ ਵਿੱਚ ਕੀਤੇ 20 ਫ਼ੀਸਦੀ ਵਾਅਦੇ ਵੀ ਪੂਰੇ ਨਹੀਂ ਕਰ ਸਕੀ ਹੈ। ਕਿਸਾਨਾਂ ਦੀ ਕਰਜ਼ਾ ਮੁਆਫੀ ਦੀ ਏਨੇ ਵਰ੍ਹੇ ਅਕਾਲੀ ਦਲ ਨੂੰ ਯਾਦ ਨਾ ਆਈ ਅਤੇ ਹੁਣ ਚੋਣਾਂ ਮੌਕੇ ਫੋਕੇ ਵਾਅਦੇ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਦਸ ਵਰ੍ਹਿਆਂ ਦਾ ਅਕਾਲੀ ਰਾਜ ਦੇਖ ਹੀ ਲਿਆ ਹੈ। ਅਕਾਲੀ ਸਰਕਾਰ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ। ਹੁਣ ਲੋਕ ਝੂਠੇ ਵਾਅਦਿਆਂ ‘ਤੇ ਵਿਸ਼ਵਾਸ ਨਹੀਂ ਕਰਨਗੇ।