ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ

ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ

ਦੇਹਰਾਦੂਨ/ਬਿਊਰੋ ਨਿਊਜ਼ :
ਵਿਸ਼ਵ ਪ੍ਰਸਿੱਧ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 25 ਮਈ ਨੂੰ ਸੰਗਤਾਂ ਲਈ ਖੋਲ੍ਹ ਦਿੱਤੇ ਜਾਣਗੇ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉੱਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਕੇ 10 ਅਕਤੂਬਰ ਤੱਕ ਚੱਲੇਗੀ। ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਹਾਲ ਵਿਚ ਕੀਤਾ ਜਾਵੇਗਾ। 25 ਮਈ ਨੂੰ ਸਾਢੇ ਬਾਰਾਂ ਵਜੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚ ਪਹਿਲੀ ਅਰਦਾਸ ਹੋਵੇਗੀ, ਜਿਸ ਲਈ ਮੈਨੇਜਮੈਂਟ ਟਰੱਸਟ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਮਾਰਗ ‘ਤੇ ਬਰਫ ਹਟਾਉਣ ਦਾ ਕੰਮ ਭਾਰਤੀ ਸੈਨਾ 418 ਇਨਫੈਂਟਰੀ ਇੰਜੀਨੀਅਰ ਸੂਬੇਦਾਰ ਇਕਬਾਲ ਸਿੰਘ ਦੀ ਅਗਵਾਈ ਵਿਚ 50 ਤੋਂ ਵੱਧ ਜਵਾਨ ਤੇ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀ ਅਪ੍ਰੈਲ ਦੇ ਅਖੀਰ ਵਿਚ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਯਾਤਰਾ ਮਾਰਗ ‘ਤੇ ਪੈਣ ਵਾਲੇ ਟਰੱਸਟ ਦੇ ਸਾਰੇ ਗੁਰਦੁਆਰਾ ਸਾਹਿਬ ਵਿਚ ਪਹਿਲਾਂ ਵਾਂਗ ਰਹਿਣ ਦੇ ਪ੍ਰਬੰਧ, ਲੰਗਰ ਤੇ ਮੈਡੀਕਲ ਸਹੂਲਤ ਸੰਗਤਾਂ ਲਈ ਉਪਲੱਬਧ ਹੋਣਗੇ। ਬਿੰਦਰਾ ਨੇ ਕਿਹਾ ਕਿ ਸਾਲ 2016 ਵਿਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਚ 2 ਲੱਖ ਤੋਂ ਵੱਧ ਸੰਗਤਾਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ। ਇਸ ਸਾਲ ਵੀ ਸਾਰੀਆਂ ਸੜਕਾਂ ਤੇ ਪੁਲਾਂ ਦਾ ਨਿਰਮਾਣ ਹੋਣ ਕਾਰਨ ਯਾਤਰਾ ‘ਤੇ ਕਈ ਲੱਖਾਂ ਸੰਗਤਾਂ ਦੇ ਆਉਣ ਦਾ ਅਨੁਮਾਨ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਗੋਬਿੰਦ ਘਾਟ ਦੇ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਸ਼ਾਮ ਹੋਈ ਭਾਰੀ ਬਰਫਰਾਰੀ ਹੋਣ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪਰਿਸਰ ਤੇ ਯਾਤਰਾ ਮਾਰਗਾਂ ‘ਤੇ ਕਰੀਬ 8 ਤੋਂ 10 ਫੁੱਟ ਬਰਫ ਜੰਮ ਗਈ ਹੈ, ਜਿਸ ਨਾਲ ਖੇਤਰ ਵਿਚ ਸੀਤ ਲਹਿਰ ਹੋਰ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਲਈ ਹੈਲੀਕਾਪਟਰ ਸੇਵਾ ਤੇ ਗੁਰਦੁਆਰਾ ਸਾਹਿਬ ਵਿਚ ਰਹਿਣ ਦਾ ਵੀ ਸੰਗਤਾਂ ਲਈ ਪੂਰਾ ਪ੍ਰਬੰਧ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਦੇ ਪ੍ਰਬੰਧਕ ਦਰਸ਼ਨ ਸਿੰਘ ਨੇ ਦੱਸਿਆ ਕਿ ਰਿਸ਼ੀਕੇਸ਼ ਸਥਿਤ ਗੁਰਦੁਆਰਾ ਸਾਹਿਬ ਵਿਚ 8 ਤੋਂ 10 ਹਜ਼ਾਰ ਸੰਗਤਾਂ ਰਹਿ ਸਕਦੀਆਂ ਹਨ, ਜਦਕਿ ਗੁਰਦੁਆਰੇ ਵਿਚ 100 ਤੋਂ ਵੱਧ ਏ.ਸੀ. ਕਮਰਿਆਂ ਦਾ ਵੀ ਸੰਗਤਾਂ ਲਈ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਕ੍ਰਿਪਾ ਨਾਲ ਇਸ ਸਾਲ ਸੰਗਤਾਂ ਦੇ ਵੱਧ ਆਉਣ ਦੀ ਉਮੀਦ ਹੈ, ਦੇਸ਼ਾਂ-ਵਿਦੇਸ਼ਾਂ ਤੋਂ ਸੰਗਤਾਂ ਯਾਤਰਾ ਲਈ ਫੋਨ ਰਾਹੀਂ ਜਾਣਕਾਰੀ ਲੈ ਰਹੀਆਂ ਹਨ।