ਸੈਲਮਾ ਵਿਖੇ 23ਵੇਂ ਸਾਲਾਨਾ ਨਗਰ ਕੀਰਤਨ ਨੇ ਬਿਖੇਰਿਆ ਖਾਲਸਾਈ ਰੰਗ

ਸੈਲਮਾ ਵਿਖੇ 23ਵੇਂ ਸਾਲਾਨਾ ਨਗਰ ਕੀਰਤਨ ਨੇ ਬਿਖੇਰਿਆ ਖਾਲਸਾਈ ਰੰਗ

ਫਰਿਜ਼ਨੋ/ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ :
ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਸੈਲਮਾ ਦੇ ਗੁਰਦੁਆਰਾ ‘ਸਿੱਖ ਸੈਂਟਰ ਆਫ ਪੈਸੀਫਿਕ ਕੋਸਟ’ ਵਿਖੇ ਸੈਂਟਰਲ ਵੈਲੀ ਵਿਚ ਵਿਸਾਖੀ ਨੂੰ ਸਮਰਪਿਤ 23ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਸਿੱਖ ਸੰਗਤਾਂ ਅਤੇ ਰਾਗੀ-ਢਾਡੀ, ਕਥਾ ਵਾਚਕ, ਕੀਰਤਨੀ ਜੱਥਿਆਂ ਨੇ ਸ਼ਿਰਕਤ ਕੀਤੀ। ਸਵੇਰ ਸਮੇਂ ਗੁਰੂਘਰ ਵਿਖੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਵਿਸ਼ੇਸ਼ ਸਮਾਗਮ ਹੋਏ। ਨਗਰ ਕੀਰਤਨ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਇਸ ਮਗਰੋਂ ਅਮਰੀਕਾ ਦੇ ਰਾਸ਼ਟਰੀ ਝੰਡੇ ਅਤੇ ਕੈਲੀਫੋਰਨੀਆ ਸਟੇਟ ਦੇ ਝੰਡੇ ਦੇ ਪਿੱਛੇ ਪੰਜਾਂ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਜੇ ਫਲੌਟ ਪਿੱਛੇ ਅਨੇਕਾਂ ਸਿੱਖ ਧਰਮ ਨਾਲ ਸੰਬੰਧਤ ਝਾਕੀਆਂ ਨਵੇਂ ਵਸੇ ਅਮਰੀਕਨ ਪੰਜਾਬ ਦੀ ਤਸਵੀਰ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਨਗਰ ਕੀਰਤਨ ਦੌਰਾਨ ਪ੍ਰਫੁੱਲਤ ਹੋਈ ਸਿੱਖੀ ਦੀ ਮੂੰਹ ਬੋਲਦੀ ਤਸਵੀਰ ਚਾਰ ਚੁਫੇਰੇ ਲਿਸ਼ਕਦੀਆਂ ਕੇਸਰੀ ਅਤੇ ਰੰਗ-ਬਰੰਗੀਆਂ ਪੱਗਾਂ ਅਤੇ ਚੁੰਨੀਆਂ ਰਾਹੀਂ ਨਜ਼ਰੀਂ ਪੈ ਰਹੀ ਸੀ। ਇਸ ਵਿੱਚ ਬੱਚਿਆਂ-ਬਜ਼ੁਰਗਾਂ ਤੋਂ ਇਲਾਵਾ ਸਮੂਹ ਧਰਮਾਂ ਦੀਆਂ ਸੰਗਤਾਂ ਨੇ ਰਲ ਕੇ ਹਾਜ਼ਰੀ ਭਰੀ। ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਹੋ ਰਹੀ ਸੀ। ਨਗਰ ਕੀਰਤਨ ਦਾ ਦ੍ਰਿਸ਼ ਬਹੁਤ ਹੀ ਅਲੌਕਿਕ ਅਤੇ ਰੂਹਾਨੀ ਸੀ। ਸੰਗਤਾਂ ਪਾਲਕੀ ਸਾਹਿਬ ਦੇ ਮਗਰ ਵਾਹਿਗੂਰੂ ਸਿਮਰਨ ਅਤੇ ਸ਼ਬਦ ਗਾਇਨ ਕਰਦੀਆਂ ਜਾ ਰਹੀਆਂ ਸਨ। ਨਗਰ ਕੀਰਤਨ ਦੌਰਾਨ ਪਕਵਾਨਾਂ ਦੇ ਸਟਾਲ ਲੱਗੇ ਹੋਏ ਸਨ। ਸਜੀਆਂ ਦੁਕਾਨਾਂ ਵੀ ਭਾਰਤੀ ਮੇਲੇ ਦੀ ਤਸਵੀਰ ਪੇਸ਼ ਕਰ ਰਹੀਆਂ ਸਨ।