ਮੈਕਸਿਕੋ ‘ਚ ਭੂਚਾਲ ਨੇ ਲਈਆਂ 225 ਜਾਨਾਂ

ਮੈਕਸਿਕੋ ‘ਚ ਭੂਚਾਲ ਨੇ ਲਈਆਂ 225 ਜਾਨਾਂ

ਸਕੂਲੀ ਇਮਾਰਤ ਡਿੱਗਣ ਕਾਰਨ 21 ਬੱਚੇ ਹਲਾਕ

ਕੈਪਸ਼ਨ-ਮੈਕਸਿਕੋ ਵਿੱਚ ਭੂਚਾਲ ਤੋਂ ਬਾਅਦ ਜ਼ਖ਼ਮੀਆਂ ਨੂੰ ਸੰਭਾਲ ਰਹੇ ਰਾਹਤ ਕਾਮੇ।
ਮੈਕਸਿਕੋ ਸਿਟੀ/ਬਿਊਰੋ ਨਿਊਜ਼ :
ਮੈਕਸਿਕੋ ਵਿੱਚ 7.1 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਘੱਟੋ ਘੱਟ 225 ਵਿਅਕਤੀ ਮਾਰੇ ਗਏ, ਜਿਨ੍ਹਾਂ ਵਿੱਚ ਇਕ ਐਲੀਮੈਂਟਰੀ ਸਕੂਲ ਦੇ 21 ਬੱਚੇ ਸ਼ਾਮਲ ਹਨ। ਇਹ ਸਕੂਲ ਮਲਬੇ ਵਿੱਚ ਤਬਦੀਲ ਹੋ ਗਿਆ। ਇਸ ਤਬਾਹੀ ਦੇ ਮੰਜ਼ਰ ਨੇ 1985 ਵਿੱਚ ਇਸੇ ਦਿਨ ਹੀ ਆਏ ਭੂਚਾਲ ਦੀਆਂ ਹੌਲਨਾਕ ਯਾਦਾਂ ਚੇਤੇ ਕਰਵਾ ਦਿੱਤੀਆਂ।
ਸਭ ਤੋਂ ਭਿਆਨਕ ਦ੍ਰਿਸ਼ ਮੈਕਸਿਕੋ ਸਿਟੀ ਦੇ ਦੱਖਣੀ ਪਾਸੇ ਐਨਰਿਕ ਰੇਬਸੈਮਨ ਪ੍ਰਾਇਮਰੀ ਸਕੂਲ ਦਾ ਸੀ, ਜਿੱਥੇ ਤਿੰਨ ਮੰਜ਼ਿਲਾਂ ਦੀਆਂ ਛੱਤਾਂ ਡਿੱਗ ਗਈਆਂ, ਜਿਸ ਹੇਠ ਵਿਦਿਆਰਥੀ ਤੇ ਅਧਿਆਪਕ ਦਬ ਗਏ। ਮੈਕਸੀਕੋ ਜਲ ਸੈਨਾ ਦੇ ਮੇਜਰ ਜੋਸ ਲੂਈਸ ਵਰਗਾਰਾ ਨੇ ਕਿਹਾ ਕਿ 21 ਬੱਚੇ ਅਤੇ ਪੰਜ ਬਾਲਗਾਂ ਦੀ ਮੌਤ ਹੋਈ। ਜਲ ਸੈਨਾ ਨੂੰ ਰਾਹਤ ਕਾਰਜਾਂ ਵਿੱਚ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਫਸੇ 30-40 ਵਿਅਕਤੀਆਂ ਨੂੰ ਕੱਢਿਆ ਗਿਆ ਹੈ, ਜਦੋਂ ਕਿ ਹੁਣ ਤੱਕ 11 ਬੱਚਿਆਂ ਨੂੰ ਵੀ ਬਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਐਮਰਜੈਂਸੀ ਕਾਮਿਆਂ ਨੂੰ ਮਲਬੇ ਹੇਠੋਂ ਇਕ ਅਧਿਆਪਕ ਤੇ ਵਿਦਿਆਰਥੀ ਜ਼ਿੰਦਾ ਮਿਲਿਆ ਅਤੇ ਉਨ੍ਹਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮਲਬੇ ਹੇਠ ਦਬੇ ਇਕ ਬੱਚੇ ਨੂੰ ਸੈਨਿਕ ਟਿਊਬ ਰਾਹੀਂ ਆਕਸੀਜਨ ਪਹੁੰਚਾ ਰਹੇ ਹਨ। ਮੌਕੇ ਉਤੇ ਪੁੱਜੇ ਰਾਸ਼ਟਰਪਤੀ ਐਨਰਿਕ ਪੇਨਾ ਨੀਟੋ ਨੇ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜ਼ਾਹਰ ਕੀਤਾ।