ਭਰਤੀ ਕੀਤੇ 22 ਖ਼ੁਫ਼ੀਆ ਸਹਾਇਕਾਂ ਵਿਚੋਂ 21 ਸੁਖਬੀਰ ਬਾਦਲ ਦੇ ਹਲਕੇ ਵਿਚੋਂ

ਭਰਤੀ ਕੀਤੇ 22 ਖ਼ੁਫ਼ੀਆ ਸਹਾਇਕਾਂ ਵਿਚੋਂ 21 ਸੁਖਬੀਰ ਬਾਦਲ ਦੇ ਹਲਕੇ ਵਿਚੋਂ

ਜਾਖੜ ਨੇ ਪੁਛਿਆ ਸਵਾਲ-ਕੀ ਜਲਾਲਾਬਾਦ ਹਲਕੇ ਦੇ ਹੀ ਯੋਗ ਸਨ?
ਅਬੋਹਰ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਭਰਤੀ ਕੀਤੇ 22 ਖੁਫ਼ੀਆ ਸਹਾਇਕਾਂ ਵਿੱਚੋਂ 21 ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਨਾਲ ਸਬੰਧਤ ਹਨ ਤੇ ਇੱਕ ਅਬੋਹਰ ਨਾਲ ਸਬੰਧਤ ਹੈ। ਨਵੇਂ ਭਰਤੀ ਕੀਤੇ 22 ਖੁਫ਼ੀਆਂ ਸਹਾਇਕਾਂ ਦਾ ਰੈਂਕ ਕਾਂਸਟੇਬਲ ਦਾ ਹੈ।  ਇਨ੍ਹਾਂ 22 ਉਮੀਦਵਾਰਾਂ ਨੇ 22 ਦਸੰਬਰ ਨੂੰ ਡਿਊਟੀ ਜੁਆਇਨ ਕਰ ਲਈ ਹੈ ਤੇ ਇਨ੍ਹਾਂ ਨੂੰ ਰੈਜੀਮੈਂਟਲ ਨੰਬਰ ਜਾਰੀ ਹੋ ਗਏ ਹਨ। ਇਨ੍ਹਾਂ ਨੂੰ ਸਰਹੱਦੀ ਖੇਤਰਾਂ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨ ਤਾਰਨ ਵਿੱਚ ਤਾਇਨਾਤ ਕੀਤਾ ਗਿਆ ਹੈ। ਸਬੰਧਤ ਅਧਿਕਾਰੀਆਂ ਦਾ ਦਾਅਵਾ ਹੈ ਕਿ ਭਰਤੀ ਨੇਮਾਂ ਨੂੰ ਪੂਰੀ ਤਰ੍ਹਾਂ ਧਿਆਨ ਵਿੱਚ ਰੱਖਿਆ ਗਿਆ ਹੈ। ਉਧਰ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਆਪਣਿਆਂ ਨੂੰ ਰਿਉੜੀਆਂ ਵੰਡਣ ਦੇ ਦੋਸ਼ ਲਾਏ ਹਨ। ਪੰਜਾਬ ਕਾਂਗਰਸ ਦੇ ਉਪ ਪ੍ਰਧਾਨ ਅਤੇ ਬੁਲਾਰੇ ਸੁਨੀਲ ਜਾਖੜ ਨੇ ਇੱਥੇ ਆਪਣੀ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਖੁਫ਼ੀਆਂ ਸਹਾਇਕਾਂ ਵਿੱਚ ਕਈ ਅਕਾਲੀ ਆਗੂਆਂ ਦੇ ਫਰਜ਼ੰਦ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਿਵੇਂ ਸੰਭਵ ਹੈ ਕਿ ਸਿਰਫ਼ ਜਲਾਲਾਬਾਦ ਹਲਕੇ ਦੇ ਉਮੀਦਵਾਰ ਹੀ ਇਸ ਨੌਕਰੀ ਦੇ ਯੋਗ ਹੋਣ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਨੇਮਾਂ ਨੂੰ ਛਿੱਕੇ ਟੰਗਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਉਹ ਪੰਜਾਬ ਦੇ ਗਵਰਨਰ ਅਤੇ ਚੋਣ ਕਮਿਸ਼ਨ ਤੱਕ ਪਹੁੰਚ ਕਰਨਗੇ ਤੇ ਬੇਨਿਯਮੀਆਂ ਅਤੇ ਨੇਮਾਂ ਨੂੰ ਛਿੱਕੇ ਟੰਗ ਕੇ ਕੀਤੇ ਐਲਾਨਾਂ ਦੀ ਜਾਂਚ ਮੰਗਣਗੇ।