ਬਲਾਤਕਾਰੀ ‘ਬਾਬੇ’ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ, 30 ਲੱਖ ਰੁਪਏ ਜ਼ੁਰਮਾਨਾ

ਬਲਾਤਕਾਰੀ ‘ਬਾਬੇ’ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ, 30 ਲੱਖ ਰੁਪਏ ਜ਼ੁਰਮਾਨਾ

ਜੱਜ ਅੱਗੇ ਫੁੱਟ-ਫੁੱਟ ਰੋਇਆ, ਮੰਗੀ ਮੁਆਫ਼ੀ
ਸਿਰਸਾ ‘ਚ ਸਮਰਥਕਾਂ ਨੇ 2 ਗੱਡੀਆਂ ਫੂਕੀਆਂ
ਰੋਹਤਕ/ਬਿਊਰੋ ਨਿਊਜ਼ :
ਦੋ ਸਾਧਵੀਆਂ ਦੇ ਬਲਾਤਕਾਰ ਕੇਸ ਵਿਚ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 10-10 ਸਾਲ ਦੀ ਸਜ਼ਾ ਸੁਣਾਈ ਹੈ, ਯਾਨੀ ਕਿ ਡੇਰਾ ਮੁਖੀ ਨੂੰ 20 ਸਾਲ ਜੇਲ੍ਹ ਵਿਚ ਗੁਜ਼ਾਰਨੇ ਹੋਣਗੇ। ਇਸ ਦੌਰਾਨ ਅਦਾਲਤ ਨੇ ਵੱਖਰੀਆਂ ਵੱਖਰੀਆਂ ਧਾਰਾਵਾਂ ਤਹਿਤ 30 ਲੱਖ ਰੁਪਏ ਜੁਰਮਾਨਾ ਵੀ ਲਾਇਆ ਹੈ। ਗੁਰਮੀਤ ਰਾਮ ਰਹੀਮ ਨੂੰ 25 ਅਗਸਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿਸ ਵਕਤ ਅਦਾਲਤ ਆਪਣਾ ਫ਼ੈਸਲਾ ਸੁਣਾ ਰਹਗੀ ਸੀ ਤਾਂ ‘ਬਾਬੇ’ ਦੇ ਸਮਰਥਕਾਂ ਨੇ ਸਿਰਸਾ ਵਿਚ ਦੋ ਗੱਡੀਆਂ ਨੂੰ ਅੱਗ ਲਾ ਦਿੱਤੀ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦਰਅਸਲ, ਬਚਾਅ ਪੱਖ ਨੇ ਕਿਹਾ ਸੀ ਕਿ ਗੁਰਮੀਤ ਰਾਮ ਰਹੀਮ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਕੰਮਾਂ ਵਿਚ ਲੱਗਿਆ ਹੈ। ਸਜ਼ਾ ਸੁਣਾਉਣ ਲਈ ਰੋਹਤਕ ਦੀ ਜੇਲ੍ਹ ਵਿਚ ਬਣੀ ਵਿਸ਼ੇਸ਼ ਅਦਾਲਤ ਵਿਚ ਜੱਜ ਜਗਦੀਪ ਸਿੰਘ ਹੈਲੀਕਾਪਟਰ ਰਾਹੀਂ ਪਹੁੰਚੇ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਨੇ ਜੱਜ ਅੱਗੇ ਹੱਥ ਜੋੜੇ ਅਤੇ ਮੁਆਫ਼ੀ ਦੀ ਮੰਗ ਕੀਤੀ। ਰਾਮ ਰਹੀਮ ਨੇ ਅਦਾਲਤ ਵਿਚ ਚੰਗੇ ਕੰਮਾਂ ਦਾ ਹਵਾਲਾ ਦੇ ਕੇ ਨਰਮੀ ਦੀ ਮੰਗ ਵੀ ਕੀਤੀ ਸੀ। ਇਸ ਤੋਂ ਪਹਿਲਾਂ ਪੰਚਕੂਲਾ ਵਿਚ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰਾ ਸਮਰਥਕਾਂ ਨੇ ਜੰਮ ਕੇ ਹੰਗਾਮਾ ਕੀਤਾ ਸੀ, ਜਿਸ ਵਿਚ 38 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਚਲਦਿਆਂ ਅੱਜ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਸੀ। ਜੇਲ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ। ਨੀਮ ਫ਼ੌਜੀ ਦਸਤਿਆਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਰੋਹਤਕ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ। ਹਰ ਆਉਣ-ਜਾਣ ਵਾਲੇ ਤੋਂ ਉਸ ਦੀ ਪਛਾਣ ਪੁੱਛੀ ਗਈ। ਸ਼ਹਿਰ ਅੰਦਰ ਅਤੇ ਬਾਹਰ ਵੱਡੀ ਸੰਖਿਆ ਵਿਚ ਸੁਰੱਖਿਆ ਬਲ ਤੈਨਾਤ ਰਹੇ। ਇਥੇ ਧਾਰਾ 144 ਲੱਗੀ ਹੋਈ ਹੈ।
ਰਾਮ ਰਹੀਮ ਹੁਣ ਤਕ ਕੈਦੀ ਨੰਬਰ 1997 ਵੀ ਸੀ ਤੇ ਹੁਣ ਉਸ ਦਾ ਨੰਬਰ ਬਦਲ ਜਾਵੇਗਾ ਤੇ ਕੈਦੀਆਂ ਵਾਲੇ ਕੱਪੜੇ ਪਾਉਣੇ ਪੈਣਗੇ। ਤੇ ਜੇਲ੍ਹ ਦੇ ਨਿਯਮਾਂ ਮੁਤਾਬਕ ਕੰਮ ਵੀ ਕਰਨਾ ਪਏਗਾ। ਰਾਮ ਰਹੀਮ ਕੋਲ ਸਜ਼ਾ ਖ਼ਿਲਾਫ਼ ਅਪੀਲ ਕਰਨ ਲਈ ਹਾਈ ਕੋਰਟ ਜਾਣ ਦਾ ਬਦਲ ਹੈ। ਸੰਭਵ ਹੈ ਉਹ ਜਲਦੀ ਹੀ ਅਪੀਲ ਦਾਇਰ ਕਰੇ। ਸਜ਼ਾ ਮਿਲਣ ਤੋਂ ਬਾਅਦ ਰਾਮ ਰਹੀਮ ਅਦਾਲਤ ਵਿਚ ਹੀ ਬੈਠ ਗਿਆ ਤੇ ਰੌਲਾ ਪਾਉਣ ਲੱਗਾ।
ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੰਤਰੀਆਂ, ਮੁੱਖ ਸਕੱਤਰਾਂ, ਗ੍ਰਹਿ ਸਕੱਤਰਾਂ ਤੇ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ। ਇਸ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਚਰਚਾ ਹੋਵੇਗੀ।