ਡੋਨਲਡ ਟਰੰਪ 20 ਜਨਵਰੀ ਨੂੰ ਸੰਭਾਲਣਗੇ ਅਮਰੀਕਾ ਦੀ ਵਾਗਡੋਰ

ਡੋਨਲਡ ਟਰੰਪ 20 ਜਨਵਰੀ ਨੂੰ ਸੰਭਾਲਣਗੇ ਅਮਰੀਕਾ ਦੀ ਵਾਗਡੋਰ

ਰਿਪਬਲਿਕਨ ਆਗੂ ਨੇ ਨਾਟੋ ਨੂੰ ਗੈਰ ਜ਼ਰੂਰੀ ਸੰਗਠਨ ਦੱਸਿਆ, 27 ਮੁਲਕ ਨਾਰਾਜ਼ ਹੋਏ
ਵਾਸ਼ਿੰਗਟਨ/ਬਿਊਰੋ ਨਿਊਜ਼ :
ਡੋਨਲਡ ਟਰੰਪ 20 ਜਨਵਰੀ ਤੋਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋ ਜਾਣਗੇ। ਪਰ ਅਮਰੀਕਾ ਤੇ ਬਾਹਰ ਤੋਂ ਤੇਜ਼ ਹੋ ਰਹੇ ਵਿਰੋਧ ਦਰਮਿਆਨ ਸੋਮਵਾਰ ਨੂੰ ਡੋਨਲਡ ਟਰੰਪ ਨੇ ਨਾਟੋ ‘ਤੇ ਹਮਲਾ ਕਰਦਿਆਂ ਕਿਹਾ ਹੈ ਕਿ ਇਹ ਵੇਲਾ ਵਿਹਾਅ ਚੁੱਕੀ ਸੰਸਥਾ ਹੈ ਅਤੇ ਉਸ ਨੂੰ ਅਤਿਵਾਦ ਬਾਰੇ ਕੋਈ ਫਿਕਰ ਨਹੀਂ ਹੈ। ਉਨ੍ਹਾਂ ਨੇ ਜਰਮਨ ਚਾਂਸਲਰ ਏਂਗੇਲਾ ਮਾਰਕਲ ਦੇ ਸ਼ਰਨਾਰਥੀਆਂ ਦੇ ਫ਼ੈਸਲੇ ਨੂੰ ਲੈ ਕੇ ਸਵਾਲ ਉਠਾਏ। ਇਸ ‘ਤੇ ਨਾਟੋ ਦੇ ਸਾਰੇ 27 ਮੈਂਬਰੀ ਮੁਲਕਾਂ ਨੇ ਚਿੰਤਾ ਜ਼ਾਹਰ ਕੀਤੀ ਹੈ। ਇਸੇ ਦੌਰਾਨ ਮਾਰਕਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਅਮਰੀਕਾ ਦੀ ਜ਼ਰੂਰਤ ਨਹੀਂ ਹੈ। ਯੂਰਪ ਖ਼ੁਦ ਆਪਣਾ ਖ਼ਿਆਲ ਰੱਖ ਸਕਦਾ ਹੈ। ਐਕਟੀਵਿਸਟ ਜਾੱਨ ਲੇਵਿਸ ਖ਼ਿਲਾਫ਼ ਟਿੱਪਣੀ ਕਰਨ ‘ਤੇ ਅਮਰੀਕਾ ਦੇ ਸਿਵਲ ਰਾਈਟਸ ਵਰਕਰ ਨਾਰਾਜ਼ ਹਨ। ਜ਼ਿਕਰਯੋਗ ਹੈ ਕਿ ਟਰੰਪ ਦਾ ਸਹੁੰ ਚੁੱਕ ਸਮਾਰੋਹ 20 ਜਨਵਰੀ ਨੂੰ ਹੋਣਾ ਹੈ। ਸੂਤਰਾਂ ਅਨੁਸਾਰ ਇਸ ਵਿਚ 8-9 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸਾਰੇ ਅਹਿਮ ਰਸਤੇ ਬੰਦ ਰਹਿਣਗੇ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਟਰੰਪ ਸਮਰਥਕ ਕਿੰਨੇ ਹੋਣਗੇ ਤੇ ਵਿਰੋਧੀ ਕਿੰਨੇ। ਉਧਰ 18 ਡੈਮੋਕਰੈਟ ਸੰਸਦ ਮੈਂਬਰ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਨ ਦਾ ਐਲਾਨ ਕਰ ਚੁੱਕੇ ਹਨ।
ਉਧਰ ਚੀਨੀ ਮੀਡੀਆ ਨੇ ਧਮਕੀ ਦਿੱਤੀ ਹੈ ਕਿ ‘ਵਨ ਚਾਈਨਾ ਪਾਲਸੀ’ ਨੂੰ ਉਹ ਪਲਟਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਰੂਸ ਨਾਲ ਪਰਮਾਣੂ ਹਥਿਆਰਾਂ ਸਬੰਧੀ ਸਮਝੌਤੇ ਅਤੇ ਉਸ ਖ਼ਿਲਾਫ਼ ਲਾਈਆਂ ਪਾਬੰਦੀਆਂ ਨਰਮ ਕਰਨ ਦੇ ਸੰਕੇਤ ਵੀ ਦਿੱਤੇ ਹਨ। ਜਰਮਨ ਰਸਾਲੇ ‘ਬਿਲਡ’ ਅਤੇ ਟਾਈਮਜ਼ ਆਫ਼ ਲੰਡਨ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਖ ਰਹੇ ਹਨ ਕਿ ਨਾਟੋ ਵਿਚ ਦਿੱਕਤਾਂ ਹਨ ਅਤੇ ਵਰ੍ਹਿਆਂ ਪਹਿਲਾਂ ਬਣੀ ਹੋਣ ਕਰ ਕੇ ਇਸ ਦਾ ਅਸਰ ਘੱਟ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਮੁਲਕਾਂ ਨੂੰ ਅਮਰੀਕਾ ਵੱਲੋਂ ਸੁਰੱਖਿਆ ਦਿੱਤੀ ਜਾਂਦੀ ਹੈ ਪਰ ਇਹ ਮੁਲਕ ਕੋਈ ਪੈਸਾ ਅਦਾ ਨਹੀਂ ਕਰਦੇ। ਸਿਰਫ਼ ਪੰਜ ਮੁਲਕ ਹੀ ਰਾਸ਼ੀ ਮੋੜ ਰਹੇ ਹਨ ਪਰ ਇਹ ਨਾਕਾਫ਼ੀ ਹੈ।
ਉਧਰ ਜਰਮਨ ਵਿਦੇਸ਼ ਮੰਤਰੀ ਫਰੈਂਕ ਵਾਲਟਰ ਸਟੀਨਮੀਅਰ ਨੇ ਕਿਹਾ ਕਿ ਉਹ ਨਾਟੋ ਮੁਖੀ ਜੇਨਸ ਸਟੋਲਟਨਬਰਗ ਨੂੰ ਮਿਲੇ ਸਨ, ਜਿਨ੍ਹਾਂ ਟਰੰਪ ਦੇ ਬਿਆਨ ‘ਤੇ ਚਿੰਤਾ ਜਤਾਈ ਹੈ। ਨਾਟੋ ਤਰਜਮਾਨ ਨੇ ਟਰੰਪ ਦੇ ਬਿਆਨ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ ਪਰ ਉਸ ਨੇ ਸਟੋਲਟਨਬਰਗ ਦੇ ਬਿਆਨ ਨੂੰ ਦੁਹਰਾਇਆ ਕਿ ਅਮਰੀਕਾ ਨਾਟੋ ਮੁਲਕਾਂ ਪ੍ਰਤੀ ਵਚਨਬੱਧ ਰਹੇਗਾ। ਇਸ ਦੌਰਾਨ ਟਰੰਪ ਨੇ ਅਮਰੀਕਾ ਦੇ ਹਰੇਕ ਨਾਗਰਿਕ ਲਈ ਸਿਹਤ ਬੀਮੇ ਦੀ ਵਕਾਲਤ ਕੀਤੀ ਹੈ। ਰਿਪਬਲਿਕਨਾਂ ਵੱਲੋਂ ਬਰਾਕ ਓਬਾਮਾ ਦੇ ਸਿਹਤ ਸਬੰਧੀ ਕਾਨੂੰਨ ਦੀ ਲਗਾਤਾਰ ਆਲੋਚਨਾ ਕੀਤੀ ਜਾਂਦੀ ਰਹੀ ਹੈ। ਟਰੰਪ ਨੇ ਦਵਾਈ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਕੀਮਤਾਂ ਬਾਰੇ ਸਿੱਧਿਆਂ ਹੀ ਸਰਕਾਰ ਨਾਲ ਗੱਲਬਾਤ ਕਰਨ। ‘ਦਿ ਟਾਈਮਜ਼’ ਅਖ਼ਬਾਰ ਵਿਚ ਪ੍ਰਕਾਸ਼ਤ ਇੰਟਰਵਿਊ ‘ਚ ਟਰੰਪ ਨੇ ਪਰਮਾਣੂ ਹਥਿਆਰਾਂ ਦਾ ਜ਼ਖੀਰਾ ਘਟਾਉਣ ਲਈ ਰੂਸ ਨਾਲ ਸਮਝੌਤੇ ਦਾ ਸੱਦਾ ਦਿੰਦਿਆਂ ਮਾਸਕੋ ਖ਼ਿਲਾਫ਼ ਪਾਬੰਦੀਆਂ ਵਿਚ ਨਰਮੀ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਕਾਰਨ ਲੋਕ ਪ੍ਰਭਾਵਤ ਹੋ ਰਹੇ ਹਨ ਅਤੇ ਕੁਝ ਅਜਿਹਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਲਾਭ ਪੁੱਜੇ। ਇਰਾਕ ਯੁੱਧ ਬਾਰੇ ਉਨ੍ਹਾਂ ਕਿਹਾ ਕਿ ਇਹ ਮਧੂਮੱਖੀ ਦੇ ਛੱਤੇ ‘ਤੇ ਪੱਥਰ ਮਾਰਨ ਵਰਗਾ ਹੈ।
ਸੀ.ਆਈ.ਏ. ਚੀਫ਼ ਦੀ ਚਿਤਾਵਨੀ-ਆਪਣੇ ਬਿਆਨਾਂ ‘ਤੇ ਟਰੰਪ ਕੰਟਰੋਲ ਰੱਖਣ :
ਅਮਰੀਕਾ ਦੀ ਖ਼ੁਫੀਆ ਏਜੰਸੀ ਸੀ.ਆਈ.ਏ. ਦੇ ਮੁਖੀ ਜਾੱਨ ਬਰੇਨਨ ਨੇ ਟਰੰਪ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਬਿਆਨਾਂ ‘ਤੇ ਕੰਟਰੋਲ ਕਰਨਾ ਚਾਹੀਦਾ ਹੈ। ਨਾਲ ਹੀ ਰੂਸ ਖ਼ਿਲਾਫ਼ ਲਾਈਆਂ ਪਾਬੰਦੀਆਂ ਨੂੰ ਹਟਾਉਣ ਨੂੰ ਲੈ ਕੇ ਚੌਕਸ ਰਹਿਣਾ ਚਾਹੀਦਾ ਹੈ। ਬਰੇਨਨ ਨੇ ਕਿਹਾ ਕਿ ਟਰੰਪ ਨੇ ਜਿਸ ਤਰ੍ਹਾਂ ਦੁਨੀਆ ਨੂੰ ਸੰਦੇਸ਼ ਦਿੱਤਾ ਹੈ, ਉਸ ਤੋਂ ਲਗਦਾ ਹੈ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੀ ਖ਼ੁਫ਼ੀਆ ਏਜੰਸੀ ‘ਤੇ ਭਰੋਸਾ ਨਹੀਂ ਹੈ।