ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਵਿਸਾਖੀ 1978 ਦੇ ਸ਼ਹੀਦਾਂ ਦੀ ਯਾਦ ‘ਚ ਵਿਸ਼ੇਸ਼ ਸ਼ਹੀਦੀ ਦੌਰਾਨ ਨੂੰ 13 ਸਿੰਘਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ

ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਵਿਸਾਖੀ 1978 ਦੇ ਸ਼ਹੀਦਾਂ ਦੀ ਯਾਦ   ‘ਚ ਵਿਸ਼ੇਸ਼ ਸ਼ਹੀਦੀ ਦੌਰਾਨ ਨੂੰ 13 ਸਿੰਘਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ

ਫਰੀਮਾਂਟ/ਬਲਵਿੰਦਰਪਾਲ ਸਿੰਘ ਖਾਲਸਾ:
ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਇਸ ਹਫਤਾਵਾਰੀ ਦੀਵਾਨ ਦੌਰਾਨ ਵਿਸ਼ੇਸ਼ ਸ਼ਹੀਦੀ ਸਮਾਗਮ ਕਰਵਾਏ ਗਏ. ਇਹ ਸਮਾਗਮ  1978 ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਨਕਲੀ ਨਿਰੰਕਾਰੀਆਂ ਤੇ ਸਿੱਖ ਕੌਮ ਵਿਚ ਹੋਏ ਭਿਆਨਕ ਟਕਰਾਅ ਦੌਰਾਨ ਚੱਲੀ ਗੋਲੀ ਵਿਚ ਨਿਰੰਕਾਰੀਆਂ ਦੁਆਰਾ 13 ਸਿੰਘ ਸ਼ਹੀਦ ਕਰ ਦਿੱਤੇ ਸਿੰਘਾਂ ਦੀ ਯਾਦ ਵਿੱਚ ਕੀਤਾ ਗਿਆ। ਇਹ ਦਿਨ ਸਿੱਖ ਇਤਿਹਾਸ ਵਿਚ ਬਹੁਤ ਵੈਰਾਗ ਨਾਲ ਯਾਦ ਕੀਤਾ ਜਾਂਦਾ ਹੈ ਤੇ ਸ਼ਹੀਦੀ ਜੋੜ ਮੇਲੇ ਵਾਂਗ ਮਨਾਇਆਂ ਜਾਂਦਾ ਹੈ। ਕਿਉਂਕਿ ਇਸ ਦਿਨ ਨੂੰ ਹੀ ਖਾਲਿਸਤਾਨ ਦੀ ਪ੍ਰਾਪਤੀ ਲਈ ਅਰੰਭੇ ਸੰਘਰਸ਼ ਦਾ ਦਿਨ ਮੰਨਿਆ ਜਾਂਦਾ ਹੈ। ਗੁਰਦੁਆਰਾ ਸਾਹਿਬ ਫਰੀਮਾਂਟ ਵਿਚ ਵੀ ਉਨਾਂ ਦੀ ਯਾਦ ਵਿਚ ਤਿੰਨ ਦਿਨ ਗੁਰਬਾਣੀ ਦੇ ਜਾਪ ਹੁੰਦੇ ਰਹੇ।
ਐਤਵਾਰ ਦੇ ਦੀਵਾਨ ਵਿਚ ਅਖੰਡ ਪਾਠ ਦੀ ਸੰਪੂਰਨਤਾ ਤੋਂ ਬਾਦ ਖਾਲਸਾ ਸਕੂਲ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਕੀਤਾ। ਉਪਰੰਤ ਕਥਾਕਾਰ ਭਾਈ ਮਨਜੀਤ ਸਿੰਘ ਨੇ ਵਿਸਥਾਰ ਨਾਲ ਭਾਰਤ ਦੀ ਮੋਰਾਰਜੀ ਦੇਸਾਈ ਸਰਕਾਰ ਤੇ ਬਾਦਲ ਸਰਕਾਰ ਦੀ ਸ਼ਹਿ ਤੇ ਮਿਲੀ ਭੁਗਤ ਨਾਲ ਜਿਨਾਂ 13 ਸਿੰਘਾਂ ਨੂੰ ਸ਼ਹੀਦ ਕਰ ਦਿਤਾ ਗਿਆ ਸੀ, ਬਾਰੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਲਈ ਨਿਰੰਕਾਰੀਆਂ ਦੇ ਪੰਡਾਲ ਵੱਲ ਜਾ ਰਹੇ ਅਖੰਡ ਕੀਰਤਨੀ ਜਥੇ ਤੇ ਦਮਦਮੀ ਟਕਸਾਲ ਦੇ ਸਿੰਘਾਂ ਉਤੇ ਗੋਲੀ ਚਲਾਈ ਗਈ ਤੇ ਭਾਈ ਫੌਜਾ ਸਿੰਘ ਦੀ ਅਗਵਾਈ ਵਿਚ ਗਏ 13 ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ।
ਭਾਈ ਦਵਿੰਦਰ ਸਿੰਘ ਬੱਬਰ ਨੇ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਸ਼ਹੀਦ ਭਾਈ ਫੌਜਾ ਸਿੰਘ ਦੀ ਉਚ ਧਾਰਮਿਕ ਜੀਵਨੀ, ਗੁਰਬਾਣੀ ਨਾਲ ਪਿਆਰ, ਸਵੈ ਜ਼ਬਤ ਤੇ ਸੇਵਾ ਬਾਰੇ ਵਿਸਥਾਰ ਨਾਲ ਸੰਗਤਾਂ ਨੂੰ ਦੱਸਿਆ, ਕਿ ਭਾਈ ਫੌਜਾ ਸਿੰਘ ਦੀ ਕੁਰਬਾਨੀ ਪਿੱਛੇ ਉਨਾਂ ਦਾ ਉਚ ਕੋਟੀ ਦਾ ਧਾਰਮਿਕ ਜੀਵਨ ਸੀ ਜੋ ਸੇਵਾ ਦੇ ਜਜ਼ਬੇ ਨਾਲ ਭਰਪੂਰ ਸੀ। ਬਾਕੀ ਦੇ ਸਿੰਘ ਵੀ ਪੂਰੇ ਧਾਰਮਿਕ ਰਹਿਤ ਬਹਿਤ ਵਾਲੇ ਸਨ ਜੋ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਸਹਿਣ ਨਾ ਕਰਦੇ ਹੋਏ ਸ਼ਹੀਦੀ ਜਾਮ ਪੀ ਗਏ। ਇਨਾਂ ਸ਼ਹੀਦੀਆਂ ਨਾਲ ਪੰਜਾਬ ਵਿਚ ਹਾਹਾਕਾਰ ਮੱਚ ਗਈ ਸੀ।
ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਿਲਬਾਗ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਭਾਈ ਪਿੰਦਰਪਾਲ ਸਿੰਘ ਨੇ ਕਥਾ ਕਰਦਿਆਂ ਪਿਛਲੇ ਦਿਨਾਂ ਦੇ ਪ੍ਰਸੰਗ ਦੀ ਆਖਰੀ ਕਥਾ ਕਰਦਿਆਂ 13 ਸਿੰਘਾਂ ਦੀ ਸ਼ਹਾਦਤ ਬਾਰੇ ਵੀ ਚਰਚਾ ਕੀਤੀ ਤੇ ਕਿਹਾ ਕਿ ਗੁਰਬਾਣੀ ਤੇ ਗੁਰੂ ਸਾਹਿਬ ਦੀ ਬੇਅਦਬੀ ਨਾ ਸਹਾਰਦਿਆਂ ਹੋਇਆਂ ਇਹ ਕੁਰਬਾਨੀ ਹੋਈ।
ਜਿਹੜੇ 13 ਸਿੰਘ ਸ਼ਹੀਦ ਹੋਏ ਸਨ, ਉਨ੍ਹਾਂ ਵਿਚ ਇਕ ਭਾਈ ਧਰਮਬੀਰ ਸਿੰਘ ਜੀ ਦੇ ਭੈਣ ਜੀ ਬੀਬੀ ਜਸਬੀਰ ਕੌਰ ਜੀ, ਜੋ ਫਰੀਮਾਂਟ ਹੀ ਰਹਿੰਦੇ ਹਨ, ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾ ਸਾਹਿਬ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਭਾਈ ਦਵਿੰਦਰ ਸਿੰਘ ਬੱਬਰ ਨੂੰ ਵੀ ਉਨਾਂ ਦੀਆਂ ਪੰਥਕ ਸੇਵਾਵਾਂ ਲਈ ਪ੍ਰਬੰਧਕ ਕਮੇਟੀ ਵੱਲੋਂ ਸਿਰਪਾ ਸਾਹਿਬ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਚ ਇਸ ਵਾਰ ਵਡੇ ਤੰਬੂ ਵਿਚ ਸ਼ਹੀਦ ਹੋਏ 13 ਸਿੰਘਾਂ ਦੀ ਸ਼ਹਾਦਤ ਨਾਲ ਸੰਬਧਿਤ ਜਾਣਕਾਰੀ, ਤਸਵੀਰਾਂ ਤੇ ਹੋਰ ਜੀਵਨ ਸੂਚਨਾਵਾਂ ਸੰਗਤਾਂ ਦੀ ਜਾਣਕਾਰੀ ਲਈ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਨੂੰ ਲਗਪਗ ਸਾਰੀ ਸੰਗਤ ਨੇ ਧਿਆਨ ਨਾਲ ਪੜ੍ਹਿਆ-ਵੇਖਿਆ।