ਹੁਣ ਸੁਖਬੀਰ ਤੇ ਹਰਸਿਮਰਤ ਅਮਰੀਕਾ ਲਈ ਰਵਾਨਾ, ਵੱਡੇ ਬਾਦਲ 17 ਫਰਵਰੀ ਨੂੰ ਭਾਰਤ ਪਰਤਣਗੇ

ਹੁਣ ਸੁਖਬੀਰ ਤੇ ਹਰਸਿਮਰਤ ਅਮਰੀਕਾ ਲਈ ਰਵਾਨਾ, ਵੱਡੇ ਬਾਦਲ 17 ਫਰਵਰੀ ਨੂੰ ਭਾਰਤ ਪਰਤਣਗੇ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਅਮਰੀਕਾ ਲਈ ਰਵਾਨਾ ਹੋ ਗਏ ਹਨ ਜਦਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ 17 ਫਰਵਰੀ ਨੂੰ ਅਮਰੀਕਾ ਤੋਂ ਵਾਪਸ ਆ ਰਹੇ ਹਨ। ਮੁੱਖ ਮੰਤਰੀ 7 ਫਰਵਰੀ ਨੂੰ ਆਪਣੇ ਮੈਡੀਕਲ ਚੈੱਕਅਪ ਲਈ ਅਮਰੀਕਾ ਗਏ ਸਨ। ਕੁਝ ਸਰਕਾਰੀ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਗਏ ਹਨ। ਦੱਸਿਆ ਗਿਆ ਹੈ ਕਿ ਮੈਡੀਕਲ ਚੈੱਕਅਪ ਵਿਚ ਸ. ਬਾਦਲ ਬਿਲਕੁਲ ਠੀਕ ਠਾਕ ਪਾਏ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਚਨਚੇਤ ਅਮਰੀਕਾ ਚਲੇ ਗਏ ਹਨ। ਸੂਤਰਾਂ ਅਨੁਸਾਰ ਬਾਦਲ ਜੋੜੀ ਏਅਰ ਇੰਡੀਆ ਦੀ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਸਿੱਧੀ ਉਡਾਣ ਰਾਹੀਂ ਅਮਰੀਕਾ ਗਈ। ਉਪ ਮੁੱਖ ਮੰਤਰੀ ਨਾਲ ਤਾਇਨਾਤ ਇਕ ਆਈਏਐਸ ਅਧਿਕਾਰੀ ਨੇ ਬਾਦਲ ਜੋੜੇ ਦੇ ਅਚਾਨਕ ਅਮਰੀਕਾ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਅਧਿਕਾਰੀ ਨੇ ਦੋਵਾਂ ਦੇ ਵਿਦੇਸ਼ ਦੌਰੇ ਸਬੰਧੀ ਹੋਰ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ।
ਬਾਦਲ ਜੋੜੀ ਦੇ ਅਚਾਨਕ ਅਮਰੀਕਾ ਜਾਣ ਨੂੰ ਮੁੱਖ ਮੰਤਰੀ ਦੇ ਇਲਾਜ ਨਾਲ ਹੀ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਉਮਰ ਦੇ ਨੌਂਵੇ ਦਹਾਕੇ ਵਿੱਚ ਪਹੁੰਚੇ ਸ੍ਰੀ ਬਾਦਲ ਪਹਿਲਾਂ ਵੀ ਆਪਣਾ ਇਲਾਜ ਅਮਰੀਕਾ ਤੋਂ ਕਰਾ ਚੁੱਕੇ ਹਨ। ਵਿਧਾਨ ਸਭਾ ਚੋਣ ਦਾ ਅਮਲ ਸਮਾਪਤ ਹੋਣ ਤੋਂ ਤੁਰੰਤ ਬਾਅਦ ਪੀਜੀਆਈ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਅਮਰੀਕਾ ਤੋਂ ਨਿਰੀਖਣ ਕਰਾਉਣ ਦੀ ਸਲਾਹ ਦਿੱਤੀ ਸੀ। ਮੁੱਖ ਮੰਤਰੀ ਨਾਲ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾਰ, ਸ੍ਰੀ ਬਾਦਲ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਤੇ ਸੁਰੱਖਿਆ ਅਧਿਕਾਰੀ ਵੀ ਗਿਆ ਹੈ।
ਸੂਤਰਾਂ ਅਨੁਸਾਰ ਬਾਦਲ ਜੋੜੀ ਦੇ ਹਫ਼ਤੇ ਤੋਂ 10 ਦਿਨ ਤੱਕ ਅਮਰੀਕਾ ਵਿੱਚ ਰਹਿਣ ਦੀ ਸੰਭਾਵਨਾ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਵਿਦੇਸ਼ ਜਾਣ ਦਾ ਕੋਈ ਸੰਕੇਤ ਨਹੀਂ ਸੀ ਦਿੱਤਾ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਬਾਦਲ ਜੋੜੀ ਦਾ ਵਿਦੇਸ਼ ਜਾਣ ਦਾ ਪ੍ਰੋਗਰਾਮ ਅਚਾਨਕ ਬਣਿਆ ਹੈ। ਸ਼੍ਰੋਮਣੀ ਅਕਾਲੀ ਦਲ ਲਈ ਰਾਜਸੀ ਤੌਰ ‘ਤੇ ਇਹ ਦਿਨ ਬਹੁਤ ਅਹਿਮ ਮੰਨੇ ਜਾ ਰਹੇ ਹਨ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀਆਂ ਚੋਣਾਂ ਸਿਰ ‘ਤੇ ਹਨ। ਪੰਜਾਬ ਦੇ ਬਹੁਤੇ ਅਕਾਲੀ ਆਗੂਆਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾਣ ਦੇ ਦੋਸ਼ ਲੱਗੇ ਹੋਣ ਕਾਰਨ ਦਿੱਲੀ ਕਮੇਟੀ ਚੋਣਾਂ ਤੋਂ ਪਹਿਲਾਂ ਹੀ ਸੀਨੀਅਰ ਅਕਾਲੀਆਂ ਨੂੰ ਲਾਂਭੇ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਸਮੇਤ ਬਾਦਲ ਪਰਿਵਾਰ ਦੇ ਤਿੰਨੋਂ ਅਹਿਮ ਮੈਂਬਰਾਂ ਦੇ ਵਿਦੇਸ਼ ਚਲੇ ਜਾਣ ਕਾਰਨ ਡੀਐਸਜੀਐਮਸੀ ਚੋਣਾਂ ਦਾ ਸਾਰਾ ਦਾਰੋਮਦਾਰ ਦਿੱਲੀ ਦੇ ਅਕਾਲੀ ਨੇਤਾਵਾਂ ਦੇ ਸਿਰ ‘ਤੇ ਹੀ ਰਹਿ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਪਹਿਲਾਂ ਹੀ ਅਕਾਲੀ ਦਲ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।