ਫੂਲਕਾ ਨੇ 16 ਵਿਧਾਇਕਾਂ ਸਮੇਤ ਰਾਜਪਾਲ ਨਾਲ ਕੀਤੀ ਮੁਲਾਕਾਤ, ਖਹਿਰਾ ਰਹੇ ਗ਼ੈਰਹਾਜ਼ਰ

ਫੂਲਕਾ ਨੇ 16 ਵਿਧਾਇਕਾਂ ਸਮੇਤ ਰਾਜਪਾਲ ਨਾਲ ਕੀਤੀ ਮੁਲਾਕਾਤ, ਖਹਿਰਾ ਰਹੇ ਗ਼ੈਰਹਾਜ਼ਰ

ਕੈਪਸ਼ਨ-‘ਆਪ’ ਆਗੂ ਐਚ.ਐਸ. ਫੂਲਕਾ ਪਾਰਟੀ ਵਿਧਾਇਕਾਂ ਸਮੇਤ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮੈਮੋਰੰਡਮ ਦਿੰਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਐਚ.ਐਸ ਫੂਲਕਾ ਨੇ 16 ਪਾਰਟੀ ਵਿਧਾਇਕਾਂ ਸਮੇਤ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਰਾਜ ਭਵਨ ਵਿੱਚ ਮਿਲ ਕੇ ਅਸਿੱਧੇ ਢੰਗ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ। ਉਂਜ ਇਸ ਮੁਲਾਕਾਤ ਦੌਰਾਨ ਪਾਰਟੀ ਦੇ ਬੁਲਾਰੇ ਤੇ ਪੰਜਾਬ ਅਸੈਂਬਲੀ ਵਿੱਚ ਪਾਰਟੀ ਦੇ ਵ੍ਹਿਪ ਗੈਰਹਾਜ਼ਰ ਰਹੇ।
‘ਆਪ’ ਆਗੂ ਦੀ ਰਾਜਪਾਲ ਨਾਲ ਇਹ ਮੁਲਾਕਾਤ ਕਾਫ਼ੀ ਅਹਿਮ ਹੈ ਕਿਉਂਕਿ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਵਿਨੀਤ ਜੋਸ਼ੀ ਨੇ ਦਾਅਵਾ ਕੀਤਾ ਸੀ ਕਿ ‘ਆਪ’ ਦੇ 11 ਵਿਧਾਇਕ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਤਿਆਰੀ ਵਿੱਚ ਹਨ। ਇਸੇ ਤਰ੍ਹਾਂ ‘ਆਪ’ ਦੀ ਪੰਜਾਬ ਇਕਾਈ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੱਲੋਂ ਪਾਰਟੀ ਛੱਡਣ ਕਾਰਨ ਵੀ ਕੁਝ ਵਿਧਾਇਕਾਂ ਦੇ ਨਾਰਾਜ਼ ਹੋਣ ਦੀ ਚਰਚਾ ਸੀ। ਸੂਤਰਾਂ ਅਨੁਸਾਰ ਪਾਰਟੀ ਨੇ ਮੁੱਖ ਤੌਰ ‘ਤੇ ਇਨ੍ਹਾਂ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਹੀ ਸਮੂਹ ਵਿਧਾਇਕਾਂ ਸਮੇਤ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ। ਵਫ਼ਦ ਵਿਚੋਂ ਗ਼ੈਰਹਾਜ਼ਰ ਰਹੇ ਸੁਖਪਾਲ ਖਹਿਰਾ ਇਸ ਤੋਂ ਪਹਿਲਾਂ ਫੂਲਕਾ ਵੱਲੋਂ ਵਿਧਾਇਕਾਂ ਸਮੇਤ ਸ਼ੁਰੂ ਕੀਤੀ ਪੰਜਾਬ ਯਾਤਰਾ ਤੋਂ ਵੀ ਦੂਰ ਰਹਿ ਰਹੇ ਹਨ ਅਤੇ ਆਪਣੇ ਪੱਧਰ ‘ਤੇ ਹੀ ਸਰਗਰਮ ਹਨ। ਭੁਲੱਥ ਤੋਂ ਵਿਧਾਇਕ ਖਹਿਰਾ ਵੱਲੋਂ ਗੁਰਪ੍ਰੀਤ ਵੜੈਚ ਨੂੰ ਹਟਾ ਕੇ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦੇ ਰੋਸ ਵਜੋਂ ਪਹਿਲਾਂ ਹੀ ਚੀਫ ਵ੍ਹਿਪ ਅਤੇ ਬੁਲਾਰੇ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ। ਵਿਧਾਇਕ ਕੰਵਰ ਸੰਧੂ ਵੀ ਵਿਦੇਸ਼ ਗਏ ਹੋਣ ਕਰ ਕੇ ਵਫ਼ਦ ਵਿਚੋਂ ਗ਼ੈਰਹਾਜ਼ਰ ਰਹੇ। ਸ੍ਰੀ ਫੂਲਕਾ ਨੇ ਦੱਸਿਆ ਕਿ 20ਵੇਂ ਵਿਧਾਇਕ ਜਗਤਾਰ ਸਿੰਘ ਹਿੱਸੇਵਾਲ ਘਰੇਲੂ ਰੁਝੇਵਿਆਂ ਕਾਰਨ ਵਫਦ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਵਿਧਾਇਕ ਦਲ ਚੱਟਾਨ ਵਾਂਗ ਇਕਜੁੱਟ  ਹੈ।
ਸ੍ਰੀ ਫੂਲਕਾ ਨੇ ਰਾਜਪਾਲ ਨੂੰ ਮੈਮੋਰੰਡਮ ਦੇਣ ਉਪਰੰਤ ਦੱਸਿਆ ਕਿ ਪ੍ਰਾਈਵੇਟ ਸਕੂਲ ਦਾਖਲਾ, ਮੁੜ ਦਾਖਲਾ, ਕਿਤਾਬਾਂ ਅਤੇ ਵਰਦੀਆਂ ਦੇ ਨਾਮ ਉਤੇ ਵਿਦਿਆਰਥੀਆਂ ਕੋਲੋਂ ਭਾਰੀ ਫੀਸਾਂ ਲਈਆਂ ਜਾ ਰਹੀਆਂ ਹਨ ਅਤੇ ਇਹ ਸਭ ਕੁਝ ਹਾਈ ਕੋਰਟ ਤੇ  ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾਂ ਨੂੰ ਅੱਖੋਂ ਪਰੋਖੇ ਕਰਕੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਸ ਸਮੇਂ ਮੰਦੇ ਆਰਥਿਕ ਦੌਰ ਵਿਚੋਂ ਗੁਜ਼ਰ ਰਹੇ ਹਨ, ਜਿਸ ਕਾਰਨ ਹਰ ਰੋਜ਼ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕਹੀ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ। ਸ੍ਰੀ ਫੂਲਕਾ ਨੇ ਕਿਹਾ ਕਿ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਮੁੱਖ ਕਾਰਨ ਕਾਂਗਰਸੀ ਆਗੂਆਂ ਵੱਲੋਂ ਨਜਾਇਜ਼ ਧੰਦੇ ਅਤੇ ਗੁੰਡਾ ਟੈਕਸ ਨੂੰ ਹਥਿਆ ਕੇ ਕਾਨੂੰਨ ਵਿਰੋਧੀ ਕਾਰਜ ਕਰਨਾ ਹੈ।