ਭਾਈ ਸਤਵਿੰਦਰ ਸਿੰਘ ਭੋਲਾ ਦਾ ਬਰਸੀ ਸਮਾਗਮ 16 ਜੁਲਾਈ ਨੂੰ

ਭਾਈ ਸਤਵਿੰਦਰ ਸਿੰਘ ਭੋਲਾ ਦਾ ਬਰਸੀ ਸਮਾਗਮ 16 ਜੁਲਾਈ ਨੂੰ

 

ਮਿਲਪੀਟਸ/ਬਿਊਰੋ ਨਿਊਜ਼:
ਖਾੜਕੂ ਲਹਿਰ ਵਿੱਚ ਸਰਗਰਮ ਰਹੇ ਭਾਈ ਸਤਵਿੰਦਰ ਸਿੰਘ ਭੋਲਾ ਦਾ ਬਰਸੀ ਸਮਾਗਮ 16 ਜੁਲਾਈ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ ਏਰੀਆ ਮਿਲਪੀਟਸ ਵਿਖੇ ਹੋਵੇਗਾ।
ਪਰਿਵਾਰਕ ਸੂਤਰਾਂ ਦੇ ਦਸਣ ਅਨੁਸਾਰ ਭਾਈ ਭੋਲਾ ਨਮਿੱਤ ਸਹਿਜ ਪਾਠ ਦੇ ਭੋਗ ਸਵੇਰੇ 10:00 ਵਜੇ ਤੋਂ 10:30 ਵਜੇ ਦਰਮਿਆਨ ਪਾਏ ਜਾਣਗੇ। ਉਸਤੋ ਬਾਅਦ ਕੀਰਤਨ ਹੋਵੇਗਾ। ਗੁਰੂ ਕਾ ਲੰਗਰ ਬਾਅਦ ਦੁਪਹਿਰ 1:00 ਵਜੇ ਵਰਤੇਗਾ। ਸਿੱਖ ਸੰਘਰਸ਼ ਨਾਲ ਜੁੜੀਆਂ ਸਭਨਾਂ ਜਥੇਬੰਦੀਆਂ, ਪੰਥਕ ਧਿਰਾਂ, ਸਿੱਖ ਆਗੂਆਂ ਸਮੇਤ ਸਭਨਾਂ ਪੰਥ ਹਿਤੈਸ਼ੀਆਂ ਨੂੰ ਪੁੱਜਣ ਦੀ ਸਨਿਮਰ ਬੇਨਤੀ ਹੈ।ਹੋਰ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਸਿੰਘ ਸਭਾ ਬੇਅ ਏਰੀਆ ਮਿਲਪੀਟਸ ਫੋਨ ਨੰਬਰ 408-618-5545 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਰਨਣਯੋਗ ਹੈ ਕਿ ਭਾਈ ਸਤਵਿੰਦਰ ਸਿੰਘ ਸਿੱਖ ਸੰਘਰਸ਼ ਨਾਲ ਲੰਮੇ ਸਮੇਂ ਤੋਂ ਜੁੜੇ ਬਾਪੂ ਸੂਰਤ ਸਿੰਘ ਖਾਲਸਾ ਦੇ ਦਾਮਾਦ ਸਨ। ਪਿੱਛੇ ਪਰਿਵਾਰ ਵਿੱਚ ਭਾਈ ਭੋਲਾ ਦੀ ਪਤਨੀ ਬੀਬੀ ਸਰਵਿੰਦਰ ਕੌਰ, ਬੇਟੀ ਹਰਮਨ ਕੌਰ ਸਿੱਧੂ ਅਤੇ ਬੇਟਾ ਗੁਰਮਨ ਸਿੰਘ ਸਿੱਧੂ ਹਨ।
ਭਾਈ ਭੋਲਾ ਦੀ ਇਲੀਨੋਇ ਸਟੇਟ ਦੇ ਅਨਾਵਨ ਨੇੜ੍ਹਲੇ ਸ਼ਹਿਰ ਪ੍ਰੀਓਰੀਆ ਦੇ ਰਿਹਾਇਸ਼ੀ ਇਲਾਕੇ ‘ਚ 16 ਅਗਸਤ 2015 ਨੂੰ ਰਾਤੀਂ 11:45 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਹਤਿਆ ਕਰ ਦਿੱਤੀ ਸੀ। ਪੁਲੀਸ ਨੇ ਮੌਕੇ ਉੱਤੇ ਪੁੱਜ ਕੇ ਵੇਖਿਆ ਸੀ ਕਿ 52 ਸਾਲਾ ਭਾਈ ਭੋਲਾ ਦੇ ਸਰੀਰਅਤੇ ਧੌਣ ਉੱਤੇ ਡੂੰਘੇ ਜਖ਼ਮ ਸਨ। ਪਰ ਕਾਤਲ ਵਾਰਦਾਤ ਬਾਅਦ ਫਰਾਰ ਹੋ ਗਏ ਸਨ।
ਇੰਨਾ ਸਮਾਂ ਬੀਤ ਜਾਣ ਉੱਤੇ ਵੀ ਖੁਫ਼ੀਆ ਏਜੰਸੀਆਂ ਤੇ ਪੁਲੀਸ ਕਾਤਲਾਂ ਦੀ ਸੂਹ ਲਾਉਣ ਵਿੱਚ ਅਸਫ਼ਲ ਰਹੀਆਂ ਹਨ।
ਇਸ ਹਤਿਆ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਸਮਝਿਆ ਜਾ ਰਿਹਾ ਸੀ ਜਿਹੜੀਆਂ ਪੰਥਕ ਮਸਲਿਆਂ ਦੇ ਹੱਲ ਲਈ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਉੱਤੇ ਬੈਠੇ ਬਾਪੂ ਖਾਲਸਾ ਦਾ ਮਨੋਬਲ ਡੇਗਣਾ ਚਾਹੁੰਦੀਆਂ ਸਨ। ਭਾਈ ਭੋਲਾ ਇੱਕ ਸਮੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਜੀਡੀਅਮ ਮੈਂਬਰ ਵੀ ਸਨ। ਉਨ੍ਹਾਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਵੀ ਸਰਗਰਮੀ ਨਾਲ ਸੇਵਾ ਨਿਭਾਈ।
ਸਿੱਖ ਜਥੇਬੰਦੀਆਂ ਭਾਈ ਸਤਵਿੰਦਰ ਸਿੰਘ ਭੋਲਾ ਦੇ ਕਾਤਲਾਂ ਨੂੰ ਕਾਬੂ ਕਰਨ ਲਈ ਲਗਾਤਾਰ ਅਮਰੀਕਾ ਸਰਕਾਰ ਤੋਂ ਮੰਗ ਕਰਦੀਆਂ ਆ ਰਹੀਆਂ ਹਨ।

ਪੰਥਕ ਜਥੇਬੰਦੀਆਂ ਵਲੋਂ ਸ਼ਲਾਘਾ
ਇਸੇ ਦੌਰਾਨ ਸਿੱਖ ਪੰਚਾਇਤ ਬੇਅ ਏਰੀਆ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਯੂਥ ਆਫ਼ ਅਮਰੀਕਾ ਨੇ ਭਾਈ ਸਤਵਿੰਦਰ ਸਿੰਘ ਭੋਲਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਵਲੋਂ ਸਿੱਖ ਪੰਥ ਦੀ ਕੀਤੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਸਿੱਖ ਸੰਘਰਸ਼ ਵਿੱਚ ਭਾਈ ਸਤਵਿੰਦਰ ਸਿੰਘ ਭੋਲਾ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਗਰਮ ਮੈਂਬਰ ਵਜੋਂ ਪੰਥ ਲਈ ਕਈ ਵਰ੍ਹੇ ਤਨਦੇਹੀ ਨਾਲ ਕੰਮ ਕੀਤਾ।