ਜਵਾਲਾ ਜੀ ਜਾ ਰਹੇ ਅੰਮ੍ਰਿਤਸਰ ਦੇ 10 ਸ਼ਰਧਾਲੂਆਂ ਦੀ ਮੌਤ, 30 ਵਿਅਕਤੀ ਗੰਭੀਰ ਜ਼ਖ਼ਮੀ

ਜਵਾਲਾ ਜੀ ਜਾ ਰਹੇ ਅੰਮ੍ਰਿਤਸਰ ਦੇ 10 ਸ਼ਰਧਾਲੂਆਂ ਦੀ ਮੌਤ, 30 ਵਿਅਕਤੀ ਗੰਭੀਰ ਜ਼ਖ਼ਮੀ

ਕੈਪਸ਼ਨ- ਹਾਦਸਾਗ੍ਰਸਤ ਬੱਸ ਵਿਚੋਂ ਜ਼ਖ਼ਮੀ ਸ਼ਰਧਾਲੂਆਂ ਨੂੰ ਕੱਢਦੇ ਹੋਏ ਵਾਲੰਟੀਅਰ।
ਊਨਾ/ਬਿਊਰੋ ਨਿਊਜ਼ :
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿੱਚ ਢਲਿਆਰਾ ਨੇੜੇ ਸ਼ਰਧਾਲੂਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਡੂੰਘੀ ਖਾਈ ਵਿੱਚ ਡਿੱਗਣ ਕਾਰਨ 10 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਹਾਦਸੇ ਵਿੱਚ 30 ਤੋਂ ਵੱਧ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਦੇਹਰਾ ਹਸਪਸਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 10.30 ਵਾਪਰਿਆ।
ਇਹ ਪ੍ਰਾਈਵੇਟ ਬੱਸ ਸ਼ਰਧਾਲੂਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਚਿੰਤਪੁਰਣੀ ਮਾਤਾ ਦੇ ਮੰਦਿਰ ਮੱਥਾ ਟੇਕਣ ਆਈ ਸੀ।  ਬੱਸ ਵਿੱਚ ਪੰਜਾਹ ਤੋਂ ਵੱਧ ਸ਼ਰਧਾਲੂ ਸਨ ਜੋ ਜਵਾਲਾ ਜੀ ਵਿਖੇ ਮੱਥਾ ਟੇਕਣ ਜਾ ਰਹੇ ਸਨ। ਸਵੇਰੇ ਇਹ ਬੱਸ ਚਿੰਤਪੁਰਣੀ ਤੋਂ ਜਵਾਲਾ ਜੀ ਲਈ ਰਵਾਨਾ ਹੋਈ ਸੀ।  ਜਿਵੇਂ ਹੀ ਇਹ ਢਲਿਆਰਾ ਨੇੜੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਡਿੱਗ ਗਈ। ਹਾਦਸੇ ਤੋਂ ਬਾਅਦ ਕਈ ਸ਼ਰਧਾਲੂ ਬੱਸ  ਦੇ ਹੇਠਾਂ ਦਬ ਗਏ ਜਿਨ੍ਹਾਂ ਨੂੰ ਕਾਫ਼ੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਜਾ ਸਕਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਜ਼ਖ਼ਮੀਆਂ ਦੀ ਸਹਾਇਤਾ ਦੇ ਆਦੇਸ਼ ਦਿੱਤੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਵਿੱਚ ਅੰਮ੍ਰਿਤਸਰ ਦੇ 10 ਸ਼ਰਧਾਲੂਆਂ ਦੇ ਮਾਰੇ ਜਾਣ ਅਤੇ ਹੋਰਾਂ ਦੇ ਜ਼ਖ਼ਮੀ ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਇੱਕ ਤਹਿਸੀਲਦਾਰ, ਸਹਾਇਕ ਸਿਵਲ ਸਰਜਨ ਅਤੇ ਕੁਝ ਪੁਲੀਸ ਮੁਲਾਜ਼ਮਾਂ ‘ਤੇ ਆਧਾਰਤ ਇੱਕ ਟੀਮ ਨਾਲ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਸਬ-ਡਿਵੀਜ਼ਨ ਡੇਹਰਾ ਦੇ ਮੈਜਿਸਟਰੇਟ ਨਾਲ ਸੰਪਰਕ ਵਿੱਚ ਹਨ, ਜਿਨ੍ਹਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਦਾ ਕੰਮ ਸੌਂਪਿਆ ਗਿਆ ਹੈ।
ਢਪਈ ਖੇਤਰ ਵਿੱਚ ਛਾਇਆ ਮਾਤਮ :
ਅੰਮ੍ਰਿਤਸਰ :ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਢਲਿਆਰਾ ਨੇੜੇ ਬੱਸ ਖੱਡ ਵਿੱਚ ਡਿੱਗਣ ਕਾਰਨ ਦਸ ਵਿਅਕਤੀਆਂ ਦੇ ਮਾਰੇ ਜਾਣ ਅਤੇ 45 ਜਣੇ ਜ਼ਖ਼ਮੀ ਹੋਣ ਦੀ ਸੂਚਨਾ ਮਿਲਦਿਆਂ ਹੀ ਢਪਈ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੋਗ ਛਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚੋਂ ਤਿੰਨ ਵਿਅਕਤੀਆਂ ਦੀ ਸ਼ਨਾਖ਼ਤ ਹੋ ਗਈ ਹੈ। ਢਪਈ ਰੋਡ ‘ਤੇ ਸ਼ੀਸ਼ ਦਾ ਅਹਾਤਾ ਦੀ ਵਸਨੀਕ ਸਵਰਨ ਕੌਰ ਦਾ ਪਰਿਵਾਰ ਸਦਮੇ ਵਿੱਚ ਹੈ। ਪਰਿਵਾਰ ਨੂੰ ਸੂਚਨਾ ਮਿਲੀ ਹੈ ਕਿ ਇਸ ਹਾਦਸੇ ਵਿੱਚ ਸਵਰਨ ਕੌਰ ਦੀ ਮੌਤ ਹੋ ਗਈ ਹੈ। ਉਹ ਇਕੱਲੀ ਪਰਿਵਾਰ ਦਾ ਪੇਟ ਪਾਲਣ ਵਾਲੀ ਸੀ ਕਿਉਂਕਿ ਉਸ ਦਾ ਪਤੀ ਸਰਦਾਰੀ ਲਾਲ ਬਿਮਾਰ ਹੈ। ਉਸ ਦੇ ਦੋ ਪੁੱਤਰ ਮੰਦਬੁੱਧੀ ਹਨ ਜਦੋਂਕਿ ਸਭ ਤੋਂ ਛੋਟਾ ਬੇਟਾ ਇੱਕ ਦੁਕਾਨ ‘ਤੇ ਕੰਮ ਕਰਦਾ ਹੈ। ਲੋਕਾਂ ਨੇ ਪਰਿਵਾਰ ਨੂੰ ਉਸ ਦੀ ਮੌਤ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੌਰਾਨ ਕਈ ਪਰਿਵਾਰਾਂ ਦੇ ਜੀਅ ਢਲਿਆਰਾ ਵੱਲ ਰਵਾਨਾ ਹੋ ਗਏ ਹਨ ਤਾਂ ਜੋ ਆਪਣੇ ਸਕੇ ਸਬੰਧੀਆਂ ਬਾਰੇ ਪਤਾ ਲਾਇਆ ਜਾ ਸਕੇ।