ਸ਼ਾਹ ਸਤਨਾਮ ਦੇ ਪੋਤਰੇ ਵਲੋਂ ਖੁਲਾਸਾ-10 ਵਰ੍ਹਿਆਂ ਤੋਂ ਸਾਡਾ ਪਰਿਵਾਰ ਡੇਰੇ ਨਹੀਂ ਗਿਆ

ਸ਼ਾਹ ਸਤਨਾਮ ਦੇ ਪੋਤਰੇ ਵਲੋਂ ਖੁਲਾਸਾ-10 ਵਰ੍ਹਿਆਂ ਤੋਂ ਸਾਡਾ ਪਰਿਵਾਰ ਡੇਰੇ ਨਹੀਂ ਗਿਆ

ਸਿਰਸਾ/ਬਿਊਰੋ ਨਿਊਜ਼ :
ਡੇਰਾ ਮੁਖੀ ਦੇ ਗੁਰੂ ਸ਼ਾਹ ਸਤਨਾਮ ਸਿੰਘ ਦਾ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿਚ ਆ ਚੁੱਕਾ ਹੈ। 1990 ਵਿਚ ਸ਼ਾਹ ਸਤਨਾਮ ਸਿੰਘ ਦੇ ਦਿਹਾਂਤ ਪਿੱਛੋਂ ਗੁਰਮੀਤ ਰਾਮ ਰਹੀਮ ਨੂੰ ਡੇਰਾ ਮੁਖੀ ਬਣਾਇਆ ਗਿਆ ਸੀ। ਇਸ ਗੱਲ ਨੂੰ ਸ਼ਾਹ ਸਤਨਾਮ ਸਿੰਘ ਦੇ ਪਰਿਵਾਰ ਨੇ ਸਵੀਕਾਰ ਕਰ ਲਿਆ ਸੀ ਪਰ ਇਕ ਸਮਾਂ ਅਜਿਹਾ ਆਇਆ ਜਦ ਸ਼ਾਹ ਸਤਨਾਮ ਸਿੰਘ ਦਾ ਪਰਿਵਾਰ ਡੇਰਾ ਛੱਡ ਕੇ ਆਪਣੇ ਘਰ ਚਲਾ ਗਿਆ। ਸ਼ਾਹ ਸਤਨਾਮ ਸਿੰਘ ਦੇ ਜੱਦੀ ਪਿੰਡ ਜਲਾਲਆਣਾ ਵਿਖੇ ਉਨ੍ਹਾਂ ਦੇ ਪੋਤਰੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਲਾਲਸਾ ਨਹੀਂ। ਉਨ੍ਹਾਂ ਨੇ ਡੇਰੇ ਦੇ ਮੌਜੂਦਾ ਘਟਨਾਕ੍ਰਮ ਬਾਰੇ ਪੁੱਛਣ ‘ਤੇ ਕਿਹਾ ਕਿ ਕੁਦਰਤ ਬੜੀ ਬਲਵਾਨ ਹੈ, ਉਸ ਨੇ ਆਪਣਾ ਅਸਰ ਦਿਖਾਉਣਾ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫ਼ੈਸਲਾ 15 ਸਾਲ ਕੇਸ ਨੂੰ ਰਿੜਕ ਕੇ ਹੋਇਆ ਹੈ। ਵਕੀਲਾਂ ਦੀਆਂ ਬਹਿਸਾਂ ਹੋਈਆਂ ਤੇ ਅਦਾਲਤ ਨੇ ਸਾਰੇ ਪੱਖਾਂ ‘ਤੇ ਗ਼ੌਰ ਕੀਤੀ ਤਾਂ ਕਿਤੇ ਜਾ ਕੇ ਇਹ ਫ਼ੈਸਲਾ ਹੋ ਸਕਿਆ। ਉਨ੍ਹਾਂ ਦੱਸਿਆ ਕਿ ਸਾਡਾ ਪਰਿਵਾਰ 2007 ਤੋਂ ਡੇਰੇ ਨਹੀਂ ਗਿਆ ਤੇ ਹੁਣ ਅਸੀਂ ਆਪਣਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਇਸੇ ਦੌਰਾਨ ਸਥਾਨਕ ਹੁੱਡਾ ਕਾਲੋਨੀ ਵਿਚ ਰਹਿ ਰਹੇ ਸ਼ਾਹ ਸਤਨਾਮ ਸਿੰਘ ਦੇ ਦੋਹਤੇ ਲਾਭ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਮੌਜੂਦਾ ਸਥਿਤੀ ਬਾਰੇ ਕੁਝ ਵੀ ਕਹਿਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਦੇ ਹਨ।