ਅਜ਼ਲਾਨ ਸ਼ਾਹ ਕੱਪ: ਆਸਟਰੇਲੀਆ ਨੇ ਭਾਰਤ ਨੂੰ 1-3 ਨਾਲ ਹਰਾਇਆ

ਅਜ਼ਲਾਨ ਸ਼ਾਹ ਕੱਪ: ਆਸਟਰੇਲੀਆ ਨੇ ਭਾਰਤ ਨੂੰ 1-3 ਨਾਲ ਹਰਾਇਆ
ਕੈਪਸ਼ਨ-ਆਸਟਰੇਲੀਆ ਖ਼ਿਲਾਫ਼ ਗੋਲ ਕਰਨ ਦੀ ਖੁਸ਼ੀ ਮਨਾਉਂਦੇ ਹੋਏ ਭਾਰਤੀ ਖਿਡਾਰੀ।

ਇਪੋਹ (ਮਲੇਸ਼ੀਆ)/ਬਿਊਰੋ ਨਿਊਜ਼ :
ਭਾਰਤ ਨੇ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਲੀਗ ਮੈਚ ਵਿਚ ਇੱਥੇ ਆਸਟਰੇਲੀਆ ਖ਼ਿਲਾਫ਼ ਸ਼ੁਰੂਆਤ ਵਿੱਚ ਹੀ ਸ਼ਾਨਦਾਰ ਖੇਡ ਦਿਖਾ ਕੇ ਲੀਡ ਹਾਸਲ ਕੀਤੀ, ਪਰ ਇਸ ਦੇ ਬਾਵਜੂਦ ਉਸ ਨੂੰ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਪਹਿਲੇ ਕੁਆਰਟਰ ਵਿਚ ਵਿਸ਼ਵ ਚੈਂਪੀਅਨ ਨੂੰ ਬਰਾਬਰੀ ‘ਤੇ ਰੋਕਣ ਮਗਰੋਂ ਭਾਰਤ ਨੇ 25ਵੇਂ ਮਿੰਟ ਵਿਚ ਹਰਮਨਪ੍ਰੀਤ ਸਿੰਘ ਨੇ ਮੈਦਾਨੀ ਗੋਲ ਨਾਲ ਲੀਡ ਬਣਾਈ, ਪਰ ਆਸਟਰੇਲੀਆ ਨੇ ਤਿੰਨ ਮੈਦਾਨੀ ਗੋਲ ਕਰਕੇ ਰਾਉਂਡ ਰੌਬਿਨ ਲੀਗ ‘ਤੇ ਖੇਡੇ ਜਾ ਰਹੇ ਟੂਰਨਾਮੈਂਟ ਵਿਚ ਦਬਦਬਾ ਬਰਕਰਾਰ ਰੱਖਿਆ। ਆਸਟਰੇਲੀਆ ਵੱਲੋਂ ਏਡੀ ਓਕੇਨਡੇਨ, ਟੌਮ ਕਰੇਗ ਤੇ ਟੌਮ ਵਿਕਹੈਮ ਨੇ ਗੋਲ ਕੀਤੇ। ਇਸ ਨਾਲ ਆਸਟਰੇਲੀਆ ਨੇ ਦੱਸਿਆ ਕਿ ਉਸ ਦੁਨੀਆ ਦੀ ਸਭ ਤੋਂ ਖਤਰਨਾਕ ਟੀਮ ਕਿਉਂ ਮੰਨਿਆ ਜਾਂਦਾ ਹੈ। ਭਾਰਤੀ ਟੀਮ ਨੇ ਆਖਰੀ ਕੁਆਰਟਰ ਵਿਚ ਵਾਪਸੀ ਦੀ ਕੁਝ ਕੋਸ਼ਿਸ਼ ਕੀਤੀ, ਪਰ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਅਜ਼ਲਾਨ ਸ਼ਾਹ ਕੱਪ ਵਿਚ ਨੌਂ ਵਾਰ ਦੇ ਜੇਤੂ ਆਸਟਰੇਲੀਆ ਦੇ ਹੁਣ ਤਿੰਨ ਮੈਚਾਂ ਵਿਚ ਸੱਤ ਅੰਕ ਹਨ ਜਦਕਿ ਪਿਛਲੇ ਸਾਲ ਦੀ ਉਪ ਜੇਤੂ ਭਾਰਤੀ ਟੀਮ ਦੇ ਤਿੰਨ ਮੈਚਾਂ ਵਿਚ ਸਿਰਫ਼ ਚਾਰ ਅੰਕ ਹਨ। ਆਸਟਰੇਲੀਆ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਖੇਡੀ ਤੇ ਪਹਿਲੇ ਹੀ ਮਿੰਟ ਵਿਚ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਭਾਰਤੀ ਰੱਖਿਅਕਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਦੋ ਮਿੰਟ ਮਗਰੋਂ ਭਾਰਤ ਨੇ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ, ਪਰ ਹਰਮਨਪ੍ਰੀਤ ਵੀ ਇਸ ਗੋਲ ਵਿਚ ਤਬਦੀਲ ਨਾ ਕਰ ਸਕਿਆ। ਇਸ ਤੋਂ ਇੱਕ ਮਿੰਟ ਮਗਰੋਂ ਭਾਰਤ ਨੂੰ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਰੁਪਿੰਦਰਪਾਲ ਸਿੰਘ ਦੇ ਫਲਿਕ ਨੂੰ ਆਸਟਰੇਲਿਆਈ ਗੋਲਕੀਪਰ ਟਾਇਲਰ ਲੋਵੇਲ ਨੇ ਰੋਕ ਦਿੱਤਾ। ਮੈਚ ਦੌਰਾਨ ਸ੍ਰੀਜੇਸ਼ ਜ਼ਖ਼ਮੀ ਹੋ ਗਿਆ ਤੇ ਉਸ ਦੀ ਥਾਂ ਆਕਾਸ਼ ਚਿਕਤੇ ਨੇ ਗੋਲਕੀਪਰ ਦੀ ਜ਼ਿੰਮੇਵਾਰੀ ਨਿਭਾਈ। ਭਾਰਤ ਨੇ ਅਖੀਰ ਵਿਚ 26ਵੇਂ ਮਿੰਟ ਵਿਚ ਲੀਡ ਹਾਸਲ ਕੀਤੀ, ਜਦੋਂ ਹਰਮਨਪ੍ਰੀਤ ਨੇ ਮੈਦਾਨੀ ਗੋਲ ਕੀਤਾ।
ਇਸ ਮਗਰੋਂ ਆਸਟੇਰਲੀਆ ਦੇ ਓਕੇਨਡੇਨ ਦਲੇ ਜੇਰੇਮੀ ਹੇਵਾਰਡ ਦੇ ਕਰਾਸ ‘ਤੇ ਗੋਲ ਕਰਨ ਵਿਚ ਕੋਈ ਗਲਤੀ ਨਹੀਂ ਕੀਤੀ, ਜਿਸ ਨਾਲ ਦੋਵੇਂ ਟੀਮਾਂ 1-1 ਨਾਲ ਬਰਾਬਰੀ ‘ਤੇ ਪਹੁੰਚ ਗਈਆਂ। ਇਸ ਮਗਰੋਂ ਆਸਟਰੇਲੀਆ ਨੇ ਦੋ ਹੋਰ ਗੋਲ ਦਾਗ਼ ਕੇ ਲੀਡ ਹਾਸਲ ਕਰ ਲਈ ਜੋ ਮੈਚ ਦੇ ਅਖੀਰ ਤੱਕ ਬਰਕਰਾਰ ਰਹੀ।
ਭਾਰਤ ਦੇ ਹਾਕੀ ਕੋਚ ਰੌਲੈਂਟ ਓਲਟਮੈਂਜ਼ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਟੀਮ ਇੱਥੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਦੇ ਮੈਚ ਵਿਚ ਸਾਬਕਾ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਲੀਡ ਲੈਣ ਮਗਰੋਂ ਆਪਣੀ ਰਣਨੀਤੀ ਬਣਾਉਣ ਵਿਚ ਨਾਕਾਮ ਰਹੀ ਹੈ। ਭਾਰਤ ਨੇ 25ਵੇਂ ਮਿੰਟ ਵਿਚ ਹਰਮਨਪ੍ਰੀਤ ਸਿੰਘ ਦੇ ਗੋਲ ਦੀ ਬਦੌਲਤ ਲੀਡ ਤਾਂ ਹਾਸਲ ਕਰ ਲਈ, ਪਰ ਉਸ ਨੇ ਤਿੰਨ ਮੈਦਾਨੀ ਗੋਲ ਗੁਆ ਦਿੱਤੇ। ਉਨ੍ਹਾਂ ਕਿਹਾ, ‘ਜਿਸ ਤਰ੍ਹਾਂ ਮੈਚ ਦਾ ਰੁਖ ਬਦਲਿਆ ਉਸ ਨੂੰ ਦੇਖਦਿਆਂ ਸਾਡੀ ਰਣਨੀਤੀ ਨਾਕਾਮ ਰਹੀ ਹੈ। ਅਸੀਂ ਲੀਡ ਹਾਸਲ ਕਰਨ ਮਗਰੋਂ ਉਹੋ ਜਿਹਾ ਖੇਡਣਾ ਬੰਦ ਕਰ ਦਿੱਤਾ ਜਿਹੋ ਜਿਹਾ ਅਸੀਂ ਪਹਿਲਾਂ ਖੇਡ ਰਹੇ ਸੀ।’