ਐਚ-1 ਬੀ ਵੀਜ਼ਿਆਂ ‘ਚ ਵਾਧੇ ਉੱਤੇ ਲੱਗ ਸਕਦੀਆਂ ਹਨ ਰੋਕਾਂ

ਐਚ-1 ਬੀ ਵੀਜ਼ਿਆਂ ‘ਚ ਵਾਧੇ ਉੱਤੇ ਲੱਗ ਸਕਦੀਆਂ ਹਨ ਰੋਕਾਂ

ਵਾਸ਼ਿੰਗਟਨ/ਬਿਊਰੋ ਨਿਊਜ਼
ਰਾਸ਼ਟਰਪਤੀ ਡੋਨਲਡ ਟਰੰਪ ਦੀ ‘ਬਾਏ ਅਮੈਰਿਕਨ, ਹਾਇਰ ਅਮੈਰਿਕਨ’ ਮੁਹਿੰਮ ਦੇ ਹਿੱਸੇ ਵਜੋਂ ਅਮਰੀਕਾ ਵੱਲੋਂ ਐਚ-1ਬੀ ਵੀਜ਼ਿਆਂ ਦੀ ਮਿਆਦ ਵਿੱਚ ਵਾਧਾ ਰੋਕਣ ਵਾਲੇ ਨਵੇਂ ਨਿਯਮਾਂ ਉਤੇ ਵਿਚਾਰ ਕੀਤੀ ਜਾ ਰਹੀ ਹੈ। ਇਸ ਨਾਲ ਸੈਂਕੜੇ ਭਾਰਤੀ ਆਈਟੀ ਪੇਸ਼ੇਵਰ ਅਤੇ ਤਕਨੀਕੀ ਫਰਮਾਂ ਅਸਰਅੰਦਾਜ਼ ਹੋਣਗੀਆਂ। ਇਹ ਕਦਮ ਉਨ੍ਹਾਂ ਹਜ਼ਾਰਾਂ ਵਿਦੇਸ਼ੀ ਵਰਕਰਾਂ ਨੂੰ ਐਚ-1ਬੀ ਵੀਜ਼ੇ ਰੱਖਣ ਤੋਂ ਸਿੱਧੇ ਤੌਰ ‘ਤੇ ਰੋਕ ਸਕਦਾ ਹੈ, ਜਿਨ੍ਹਾਂ ਦੀ ਗਰੀਨ ਕਾਰਡ ਵਾਲੀਆਂ ਅਰਜ਼ੀਆਂ ਪੈਂਡਿੰਗ ਹਨ।
ਇਹ ਪ੍ਰਸਤਾਵ, ਜੋ ਗ੍ਰਹਿ ਸੁਰੱਖਿਆ ਵਿਭਾਗ (ਡੀਐਚਐਸ) ਦੇ ਮੁਖੀਆਂ ਦਰਮਿਆਨ ਸਾਂਝਾ ਕੀਤੀ ਜਾ ਰਿਹਾ ਹੈ, ਟਰੰਪ ਦੀ ‘ਬਾਏ ਅਮੈਰਿਕਨ, ਹਾਇਰ ਅਮੈਰਿਕਨ’ ਮੁਹਿੰਮ ਦਾ ਹਿੱਸਾ ਹੈ, ਜਿਸ ਬਾਰੇ 2016 ਦੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਵਾਅਦਾ ਕੀਤਾ ਗਿਆ ਸੀ। ਇਸ ਦਾ ਮਕਸਦ ਐਚ-1ਬੀ ਵੀਜ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਨਵੀਆਂ ਰੋਕਾਂ ਲਾਉਣਾ ਹੈ।
ਨਿਊਜ਼ ਏਜੰਸੀ ਮੈਕਲੈਚੀ ਡੀਸੀ ਬਿਊਰੋ ਦੀ ਰਿਪੋਰਟ ਮੁਤਾਬਕ, ‘ਇਹ ਕਾਨੂੰਨ ਮੌਜੂਦਾ ਸਮੇਂ ਪ੍ਰਸ਼ਾਸਨ ਨੂੰ ਹਜ਼ਾਰਾਂ ਪਰਵਾਸੀਆਂ ਦੇ ਐਚ-1ਬੀ ਵੀਜ਼ਿਆਂ ਦੀ ਮਿਆਦ ਦੋ ਤਿੰਨ ਸਾਲਾਂ ਲਈ ਵਧਾਉਣ ਦੀ ਆਗਿਆ ਦਿੰਦਾ ਹੈ ਜਿਨ੍ਹਾਂ ਦੇ ਗਰੀਨ ਕਾਰਡ ਪੈਂਡਿੰਗ ਪਏ ਹੋਣ।’ ਗ੍ਰਹਿ ਸੁਰੱਖਿਆ ਵਿਭਾਗ ਵਿਚਲੇ ਸੂਤਰਾਂ ਦੇ ਹਵਾਲੇ ਮੁਤਾਬਕ, ‘ਅਮਰੀਕਾ ਵਿੱਚ ਰਹਿੰਦੇ ਹਜ਼ਾਰਾਂ ਭਾਰਤੀ ਤਕਨੀਕੀ ਕਾਮਿਆਂ ਦੀ ‘ਆਪਣੇ ਆਪ ਵਤਨ ਵਾਪਸੀ’ ਕਰਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ ਤਾਂ ਜੋ ਇਹ ਨੌਕਰੀਆਂ ਅਮਰੀਕੀਆਂ ਹੱਥ ਆ ਸਕਣ।’